ਮੋਹਾਲੀ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਸ਼ਾ ਤਸਕਰੀ ਮਾਮਲੇ ‘ਚ ਜੇਲ੍ਹ ‘ਚ ਬੰਦ ਬਿਕਰਮ ਸਿੰਘ ਮਜੀਠੀਆ ਵੱਲੋਂ ਜਮਾਨਤ ਦੇ ਨਾਲ-ਨਾਲ ਬੈਰਕ ਬਦਲਣ ਲਈ ਦਾਇਰ ਕੀਤੀ ਗਈ ਅਰਜ਼ੀ ‘ਤੇ ਅਦਾਲਤ ਨੇ ਅੱਜ ਕੋਈ ਫ਼ੈਸਲਾ ਨਹੀਂ ਲਿਆ। ਅਦਾਲਤ ਨੇ ਦੋਹਾਂ ਮਾਮਲਿਆਂ ਦੀ ਸੁਣਵਾਈ ਹੁਣ ਇਕੱਠੀ ਕਰਣ ਦਾ ਹੁਕਮ ਦਿੱਤਾ ਹੈ, ਜੋ ਕਿ ਹੁਣ ਅਗਲੇ ਦਿਨ ਹੋਵੇਗੀ।
ਮਜੀਠੀਆ ਨੇ ਆਪਣੀ ਅਰਜ਼ੀ ਵਿੱਚ ਵਿਅਕਤੀਗਤ ਅਤੇ ਕਾਨੂੰਨੀ ਕਾਰਨਾਂ ਦਾ ਹਵਾਲਾ ਦਿੰਦਿਆਂ ਮੌਜੂਦਾ ਬੈਰਕ ਦੀ ਬਜਾਏ ਕਿਸੇ ਹੋਰ ਬੈਰਕ ‘ਚ ਭੇਜਣ ਦੀ ਮੰਗ ਕੀਤੀ ਸੀ। ਪਰ ਅਦਾਲਤ ਨੇ ਇਸ ਅਰਜ਼ੀ ਨੂੰ ਅਜੇ ਤਕ ਫੈਸਲੇ ਲਈ ਯੋਗ ਨਹੀਂ ਮੰਨਿਆ ਅਤੇ ਇਹ ਮਾਮਲਾ ਹੁਣ ਉਨ੍ਹਾਂ ਦੀ ਜਮਾਨਤ ਅਰਜ਼ੀ ਨਾਲ ਇਕੱਠਾ ਸੁਣਿਆ ਜਾਵੇਗਾ, ਜੋ ਪਹਿਲਾਂ ਹੀ ਅਦਾਲਤੀ ਕਾਰਵਾਈ ਲਈ ਦਰਜ ਸੀ।
ਸੁਣਵਾਈ ਦੌਰਾਨ ਅਦਾਲਤ ਅਹਾਤੇ ‘ਚ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ। ਵੱਡੀ ਗਿਣਤੀ ‘ਚ ਅਕਾਲੀ ਦਲ ਦੇ ਸਮਰਥਕ ਵੀ ਮੌਜੂਦ ਰਹੇ। ਅਦਾਲਤ ‘ਚ ਸਿਰਫ਼ ਕੁਝ ਮਿੰਟਾਂ ਲਈ ਹੀ ਕਾਰਵਾਈ ਚੱਲੀ, ਜਿਸ ਦੌਰਾਨ ਵਕੀਲਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ।