ਚੰਡੀਗੜ੍ਹ :- ਚੰਡੀਗੜ੍ਹ ਦੇ ਖੁੱਡਾ ਅਲੀਸ਼ੇਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਮਾਹੀ ਪਠਾਨ ਨਾਮਕ ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਂਸੀ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ‘ਚ ਉਸਨੇ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਵਸੀਮ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਨੋਟ ਵਿੱਚ ਲਿਖਿਆ— “ਉਸਨੇ ਮੈਨੂੰ ਵਰਤਿਆ ਤੇ ਛੱਡ ਦਿੱਤਾ”
ਸੁਸਾਈਡ ਨੋਟ ਵਿੱਚ ਮਾਹੀ ਨੇ ਦਰਸਾਇਆ ਕਿ ਉਸਦੀ ਜਾਣ-ਪਛਾਣ ਵਸੀਮ ਨਾਲ ਸਾਲ 2025 ਵਿੱਚ ਇੰਸਟਾਗ੍ਰਾਮ ਰਾਹੀਂ ਹੋਈ ਸੀ। ਦੋਸਤੀ ਹੌਲੀ-ਹੌਲੀ ਗਹਿਰੀ ਹੋਈ ਤੇ ਵਿਆਹ ਬਾਰੇ ਵੀ ਗੱਲਬਾਤ ਹੋਈ। ਪਰ ਉਸਨੇ ਦਾਅਵਾ ਕੀਤਾ ਕਿ ਵਸੀਮ ਨੇ ਉਸ ਤੋਂ ਪੰਜ ਤੋਂ ਛੇ ਲੱਖ ਰੁਪਏ ਲਏ ਤੇ ਫਿਰ ਉਸ ਨਾਲ ਸੰਪਰਕ ਤੋੜ ਲਿਆ। ਮਾਹੀ ਨੇ ਲਿਖਿਆ ਕਿ ਉਸਨੇ ਆਪਣੀ ਕਾਲਜ ਫੀਸ ਤੱਕ ਉਸਨੂੰ ਦਿੱਤੀ ਸੀ, ਜਿਸ ਕਾਰਨ ਹੁਣ ਉਹ ਵਿੱਤੀ ਤੌਰ ‘ਤੇ ਬਿਲਕੁਲ ਖਾਲੀ ਹੋ ਗਈ ਹੈ।
ਨੋਟ ਦੇ ਅੰਤ ‘ਚ ਮਾਹੀ ਨੇ ਲਿਖਿਆ ਕਿ “ਉਸਨੇ ਮੇਰੇ ਭਰੋਸੇ ਨਾਲ ਖੇਡਿਆ, ਮੇਰੇ ਮਾਪਿਆਂ ਨਾਲ ਬਦਸਲੂਕੀ ਕੀਤੀ ਤੇ ਮੈਨੂੰ ਛੱਡ ਗਿਆ। ਮੇਰਾ ਭਵਿੱਖ ਬਰਬਾਦ ਹੋ ਗਿਆ ਹੈ, ਮੈਨੂੰ ਸਿਰਫ਼ ਇਨਸਾਫ ਚਾਹੀਦਾ ਹੈ।” ਨੋਟ ਵਿੱਚ ਉਸਨੇ ਵਸੀਮ ਦਾ ਪਤਾ ਵੀ ਦਰਜ ਕੀਤਾ ਹੈ।

ਘਰ ਵਿੱਚ ਡਰਾਈਵਰ ਨੇ ਵੀ ਫਾਂਸੀ ਲਗਾਈ, ਪੁਲਿਸ ਨੇ ਦੋਵੇਂ ਲਾਸ਼ਾਂ ਮੁਰਦਾਘਰ ਭੇਜੀਆਂ
ਪੁਲਿਸ ਅਨੁਸਾਰ, ਮਾਹੀ ਦੇ ਘਰ ਵਿੱਚ 55 ਸਾਲਾ ਡਰਾਈਵਰ ਨੇ ਵੀ ਫਾਂਸੀ ਲਗਾ ਲਈ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਦੋਵੇਂ ਲਾਸ਼ਾਂ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਹੈ ਅਤੇ ਮੌਤਾਂ ਦੇ ਕਾਰਣਾਂ ਦੀ ਜਾਂਚ ਜਾਰੀ ਹੈ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਡਿਜ਼ਿਟਲ ਸਬੂਤ ਖੰਗਾਲੇ ਜਾ ਰਹੇ ਹਨ
ਚੰਡੀਗੜ੍ਹ ਪੁਲਿਸ ਨੇ ਮਾਹੀ ਦੁਆਰਾ ਛੱਡੇ ਗਏ ਨੋਟ ਅਤੇ ਉਸਦੇ ਫੋਨ ਦੇ ਡਾਟਾ ਨੂੰ ਜ਼ਬਤ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ, ਵਸੀਮ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇ ਦੋਸ਼ ਸਾਬਤ ਹੁੰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

