ਮੁੰਬਈ :- ਮੁੰਬਈ ਦੇ ਮਸ਼ਹੂਰ RA ਸਟੂਡੀਓ ਦੀ ਪਹਿਲੀ ਮੰਜ਼ਿਲ ‘ਤੇ ਚੱਲ ਰਹੀ ਐਕਟਿੰਗ ਕਲਾਸ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਵਿਅਕਤੀ ਨੇ ਕਰੀਬ 15 ਤੋਂ 20 ਬੱਚਿਆਂ ਨੂੰ ਬੰਧਕ ਬਣਾ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ।
ਪੁਲਿਸ ਨੇ ਕੀਤਾ ਰੋਹਿਤ ਆਰਿਆ ਨੂੰ ਕਾਬੂ
ਮੁੰਬਈ ਪੁਲਿਸ ਦੇ ਅਨੁਸਾਰ, “ਰੋਹਿਤ ਆਰਿਆ” ਨਾਮਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਾਰੰਭਿਕ ਜਾਂਚ ‘ਚ ਪਤਾ ਲੱਗਿਆ ਹੈ ਕਿ ਦੋਸ਼ੀ ਮਾਨਸਿਕ ਤੌਰ ‘ਤੇ ਅਸਥਿਰ ਦਿਖਾਈ ਦੇ ਰਿਹਾ ਹੈ। ਪੁਲਿਸ ਉਸ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗ ਸਕੇ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ ਅਤੇ ਕੀ ਉਹ ਸੱਚਮੁੱਚ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ ਜਾਂ ਨਹੀਂ।
ਦੋਸ਼ੀ ਨੇ ਵੀਡੀਓ ਜਾਰੀ ਕਰ ਧਮਕੀ ਦਿੱਤੀ ਸੀ
ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ ਰੋਹਿਤ ਆਰਿਆ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਕੁਝ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਹੈ, ਨਹੀਂ ਤਾਂ ਉਹ ਸਟੂਡੀਓ ਨੂੰ ਅੱਗ ਲਗਾ ਦੇਵੇਗਾ ਅਤੇ ਆਪਣੇ ਨਾਲ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾਏਗਾ। ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਘਟਨਾ ਨਾਲ ਇਲਾਕੇ ‘ਚ ਮਚੀ ਦਹਿਸ਼ਤ
ਇਹ ਹਾਦਸਾ ਦਿਨ ਦਿਹਾੜੇ ਹੋਇਆ ਜਿਸ ਨਾਲ ਸਾਰੇ ਇਲਾਕੇ ‘ਚ ਹੜਕੰਪ ਮਚ ਗਿਆ। ਸਟੂਡੀਓ ਦੀਆਂ ਖਿੜਕੀਆਂ ‘ਚੋਂ ਬੱਚੇ ਬਾਹਰ ਝਾਕਦੇ ਦਿੱਸ ਰਹੇ ਸਨ ਜਦਕਿ ਹੇਠਾਂ ਮੌਜੂਦ ਉਨ੍ਹਾਂ ਦੇ ਮਾਤਾ–ਪਿਤਾ ਰੋਂਦੇ–ਬਿਲਖਦੇ ਦਿਖਾਈ ਦਿੱਤੇ। ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਪੂਰੇ ਇਲਾਕੇ ਨੂੰ ਘੇਰ ਕੇ RA ਸਟੂਡੀਓ ਦੇ ਆਲੇ ਦੁਆਲੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।

