ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੇ ਅਹੁਦੇ ਲਈ ਸਾਲਾਨਾ ਚੋਣਾਂ ਅੱਜ, ਸੋਮਵਾਰ ਨੂੰ ਹੋਣ ਜਾ ਰਹੀਆਂ ਹਨ। ਇਹ ਚੋਣਾਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਰਵਾਈਆਂ ਜਾਣਗੀਆਂ। ਹਰ ਸਾਲ ਦੀ ਤਰ੍ਹਾਂ, ਇਸ ਵਾਰ ਵੀ ਇਹ ਚੋਣ ਧਾਰਮਿਕ ਅਤੇ ਸਿਆਸੀ ਦੋਵੇਂ ਪੱਖਾਂ ਤੋਂ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਅਕਾਲੀ ਦਲ ਫਿਰ ਹਰਜਿੰਦਰ ਸਿੰਘ ਧਾਮੀ ਨਾਲ
ਸੂਤਰਾਂ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਇਸ ਵਾਰ ਵੀ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਪਾਰਟੀ ਵੱਲੋਂ ਉਮੀਦਵਾਰ ਬਣਾਉਣ ਜਾ ਰਿਹਾ ਹੈ। ਧਾਮੀ ਪਹਿਲਾਂ ਹੀ SGPC ਦੇ ਪ੍ਰਧਾਨ ਦੇ ਤੌਰ ‘ਤੇ ਚਾਰ ਮਿਆਦਾਂ ਪੂਰੀ ਕਰ ਚੁੱਕੇ ਹਨ, ਅਤੇ ਇਹ ਚੋਣ ਉਨ੍ਹਾਂ ਲਈ ਪੰਜਵੀਂ ਵਾਰ ਹੋਵੇਗੀ।
ਚੋਣਾਂ ਤੋਂ ਇੱਕ ਦਿਨ ਪਹਿਲਾਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ SGPC ਮੈਂਬਰਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੀਟਿੰਗ ਕੀਤੀ ਸੀ। ਇਸ ਬੈਠਕ ਵਿੱਚ SGPC ਦੇ ਪ੍ਰਬੰਧ, ਸੰਗਠਨ ਦੀ ਮਜ਼ਬੂਤੀ ਅਤੇ ਆਉਣ ਵਾਲੀ ਚੋਣ ਲਈ ਰਣਨੀਤੀ ‘ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪਾਰਟੀ ਵੱਲੋਂ ਸਹਿਮਤੀ ਨਾਲ ਹਰਜਿੰਦਰ ਸਿੰਘ ਧਾਮੀ ਦੇ ਨਾਮ ‘ਤੇ ਮੋਹਰ ਲਗਾਈ ਗਈ।
ਪੁਨਰ ਸੁਰਜੀਤ ਅਕਾਲੀ ਦਲ ਨੇ ਵੀ ਐਲਾਨ ਕੀਤਾ ਚੋਣ ਮੈਦਾਨ ‘ਚ ਉਤਰਣ ਦਾ
ਦੂਜੇ ਪਾਸੇ, ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੇ ਵੀ SGPC ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਰਕਿੰਗ ਕਮੇਟੀ ਅਤੇ SGPC ਮੈਂਬਰਾਂ ਦੀ ਮੀਟਿੰਗ ਹੋਈ ਜਿਸ ‘ਚ ਇਹ ਫੈਸਲਾ ਲਿਆ ਗਿਆ। ਪਾਰਟੀ ਨੇ ਕਿਹਾ ਕਿ ਉਹ 3 ਨਵੰਬਰ ਨੂੰ SGPC ਦੇ ਜਨਰਲ ਹਾਊਸ ‘ਚ ਸਰਗਰਮ ਤਰੀਕੇ ਨਾਲ ਹਿੱਸਾ ਲਵੇਗੀ। ਹਾਲਾਂਕਿ, ਵਿਰੋਧੀ ਪੱਖ ਵੱਲੋਂ ਅਜੇ ਆਪਣੇ ਉਮੀਦਵਾਰ ਦਾ ਨਾਮ ਸਾਹਮਣੇ ਨਹੀਂ ਲਿਆਂਦਾ ਗਿਆ।
ਸਿਆਸੀ ਤਾਪਮਾਨ ਵੀ ਚੜ੍ਹਿਆ
ਇਹ ਚੋਣ ਸਿਰਫ ਧਾਰਮਿਕ ਨਹੀਂ, ਸਿਆਸੀ ਪੱਖੋਂ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ। SGPC ਪ੍ਰਧਾਨ ਦਾ ਅਹੁਦਾ ਅਕਾਲੀ ਦਲ ਦੀ ਪਹਿਚਾਣ ਅਤੇ ਪਕੜ ਨਾਲ ਜੁੜਿਆ ਹੋਇਆ ਹੈ। ਇਸ ਲਈ, ਵਿਰੋਧੀ ਧੜੇ ਇਸ ਵਾਰ ਚੋਣ ‘ਚ ਨਵੀਂ ਚੁਣੌਤੀ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਹਨ।

