ਅਮਰੀਕਾ :- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਨਾਲ ਜੁੜਿਆ ਜਗਦੀਪ ਸਿੰਘ ਉਰਫ਼ ਜੱਗਾ ਅਮਰੀਕਾ ਵਿੱਚ ਕਾਬੂ ਕੀਤਾ ਗਿਆ ਹੈ। ਉਹ ਤਿੰਨ ਸਾਲ ਪਹਿਲਾਂ ਭਾਰਤ ਤੋਂ ਦੁਬਈ ਭੱਜ ਗਿਆ ਸੀ ਤੇ ਉੱਥੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ। ਉੱਥੋਂ ਬੈਠ ਕੇ ਉਹ ਗਿਰੋਹ ਦੀਆਂ ਸਰਗਰਮੀਆਂ ਚਲਾ ਰਿਹਾ ਸੀ।
AGTF ਦੇ ਤਾਲਮੇਲ ਤੋਂ ਬਾਅਦ ਗ੍ਰਿਫ਼ਤਾਰੀ
ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਉਸਦੇ ਟਿਕਾਣੇ ਅਤੇ ਨੈੱਟਵਰਕ ਬਾਰੇ ਇੰਟਰਪੋਲ ਤੇ ਅਮਰੀਕਨ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸਨੂੰ ਹਿਰਾਸਤ ਵਿੱਚ ਲਿਆ। ਹੁਣ ਉਸਦੀ ਹਵਾਲਗੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
11 ਗੰਭੀਰ ਮਾਮਲਿਆਂ ‘ਚ ਨਾਮ ਦਰਜ
ਜੱਗਾ ਵਿਰੁੱਧ ਪੰਜਾਬ ਅਤੇ ਰਾਜਸਥਾਨ ਵਿੱਚ ਕੁੱਲ 11 ਕੇਸ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਫਿਰੌਤੀ ਵਰਗੇ ਦੋਸ਼ ਸ਼ਾਮਲ ਹਨ। ਜੋਧਪੁਰ ਅਦਾਲਤ ਨੇ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਪਹਿਲਾਂ ਹੀ ਜਾਰੀ ਕੀਤਾ ਸੀ।
ਵਾਸੂਦੇਵ ਇਸਰਾਨੀ ਕਤਲ ਕੇਸ ਨਾਲ ਵੀ ਕੜੀ
ਉਹ ਪਹਿਲਾਂ ਜੋਧਪੁਰ ਦੇ ਵਾਸੂਦੇਵ ਇਸਰਾਨੀ ਕਤਲ ਮਾਮਲੇ ‘ਚ ਵੀ ਦੋਸ਼ੀ ਬਣਾਇਆ ਗਿਆ ਸੀ। ਜ਼ਮਾਨਤ ‘ਤੇ ਰਿਹਾਈ ਤੋਂ ਬਾਅਦ ਉਹ ਦੇਸ਼ ਛੱਡ ਕੇ ਦੁਬਈ ਭੱਜ ਗਿਆ ਅਤੇ ਉੱਥੇ ਲਾਰੈਂਸ ਬਿਸ਼ਨੋਈ ਨੈੱਟਵਰਕ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

