ਨਵੀਂ ਦਿੱਲੀ :- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਖ਼ਿਰਕਾਰ 47 ਸਾਲਾਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਦਿਆਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਟੀਮ ਇੰਡੀਆ ਨੇ ਵੂਮੈਨਜ਼ ਵਨਡੇ ਵਰਲਡ ਕੱਪ ਦੇ ਫਾਈਨਲ ਵਿੱਚ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਆਪਣੇ ਨਾਮ ਕੀਤਾ।
21 ਸਾਲ ਦੀ ਸ਼ੇਫਾਲੀ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 87 ਦੌੜਾਂ ਬਣਾਈਆਂ ਅਤੇ 2 ਵਿਕਟਾਂ ਵੀ ਲਈਆਂ। ਇਸ ਪ੍ਰਦਰਸ਼ਨ ਲਈ ਉਸਨੂੰ ਪਲੇਅਰ ਆਫ ਦਿ ਫਾਈਨਲ ਚੁਣਿਆ ਗਿਆ।
ਮੋਦੀ ਨੇ ਦਿੱਤੀਆਂ ਵਧਾਈਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਇਤਿਹਾਸਕ ਜਿੱਤ ਲਈ ਵਧਾਈ ਦਿੰਦਿਆਂ ਕਿਹਾ — “ਭਾਰਤੀ ਮਹਿਲਾ ਟੀਮ ਨੇ ਵਿਸ਼ਵ ਕੱਪ ਫਾਈਨਲ ਵਿੱਚ ਸ਼ਾਨਦਾਰ ਟੀਮ ਵਰਕ ਅਤੇ ਜਿੱਤ ਦਾ ਜਜ਼ਬਾ ਦਿਖਾਇਆ ਹੈ। ਇਹ ਇਤਿਹਾਸਿਕ ਜਿੱਤ ਭਵਿੱਖ ਦੀਆਂ ਖਿਡਾਰਣਾਂ ਲਈ ਪ੍ਰੇਰਣਾ ਬਣੇਗੀ।
ਫਾਈਨਲ ਮੈਚ ਦਾ ਹਾਲ
ਡੀ.ਵਾਈ. ਪਾਟਿਲ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਸਾਊਥ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ 7 ਵਿਕਟਾਂ ਗੁਆ ਕੇ 298 ਦੌੜਾਂ ਬਣਾਈਆਂ।
ਸ਼ੇਫਾਲੀ ਵਰਮਾ (87), ਦੀਪਤੀ ਸ਼ਰਮਾ (58), ਸਮ੍ਰਿਤੀ ਮੰਧਾਨਾ (45) ਅਤੇ ਰਿਚਾ ਘੋਸ਼ (34) ਨੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ।
ਲੱਖਬੰਧ ਟਾਰਗੈਟ ਦਾ ਪਿੱਛਾ ਕਰਦਿਆਂ ਸਾਊਥ ਅਫਰੀਕਾ ਦੀ ਟੀਮ 246 ਦੌੜਾਂ ‘ਤੇ ਆਊਟ ਹੋ ਗਈ। ਕਪਤਾਨ ਲੌਰਾ ਵੋਲਵਾਰਟ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ ਪਰ ਟੀਮ ਨੂੰ ਜਿੱਤ ਨਾ ਦਿਵਾ ਸਕੀ।
ਭਾਰਤ ਵੱਲੋਂ ਦੀਪਤੀ ਸ਼ਰਮਾ ਨੇ 5 ਵਿਕਟਾਂ ਲਈਆਂ ਜਦਕਿ ਸ਼ੇਫਾਲੀ ਵਰਮਾ ਨੇ 2 ਮਹੱਤਵਪੂਰਨ ਵਿਕਟਾਂ ਚੁੱਕੀਆਂ। ਦੀਪਤੀ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ।
ਭਾਰਤ ਦਾ ਸਫਰ – 47 ਸਾਲਾਂ ਦੀ ਉਡੀਕ
ਵੂਮੈਨਜ਼ ਵਨਡੇ ਵਰਲਡ ਕੱਪ ਦੀ ਸ਼ੁਰੂਆਤ 1972 ਵਿੱਚ ਹੋਈ ਸੀ, ਪਰ ਭਾਰਤ ਨੇ ਪਹਿਲੀ ਵਾਰ 1979 ਵਿੱਚ ਡਾਇਨਾ ਐਡਲਜੀ ਦੀ ਕਪਤਾਨੀ ਹੇਠ ਹਿੱਸਾ ਲਿਆ ਸੀ।
2005 ਵਿੱਚ ਟੀਮ ਪਹਿਲੀ ਵਾਰ ਫਾਈਨਲ ਤੱਕ ਪਹੁੰਚੀ ਪਰ ਆਸਟ੍ਰੇਲੀਆ ਤੋਂ ਹਾਰ ਗਈ।
2017 ਵਿੱਚ ਇੰਗਲੈਂਡ ਨੇ ਫਾਈਨਲ ਵਿੱਚ ਹਰਾਇਆ।
ਅਤੇ ਆਖ਼ਿਰਕਾਰ 2025 ਵਿੱਚ ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ ਹਰਾ ਕੇ ਟਰਾਫੀ ਜਿੱਤ ਲਈ।
ਇਹ ਜਿੱਤ ਕਿਉਂ ਹੈ ਖਾਸ
-
ਇਹ ਭਾਰਤੀ ਮਹਿਲਾ ਸੀਨੀਅਰ ਟੀਮ ਦੀ ਪਹਿਲੀ ਆਈਸੀਸੀ ਟਰਾਫੀ ਹੈ।
-
25 ਸਾਲਾਂ ਬਾਅਦ ਕੋਈ ਨਵੀਂ ਟੀਮ ਵਰਲਡ ਚੈਂਪੀਅਨ ਬਣੀ ਹੈ।
-
2000 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਜਾਂ ਇੰਗਲੈਂਡ ਤੋਂ ਇਲਾਵਾ ਕਿਸੇ ਹੋਰ ਟੀਮ ਨੇ ਟਾਈਟਲ ਜਿੱਤਿਆ।

