ਐੱਸ. ਵਾਈ. ਐੱਲ ਮਾਮਲੇ ‘ਤੇ ਦਿੱਲੀ ‘ਚ ਅਹਿਮ ਮੀਟਿੰਗ
ਚੰਡੀਗੜ੍ਹ :- ਨਵੀਂ ਦਿੱਲੀ ਵਿਖੇ ਅੱਜ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਚੱਲ ਰਹੇ ਐੱਸ. ਵਾਈ. ਐੱਲ (SYL) ਵਿਵਾਦ ਨੂੰ ਲੈ ਕੇ ਇਕ ਅਹਿਮ ਮੀਟਿੰਗ ਹੋਈ। ਇਸ ਬੈਠਕ ਵਿੱਚ ਭਾਰਤ ਸਰਕਾਰ ਵੱਲੋਂ ਕੇਂਦਰੀ ਮੰਤਰੀ ਸੀ.ਆਰ. ਪਾਟਿਲ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮੂਲਤ ਕੀਤੀ।
ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
ਮੀਟਿੰਗ ਮਗਰੋਂ ਭਗਵੰਤ ਮਾਨ ਨੇ ਕਿਹਾ ਕਿ ਗੱਲਬਾਤ ਸਕਾਰਾਤਮਕ ਮਾਹੌਲ ‘ਚ ਹੋਈ, ਜਿਸ ਦੌਰਾਨ ਦੋਹਾਂ ਰਾਜਾਂ ਵਿਚਾਲੇ ਮਾਮਲੇ ਨੂੰ ਸੁਲਝਾਉਣ ਲਈ ਇਰਾਦਾ ਜ਼ਾਹਰ ਕੀਤਾ ਗਿਆ। ਉਨ੍ਹਾਂ ਕਿਹਾ ਕਿ “13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਐੱਸ. ਵਾਈ. ਐੱਲ ਮਾਮਲੇ ਦੀ ਸੁਣਵਾਈ ਹੋਣੀ ਹੈ, ਅਤੇ ਅਦਾਲਤ ਨੇ ਸਾਫ਼ ਕਿਹਾ ਹੈ ਕਿ ਇਹ ਮਾਮਲਾ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ।”
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਹੁਣ ਨਾਜ਼ੁਕ ਬਣ ਚੁੱਕਾ ਹੈ। “ਇਹ ਸਾਡੀ ਸਿਆਸੀ ਵਿਰਾਸਤ ਦਾ ਹਿੱਸਾ ਬਣ ਗਿਆ ਹੈ। ਹਕੀਕਤ ਵਿੱਚ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿਚਕਾਰ ਕੋਈ ਵਿਵਾਦ ਨਹੀਂ, ਪਰ ਸਿਆਸੀ ਨੇਤਾਵਾਂ ਨੇ ਇਸ ਨੂੰ ਹਮੇਸ਼ਾ ਆਪਣਾ ਮੰਚ ਬਣਾਇਆ।”
ਜੇ ਕੇਂਦਰ ਨਿਆਂ ਕਰੇ ਤਾਂ ਅਸੀਂ ਪਾਣੀ ਦੇਣ ਲਈ ਤਿਆਰ
ਉਨ੍ਹਾਂ ਕਿਹਾ ਕਿ “ਆਪਸੀ ਮੀਟਿੰਗਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਮੈਂ ਪੰਜਾਬ ਦੀ ਅਵਾਜ਼ ਠੋਸ ਢੰਗ ਨਾਲ ਰੱਖੀ ਹੈ ਅਤੇ ਉਮੀਦ ਹੈ ਕਿ ਕੇਂਦਰ ਵੀ ਹਕੀਕਤ ਨੂੰ ਸਮਝੇਗਾ।” ਉਨ੍ਹਾਂ ਅੱਗੇ ਕਿਹਾ ਕਿ “ਪੰਜਾਬ ਦੇ ਕੋਲ ਪਾਣੀ ਦੀ ਘਾਟ ਹੈ। ਜਦ ਤੱਕ ਸਾਡੇ ਕੋਲ ਜਲ ਸਰੋਤ ਨਹੀਂ ਹੋਣਗੇ, ਅਸੀਂ ਕਿਸੇ ਹੋਰ ਨੂੰ ਪਾਣੀ ਨਹੀਂ ਦੇ ਸਕਦੇ।”
ਮੁੱਖ ਮੰਤਰੀ ਮਾਨ ਨੇ ਇਸ਼ਾਰਾ ਦਿੱਤਾ ਕਿ ਕਈ ਜਗ੍ਹਾਂ ਤੋਂ ਪਾਣੀ ਪੰਜਾਬ ਵੱਲ ਆ ਸਕਦਾ ਹੈ, ਚੇਨਾਬ, ਕਸ਼ਮੀਰ ਨਦੀ, ਜਿਨ੍ਹਾਂ ਦਾ ਜਲ ਰਣਜੀਤ ਸਾਗਰ, ਪੌਂਗ ਅਤੇ ਸ਼ਾਹਪੁਰ ਕੰਡੀ ਡੈਮ ਰਾਹੀਂ ਮੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਜੇ ਕੇਂਦਰ ਨਿਰਪੱਖ ਅਤੇ ਨਿਆਂਯੁਕਤ ਨੀਅਤ ਨਾਲ ਸਾਡੇ ਲਈ ਪਾਣੀ ਡਾਇਵਰਟ ਕਰੇ, ਤਾਂ ਪੰਜਾਬ ਵੀ ਹਰਿਆਣਾ ਨੂੰ ਪਾਣੀ ਦੇਣ ਤੋਂ ਹਿਚਕਿਚਾਏਗਾ ਨਹੀਂ।”
ਭਗਵੰਤ ਮਾਨ ਨੇ ਆਖ਼ਰ ‘ਚ ਕਿਹਾ ਕਿ “ਇਹ ਸਿਰਫ਼ ਪਾਣੀ ਦਾ ਸਵਾਲ ਨਹੀਂ, ਸੂਬਿਆਂ ਦੇ ਅਧਿਕਾਰਾਂ ਅਤੇ ਵਸਾਏ ਜਾ ਰਹੇ ਸੰਘਰਸ਼ ਦਾ ਵੀ ਮੁੱਦਾ ਹੈ। ਹੱਲ ਤਾਂ ਗੱਲਬਾਤ ਨਾਲ ਹੀ ਨਿਕਲ ਸਕਦਾ ਹੈ, ਪਰ ਹੱਲ ਉਹੀ ਹੋਵੇ ਜੋ ਹਕੀਕਤ ਅਤੇ ਇਨਸਾਫ਼ ‘ਤੇ ਅਧਾਰਤ ਹੋਵੇ।“