ਚੰਡੀਗੜ੍ਹ :- ਕਾਂਗਰਸ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ, ਪਰ ਇਸ ਵਾਰ ਇੱਕ ਵੱਡਾ ਨਾਮ ਗਾਇਬ ਹੈ — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ। ਚੰਨੀ ਦਾ ਨਾਮ ਪਹਿਲਾਂ ਜਾਰੀ ਕੀਤੀ ਗਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਮੌਜੂਦ ਸੀ, ਪਰ ਬਾਅਦ ਵਿੱਚ ਉਸਨੂੰ ਹਟਾ ਦਿੱਤਾ ਗਿਆ ਹੈ। ਇਸ ਕਦਮ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੀਜ਼ ਹੋ ਗਈਆਂ ਹਨ।
ਮੋਦੀ ਦੇ ਬਿਆਨ ਤੋਂ ਬਾਅਦ ਚੰਨੀ ‘ਤੇ ਕਾਰਵਾਈ ਦੀਆਂ ਚਰਚਾਵਾਂ
ਸੂਤਰਾਂ ਮੁਤਾਬਕ, ਇਹ ਫੈਸਲਾ ਸ਼ਾਇਦ ਉਸ ਘਟਨਾ ਤੋਂ ਬਾਅਦ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇੱਕ ਰੈਲੀ ਦੌਰਾਨ ਚਰਨਜੀਤ ਚੰਨੀ ਦੇ 2022 ਦੇ ਬਿਆਨ ਦਾ ਜ਼ਿਕਰ ਕੀਤਾ ਸੀ। ਉਸ ਸਮੇਂ ਚੰਨੀ ਨੇ ਕਿਹਾ ਸੀ ਕਿ “ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਲੋਕ ਪੰਜਾਬ ਆ ਕੇ ਰਾਜ ਨਹੀਂ ਕਰ ਸਕਦੇ।” ਇਸ ਬਿਆਨ ਨਾਲ ਵੱਡਾ ਵਿਵਾਦ ਖੜ੍ਹਾ ਹੋਇਆ ਸੀ ਅਤੇ ਬਿਹਾਰ ਦੇ ਲੋਕਾਂ ਵਿਚ ਨਾਰਾਜ਼ਗੀ ਵੀ ਵੇਖੀ ਗਈ ਸੀ।
ਦੂਜੇ ਪੜਾਅ ਦੀਆਂ ਚੋਣਾਂ ‘ਚ ਚੰਨੀ ਨੂੰ ਨਹੀਂ ਮਿਲੀ ਜਗ੍ਹਾ
ਬਿਹਾਰ ਵਿਧਾਨ ਸਭਾ ਦੀਆਂ ਚੋਣਾਂ 6 ਅਤੇ 11 ਨਵੰਬਰ ਨੂੰ ਹੋਣੀਆਂ ਹਨ। ਦੂਜੇ ਪੜਾਅ ਦੀਆਂ ਵੋਟਾਂ ਲਈ ਜਾਰੀ ਕੀਤੀ ਗਈ ਸਟਾਰ ਪ੍ਰਚਾਰਕ ਸੂਚੀ ਵਿੱਚ ਚਰਨਜੀਤ ਚੰਨੀ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਇਸ ਨਾਲ ਇਹ ਸੰਕੇਤ ਮਿਲ ਰਿਹਾ ਹੈ ਕਿ ਪਾਰਟੀ ਨੇ ਰਣਨੀਤਿਕ ਤੌਰ ‘ਤੇ ਉਨ੍ਹਾਂ ਨੂੰ ਪਾਸੇ ਕਰਨ ਦਾ ਫੈਸਲਾ ਲਿਆ ਹੈ।
ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਕੌਣ ਹਨ?
ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਸੁਖਵਿੰਦਰ ਸਿੰਘ ਸੁੱਖੂ, ਦਿਗਵਿਜੇ ਸਿੰਘ, ਸਚਿਨ ਪਾਇਲਟ, ਰਣਦੀਪ ਸਿੰਘ ਸੁਰਜੇਵਾਲਾ, ਗੌਰਵ ਗੋਗੋਈ, ਤਾਰਿਕ ਅਨਵਰ, ਜਿਗਨੇਸ਼ ਮੇਵਾਣੀ, ਅਜੈ ਰਾਏ, ਅਲਕਾ ਲਾਂਬਾ ਸਮੇਤ ਹੋਰ ਸੀਨੀਅਰ ਨੇਤਾ ਸ਼ਾਮਲ ਹਨ।
ਚੰਨੀ ਦਾ ਪੁਰਾਣਾ ਬਿਆਨ ਬਣਿਆ ਵਿਵਾਦ ਦੀ ਜੜ੍ਹ
ਯਾਦ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਚੰਨੀ ਨੇ ਇੱਕ ਰੋਡ ਸ਼ੋਅ ਦੌਰਾਨ ਬਿਹਾਰ, ਯੂਪੀ ਅਤੇ ਦਿੱਲੀ ਦੇ ਲੋਕਾਂ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ “ਅਸੀਂ ਯੂਪੀ ਦੇ ਭਈਆਂ ਨੂੰ ਪੰਜਾਬ ਨਹੀਂ ਆਉਣ ਦੇਵਾਂਗੇ।” ਇਸ ਬਿਆਨ ਨਾਲ ਚੰਨੀ ‘ਤੇ ਵਿਰੋਧੀ ਪਾਰਟੀਆਂ ਨੇ ਨਿਸ਼ਾਨਾ ਸਾਧਿਆ ਸੀ ਅਤੇ ਹੁਣ ਬਿਹਾਰ ਚੋਣਾਂ ਤੋਂ ਪਹਿਲਾਂ ਉਸ ਬਿਆਨ ਦੀ ਗੂੰਜ ਫਿਰ ਸੁਣਾਈ ਦੇ ਰਹੀ ਹੈ।
ਪਾਰਟੀ ਦੀ ਚੁੱਪੀ ਕਾਇਮ, ਪਰ ਸਿਆਸੀ ਸੁਨੇਹਾ ਸਪਸ਼ਟ
ਕਾਂਗਰਸ ਨੇ ਹਾਲਾਂਕਿ ਇਸ ਮਾਮਲੇ ‘ਤੇ ਅਧਿਕਾਰਕ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਚੰਨੀ ਦਾ ਨਾਮ ਸੂਚੀ ‘ਚੋਂ ਹਟਾਉਣਾ ਇਹ ਦਰਸਾ ਰਿਹਾ ਹੈ ਕਿ ਪਾਰਟੀ ਇਸ ਵਾਰ ਕਿਸੇ ਵੀ ਵਿਵਾਦ ਤੋਂ ਬਚਣਾ ਚਾਹੁੰਦੀ ਹੈ, ਖ਼ਾਸਕਰ ਬਿਹਾਰ ਵਰਗੇ ਸੰਵੇਦਨਸ਼ੀਲ ਸੂਬੇ ਵਿੱਚ।

