ਚੰਡੀਗੜ੍ਹ :- ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਰਦੀਆਂ ਦੇ ਮੌਸਮ ਲਈ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਨਵੇਂ ਸਮੇਂ ਜਾਰੀ ਕਰ ਦਿੱਤੇ ਗਏ ਹਨ। ਇਹ ਨਵਾਂ ਸ਼ੈਡਿਊਲ 1 ਨਵੰਬਰ 2025 ਤੋਂ 31 ਮਾਰਚ 2026 ਤੱਕ ਲਾਗੂ ਰਹੇਗਾ।
ਇਕ ਪਾਲੀ ਵਾਲੇ ਸਕੂਲਾਂ ਦਾ ਸਮਾਂ
ਜਿਨ੍ਹਾਂ ਸਕੂਲਾਂ ‘ਚ ਸਿਰਫ਼ ਇੱਕ ਹੀ ਪਾਲੀ ਹੁੰਦੀ ਹੈ, ਉਨ੍ਹਾਂ ਲਈ ਸਟਾਫ ਦਾ ਸਮਾਂ ਸਵੇਰੇ 8:10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਅਤੇ ਵਿਦਿਆਰਥੀਆਂ ਦਾ ਸਮਾਂ 8:20 ਵਜੇ ਤੋਂ 2:20 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
ਦੋ ਪਾਲੀਆਂ ਵਾਲੇ ਸਕੂਲਾਂ ਦਾ ਨਵਾਂ ਸ਼ੈਡਿਊਲ
ਦੋ ਪਾਲੀਆਂ ਵਿੱਚ ਚੱਲਣ ਵਾਲੇ ਸਕੂਲਾਂ ਲਈ ਸਮਾਂ ਸਵੇਰੇ ਅਤੇ ਸ਼ਾਮ ਦੀ ਸ਼ਿਫ਼ਟ ਅਨੁਸਾਰ ਵੰਡਿਆ ਗਿਆ ਹੈ।
-
ਸਵੇਰੇ ਦੀ ਪਾਲੀ (Morning Shift): ਵਿਦਿਆਰਥੀਆਂ ਲਈ 8:00 ਵਜੇ ਤੋਂ 1:15 ਵਜੇ ਤੱਕ, ਜਦਕਿ ਸਟਾਫ ਲਈ 7:50 ਵਜੇ ਤੋਂ 2:10 ਵਜੇ ਤੱਕ।
-
ਸ਼ਾਮ ਦੀ ਪਾਲੀ (Evening Shift): ਕਲਾਸ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ 12:45 ਵਜੇ ਤੋਂ 5:00 ਵਜੇ ਤੱਕ, ਜਦਕਿ ਸਟਾਫ ਲਈ 10:50 ਵਜੇ ਤੋਂ 5:10 ਵਜੇ ਤੱਕ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਆਦੇਸ਼ ਜਾਰੀ
ਇਹ ਆਦੇਸ਼ ਐਚ.ਪੀ.ਐਸ. ਬਰਾੜ (IAS), ਡਾਇਰੈਕਟਰ ਸਕੂਲ ਐਜੂਕੇਸ਼ਨ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਸਕੂਲਾਂ ਦੇ ਸਮੇਂ ਨੂੰ ਇੱਕਸਾਰ ਕਰਨ ਲਈ ਲਿਆ ਗਿਆ ਹੈ।
ਸਾਰੇ ਸਕੂਲਾਂ ਨੂੰ ਭੇਜੇ ਗਏ ਨਿਰਦੇਸ਼
ਇਸ ਸੰਬੰਧੀ ਹੁਕਮਾਂ ਦੀਆਂ ਕਾਪੀਆਂ ਸਾਰੇ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਨਵੇਂ ਸਮੇਂ ਦਾ ਪਾਲਣ ਸੁਚਾਰੂ ਤਰੀਕੇ ਨਾਲ ਕੀਤਾ ਜਾ ਸਕੇ।

