ਫਗਵਾੜਾ :- ਫਗਵਾੜਾ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਇੱਕ ਵਾਰ ਫਿਰ ਕੱਟਘਰੇ ਵਿੱਚ ਆ ਖੜੀ ਹੈ। ਬਾਬਾ ਗਧੀਆ ਇਲਾਕੇ ਦੇ ਘਣੇ ਵਸੇ ਸੁਵਿਧਾ ਕੇਂਦਰ ਨੇੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਇੱਕ ਬੀਤੀ ਰਾਤ ਇਕ ਪ੍ਰਵਾਸੀ ਈ-ਰਿਕਸ਼ਾ ਚਾਲਕ ਦਾ ਪੁਆਇੰਟ ਬਲੈਂਕ ਰੇਂਜ ‘ਤੇ ਕਤਲ ਕਰ ਦਿੱਤਾ ਗਿਆ। ਹੱਤਿਆ ਛੱਠ ਪੂਜਾ ਦੇ ਦਿਨ ਵਾਪਰਨ ਕਾਰਨ ਇਸ ਘਟਨਾ ਨੇ ਹੋਰ ਵੀ ਗੰਭੀਰ ਰੂਪ ਧਾਰ ਲਿਆ ਹੈ।
ਮ੍ਰਿਤਕ ਦੀ ਪਛਾਣ
ਮਾਰੇ ਗਏ ਵਿਅਕਤੀ ਦੀ ਪਛਾਣ ਕੁਲਦੀਪ, ਮੂਲ ਵਾਸੀ ਝਾਰਖੰਡ, ਹਾਲ-ਵਾਸੀ ਸੁਖਚੈਨ ਨਗਰ, ਫਗਵਾੜਾ ਵਜੋਂ ਹੋਈ ਹੈ। ਕੁਲਦੀਪ ਵਿਆਹਿਆ ਹੋਇਆ ਅਤੇ ਇੱਕ ਛੋਟੇ ਬੱਚੇ ਦਾ ਪਿਤਾ ਸੀ। ਪਿਛਲੇ 10-15 ਸਾਲਾਂ ਤੋਂ ਉਹ ਫਗਵਾੜਾ ‘ਚ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਈ-ਰਿਕਸ਼ਾ ਚਲਾ ਕੇ ਘਰ ਦਾ ਗੁਜਾਰਾ ਕਰਦਾ ਸੀ।
ਘਟਨਾ ਕਿਵੇਂ ਵਾਪਰੀ
ਪੁਲਿਸ ਜਾਂਚ ਅਨੁਸਾਰ ਕੁਲਦੀਪ ਰਾਤ ਦੇ ਸਮੇਂ ਆਪਣਾ ਰਿਕਸ਼ਾ ਚਲਾ ਕੇ ਘਰ ਵਾਪਸ ਜਾ ਰਿਹਾ ਸੀ ਜਦੋਂ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਦੋ ਨਕਾਬਪੋਸ਼ ਕਾਤਲ ਉਸਦਾ ਪਿੱਛਾ ਕਰਦੇ ਹੋਏ ਨੇੜੇ ਆਏ ਅਤੇ ਮੌਕਾ ਦੇਖ ਕੇ ਬਿਲਕੁਲ ਨਜ਼ਦੀਕ ਤੋਂ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਉਹ ਈ-ਰਿਕਸ਼ਾ ਵਿੱਚ ਹੀ ਖੂਨ ਨਾਲ ਲਤਪਤ ਢਹਿ ਪਿਆ।
ਆਖਰੀ ਸਾਹ ਤੱਕ ਜ਼ਿੰਦਾ ਰਹਿਣ ਦੀ ਅਰਦਾਸ ਕਰਦਾ ਰਿਹਾ ਮ੍ਰਿਤਕ
ਮ੍ਰਿਤਕ ਦੇ ਕਰੀਬੀ ਦੋਸਤ ਚੁੰਨੂ ਖਾਨ (ਮੁੰਨਾ) ਦੇ ਮੁਤਾਬਕ, ਗੋਲੀ ਲੱਗਣ ਤੋਂ ਤੁਰੰਤ ਬਾਅਦ ਕੁਲਦੀਪ ਨੇ ਸੂਝ-ਬੂਝ ਦੇ ਨਾਲ ਆਪਣੇ ਹੀ ਮੋਬਾਈਲ ਤੋਂ ਦੋਸਤਾਂ ਅਤੇ ਪਤਨੀ ਨੂੰ ਫ਼ੋਨ ਕੀਤਾ ਅਤੇ ਬੇਨਤੀ ਕੀਤੀ ਕਿ “ਮੈਨੂੰ ਬਚਾ ਲਓ, ਮੈਂ ਮਰਨਾ ਨਹੀਂ ਚਾਹੁੰਦਾ।”
ਚੁੰਨੂ ਖਾਨ ਤੇ ਪਰਿਵਾਰਿਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਉਸਨੂੰ ਉਸਦੀ ਰਿਕਸ਼ਾ ਵਿੱਚ ਬੈਠਾ ਕੇ ਫਗਵਾੜਾ ਸਿਵਲ ਹਸਪਤਾਲ ਲੈ ਗਏ। ਉੱਥੋਂ ਉਸਨੂੰ ਨਾਜ਼ੁਕ ਹਾਲਤ ਵਿੱਚ ਜਲੰਧਰ ਦੇ ਵੱਡੇ ਹਸਪਤਾਲ ਲਈ ਰੈਫਰ ਕੀਤਾ ਗਿਆ, ਜਿੱਥੇ ਕੁਝ ਘੰਟਿਆਂ ਬਾਅਦ ਉਸਦੀ ਮੌਤ ਹੋ ਗਈ।
ਲੁੱਟਖੋਹ ਨਹੀਂ, ਸਿੱਧੀ ਟਾਰਗੇਟਡ ਕਿਲਿੰਗ : ਪਰਿਵਾਰ ਦਾ ਦਾਅਵਾ
ਮੌਕੇ ‘ਤੇ ਮ੍ਰਿਤਕ ਦੀ ਜੇਬ ਵਿੱਚੋਂ ਨਕਦੀ, ਮੋਬਾਈਲ ਫੋਨ, ਰਿਕਸ਼ਾ ਦੀ ਬੈਟਰੀ ਅਤੇ ਹੋਰ ਸਮਾਨ ਜੋਂ ਦਾ ਤੋਂ ਮੌਜੂਦ ਰਹਿਣ ਕਾਰਨ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਦਾ ਸਾਫ਼ ਦਾਅਵਾ ਹੈ ਕਿ ਇਹ ਹੱਤਿਆ ਲੁੱਟਖੋਹ ਦੇ ਉਦੇਸ਼ ਨਾਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੁਲਦੀਪ ਦਾ ਕਿਸੇ ਨਾਲ ਕੋਈ ਰੰਜਿਸ਼ ਜਾਂ ਝਗੜਾ ਨਹੀਂ ਸੀ, ਜਿਸ ਕਰਕੇ ਇਹ ਘਟਨਾ ਹੋਰ ਵੀ ਸ਼ੱਕ ਪੈਦਾ ਕਰ ਰਹੀ ਹੈ।
ਪੁਲਿਸ ਦੀ ਪ੍ਰਾਰੰਭਿਕ ਜਾਂਚ – ਨਿਸ਼ਾਨੇਬਾਜ਼ੀ ਕਰਕੇ ਚਲਾਈ ਗਈ ਗੋਲੀ
ਡੀ.ਐੱਸ.ਪੀ. ਫਗਵਾੜਾ ਭਾਰਤ ਭੂਸ਼ਣ ਦੇ ਮੁਤਾਬਕ, ਹੁਣ ਤੱਕ ਦੀ ਜਾਂਚ ‘ਚ ਮਾਮਲਾ ਟਾਰਗੇਟ ਕਿਲਿੰਗ ਵੱਲ ਇਸ਼ਾਰਾ ਕਰਦਾ ਹੈ। ਕਾਤਲ ਪਹਿਲਾਂ ਤੋਂ ਟਰੈਕ ਕਰ ਰਹੇ ਸਨ ਅਤੇ ਮੌਕਾ ਮਿਲਦੇ ਹੀ ਕੁਲਦੀਪ ਨੂੰ ਨਜ਼ਦੀਕੋਂ ਗੋਲੀ ਮਾਰੀ ਗਈ। ਹਾਲਾਂਕਿ ਹੱਤਿਆ ਦੇ ਪਿੱਛੇ ਦੇ ਅਸਲੀ ਕਾਰਨ ਬਾਰੇ ਪੁਲਿਸ ਵੱਲੋਂ ਹਾਲੇ ਕੋਈ ਅਧਿਕਾਰਿਕ ਟਿੱਪਣੀ ਨਹੀਂ ਕੀਤੀ ਗਈ ਅਤੇ ਜਾਂਚ ਜਾਰੀ ਹੈ।
ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ, ਕੌਣ ਹੈ ਸਾਜ਼ਿਸ਼ ਦੇ ਪਿੱਛੇ?
ਇਹ ਘਟਨਾ ਛੱਠ ਪੂਜਾ ਜਿਹੇ ਭਾਰੇ ਦਿਨ ਵਾਪਰਨ ਨਾਲ ਸਵਾਲ ਚੁੱਭ ਰਿਹਾ ਹੈ ਕਿ ਕੀ ਕਾਤਲਾਂ ਨੇ ਇਸ ਤਿਉਹਾਰ ਦਾ ਸਮਾਂ ਵੇਖਦਿਆਂ ਹੀ ਆਪਣੀ ਯੋਜਨਾ ਨੂੰ ਅਮਲ ‘ਚ ਲਿਆਂਦਾ? ਪੁਲਿਸ ‘ਤੇ ਜਾਂਚ ਜ਼ਲਦੀ ਨਿਪਟਾਉਣ ਦਾ ਦਬਾਅ ਬਣ ਗਿਆ ਹੈ।

