ਬਠਿੰਡਾ :- ਬਠਿੰਡਾ ਜ਼ਿਲ੍ਹੇ ਦੇ ਪਿੰਡ ਕੌਰੇਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਹੀ ਜਿਗਰੀ ਦੋਸਤ ਨੂੰ ਸਲਫਾਸ ਮਿਲੀ ਸ਼ਰਾਬ ਪਿਲਾ ਕੇ ਮਾਰ ਦਿੱਤਾ। ਇਹ ਘਟਨਾ ਦੋਸਤੀ ਵਿਚਲੇ ਰੰਜਿਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ।
ਦੋਸਤੀ ਤੋਂ ਸ਼ੁਰੂ ਹੋਈ ਕਹਾਣੀ, ਰੰਜਿਸ਼ ‘ਚ ਬਦਲ ਗਈ
ਮ੍ਰਿਤਕ ਅਰਸਦੀਪ ਸਿੰਘ (ਉਮਰ 16 ਸਾਲ) ਦੇ ਪਿਤਾ ਜਸਵਿੰਦਰ ਸਿੰਘ, ਵਾਸੀ ਕੌਰੇਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪੁੱਤਰ ਪੜ੍ਹਾਈ ਦੌਰਾਨ ਲਵਪ੍ਰੀਤ ਸਿੰਘ ਵਾਸੀ ਰਾਈਆ ਨਾਲ ਗੂੜੀ ਦੋਸਤੀ ਕਰਦਾ ਸੀ। ਦੋਵੇਂ ਅਕਸਰ ਇੱਕ ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ।
ਦਸਵੀਂ ਪਾਸ ਕਰਨ ਤੋਂ ਬਾਅਦ ਅਰਸਦੀਪ ਆਪਣੇ ਪਿਤਾ ਨਾਲ ਖੇਤੀਬਾੜੀ ਤੇ ਪਸ਼ੂ ਪਾਲਣ ਦੇ ਕੰਮ ‘ਚ ਜੁੱਟ ਗਿਆ ਸੀ। ਲਗਭਗ 10 ਦਿਨ ਪਹਿਲਾਂ ਦੋਵੇਂ ਦੋਸਤਾਂ ਵਿਚ ਕਿਸੇ ਗੱਲ ਨੂੰ ਲੈ ਕੇ ਅਣਬਨ ਹੋ ਗਈ ਸੀ। ਇਸ ਤੋਂ ਬਾਅਦ ਲਵਪ੍ਰੀਤ ਦੇ ਪਿਤਾ ਰਜਿੰਦਰ ਸਿੰਘ ਨੇ ਅਰਸਦੀਪ ਨੂੰ ਕਾਲ ਕਰਕੇ ਡਾਂਟਿਆ, ਜਿਸ ‘ਤੇ ਦੋਵਾਂ ਪਾਸੋਂ ਗਾਲੀ ਗਲੋਚ ਹੋਈ ਸੀ।
ਧੋਖੇ ਨਾਲ ਸਲਫਾਸ ਮਿਲੀ ਸ਼ਰਾਬ ਪਿਲਾਈ
ਜਸਵਿੰਦਰ ਸਿੰਘ ਦੇ ਬਿਆਨ ਅਨੁਸਾਰ, ਇਸ ਰੰਜਿਸ਼ ਦੇ ਚਲਦੇ ਲਵਪ੍ਰੀਤ ਨੇ ਅਰਸਦੀਪ ਨੂੰ ਸੂਆ ਕੋਲ ਬੁਲਾਇਆ, ਜਿੱਥੇ ਦੋਵੇਂ ਨੇ ਇਕੱਠੇ ਸ਼ਰਾਬ ਪੀਤੀ। ਅਰਸਦੀਪ ਜਦੋਂ ਘਰ ਵਾਪਸ ਆਇਆ, ਤਾਂ ਉਸ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੇ ਲਵਪ੍ਰੀਤ ਨਾਲ ਮਿਲ ਕੇ ਸ਼ਰਾਬ ਵਿੱਚ ਕੋਈ ਜਹਰੀਲੀ ਚੀਜ਼ ਪੀ ਲਈ ਹੈ।
ਘਰ ਵਾਲਿਆਂ ਨੇ ਤੁਰੰਤ ਉਸਨੂੰ ਤਲਵੰਡੀ ਸਾਬੋ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ, ਪਰ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਸਵੇਰੇ ਮੌਤ ਹੋ ਗਈ।
ਮਰਨ ਤੋਂ ਪਹਿਲਾਂ ਖੁਲਾਸਾ — ਦੋਸਤ ਨੇ ਕੀਤਾ ਸੀ ਧੋਖਾ
ਇਲਾਜ ਦੌਰਾਨ ਅਰਸਦੀਪ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਲਵਪ੍ਰੀਤ ਨੇ ਉਸਦੇ ਸਾਹਮਣੇ ਖੁਦ ਸਲਫਾਸ ਮਿਲੀ ਸ਼ਰਾਬ ਪੀਣ ਦਾ ਨਾਟਕ ਕੀਤਾ, ਪਰ ਅਸਲ ‘ਚ ਉਸ ਨੇ ਜ਼ਹਿਰ ਦੀ ਵੱਡੀ ਮਾਤਰਾ ਕੇਵਲ ਅਰਸਦੀਪ ਦੀ ਸ਼ਰਾਬ ਵਿੱਚ ਹੀ ਮਿਲਾਈ ਸੀ।
ਇਸੇ ਕਰਕੇ ਅਰਸਦੀਪ ਦੀ ਮੌਤ ਹੋ ਗਈ ਜਦਕਿ ਲਵਪ੍ਰੀਤ ਬਚ ਗਿਆ।
ਪੁਲਿਸ ਨੇ ਮਾਮਲਾ ਦਰਜ ਕੀਤਾ, ਦੋਸਤ ਹਸਪਤਾਲ ‘ਚ ਇਲਾਜ ਅਧੀਨ
ਤਲਵੰਡੀ ਸਾਬੋ ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਬਿਆਨਾਂ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਲਵਪ੍ਰੀਤ ਸਿੰਘ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਫਿਲਹਾਲ ਲਵਪ੍ਰੀਤ ਹਸਪਤਾਲ ‘ਚ ਇਲਾਜ ਹੇਠ ਹੈ, ਤੇ ਜਿਵੇਂ ਹੀ ਉਹ ਠੀਕ ਹੋਵੇਗਾ, ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

