ਮੋਗਾ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੰਮੇ ਸਮੇਂ ਬਾਅਦ ਪਾਰਟੀ ਗਤੀਵਿਧੀਆਂ ‘ਚ ਸ਼ਿਰਕਤ ਕਰਕੇ ਆਪਣੀ ਸਰਗਰਮ ਰਾਜਨੀਤੀ ਵਿੱਚ ਵਾਪਸੀ ਦਾ ਇਸ਼ਾਰਾ ਦਿੱਤਾ। ਸਿਹਤ ਸਮੱਸਿਆਵਾਂ ਕਾਰਨ ਪਿਛਲੇ ਦੋ ਸਾਲ ਤੋਂ ਸਿਆਸਤ ਤੋਂ ਦੂਰ ਰਹੇ ਕੈਪਟਨ ਹੁਣ ਮੁੜ ਤੰਦਰੁਸਤ ਹੋਣ ਉਪਰੰਤ ਪੂਰੀ ਤਰ੍ਹਾਂ ਮੈਦਾਨ ‘ਚ ਨਜ਼ਰ ਆ ਰਹੇ ਹਨ।
ਭਾਜਪਾ ਦਫ਼ਤਰ ‘ਚ ਪਹੁੰਚੇ, ਵਰਕਰਾਂ ਨਾਲ ਕੀਤੀ ਗੱਲਬਾਤ
ਅੱਜ ਸਵੇਰੇ ਕੈਪਟਨ ਅਮਰਿੰਦਰ ਸਿੰਘ ਮੋਗਾ ਭਾਜਪਾ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ। ਇਸ ਤੋਂ ਬਾਅਦ ਉਹ ਫਰੀਦਕੋਟ ਵਿਖੇ ਹੋ ਰਹੇ ਇੱਕ ਖ਼ਾਸ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਦੀ ਆਚਾਨਕ ਹਾਜ਼ਰੀ ਨਾਲ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ।
“ਮੋਦੀ ਦਾ ਹਰ ਤਰਫ਼ ਡੰਕਾ, ਭਾਰਤ ਦੀ GDP ਚੀਨ ਤੋਂ ਅੱਗੇ”
ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਭਰ ‘ਚ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ “ਮੋਦੀ ਦਾ ਹਰ ਤਰਫ਼ ਡੰਕਾ ਹੈ, ਭਾਰਤ ਦੀ GDP ਹੁਣ ਚੀਨ ਤੋਂ ਵੀ ਅੱਗੇ ਨਿਕਲ ਰਹੀ ਹੈ। ਇਸ ਕਰਕੇ ਦੇਸ਼ ਦੀ ਤਰੱਕੀ ਲਈ ਭਾਜਪਾ ਦੀ ਸਰਕਾਰ ਦਾ ਰਹਿਣਾ ਬਹੁਤ ਜ਼ਰੂਰੀ ਹੈ।”
ਤਰਨ ਤਾਰਨ ਚੋਣਾਂ ਬਾਰੇ ਦਿੱਤਾ ਸਪਸ਼ਟੀਕਰਨ
ਜਦ ਉਨ੍ਹਾਂ ਤੋਂ ਤਰਨ ਤਾਰਨ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਕੈਪਟਨ ਨੇ ਸਾਫ਼ ਕਿਹਾ ਕਿ “ਮੈਨੂੰ ਉਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਮੈਂ ਉੱਥੇ ਨਹੀਂ ਗਿਆ।”
ਮਜੀਠੀਆ ਨਾਲ ਸਾਥ ਤੇ ਨਸ਼ੇ ਵਿਰੁੱਧ ਕਸਮ ਬਾਰੇ ਕੀਤਾ ਖੁਲਾਸਾ
ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨਾਲ ਸਾਥ ਦੇ ਮਾਮਲੇ ‘ਤੇ ਵੀ ਚੁੱਪੀ ਤੋੜੀ। ਉਨ੍ਹਾਂ ਕਿਹਾ ਕਿ ਉਹਨਾਂ ਕਦੇ ਵੀ ਨਸ਼ਾ ਖਤਮ ਕਰਨ ਦਾ ਨਹੀਂ, ਸਗੋਂ ਨਸ਼ੇ ਦੀ ਕਮਰ ਤੋੜਣ ਦਾ ਵਾਅਦਾ ਕੀਤਾ ਸੀ। ਕੈਪਟਨ ਨੇ ਸਪਸ਼ਟ ਕਿਹਾ — “ਮੈਂ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਹੱਥ ਵਿਚ ਲੈ ਕੇ ਕਿਹਾ ਸੀ ਕਿ ਨਸ਼ੇ ਦੀ ਕਮਰ ਤੋੜ ਦੇਵਾਂਗਾ, ਨ ਕਿ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦੇਵਾਂਗਾ।”
ਸਿਹਤ ਸੁਧਾਰ ਨਾਲ ਮੁੜ ਚਲ ਪਈ ਕੈਪਟਨ ਦੀ ਸਿਆਸੀ ਗਤੀਵਿਧੀ
ਕੈਪਟਨ ਦੀ ਹਾਲੀਆ ਸਰਗਰਮੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਹ ਹੁਣ ਮੁੜ ਰਾਜਨੀਤਿਕ ਮੈਦਾਨ ਵਿੱਚ ਐਕਟਿਵ ਹੋਣ ਲਈ ਤਿਆਰ ਹਨ। ਮੋਗਾ ਤੋਂ ਲੈ ਕੇ ਫਰੀਦਕੋਟ ਤੱਕ ਉਨ੍ਹਾਂ ਦੀ ਮੌਜੂਦਗੀ ਨੇ ਪਾਰਟੀ ਵਰਕਰਾਂ ਵਿੱਚ ਨਵੀਂ ਉਰਜਾ ਭਰ ਦਿੱਤੀ ਹੈ।

