ਨਵੀਂ ਦਿੱਲੀ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਇੱਕ ਵਾਰ ਫਿਰ ਭਾਰਤ ਉੱਤੇ ਨਿਸ਼ਾਨਾ ਸਾਧਿਆ ਹੈ। ਸੋਮਵਾਰ ਦੇਰ ਰਾਤ ਉਨ੍ਹਾਂ ਭਾਰਤ ਵਿਰੁੱਧ ਟੈਰਿਫ ਵਧਾਉਣ ਦੀ ਚੇਤਾਵਨੀ ਜਾਰੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਕੇ ਖੁੱਲ੍ਹੇ ਬਾਜ਼ਾਰ ਵਿੱਚ ਮੁਨਾਫੇ ਵਿੱਚ ਵੇਚ ਰਿਹਾ ਹੈ, ਜਦਕਿ ਰੂਸ-ਯੂਕਰੇਨ ਜੰਗ ਵਿੱਚ ਲੱਖਾਂ ਲੋਕ ਮਾਰੇ ਜਾ ਰਹੇ ਹਨ।
ਟਰੰਪ ਨੇ ਕਿਹਾ ਕਿ, “ਭਾਰਤ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਯੂਕਰੇਨ ਵਿੱਚ ਰੂਸ ਦੇ ਹਮਲਿਆਂ ਕਾਰਨ ਕਿਹੜੀ ਤਬਾਹੀ ਹੋ ਰਹੀ ਹੈ। ਇਸ ਲਈ ਮੈਂ ਭਾਰਤ ‘ਤੇ ਭਾਰੀ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹਾਂ।”
ਇਸ ਬਿਆਨ ਤੋਂ ਕੁਝ ਦਿਨ ਪਹਿਲਾਂ ਵੀ ਟਰੰਪ ਵੱਲੋਂ ਕਿਹਾ ਗਿਆ ਸੀ ਕਿ ਭਾਰਤ ਹੌਲੀ-ਹੌਲੀ ਰੂਸ ਤੋਂ ਤੇਲ ਖਰੀਦ ਘਟਾ ਰਿਹਾ ਹੈ। ਪਿਛਲੇ ਹਫ਼ਤੇ ਉਨ੍ਹਾਂ ਨੇ ਭਾਰਤ ਉੱਤੇ 25% ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜੋ ਕਿ 7 ਅਗਸਤ ਤੋਂ ਲਾਗੂ ਹੋਵੇਗਾ।
ਭਾਰਤ ਦਾ ਤਿੱਖਾ ਜਵਾਬ
ਟਰੰਪ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਖੁੱਲ੍ਹ ਕੇ ਅਮਰੀਕਾ ਨੂੰ ਜਵਾਬ ਦਿੱਤਾ ਹੈ। ਸਰਕਾਰੀ ਸਰੋਤਾਂ ਮੁਤਾਬਕ, ਭਾਰਤ ਨੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵੱਲੋਂ ਰੂਸ ਨਾਲ ਜਾਰੀ ਵਪਾਰਕ ਲੈਣ-ਦੇਣ ਦੇ ਅੰਕੜੇ ਜਾਰੀ ਕਰ ਦਿੱਤੇ ਹਨ।
ਭਾਰਤੀ ਸਰਕਾਰ ਵੱਲੋਂ ਕਿਹਾ ਗਿਆ
“ਅਮਰੀਕਾ ਰੂਸ ਤੋਂ ਯੂਰੇਨੀਅਮ ਹੈਕਸਾਫਲੋਰਾਈਡ ਆਪਣੇ ਪਰਮਾਣੂ ਸੈਕਟਰ ਲਈ, ਪੈਲੇਡੀਅਮ ਈਵੀ ਉਦਯੋਗ ਲਈ, ਅਤੇ ਵੱਡੀ ਮਾਤਰਾ ਵਿੱਚ ਖਾਦਾਂ ਅਤੇ ਰਸਾਇਣਾਂ ਦੀ ਖਰੀਦ ਕਰ ਰਿਹਾ ਹੈ। ਯੂਰਪੀਅਨ ਯੂਨੀਅਨ ਵੀ ਰੂਸ ਨਾਲ ਵਪਾਰਕ ਲੈਣ-ਦੇਣ ਜਾਰੀ ਰੱਖਿਆ ਹੋਇਆ ਹੈ। ਇਨ੍ਹਾਂ ਹਾਲਾਤਾਂ ਵਿਚ ਸਿਰਫ ਭਾਰਤ ਨੂੰ ਨਿਸ਼ਾਨਾ ਬਣਾਉਣਾ ਨਾ ਸਿਰਫ ਤਰਕਹੀਣ ਹੈ, ਸਗੋਂ ਦੋਹਰਾ ਮਾਪਦੰਡ ਵੀ ਹੈ।”
ਭਾਰਤ ਨੇ ਇਸ ਗੱਲ ਨੂੰ ਵੀ ਉੱਘਾ ਰੂਪ ਦਿੱਤਾ ਕਿ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ, ਦੇਸ਼ ਦੀ ਊਰਜਾ ਦੀ ਲੋੜ ਪੂਰੀ ਕਰਨ ਲਈ ਰੂਸ ਤੋਂ ਖਰੀਦਣ ਵਾਲਾ ਸਸਤਾ ਤੇਲ ਭਾਰਤ ਦਾ ਹੱਕ ਹੈ ਤੇ ਅਧਿਕਾਰ ਹੈ।