ਫਿਰੋਜ਼ਪੁਰ :- ਅੱਜ ਸਵੇਰੇ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ਫ਼ਲਾਈਓਵਰ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਬ੍ਰੈੱਡ ਡਿਲੀਵਰੀ ਵਾਲੀ ਖਾਲੀ ਗੱਡੀ ਅਚਾਨਕ ਪਲਟ ਗਈ। ਮਿਲੀ ਜਾਣਕਾਰੀ ਮੁਤਾਬਕ, ਚਾਲਕ ਫ਼ਿਰੋਜ਼ਪੁਰ ਵੱਲੋਂ ਲੁਧਿਆਣੇ ਦੀ ਦਿਸ਼ਾ ਵਿੱਚ ਆ ਰਿਹਾ ਸੀ ਕਿ ਅਚਾਨਕ ਨੀਂਦ ਆ ਜਾਣ ਕਾਰਨ ਉਸਦਾ ਵਾਹਨ ਤੋਂ ਕੰਟਰੋਲ ਖੋ ਗਿਆ।
ਡਰਾਈਵਰ ਗੰਭੀਰ ਜਖ਼ਮੀ
ਗੱਡੀ ਕੈਂਟਰ ਡਿਵਾਈਡਰ ਨਾਲ ਟਕਰਾਈ ਤੇ ਖੰਭੇ ਤੋੜਦੀ ਹੋਈ ਫ਼ਲਾਈਓਵਰ ਉੱਪਰ ਹੀ ਉਲਟ ਗਈ। ਹਾਦਸੇ ਵਿੱਚ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਜੂਦ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ।
ਸੂਚਨਾ ਮਿਲਣ ‘ਤੇ ਸਬ ਇੰਸਪੈਕਟਰ ਸੁਨੀਤਾ ਕੌਰ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੀ ਤੇ ਹਾਲਾਤ ਕਾਬੂ ਵਿੱਚ ਲੈ ਕੇ ਕ੍ਰੇਨ ਦੀ ਮਦਦ ਨਾਲ ਪਲਟੀ ਗੱਡੀ ਨੂੰ ਸੜਕ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰਵਾਈ। ਪੁਲਿਸ ਦੇ ਸਮੇਂ ਸਿਰ ਐਕਸ਼ਨ ਕਾਰਨ ਟ੍ਰੈਫਿਕ ਕੁਝ ਸਮੇਂ ਬਾਅਦ ਮੁੜ ਸੁਚਾਰੂ ਹੋ ਗਿਆ।

