ਯੂਨੀਫ਼ਾਇਡ ਬਿਲਡਿੰਗ ਬਿੱਲ-2025 ਨੂੰ ਹਰੀ ਝੰਡੀ
ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਪੰਜਾਬ ਯੂਨੀਫ਼ਾਇਡ ਬਿਲਡਿੰਗ ਬਿੱਲ-2025 ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਤਹਿਤ ਹੁਣ ਰਿਹਾਇਸ਼ੀ ਇਮਾਰਤਾਂ ਦੀ ਉੱਚਾਈ 15 ਮੀਟਰ ਤੋਂ ਵਧਾ ਕੇ 21 ਮੀਟਰ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸ਼ਹਿਰੀ ਵਿਕਾਸ ਨੂੰ ਨਵਾਂ ਗਤੀ-ਮਾਰਗ ਮਿਲੇਗਾ ਅਤੇ ਲੋਕਾਂ ਨੂੰ ਜ਼ਿਆਦਾ ਰਹਾਇਸ਼ੀ ਸਪੇਸ ਦੀ ਸਹੂਲਤ ਪ੍ਰਾਪਤ ਹੋਵੇਗੀ।
ਲੁਧਿਆਣਾ ਉੱਤਰੀ ਵਿੱਚ ਨਵੀਂ ਸਬ-ਤਹਿਸੀਲ
ਕੈਬਨਿਟ ਨੇ ਲੁਧਿਆਣਾ ਉੱਤਰੀ ਖੇਤਰ ਵਿੱਚ ਇੱਕ ਨਵੀਂ ਸਬ-ਤਹਿਸੀਲ ਬਣਾਉਣ ਦਾ ਫ਼ੈਸਲਾ ਵੀ ਲਿਆ ਹੈ। ਇੱਥੇ ਨਾਇਬ ਤਹਿਸੀਲਦਾਰ ਦੀ ਤਾਇਨਾਤੀ ਤੋਂ ਬਾਅਦ ਨਾਗਰਿਕਾਂ ਨੂੰ ਰੋਜ਼ਮਰਰਾ ਦੇ ਕਾਗਜ਼ਾਤੀ ਕੰਮ ਲੋਕਲ ਪੱਧਰ ‘ਤੇ ਹੀ ਹੋ ਜਾਣਗੇ ਅਤੇ ਉਨ੍ਹਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕਟਣੇ ਪੈਣਗੇ।
ਬਰਨਾਲਾ ਦਾ ਦਰਜਾ ਉੱਚਾ — ਨਗਰ ਨਿਗਮ ਵਜੋਂ ਅਪਗ੍ਰੇਡ
ਬਰਨਾਲਾ ਸ਼ਹਿਰ ਨੂੰ ਨਗਰ ਕੌਂਸਲ ਤੋਂ ਅਪਗ੍ਰੇਡ ਕਰਕੇ ਸਰਕਾਰੀ ਤੌਰ ‘ਤੇ ਨਗਰ ਨਿਗਮ ਦਾ ਦਰਜਾ ਦੇ ਦਿੱਤਾ ਗਿਆ ਹੈ। ਆਬਾਦੀ, ਉਦਯੋਗਿਕ ਸੰਭਾਵਨਾਵਾਂ ਅਤੇ ਜੀ.ਐੱਸ.ਟੀ. ਕੁਲੈਕਸ਼ਨ ਸਮੇਤ ਜਰੂਰੀ ਮਾਪਦੰਡ ਪੂਰੇ ਹੋਣ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ। ਬਰਨਾਲਾ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ।
ਸਪੋਰਟਸ ਮੈਡੀਸਨ ‘ਚ 100 ਤੋਂ ਵੱਧ ਨਵੀਆਂ ਪੋਸਟਾਂ
ਪੰਜਾਬ ਸਰਕਾਰ ਨੇ ਖੇਡਾਂ ਅਤੇ ਖਿਡਾਰੀਆਂ ਦੀ ਸਿਹਤ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਸਪੋਰਟਸ ਮੈਡੀਸਨ ਕੈਡਰ ਅੰਦਰ 100 ਤੋਂ ਵੱਧ ਨਵੀਆਂ ਭਰਤੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਰਾਜ ਪੱਧਰ ‘ਤੇ ਖਿਡਾਰੀਆਂ ਨੂੰ ਵਿਸ਼ੇਸ਼ ਤਜਰਬੇਕਾਰ ਡਾਕਟਰੀ ਸੰਭਾਲ ਪ੍ਰਾਪਤ ਹੋਵੇਗੀ।
ਡੇਰਾਬੱਸੀ ਵਿੱਚ 100 ਬੈੱਡਾਂ ਦਾ ਈ.ਐੱਸ.ਆਈ. ਹਸਪਤਾਲ
ਕੈਬਨਿਟ ਨੇ ਡੇਰਾਬੱਸੀ ਵਿੱਚ 100 ਬੈੱਡ ਦਾ ਈ.ਐੱਸ.ਆਈ. ਹਸਪਤਾਲ ਖੋਲ੍ਹਣ ਦੀ ਪ੍ਰਵਾਨਗੀ ਵੀ ਦਿੱਤੀ ਹੈ। ਇਸ ਪ੍ਰਾਜੈਕਟ ਲਈ ਜ਼ਮੀਨ ਸਰਕਾਰ ਵੱਲੋਂ ਉਪਲਬਧ ਕਰਵਾਈ ਜਾਵੇਗੀ। ਉਦਯੋਗਿਕ ਪੱਟੀ ਹੋਣ ਕਰਕੇ ਇੱਥੇ ਹਜਾਰਾਂ ਵਰਕਰਾਂ ਅਤੇ ਮਜ਼ਦੂਰਾਂ ਨੂੰ ਸਿਹਤ ਸਹੂਲਤਾਂ ਦਾ ਸਿੱਧਾ ਲਾਭ ਮਿਲੇਗਾ।
ਨਸ਼ਾ ਮੁਕਤੀ ਕੇਂਦਰਾਂ ‘ਤੇ ਨਿਗਰਾਨੀ ਕੜੀ
ਨਸ਼ਾ ਮੁਕਤੀ ਕੇਂਦਰਾਂ ਸਬੰਧੀ ਕਾਨੂੰਨੀ ਨਿਯਮਾਂ ਵਿੱਚ ਵੱਡਾ ਸੋਧ ਕਰਦਿਆਂ ਹੁਣ ਇਨ੍ਹਾਂ ਕੇਂਦਰਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਨਾਲ ਹੀ ਦਵਾਈਆਂ ਦੀ ਸਪਲਾਈ ਅਤੇ ਇਲਾਜੀ ਪ੍ਰਕਿਰਿਆ ਸਰਕਾਰ ਦੀ ਸਿੱਧੀ ਮਾਨੀਟਰਨਗ ਹੇਠ ਹੋਵੇਗੀ, ਤਾਂ ਜੋ ਦੁਰਵਰਤੋਂ ‘ਤੇ ਪੂਰਾ ਰੋਕ ਲੱਗ ਸਕੇ।

