ਨਵੀਂ ਦਿੱਲੀ :- ਅਫਗਾਨਿਸਤਾਨ ਦੇ ਉੱਤਰੀ ਖੇਤਰ ਵਿੱਚ ਸੋਮਵਾਰ ਨੂੰ 6.3 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ, ਜਿਸ ਦੇ ਝਟਕੇ ਪਾਕਿਸਤਾਨ ਅਤੇ ਈਰਾਨ ਤੱਕ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਿਕ ਕੇਂਦਰ ਦੇ ਅਨੁਸਾਰ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਖੁਲਮ ਤੋਂ ਲਗਭਗ 22 ਕਿਲੋਮੀਟਰ ਪੱਛਮ-ਦੱਖਣ-ਪੱਛਮ ਵੱਲ ਅਤੇ 28 ਕਿਲੋਮੀਟਰ ਡੂੰਘਾਈ ਵਿੱਚ ਸਥਿਤ ਸੀ।
ਸੋਮਵਾਰ ਦੁਪਹਿਰ 12:59 ਵਜੇ ਆਇਆ ਭੂਚਾਲ
ਵਿਗਿਆਨਕਾਂ ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ 12:59 ਵਜੇ ਆਇਆ। ਤੀਬਰਤਾ 6.3 ਮਾਪੀ ਗਈ ਜੋ ਕਾਫੀ ਖਤਰਨਾਕ ਮੰਨੀ ਜਾਂਦੀ ਹੈ। ਭੂਚਾਲ ਦੇ ਤੁਰੰਤ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਕਈ ਇਲਾਕਿਆਂ ਵਿੱਚ ਭਿਆਨਕ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਾਲੇ ਤੱਕ ਵੱਡੇ ਨੁਕਸਾਨ ਦੀ ਪੁਸ਼ਟੀ ਨਹੀਂ
ਅਮਰੀਕੀ ਭੂ-ਵਿਗਿਆਨਕ ਵਿਭਾਗ (US Geological Survey) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਹਾਲੇ ਤੱਕ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਹਾਨੀ ਦੀ ਪੁਸ਼ਟੀ ਨਹੀਂ ਹੋ ਸਕੀ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਆ ਰਹੀਆਂ ਕੁਝ ਰਿਪੋਰਟਾਂ ਮੁਤਾਬਕ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਖਤਰੇ ਦੀ ਚੇਤਾਵਨੀ ਜਾਰੀ
ਸਥਾਨਕ ਪ੍ਰਸ਼ਾਸਨ ਅਤੇ ਰਾਹਤ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਅਫਗਾਨਿਸਤਾਨ ਦੇ ਉੱਤਰੀ ਇਲਾਕਿਆਂ ‘ਚ ਰਹਿੰਦੇ ਲੋਕਾਂ ਨੂੰ ਖੁੱਲ੍ਹੇ ਖੇਤਰਾਂ ਵਿੱਚ ਰਹਿਣ ਅਤੇ ਅਸੁਰੱਖਿਅਤ ਇਮਾਰਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਪਹਿਲੀ ਵਾਰ ਨਹੀਂ ਕਿ ਅਫਗਾਨਿਸਤਾਨ ਨੇ ਐਸਾ ਤਬਾਹੀ ਵਾਲਾ ਭੂਚਾਲ ਮਹਿਸੂਸ ਕੀਤਾ ਹੋਵੇ। ਪਿਛਲੇ ਕੁਝ ਸਾਲਾਂ ਵਿੱਚ ਵੀ ਦੇਸ਼ ਕਈ ਵਾਰ ਭੂਚਾਲਾਂ ਦੀ ਚਪੇਟ ‘ਚ ਆ ਚੁੱਕਾ ਹੈ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ।

