ਉੱਤਰਕਾਸ਼ੀ :- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਹਰਸ਼ਿਲ ਖੇਤਰ ‘ਚ ਬੱਦਲ ਫਟਣ ਕਾਰਨ ਭਿਆਨਕ ਤਬਾਹੀ ਵਾਪਰੀ। ਕੇਵਲ 20 ਸਕਿੰਟਾਂ ‘ਚ ਪੂਰਾ ਖੇਤਰ ਤਬਾਹ ਹੋ ਗਿਆ। ਹਾਦਸੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕਾਂ ਦੀ ਚੀਖ-ਪੁਕਾਰ ਸੁਣੀ ਜਾ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ, ਹਾਦਸੇ ਵਿੱਚ 12 ਲੋਕਾਂ ਦੇ ਮਲਬੇ ਹੇਠਾਂ ਦੱਬਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਜਦਕਿ 60 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਖੀਰਗਾੜ ਦੀ ਦਰਿਆਵਾਂ ਲੀਕ ਨੇ ਲਿਆ ਤਬਾਹੀ ਦਾ ਰੂਪ
ਬੱਦਲ ਫਟਣ ਨਾਲ ਖੀਰਗਾੜ ਦਾ ਪਾਣੀ ਇੱਕਦਮ ਉਫਾਨ ‘ਚ ਆ ਗਿਆ ਅਤੇ ਨਾਲੇ ‘ਚੋਂ ਮਿੱਟੀ, ਪੱਥਰ, ਮਲਬਾ ਤੇ ਵੱਡੀ ਲਹਿਰ ਦੇ ਰੂਪ ‘ਚ ਨਿਕਲਿਆ ਜੋ ਸਿੱਧਾ ਧਰਾਲੀ ਖੇਤਰ ਵਿੱਚ ਆ ਵੱਸਿਆ। ਮਲਬਾ ਤੀਬਰ ਗਤੀ ਨਾਲ ਘਰਾਂ ਅਤੇ ਹੋਟਲਾਂ ਵਿੱਚ ਵੜ ਗਿਆ, ਜਿਸ ਨਾਲ ਇਲਾਕੇ ਨੂੰ ਭਾਰੀ ਨੁਕਸਾਨ ਹੋਇਆ।
ਪਾਣੀ ਅਤੇ ਮਲਬੇ ਦੇ ਆਉਣ ਨਾਲ ਕਈ ਘਰ, ਦੁਕਾਨਾਂ ਅਤੇ ਹੋਟਲ ਤਬਾਹ ਹੋ ਗਏ ਹਨ। ਧਰਾਲੀ ਮਾਰਕੀਟ ਖੇਤਰ ਵਿੱਚ ਵੀ ਕਾਫ਼ੀ ਵਿਨਾਸ਼ਕਾਰੀ ਦ੍ਰਿਸ਼ ਨਜ਼ਰ ਆਏ। ਲੋਕ ਦਹਿਸ਼ਤ ਵਿੱਚ ਦੌੜ ਪਏ।
ਰਾਹਤ ਕਾਰਜਾਂ ਲਈ ਟੀਮਾਂ ਤਾਇਨਾਤ, SDRF ਨੇ ਸੰਭਾਲੀ ਕਮਾਨ
ਜਦੋਂ ਪ੍ਰਸ਼ਾਸਨ ਨੂੰ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਤੁਰੰਤ SDRF, NDRF, ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੀਆਂ ਟੀਮਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ।
ਉੱਤਰਕਾਸ਼ੀ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਆਰਿਆ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਘਟਨਾ ਹਰਸ਼ਿਲ ਦੇ ਕੋਲ ਧਰਾਲੀ ਖੇਤਰ ਵਿੱਚ ਵਾਪਰੀ ਹੈ ਅਤੇ ਰਾਹਤ ਟੀਮਾਂ ਯੁੱਧ ਪੱਧਰ ‘ਤੇ ਕੰਮ ‘ਚ ਜੁਟੀਆਂ ਹੋਈਆਂ ਹਨ।
ਪੁਲਸ ਨੇ ਕੀਤੀ ਲੋਕਾਂ ਲਈ ਅਪੀਲ
ਉੱਤਰਕਾਸ਼ੀ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ Twitter) ‘ਤੇ ਪੋਸਟ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਲਿਖਿਆ – “ਖੀਰਗਾੜ ਦੇ ਪਾਣੀ ਪੱਧਰ ਵਧਣ ਨਾਲ ਧਰਾਲੀ ਖੇਤਰ ਵਿੱਚ ਨੁਕਸਾਨ ਦੀ ਜਾਣਕਾਰੀ ਮਿਲੀ ਹੈ। SDRF, ਪੁਲਿਸ ਅਤੇ ਫੌਜ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।
ਸਾਰੇ ਲੋਕਾਂ ਨੂੰ ਅਪੀਲ ਹੈ ਕਿ ਨਦੀ ਤੋਂ ਦੂਰੀ ਬਣਾਈ ਰੱਖੋ, ਬੱਚਿਆਂ ਅਤੇ ਮਵੇਸ਼ੀਆਂ ਨੂੰ ਵੀ ਕਿਨਾਰੇ ਤੋਂ ਦੂਰ ਰੱਖਿਆ ਜਾਵੇ।”
ਮੁੱਖ ਮੰਤਰੀ ਧਾਮੀ ਨੇ ਜਤਾਇਆ ਦੁੱਖ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਹਾਦਸੇ ਉੱਤੇ ਗਹਿਰੀ ਚਿੰਤਾ ਅਤੇ ਦੁੱਖ ਜਤਾਇਆ ਹੈ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘X’ ‘ਤੇ ਲਿਖਿਆ –“ਧਰਾਲੀ (ਉੱਤਰਕਾਸ਼ੀ) ਵਿੱਚ ਬੱਦਲ਼ ਫਟਣ ਕਾਰਨ ਹੋਈ ਭਾਰੀ ਤਬਾਹੀ ਬਹੁਤ ਹੀ ਦੁਖਦ ਅਤੇ ਪੀੜਾਦਾਇਕ ਹੈ।
ਰਾਹਤ ਕਾਰਜਾਂ ਲਈ SDRF, NDRF, ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਟੀਮਾਂ ਯੁੱਧ ਪੱਧਰ ‘ਤੇ ਮੌਕੇ ‘ਤੇ ਕੰਮ ਕਰ ਰਹੀਆਂ ਹਨ। ਮੈਂ ਸਿੱਧਾ ਉੱਚੇ ਅਧਿਕਾਰੀਆਂ ਨਾਲ ਸੰਪਰਕ ‘ਚ ਹਾਂ ਅਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ। ਭਗਵਾਨ ਅੱਗੇ ਅਰਦਾਸ ਹੈ ਕਿ ਸਭ ਲੋਕ ਸੁਰੱਖਿਅਤ ਹੋਣ।”
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਟਵੀਟ
ਓਹਨਾਂ ਲਿਖਿਆ ਕਿ “ਉੱਤਰਕਾਸ਼ੀ ਦੇ ਧਰਾਲੀ ਵਿੱਚ ਹੋਈ ਇਸ ਭਿਆਨਕ ਤ੍ਰਾਸਦੀ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਮੈਂ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਨਾਲ ਹੀ ਸਾਰੇ ਪੀੜਤਾਂ ਦੀ ਸੁਖ-ਸਲਾਮਤੀ ਲਈ ਅਰਦਾਸ ਕਰਦਾ ਹਾਂ।
ਮੈਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ ਨਾਲ ਗੱਲ ਕਰਕੇ ਹਾਲਾਤਾਂ ਦੀ ਜਾਣਕਾਰੀ ਲਈ ਹੈ। ਰਾਜ ਸਰਕਾਰ ਦੀ ਨਿਗਰਾਨੀ ਹੇਠ ਰਾਹਤ ਅਤੇ ਬਚਾਅ ਟੀਮਾਂ ਪੂਰੇ ਯਤਨ ਨਾਲ ਲੱਗੀਆਂ ਹੋਈਆਂ ਹਨ। ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ।”