ਮੋਹਾਲੀ :- ਉੱਤਰੀ ਭਾਰਤ ਦੇ ਪ੍ਰਸਿੱਧ ਛੱਤਬੀੜ ਚਿੜੀਆਘਰ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਦੀ ਘਟਨਾ ਨਾਲ ਚਿੜੀਆਘਰ ਪ੍ਰਬੰਧਕਤਾਂ ਵਿੱਚ ਹੜਕੰਪ ਮਚ ਗਿਆ। ਅੱਗ ਚਿੜੀਆਘਰ ਅੰਦਰ ਖੜੀਆਂ ਬੈਟਰੀ ਵਾਲੀਆਂ ਗੱਡੀਆਂ ਵਿੱਚ ਭਭਕ ਉੱਠੀ ਅਤੇ ਕੁਝ ਹੀ ਮਿੰਟਾਂ ‘ਚ ਆਲੇ ਦੁਆਲੇ ਘਾਟੇ ਧੂੰਏਂ ਦੀ ਚਾਦਰ ਫੈਲ ਗਈ।
ਅੱਗ 8:15 ਤੋਂ 8:30 ਵਜੇ ਦਰਮਿਆਂਨ ਭਭਕੀ
ਮਿਲੀ ਜਾਣਕਾਰੀ ਮੁਤਾਬਕ ਅੱਗ ਲਗਣ ਵੇਲੇ ਠੇਕੇਦਾਰ ਅਤੇ ਉਸਦੇ ਕਰਮਚਾਰੀ ਨੇੜੇ ਹੀ ਮੌਜੂਦ ਸਨ। ਸਟਾਫ਼ ਵੱਲੋਂ ਪ੍ਰਾਰੰਭਿਕ ਤੌਰ ‘ਤੇ ਅੱਗ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ੋਲਿਆਂ ਨੇ ਜਲਦੀ ਹੀ ਕਈ ਵਾਹਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਫਾਇਰ ਬ੍ਰਿਗੇਡ ਦੀ ਤੁਰੰਤ ਦਖ਼ਲਅੰਦਾਜ਼ੀ
ਰੇਂਜ ਅਫ਼ਸਰ ਗਗਨਦੀਪ ਸਿੰਘ ਦੇ ਅਨੁਸਾਰ ਸੂਚਨਾ ਮਿਲਦਿਆਂ ਹੀ ਜ਼ੀਰਕਪੁਰ ਤੋਂ ਦੋ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ ਅਤੇ ਲੰਬੀ ਜੱਦੋਜਹਦ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਸੁਚਨਾ ਨਹੀਂ ਹੈ।
20 ਦੇ ਕਰੀਬ ਬੈਟਰੀ ਗੱਡੀਆਂ ਸੜੀਆਂ, ਕਰੋੜਾਂ ਦਾ ਨੁਕਸਾਨ
ਠੇਕੇਦਾਰ ਨੇ ਦੱਸਿਆ ਕਿ ਲੱਗਭਗ 18 ਤੋਂ 20 ਬੈਟਰੀ ਵਾਲੀਆਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀ ਹੋ ਗਈਆਂ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਡੇਢ ਤੋਂ ਦੋ ਕਰੋੜ ਰੁਪਏ ਦਰਮਿਆਨ ਮੰਨੀ ਜਾ ਰਹੀ ਹੈ।
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ
ਫ਼ਿਲਹਾਲ, ਅੱਗ ਲੱਗਣ ਦੇ ਅਸਲੀ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਬੰਧਕ ਤੰਤਰ ਨੇ ਤਕਨੀਕੀ ਖ਼ਰਾਬੀ ਜਾਂ ਸ਼ਾਰਟ ਸਰਕਿਟ ਦੀ ਸੰਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ।
ਚਿੜੀਆਘਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕੋਣਾਂ ਤੋਂ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

