ਆੰਧਰਾ ਪ੍ਰਦੇਸ਼ :- ਆੰਧਰਾ ਪ੍ਰਦੇਸ਼ ਦੇ ਚਿੰਤੂਰ ਤੋਂ ਭਦਰਾਚੱਲਮ ਨੂੰ ਜੁੜਦੀ ਸੜਕ ’ਤੇ ਸ਼ੁੱਕਰਵਾਰ ਸਵੇਰੇ ਇੱਕ ਨਿੱਜੀ ਬੱਸ ਖੱਡ ਵਿੱਚ ਡਿੱਗ ਜਾਣ ਕਾਰਨ ਨੌਂ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਹਾਦਸਾ ਲਗਭਗ ਸਵੇਰੇ 5.30 ਵਜੇ ਤੁਲਸੀਪਾਕਲੂ ਪਿੰਡ ਦੇ ਨੇੜੇ ਵਾਪਰਿਆ।
35 ਸਵਾਰੀਆਂ ਵਾਲੀ ਬੱਸ ਖੱਡ ਵਿੱਚ ਡਿੱਗੀ
ਚਿਤੂਰ ਜ਼ਿਲ੍ਹੇ ਨਾਲ ਸੰਬੰਧਤ ਦੱਸੀ ਜਾ ਰਹੀ ਇਹ ਬੱਸ ਤੀਰਥ-ਯਾਤਰੀਆਂ ਨੂੰ ਭਦਰਾਚੱਲਮ ਮੰਦਰ ਤੋਂ ਅੰਨਵਰਮ ਵੱਲ ਲੈ ਜਾ ਰਹੀ ਸੀ। ਰਸਤੇ ਚ ਅਚਾਨਕ ਬੱਸ ਬੇਕਾਬੂ ਹੋਈ ਅਤੇ ਖੱਡ ਵਿੱਚ ਜਾ ਡਿੱਗੀ। ਚਸ਼ਮਦੀਦਾਂ ਦੇ ਮੁਤਾਬਕ, ਬੱਸ ਦੇ ਬੁਰੇ ਹਾਲ ਹੋਣ ਨਾਲ ਕਈ ਯਾਤਰੀ ਅੰਦਰ ਹੀ ਫਸ ਗਏ।
ਰਾਹਤ ਦਸਤਿਆਂ ਵੱਲੋਂ ਬਚਾਅ ਕਾਰਜ ਜਾਰੀ
ਪੁਲਿਸ ਤੇ ਸਥਾਨਕ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਬੱਸ ਵਿਚ ਡਰਾਈਵਰ ਤੇ ਕਲੀਨਰ ਸਮੇਤ ਕੁੱਲ 35 ਯਾਤਰੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਅਭਿਆਸ ਜਾਰੀ ਹੈ ਅਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਪ੍ਰਧਾਨ ਮੰਤਰੀ ਵੱਲੋਂ ਦੁੱਖ ਪ੍ਰਗਟਾਵਾ ਅਤੇ ਮੁਆਵਜ਼ੇ ਦੀ ਘੋਸ਼ਣਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਦਸੇ ’ਤੇ ਗਹਿਰਾ ਦੁੱਖ ਜਤਾਉਂਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਲਈ ਦੋ ਲੱਖ ਰੁਪਏ ਅਤੇ ਹਰ ਜ਼ਖ਼ਮੀ ਲਈ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ।
ਪੀਐਮਓ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਉਹ ਇਸ ਦੁੱਖਦਾਈ ਸਮੇਂ ਵਿੱਚ ਪ੍ਰਭਾਵਿਤ ਪਰਿਵਾਰਾਂ ਨਾਲ ਖੜ੍ਹੇ ਹਨ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਨ।

