ਅਮਰੀਕਾ :- ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਓਨਟਾਰੀਓ ਨੇੜੇ ਵੈਸਟਬਾਊਂਡ 10 ਫ੍ਰੀਵੇਅ ‘ਤੇ ਮੰਗਲਵਾਰ ਸਵੇਰੇ ਬੇਹਦ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ, ਜਿਸ ਨੇ ਲੋਕਾਂ ਦਾ ਦਿਲ ਦਹਿਲਾ ਦਿੱਤਾ।
ਬੇਕਾਬੂ ਸੈਮੀ-ਟਰੱਕ ਕਈ ਵਾਹਨਾਂ ਨਾਲ ਜਾ ਟਕਰਾਇਆ
ਮੁੱਢਲੀ ਜਾਣਕਾਰੀ ਅਨੁਸਾਰ, ਇੱਕ ਸੈਮੀ-ਟਰੱਕ ਅਚਾਨਕ ਹਾਈਵੇਅ ‘ਤੇ ਬੇਕਾਬੂ ਹੋਇਆ ਅਤੇ ਲਗਾਤਾਰ ਕਈ ਗੱਡੀਆਂ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਵਰ ਸੀ ਕਿ ਮੌਕੇ ‘ਤੇ ਹੀ ਵੱਡਾ ਨੁਕਸਾਨ ਹੋਇਆ।
ਤਿੰਨ ਦੀ ਮੌਤ, ਚਾਰ ਗੰਭੀਰ ਜ਼ਖਮੀ
ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਐਮਰਜੈਂਸੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ।
ਡਰਾਈਵਰ ਦੀ ਪਛਾਣ ਪੰਜਾਬ ਮੂਲ ਦੇ ਜਸ਼ਨਪ੍ਰੀਤ ਸਿੰਘ ਵਜੋਂ
ਟਰੱਕ ਚਲਾਉਣ ਵਾਲੇ ਡਰਾਈਵਰ ਦੀ ਪਛਾਣ 21 ਸਾਲਾ ਜਸ਼ਨਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ, ਜੋ ਯੂਬਾ ਸਿਟੀ (ਉੱਤਰੀ ਕੈਲੀਫੋਰਨੀਆ) ਵਿਚ ਰਹਿੰਦਾ ਸੀ। ਸੂਤਰਾਂ ਅਨੁਸਾਰ ਉਹ ਮੂਲ ਰੂਪ ਵਿੱਚ ਭਾਰਤ ਤੋਂ ਹੈ ਅਤੇ 2022 ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਿਆ ਸੀ।
ਨਸ਼ੇ ਦੀ ਹਾਲਤ ਵਿੱਚ ਡ੍ਰਾਈਵਿੰਗ ਦੇ ਦੋਸ਼ ਲੱਗੇ
ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਟਰੱਕ ਚਾਲਕ ਹਾਦਸੇ ਵੇਲੇ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸ ਨੇ ਟੱਕਰ ਤੋਂ ਪਹਿਲਾਂ ਬ੍ਰੇਕ ਲਗਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਪੁਲਿਸ ਨੇ ਉਸਨੂੰ ਸਾਈਟ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।
ਡੈਸ਼ਕੈਮ ਫੁਟੇਜ ਨੇ ਪਰਦਾਫਾਸ਼ ਕੀਤੀ ਲਾਪਰਵਾਹੀ
ਟਰੱਕ ਦੇ ਡੈਸ਼ਕੈਮ ਵਿੱਚ ਪੂਰਾ ਮਾਮਲਾ ਰਿਕਾਰਡ ਹੋ ਗਿਆ। ਵੀਡੀਓ ਵਿੱਚ ਸਾਫ਼ ਦਿਖਦਾ ਹੈ ਕਿ ਉਸਦਾ ਫਰੇਟਲਾਈਨਰ ਟਰੱਕ ਪਹਿਲਾਂ ਇੱਕ SUV ਨਾਲ ਟਕਰਾਉਂਦਾ ਹੈ, ਫਿਰ ਹੋਰ ਵਾਹਨਾਂ ਨੂੰ ਰੌਂਦਦਾ ਹੋਇਆ ਅੱਗੇ ਵੱਧਦਾ ਹੈ।
ਸ਼ਨਾਖ਼ਤ ਮੁਸ਼ਕਲ ਕਿਉਂਕਿ ਲਾਸ਼ਾਂ ਸੜ ਚੁੱਕੀਆਂ
ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਦੀ ਉਮਰ 54 ਸਾਲ ਅਤੇ ਨਿਵਾਸ ਅਪਲੈਂਡ ਦੱਸਿਆ ਗਿਆ ਹੈ, ਜਦਕਿ ਬਾਕੀ ਦੋ ਸ਼ਵ ਇੰਨੇ ਬੁਰੇ ਤਰੀਕੇ ਨਾਲ ਸੜ ਚੁੱਕੇ ਸਨ ਕਿ ਉਨ੍ਹਾਂ ਦੀ ਪਛਾਣ ਤੁਰੰਤ ਨਹੀਂ ਹੋ ਸਕੀ।
ਫ੍ਰੀਵੇਅ ਬੰਦ, ਲੰਮਾ ਜਾਮ
ਹਾਦਸੇ ਮਗਰੋਂ ਹਾਈਵੇਅ ‘ਤੇ ਲੰਮੀ ਟ੍ਰੈਫ਼ਿਕ ਲਾਈਨ ਲੱਗ ਗਈ ਅਤੇ ਰੋਡ ਨੂੰ ਘੰਟਿਆਂ ਲਈ ਬੰਦ ਰੱਖਣਾ ਪਿਆ। ਐਮਰਜੈਂਸੀ ਕ੍ਰਿਊ ਨੂੰ ਮਲਬਾ ਹਟਾਉਣ ਵਿੱਚ ਕਾਫ਼ੀ ਸਮਾਂ ਲੱਗਾ।