ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਸੱਤ ਦਿਨਾਂ ਦੌਰਾਨ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਇਸੇ ਤਰ੍ਹਾਂ ਮੀਂਹ ਦੀ ਸੰਭਾਵਨਾ ਵੀ ਫਿਲਹਾਲ ਨਹੀਂ ਬਣ ਰਹੀ।
6 ਨਵੰਬਰ ਤੋਂ ਬਾਅਦ ਬੱਦਲ ਛਾਏ ਰਹਿਣ ਦੀ ਸੰਭਾਵਨਾ
ਮੌਸਮ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ 6 ਨਵੰਬਰ ਤੋਂ ਬਾਅਦ ਆਸਮਾਨ ਵਿੱਚ ਬੱਦਲ ਬਣੇ ਰਹਿ ਸਕਦੇ ਹਨ। ਇਸ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਹੋਰ ਗਿਰਾਵਟ ਆ ਸਕਦੀ ਹੈ।
ਜਲੰਧਰ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ
ਪਰਾਲੀ ਸਾੜਨ ਕਾਰਨ ਕਈ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ। ਮੰਗਲਵਾਰ ਸਵੇਰੇ ਤੱਕ ਦਰਜ਼ ਏਅਰ ਕੁਆਲਿਟੀ ਇੰਡੈਕਸ ਅਨੁਸਾਰ ਜਲੰਧਰ ਵਿੱਚ ਪ੍ਰਦੂਸ਼ਣ ਸਭ ਤੋਂ ਵੱਧ ਸੀ। ਅੰਕੜੇ ਅਨੁਸਾਰ ਅੰਮ੍ਰਿਤਸਰ ਦਾ AQI 102, ਬਠਿੰਡਾ ਦਾ 99, ਜਲੰਧਰ ਦਾ 209, ਖੰਨਾ ਦਾ 190, ਲੁਧਿਆਣਾ ਦਾ 125, ਮੰਡੀ ਗੋਬਿੰਦਗੜ੍ਹ ਦਾ 186, ਪਟਿਆਲਾ ਦਾ 142 ਅਤੇ ਰੂਪਨਗਰ ਦਾ AQI 136 ਦਰਜ ਕੀਤਾ ਗਿਆ।
ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧਾ
ਸੂਬੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 933 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 190 ਮਾਮਲੇ ਕੇਵਲ ਪਿਛਲੇ ਦੋ ਦਿਨਾਂ — ਸੋਮਵਾਰ ਅਤੇ ਮੰਗਲਵਾਰ — ਦੌਰਾਨ ਦਰਜ਼ ਕੀਤੇ ਗਏ ਹਨ। ਸਭ ਤੋਂ ਵੱਧ ਮਾਮਲੇ ਤਰਨਤਾਰਨ (79) ਅਤੇ ਫਿਰੋਜ਼ਪੁਰ (73) ਵਿੱਚ ਦਰਜ ਕੀਤੇ ਗਏ। ਇਸ ਸਬੰਧੀ ਕਾਰਵਾਈ ਦੇ ਤਹਿਤ ਹੁਣ ਤੱਕ 302 ਲੋਕਾਂ ਵਿਰੁੱਧ FIR ਦਰਜ ਕੀਤੀਆਂ ਗਈਆਂ ਹਨ।

