ਨਵੀਂ ਦਿੱਲੀ :- ਭਾਰਤ ਦੀਆਂ ਵੱਡੀਆਂ ਏਅਰਲਾਈਨ ਕੰਪਨੀਆਂ ਗੰਭੀਰ ਵਿੱਤੀ ਸੰਕਟ ਵਿੱਚ ਹਨ। ਰਿਪੋਰਟਾਂ ਮੁਤਾਬਕ ਅਗਲੇ ਸਾਲ ਤੱਕ ਉਨ੍ਹਾਂ ਦਾ ਕੁੱਲ ਘਾਟਾ 95 ਤੋਂ 105 ਅਰਬ ਰੁਪਏ ਤੱਕ ਪਹੁੰਚ ਸਕਦਾ ਹੈ। ਇਸ ਦੇ ਪਿੱਛੇ ਮੁੱਖ ਕਾਰਣ ਹਨ—ਈਂਧਨ ਦੀ ਵਧਦੀ ਕੀਮਤ, ਰੁਪਏ ਦੀ ਕਮਜ਼ੋਰੀ ਅਤੇ ਘਰੇਲੂ ਉਡਾਣਾਂ ਵਿੱਚ ਘਟ ਰਹੀ ਮੰਗ।
ਯਾਤਰੀਆਂ ‘ਤੇ ਵੱਧੇਗਾ ਖਰਚਾ
ਵਿੱਤੀ ਸਾਲ 2025 ਵਿੱਚ ਏਅਰਲਾਈਨਜ਼ ਨੇ ਲਗਭਗ 55 ਅਰਬ ਰੁਪਏ ਦਾ ਨੁਕਸਾਨ ਝੇਲਿਆ ਸੀ। ਹੁਣ ਇਹ ਘਾਟਾ ਦੋਗੁਣਾ ਹੋ ਸਕਦਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਨੁਕਸਾਨ ਘਟਾਉਣ ਲਈ ਟਿਕਟ ਦਰਾਂ ਵਿੱਚ ਵਾਧਾ ਕਰਨਾ ਲਾਜ਼ਮੀ ਹੈ। ਇਸ ਨਾਲ ਆਮ ਯਾਤਰੀ ਦੀ ਜੇਬ ‘ਤੇ ਸਿੱਧਾ ਅਸਰ ਪਵੇਗਾ।
ਘਰੇਲੂ ਉਡਾਣਾਂ ਦੀ ਮੰਗ ਘਟੀ
ਪਿਛਲੇ ਸਾਲ ਦੇ ਮੁਕਾਬਲੇ ਘਰੇਲੂ ਹਵਾਈ ਯਾਤਰਾ ਵਿੱਚ 1.4 ਫ਼ੀਸਦੀ ਦੀ ਕਮੀ ਆਈ ਹੈ। ਸਤੰਬਰ 2024 ਵਿੱਚ 130.3 ਲੱਖ ਯਾਤਰੀਆਂ ਨੇ ਉਡਾਣ ਭਰੀ ਸੀ, ਜਦਕਿ ਇਸ ਸਾਲ ਇਹ ਗਿਣਤੀ 128.5 ਲੱਖ ਰਹਿ ਗਈ। ਇਸਦੇ ਉਲਟ ਵਿਦੇਸ਼ੀ ਉਡਾਣਾਂ ਵਿੱਚ 7.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਫਿਊਲ ਤੇ ਡਾਲਰ ਬਣੇ ਮੁਸੀਬਤ ਦਾ ਕਾਰਣ
ਏਵੀਏਸ਼ਨ ਟਰਬਾਈਨ ਫਿਊਲ ਦੀ ਕੀਮਤ ਅਕਤੂਬਰ 2025 ਤੱਕ 3.3 ਫ਼ੀਸਦੀ ਵਧੀ ਹੈ। ਡਾਲਰ ਮਜ਼ਬੂਤ ਹੋਣ ਕਾਰਨ ਵਿਦੇਸ਼ੀ ਸੌਦਿਆਂ ਦੀ ਲਾਗਤ ਵੀ ਚੜ੍ਹ ਗਈ ਹੈ। ਇਸ ਨਾਲ ਏਅਰਲਾਈਨਜ਼ ਦੇ ਖਰਚੇ ਤੇ ਵਿੱਤੀ ਬੋਝ ਦੋਵੇਂ ਵਧ ਰਹੇ ਹਨ।
ਟਿਕਟ ਦਰਾਂ ‘ਚ 15% ਤੱਕ ਵਾਧੇ ਦੀ ਸੰਭਾਵਨਾ
ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਹਾਲਾਤ ਨਹੀਂ ਸਧਰੇ ਤਾਂ ਟਿਕਟ ਦਰਾਂ ਵਿੱਚ 10 ਤੋਂ 15 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ। ਇਸ ਨਾਲ ਹਵਾਈ ਯਾਤਰਾ ਦੁਬਾਰਾ ਆਮ ਲੋਕਾਂ ਲਈ ਮਹਿੰਗੀ ਸੌਖ ਸੁਵਿਧਾ ਬਣ ਸਕਦੀ ਹੈ।

