ਚੰਡੀਗੜ੍ਹ:- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵੱਲੋਂ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। 40 ਦਿਨ ਦੀ ਪੈਰੋਲ ਮਿਲਣ ਉਪਰੰਤ, ਉਹ ਅੱਜ ਸਵੇਰੇ ਜੇਲ੍ਹ ’ਚੋਂ ਬਾਹਰ ਆ ਗਏ ਨੇ।
ਰਾਮ ਰਹੀਮ ਨੂੰ ਲੈਣ ਲਈ ਹਨੀਪ੍ਰੀਤ, ਡੇਰੇ ਦੇ ਚੇਅਰਮੈਨ ਦਾਨ ਸਿੰਘ ਅਤੇ ਹੋਰ ਸਾਥੀ ਰੋਹਤਕ ਜੇਲ੍ਹ ਦੇ ਬਾਹਰ ਪਹੁੰਚੇ। ਉਨ੍ਹਾਂ ਨੇ ਜੇਲ੍ਹ ਪ੍ਰਕਿਰਿਆਵਾਂ ਮੁਕੰਮਲ ਹੋਣ ਤੋਂ ਬਾਅਦ ਰਾਮ ਰਹੀਮ ਨੂੰ ਸਾਥ ਲਿਆ ਅਤੇ ਉਸਨੂੰ ਸਿਰਸਾ ਸਥਿਤ ਡੇਰੇ ਵੱਲ ਲੈ ਜਾਇਆ ਗਿਆ।
ਦੱਸਣਯੋਗ ਹੈ ਕਿ 15 ਅਗਸਤ ਨੂੰ ਗੁਰਮੀਤ ਰਾਮ ਰਹੀਮ ਦਾ ਜਨਮ ਦਿਨ ਵੀ ਹੈ, ਜਿਸਨੂੰ ਲੈ ਕੇ ਡੇਰੇ ਵਿੱਚ ਤਿਆਰੀਆਂ ਜ਼ੋਰਾਂ ‘ਤੇ ਹਨ। ਜਾਣਕਾਰੀ ਅਨੁਸਾਰ, ਰਾਖੀ ਦੇ ਤਿਉਹਾਰ ਮਗਰੋਂ ਡੇਰੇ ਵਿਚ ਰਾਮ ਰਹੀਮ ਦਾ ਜਨਮ ਦਿਨ ਮਨਾਇਆ ਜਾਣ ਵਾਲਾ ਹੈ। ਪ੍ਰਬੰਧਕਾਂ ਵੱਲੋਂ ਤਿਉਹਾਰਿਕ ਸਮਾਗਮਾਂ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਤੀਜੀ ਵਾਰ ਹੈ ਜਦੋਂ ਰਾਮ ਰਹੀਮ ਜੇਲ੍ਹ ’ਚੋਂ ਪੈਰੋਲ ’ਤੇ ਬਾਹਰ ਆਇਆ ਹੈ। 2017 ਵਿਚ ਉਸਨੂੰ ਸਜਾ ਹੋਈ ਸੀ, ਪਰ ਸਜ਼ਾ ਦੇਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹ ਕੁੱਲ 14 ਵਾਰ ਫ਼ਰਲੋ ਜਾਂ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ।
ਰਾਮ ਰਹੀਮ ਨੂੰ ਮਿਲ ਰਹੀ ਮੁੜ ਮੁੜ ਛੂਟ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਸਵਾਲ ਚੁੱਕੇ ਜਾ ਚੁੱਕੇ ਹਨ।