ਮੁਹਾਲੀ:- ਮੁਹਾਲੀ ਦੇ ਡੇਰਾਬੱਸੀ ਇਲਾਕੇ ‘ਚ ਅੱਜ ਪੰਜਾਬ ਪੁਲਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਕ ਸਾਂਝੇ ਆਪਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਖ਼ਤਰਨਾਕ ਗੈਂਗਸਟਰ ਸੁਮਿਤ ਬਿਸ਼ਨੋਈ ਨੂੰ ਐਨਕਾਊਂਟਰ ‘ਚ ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਹਾਲਤ ‘ਚ ਗਿਰਫ਼ਤਾਰ ਕਰ ਲਿਆ ਗਿਆ।
ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਸੁਮਿਤ ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ‘ਤੇ ਇੱਕ ਪੀਜੀ ‘ਚ ਲੁਕਿਆ ਹੋਇਆ ਹੈ। ਇਸ ਸੁਚਨਾ ਦੀ ਪੁਸ਼ਟੀ ਹੋਣ ‘ਤੇ ਐਜੰਸੀਜ਼ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਦੀ ਘੇਰਾਬੰਦੀ ਕਰ ਲਈ। ਜਦੋਂ ਪੁਲਿਸ ਦੀ ਟੀਮ ਨੇ ਪੀਜੀ ‘ਚ ਧਾਵਾ ਬੋਲਿਆ ਤਾਂ ਸੁਮਿਤ ਨੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਸ ਨੇ ਬਚਾਅ ਕਰਦਿਆਂ ਉਸ ਦੇ ਪੈਰ ‘ਚ ਗੋਲੀ ਮਾਰੀ।
ਜ਼ਖ਼ਮੀ ਹੋਣ ਦੇ ਬਾਵਜੂਦ ਪੁਲਸ ਨੇ ਮੌਕੇ ‘ਤੇ ਹੀ ਸੁਮਿਤ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਇਕ ਹਥਿਆਰ ਵੀ ਬਰਾਮਦ ਕੀਤਾ ਗਿਆ।
ਸੂਤਰਾਂ ਦੇ ਮੁਤਾਬਕ, ਗੈਂਗਸਟਰ 18 ਮਈ ਨੂੰ ਰਾਜਸਥਾਨ ਦੇ ਹਨੂਮਾਨਗੜ੍ਹ ਵਿਖੇ ਹੋਏ ਇਕ ਕਤਲ ਦੇ ਮਾਮਲੇ ‘ਚ ਮੁਲਜ਼ਮ ਹੈ ਅਤੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
ਪੁਲਸ ਅਨੁਮਾਨ ਲਗਾ ਰਹੀ ਹੈ ਕਿ ਸੁਮਿਤ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ‘ਚ ਸੀ। ਡੇਰਾਬੱਸੀ ਦੀ ਚੋਣ ਉਸ ਨੇ ਇਸ ਕਰਕੇ ਕੀਤੀ ਕਿਉਂਕਿ ਇੱਥੋਂ ਦਿੱਲੀ, ਹਰਿਆਣਾ ਅਤੇ ਹਿਮਾਚਲ ਵੱਲ ਭੱਜਣਾ ਆਸਾਨ ਹੈ।
ਮੁਲਜ਼ਮ ਕਿੰਨੇ ਦਿਨਾਂ ਤੋਂ ਇੱਥੇ ਠਹਿਰਿਆ ਹੋਇਆ ਸੀ, ਉਸ ਨੇ ਇਹ ਪੀਜੀ ਕਿਸ ਤਰੀਕੇ ਨਾਲ ਲੀਆ ਤੇ ਕੋਈ ਹੋਰ ਸਾਥੀ ਵੀ ਨਾਲ ਸਨ ਜਾਂ ਨਹੀਂ, ਇਹ ਸਬ ਕੁਝ ਹੁਣ ਜਾਂਚ ਦਾ ਵਿਸ਼ਾ ਹੈ। ਪੁਲਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਲਦੀ ਹੀ ਇੱਕ ਪ੍ਰੈੱਸ ਕਾਨਫਰੰਸ ਕਰੀ ਜਾ ਸਕਦੀ ਹੈ।