ਨਵੀਂ ਦਿੱਲੀ :- ਜੰਮੂ-ਕਸ਼ਮੀਰ ਦੇ ਪੂਰਵ ਰਾਜਪਾਲ ਸਤਿਆਪਾਲ ਮਲਿਕ ਦਾ ਮੰਗਲਵਾਰ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ।
ਹਸਪਤਾਲ ਸਰੋਤਾਂ ਅਨੁਸਾਰ, ਮਲਿਕ ਜੀ ਨੂੰ ਲੰਬੇ ਸਮੇਂ ਤੋਂ ਕਿਡਨੀ ਫੇਲ ਹੋਣ ਅਤੇ ਯੂਰੀਨਰੀ ਟ੍ਰੈਕਟ ਇੰਫੈਕਸ਼ਨ ਸਮੇਤ ਹੋਰ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਸੀ। ਇਲਾਜ ਦੌਰਾਨ ਉਨ੍ਹਾਂ ਦੀ ਹਾਲਤ ਹੋਰ ਵੀ ਨਾਜ਼ੁਕ ਹੋ ਗਈ ਸੀ ਅਤੇ ਆਖ਼ਰਕਾਰ ਮੰਗਲਵਾਰ ਨੂੰ ਉਨ੍ਹਾਂ ਨੇ ਅਖੀਰਲੀ ਸਾਂਸ ਲਈ।
ਸਤਿਆਪਾਲ ਮਲਿਕ ਨੇ ਆਪਣੇ ਰਾਜਨੀਤਿਕ ਜੀਵਨ ਦੌਰਾਨ ਵੱਖ-ਵੱਖ ਪਦਵੀਆਂ ਸੰਭਾਲੀਆਂ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਨਾਲ-ਨਾਲ ਗੋਆ ਅਤੇ ਮਹਾਰਾਸ਼ਟਰ ਵਰਗੇ ਰਾਜਾਂ ‘ਚ ਵੀ ਰਾਜਪਾਲ ਵਜੋਂ ਸੇਵਾ ਨਿਭਾਈ। ਉਹ ਆਪਣੇ ਸਿੱਧੇ ਸੁਭਾਅ ਅਤੇ ਨਿੱਡਰ ਬਿਆਨਾਂ ਲਈ ਜਾਣੇ ਜਾਂਦੇ ਸਨ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਆਉਂਦੇ ਹੀ ਰਾਜਨੀਤਿਕ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਵੱਡੇ-ਵੱਡੇ ਆਗੂਆਂ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜਤਾਇਆ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਹੈ।