ਬਰਨਾਲਾ :- ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਨਵੇਂ ਗੀਤ ਵਿੱਚ ਸਰਪੰਚਾਂ ਸਬੰਧੀ ਵਰਤੇ ਗਏ ਸ਼ਬਦਾਂ ਨੇ ਤਨਾਅਪੂਰਨ ਹਾਲਾਤ ਪੈਦਾ ਕਰ ਦਿੱਤੇ ਹਨ। ਬਰਨਾਲਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਸਰਪੰਚ ਵੱਡੀ ਗਿਣਤੀ ਵਿੱਚ ਡੀਸੀ ਦਫ਼ਤਰ ਦੇ ਗੇਟ ਬਾਹਰ ਇਕੱਠੇ ਹੋਏ ਅਤੇ ਗਾਇਕ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਵਿਰੋਧ ਦਰਜ ਕਰਵਾਇਆ।
ਸਰਪੰਚਾਂ ਦਾ ਆਰੋਪ : “ਸ਼ੋਹਰਤ ਲਈ ਅਪਣਾਇਆ ਹਥਕੰਡਾ”
ਸਰਪੰਚਾਂ ਦਾ ਕਹਿਣਾ ਹੈ ਕਿ ਉਹ ਪਿੰਡਾਂ ਵਿੱਚ ਵਿਕਾਸ ਲਈ ਸਰਕਾਰ ਤੋਂ ਇਲਾਵਾ ਆਪਣੀ ਜੇਬ ਵਿੱਚੋਂ ਵੀ ਖਰਚ ਕਰਦੇ ਹਨ, ਪਰ ਗਾਇਕ ਨੇ ਫੇਮ ਪ੍ਰਾਪਤ ਕਰਨ ਲਈ ਉਨ੍ਹਾਂ ‘ਤੇ ਗਲਤ ਤਰ੍ਹਾਂ ਤਨਕੀਦ ਕੀਤੀ ਹੈ। ਵਿਵਾਦਿਤ ਬੋਲ “ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂ” ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਗੱਲ ਲੋਕਾਂ ਦੇ ਮਨ ਵਿੱਚ ਚੁੱਭਦੀ ਹੈ ਅਤੇ ਪਿੰਡ ਪੱਧਰ ’ਤੇ ਉਨ੍ਹਾਂ ਦੀ ਸਖ਼ਸੀਅਤ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਮੰਗਾਂ ਹੋਈਆਂ ਸਖ਼ਤ: ਮਾਫੀ ਨਾ ਤਾਂ ਬੈਨ ਲਈ ਤਿਆਰ
ਵਿਰੋਧ ਮੋਰਚੇ ਵਿੱਚ ਸ਼ਾਮਲ ਸਰਪੰਚਾਂ ਨੇ ਡੀਜੇ ਮਾਲਕਾਂ ਨੂੰ ਇਹ ਗੀਤ ਚਲਾਉਣ ਤੋਂ ਰੋਕ ਦਿੱਤਾ ਹੈ। ਉਨ੍ਹਾਂ ਨੇ ਸਰਪੰਚਾਂ ਦੇ ਵੱਡੇ ਇਕੱਠ ਵਿੱਚ ਗਾਇਕ ਦੇ ਹਾਜ਼ਰ ਹੋ ਕੇ ਮਾਫੀ ਮੰਗਣ ਦੀ ਸ਼ਰਤ ਰੱਖੀ ਹੈ। ਇਸਦੇ ਨਾਲ ਹੀ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਏ ਜਾਣ ਅਤੇ ਪੂਰੀ ਤਰ੍ਹਾਂ ਬੈਨ ਕਰਨ ਦੀ ਮੰਗ ਕੀਤੀ ਗਈ ਹੈ। ਸਰਪੰਚਾਂ ਦੀ ਚੇਤਾਵਨੀ ਹੈ ਕਿ ਜੇ ਮੰਗਾਂ ਨਾ ਮਨੀਆਂ ਗਈਆਂ ਤਾਂ ਪੁਲਿਸ ਸ਼ਿਕਾਇਤ ਅਤੇ ਪ੍ਰੋਗਰਾਮਾਂ ਦੇ ਵਿਰੋਧ ਤੱਕ ਦੀ ਕਾਰਵਾਈ ਕੀਤੀ ਜਾਵੇਗੀ।
ਪਰਿਵਾਰ ਦੀ ਟਿੱਪਣੀ ਨਾਲ ਮਾਮਲਾ ਹੋਇਆ ਹੋਰ ਤਿੱਖਾ
ਜਦੋਂ ਮਾਮਲੇ ਦੀ ਸੁਲਹ ਲਈ ਗਾਇਕ ਦੇ ਪਿੰਡ ਫਰਵਾਹੀ ਦੇ ਸਰਪੰਚ ਨੇ ਪਰਿਵਾਰ ਨਾਲ ਸੰਪਰਕ ਕੀਤਾ, ਤਾਂ ਗਾਇਕ ਦੀ ਮਾਂ ਦੇ ਕਥਿਤ ਬਿਆਨ — “ਗਾਇਕਾਂ ‘ਤੇ ਤਾਂ ਪਰਚੇ ਹੁੰਦੇ ਹੀ ਰਹਿੰਦੇ” — ਨੇ ਮਾਹੌਲ ਨੂੰ ਹੋਰ ਭੜਕਾ ਦਿੱਤਾ। ਦੂਜੇ ਪਾਸੇ, ਗੁਲਾਬ ਸਿੱਧੂ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਮਾਫੀ ਜਾਹਿਰ ਕਰ ਚੁੱਕੇ ਹਨ, ਪਰ ਸਰਪੰਚ ਉਸ ਮਾਫ਼ੀ ਨੂੰ ਅਧੂਰਾ ਦੱਸ ਰਹੇ ਹਨ।
ਸੋਮਵਾਰ ਨੂੰ ਹੋਵੇਗਾ ਵੱਡਾ ਇਕੱਠ, ਅਗਲੇ ਫ਼ੈਸਲੇ ਦੀ ਉਡੀਕ
ਬਰਨਾਲਾ ਜ਼ਿਲ੍ਹੇ ਦੇ ਸਰਪੰਚਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਹੋਰ ਵੱਡਾ ਇਕੱਠ ਬੁਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇ ਹਾਲਾਤ ਤਣਾਅ ਦੀ ਸਥਿਤੀ ਤੱਕ ਪਹੁੰਚਦੇ ਹਨ ਜਾਂ ਕਿਤੇ ਅਮਨ-ਕਾਨੂੰਨ ਵਿੱਚ ਖਲਲ ਪੈਂਦਾ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਗਾਇਕ ਗੁਲਾਬ ਸਿੱਧੂ ਉੱਤੇ ਹੋਵੇਗੀ।

