ਨਵੀਂ ਦਿੱਲੀ :- ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਮੈਚ ਦੌਰਾਨ ਭਾਰਤੀ ਟੀਮ ਦੇ ਉਪ–ਕਪਤਾਨ ਸ਼੍ਰੇਅਸ ਅਈਅਰ (Shreyas Iyer) ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਐਲੇਕਸ ਕੈਰੀ ਦਾ ਕੈਚ ਫੜਦਿਆਂ ਅਈਅਰ ਦੀ ਬਾਈਂ ਪੱਸਲੀ ‘ਤੇ ਤਿੱਖੀ ਚੋਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੈਦਾਨ ਤੋਂ ਬਾਹਰ ਲਿਆਂਦਾ ਗਿਆ। ਸ਼ੁਰੂਆਤੀ ਜਾਂਚ ਵਿੱਚ ਦਰਦ ਜ਼ਿਆਦਾ ਪਾਇਆ ਗਿਆ, ਜਿਸ ਕਾਰਣ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।
ਇੰਟਰਨਲ ਬਲੀਡਿੰਗ ਦਾ ਪਤਾ, ICU ‘ਚ ਭਰਤੀ
ਮੈਡੀਕਲ ਟੈਸਟਾਂ ਵਿੱਚ ਪਸਲੀਆਂ ਦੇ ਨੇੜੇ ਇੰਟਰਨਲ ਬਲੀਡਿੰਗ ਦੀ ਪੁਸ਼ਟੀ ਹੋਈ, ਜਿਸ ਕਾਰਨ ਡਾਕਟਰਾਂ ਨੇ ਕੋਈ ਜੋਖ਼ਿਮ ਨਾ ਲੈਂਦਿਆਂ ਉਨ੍ਹਾਂ ਨੂੰ ਸਿਡਨੀ ਦੇ ਹਸਪਤਾਲ ਦੇ ICU ਵਿੱਚ ਦਾਖ਼ਲ ਕਰ ਦਿੱਤਾ। ਡਾਕਟਰਾਂ ਅਨੁਸਾਰ ਅਗਲੇ ਕੁਝ ਦਿਨ ਉਹ ਸਖ਼ਤ ਨਿਗਰਾਨੀ ਹੇਠ ਰਹਿਣਗੇ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਤੋਂ ਬਚਾਇਆ ਜਾਵੇਗਾ।
BCCI ਮੈਡੀਕਲ ਟੀਮ ਦੀ ਤੁਰੰਤ ਕਾਰਵਾਈ
ਟੀਮ ਇੰਡੀਆ ਦੇ ਡਾਕਟਰਾਂ ਨੇ ਕਿਹਾ ਕਿ ਸੱਟ ਦੇ ਤੁਰੰਤ ਬਾਅਦ ਕੀਤੇ ਗਏ ਮਾਪਦੰਡਾਂ ਵਿੱਚ ਉਤਾਰ–ਚੜ੍ਹਾਅ ਦੇ ਸੰਕੇਤ ਮਿਲੇ ਸਨ, ਇਸ ਕਰਕੇ ਦੇਰ ਨਾ ਕਰਦਿਆਂ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਟੀਮ ਨਾਲ ਜੁੜੇ ਸੂਤਰਾਂ ਅਨੁਸਾਰ, “ਹਾਲਤ ਭਾਵੇਂ ਇਸ ਵੇਲੇ ਨਿਯੰਤਰਣ ਵਿੱਚ ਹੈ, ਪਰ ਜੇ ਥੋੜੀ ਵੀ ਲਾਪਰਵਾਹੀ ਹੁੰਦੀ ਤਾਂ ਮਾਮਲਾ ਜਾਨਲੇਵਾ ਹੋ ਸਕਦਾ ਸੀ।
”ਮੈਦਾਨ ‘ਤੇ ਵਾਪਸੀ ਅਣਿਸ਼ਚਿਤ
ਪਹਿਲਾਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ (Shreyas Iyer) ਅਈਅਰ ਤਿੰਨ ਹਫਤਿਆਂ ਵਿੱਚ ਫਿਰ ਤੋਂ ਖੇਡ ‘ਚ ਵਾਪਸੀ ਕਰ ਸਕਦੇ ਹਨ, ਪਰ ਇੰਟਰਨਲ ਬਲੀਡਿੰਗ ਸਾਹਮਣੇ ਆਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਰਿਕਵਰੀ ਲੰਬੀ ਹੋ ਸਕਦੀ ਹੈ।
ਡਾਕਟਰਾਂ ਅਨੁਸਾਰ, ਭਾਰਤ ਵਾਪਸੀ ਤੋਂ ਪਹਿਲਾਂ ਉਹਨਾਂ ਨੂੰ ਘੱਟੋ-ਘੱਟ ਇੱਕ ਹਫ਼ਤੇ ਲਈ ਹਸਪਤਾਲ ਵਿੱਚ ਰਹਿਣਾ ਪਵੇਗਾ ਅਤੇ ਪੂਰੀ ਤਰ੍ਹਾਂ ਸਿਹਤਮੰਦ ਘੋਸ਼ਿਤ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਯਾਤਰਾ ਅਤੇ ਖੇਡ ‘ਚ ਵਾਪਸੀ ਬਾਰੇ ਸੋਚਿਆ ਜਾਵੇਗਾ।

