ਅੰਮ੍ਰਿਤਸਰ :- ਕਤਰ ਏਅਰਵੇਜ਼ ਵੱਲੋਂ ਦੋਹਾ–ਟੋਰਾਂਟੋ ਰੂਟ ‘ਤੇ 26 ਅਕਤੂਬਰ ਤੋਂ ਰੋਜ਼ਾਨਾ ਉਡਾਣਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਅੰਮ੍ਰਿਤਸਰ ਰਾਹੀਂ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਅੰਮ੍ਰਿਤਸਰ–ਦੋਹਾ ਰੋਜ਼ਾਨਾ ਜੁੜਾਅ ਪਹਿਲਾਂ ਹੀ ਲਾਗੂ ਹੈ।
ਨਿਓਸ ਏਅਰ ਮੁਅੱਤਲੀ ਤੋਂ ਬਾਅਦ ਯਾਤਰੀਆਂ ਨੂੰ ਸੁਵਿਧਾ
ਫਲਾਈ ਅੰਮ੍ਰਿਤਸਰ ਇਨਿਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਅਨੰਤਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਮਿਲਾਨ ਰਾਹੀਂ ਟੋਰਾਂਟੋ ਵਾਲੀ ਨਿਓਸ ਏਅਰ ਦੀ ਸੇਵਾ ਮੁਅੱਤਲ ਹੋਣ ਤੋਂ ਬਾਅਦ ਹੁਣ ਕਤਰ ਦੀ ਰੋਜ਼ਾਨਾ ਸੇਵਾ ਨਾਲ ਯਾਤਰੀਆਂ ਨੂੰ ਵਿਕਲਪ ਵਧੇ ਹਨ। ਕਤਰ ਏਅਰਵੇਜ਼ ਪਹਿਲਾਂ ਹੀ ਅੰਮ੍ਰਿਤਸਰ ਨੂੰ ਮਾਂਟਰੀਆਲ ਨਾਲ ਵੀ ਰੋਜ਼ਾਨਾ ਜੋੜ ਰਹੀ ਹੈ।
ਕੈਨੇਡਾ ਦੇ ਹੋਰ ਸ਼ਹਿਰਾਂ ਤੱਕ ਵੀ ਆਸਾਨ ਪਹੁੰਚ
ਮਾਂਟਰੀਆਲ ਅਤੇ ਟੋਰਾਂਟੋ ਤੋਂ ਯਾਤਰੀ ਆਗੇ ਕੈਲਗਰੀ, ਐਡਮਿੰਟਨ ਅਤੇ ਵੈਨਕੂਵਰ ਲਈ ਏਅਰ ਕੈਨੇਡਾ ਜਾਂ ਵੈਸਟਜੈੱਟ ਰਾਹੀਂ ਆਸਾਨੀ ਨਾਲ ਯਾਤਰਾ ਕਰ ਸਕਣਗੇ। ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਧੇਰੇ ਰਿੱਜ਼ਰਵੇਸ਼ਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਖ਼ਾਸ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਭਾਰੀ ਮੰਗ ਦੇ ਬਾਵਜੂਦ ਸੀਮਾਵਾਂ
ਭਾਰਤ–ਕਤਰ ਹਵਾਈ ਸਮਝੌਤੇ ਤਹਿਤ ਇੱਕ ਹਫ਼ਤੇ ਵਿੱਚ ਇੱਕ ਪਾਸੇ ਲਈ 1,259 ਯਾਤਰੀਆਂ ਦੀ ਹੀ ਆਗਿਆ ਹੈ। ਇਸ ਕਰਕੇ ਕਤਰ ਏਅਰਵੇਜ਼ ਵੱਲੋਂ ਅੰਮ੍ਰਿਤਸਰ ਲਈ ਵਾਧੂ ਉਡਾਣਾਂ ਜਾਂ ਸਮਰਥਾ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਵੱਧ ਮੰਗ ਕਾਰਨ ਅੰਮ੍ਰਿਤਸਰ–ਦੋਹਾ ਟਿਕਟਾਂ ਅਕਸਰ ਦਿੱਲੀ ਦੇ ਮੁਕਾਬਲੇ ਮਹਿੰਗੀਆਂ ਰਹਿੰਦੀਆਂ ਹਨ।
ਹੋਰ ਐਅਰਲਾਈਨਾਂ ਨੂੰ ਇਜਾਜ਼ਤ ਦੀ ਲੋੜ
ਢਿੱਲੋਂ ਨੇ ਕਿਹਾ ਕਿ ਜਿੱਥੇ ਕਤਰ ਵਰਗੀਆਂ ਕੰਪਨੀਆਂ ਵਾਧੂ ਸੇਵਾਵਾਂ ਲਈ ਤਿਆਰ ਹਨ, ਉੱਥੇ ਭਾਰਤੀ ਏਅਰਲਾਈਨ ਅੰਮ੍ਰਿਤਸਰ ਤੋਂ ਸਿੱਧੀ ਕੈਨੇਡਾ ਜਾਂ ਯੂਰਪ ਲਈ ਉਡਾਣਾਂ ਨਹੀਂ ਚਲਾ ਰਹੀਆਂ। ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਖੇਤਰੀ ਸੰਤੁਲਨ ਵਾਲੀ ਹਵਾਬਾਜ਼ੀ ਨੀਤੀ ਅਪਣਾਕੇ ਐਮੀਰੇਟਸ, ਏਤੀਹਾਦ ਅਤੇ ਫਲਾਇਦੁਬਈ ਵਰਗੀਆਂ ਹੋਰ ਖਾੜੀ ਏਅਰਲਾਈਨਾਂ ਨੂੰ ਵੀ ਉਡਾਣਾਂ ਦੀ ਆਗਿਆ ਦੇਣੀ ਚਾਹੀਦੀ ਹੈ।
ਅੰਮ੍ਰਿਤਸਰ ਏਅਰਪੋਰਟ ਲਈ ਮੌਕਾ
ਅੰਮ੍ਰਿਤਸਰ ਪੰਜਾਬ ਦਾ ਇੱਕਲੌਤਾ ਵੱਡਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜਿੱਥੇ ਵਿਦੇਸ਼ੀ ਸੰਪਰਕ ਦੀ ਮੰਗ ਲਗਾਤਾਰ ਵਧ ਰਹੀ ਹੈ। ਜੇ ਹੋਰ ਏਅਰਲਾਈਨਾਂ ਨੂੰ ਉਡਾਣਾਂ ਦੀ ਆਗਿਆ ਮਿਲੇ, ਤਾਂ ਪੰਜਾਬੀਆਂ ਲਈ ਯਾਤਰਾ ਹੋਰ ਆਸਾਨ ਹੋਵੇਗੀ ਅਤੇ ਸੈਰ-ਸਪਾਟਾ ਤੇ ਵਪਾਰ ਨੂੰ ਵੀ ਵਾਧਾ ਮਿਲੇਗਾ।

