Home Blog Page 728

ਉੱਤਰ ਪ੍ਰਦੇਸ਼ ‘ਚ ਧੁੰਦ ਦਾ ਕਹਿਰ, ਹਾਈਵੇਅ ਬਣੇ ਮੌਤ ਦੇ ਰਾਹ; ਵੱਖ-ਵੱਖ ਹਾਦਸਿਆਂ ‘ਚ 5 ਦੀ ਮੌਤ

ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਵਿੱਚ ਪੈ ਰਹੀ ਭਾਰੀ ਅਤੇ ਸੰਘਣੀ ਧੁੰਦ ਨੇ ਆਵਾਜਾਈ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਘੱਟ ਦ੍ਰਿਸ਼ਟੀ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੇ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ ਕੁੱਲ ਪੰਜ ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।

ਮੁਜ਼ੱਫ਼ਰਨਗਰ ‘ਚ ਧੁੰਦ ਕਾਰਨ ਪਰਿਵਾਰ ਉਜੜਿਆ, ਮਾਂ-ਪਿਉ ਤੇ ਧੀ ਦੀ ਮੌਤ

ਮੁਜ਼ੱਫ਼ਰਨਗਰ ਦੇ ਨਵੀਂ ਮੰਡੀ ਥਾਣਾ ਖੇਤਰ ਵਿੱਚ ਘੱਟ ਵਿਜ਼ੀਬਿਲਟੀ ਕਾਰਨ ਵਾਪਰੇ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਛੀਨ ਲਿਆਈਆਂ। ਹਾਦਸੇ ਦੌਰਾਨ ਇੱਕ ਪਿਤਾ, ਮਾਂ ਅਤੇ ਉਨ੍ਹਾਂ ਦੀ ਨਾਬਾਲਿਗ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਛੇ ਸਾਲਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਸੋਨੂੰ (38), ਉਸ ਦੀ ਪਤਨੀ ਰਾਧਿਕਾ (27) ਅਤੇ ਧੀ ਰੀਆ (10) ਵਜੋਂ ਹੋਈ ਹੈ। ਜ਼ਖ਼ਮੀ ਪੁੱਤਰ ਕੱਲੂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।

ਟਰੈਕਟਰ-ਟਰਾਲੀ ਨਾਲ ਟਕਰਾਅ, ਮੋਟਰਸਾਈਕਲ ਸਵਾਰ ਮਾਂ-ਪੁੱਤ ਜ਼ਖ਼ਮੀ

ਇਸੇ ਜ਼ਿਲ੍ਹੇ ਵਿੱਚ ਇੱਕ ਹੋਰ ਹਾਦਸੇ ਦੌਰਾਨ ਹਾਈਵੇਅ ‘ਤੇ ਧੁੰਦ ਕਾਰਨ ਇੱਕ ਮੋਟਰਸਾਈਕਲ ਸਵਾਰ ਮਾਂ-ਪੁੱਤ ਪਿੱਛੋਂ ਆ ਰਹੀ ਟਰੈਕਟਰ-ਟਰਾਲੀ ਨਾਲ ਟਕਰਾ ਗਏ। ਟਕਰ ਇੰਨੀ ਤੇਜ਼ ਸੀ ਕਿ ਦੋਵੇਂ ਸਖ਼ਤ ਜ਼ਖ਼ਮੀ ਹੋ ਗਏ। ਘਟਨਾ ਮਗਰੋਂ ਦੋਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਆਗਰਾ ‘ਚ ਸੱਤ ਵਾਹਨਾਂ ਦੀ ਲੜੀਵਾਰ ਟਕਰ, ਦੋ ਦੀ ਜਾਨ ਗਈ

ਧੁੰਦ ਦਾ ਅਸਰ ਆਗਰਾ ਵਿੱਚ ਵੀ ਸਾਫ਼ ਤੌਰ ‘ਤੇ ਨਜ਼ਰ ਆਇਆ। ਇਰਾਦਤ ਨਗਰ ਥਾਣਾ ਖੇਤਰ ਹੇਠ ਆਗਰਾ-ਗਵਾਲੀਅਰ ਮਾਰਗ ‘ਤੇ ਖਾਰੀ ਨਦੀ ਨੇੜੇ ਘੱਟ ਦ੍ਰਿਸ਼ਟੀ ਕਾਰਨ ਸੱਤ ਵਾਹਨ ਆਪਸ ਵਿੱਚ ਲਗਾਤਾਰ ਟਕਰਾ ਗਏ।
ਹਾਦਸੇ ਵਿੱਚ ਪੰਜ ਟਰੱਕ ਅਤੇ ਦੋ ਕਾਰਾਂ ਸ਼ਾਮਲ ਸਨ। ਭਿਆਨਕ ਟਕਰ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਧਾ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਪੁਲਿਸ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ

ਲਗਾਤਾਰ ਵਾਪਰ ਰਹੇ ਹਾਦਸਿਆਂ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਧੁੰਦ ਦੌਰਾਨ ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਵਾਹਨ ਹੌਲੀ ਤੇ ਸਾਵਧਾਨੀ ਨਾਲ ਚਲਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ ਮੌਸਮ ਹਾਲਾਤਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਵੀ ਖ਼ਤਰਾ ਬਣਿਆ ਰਹਿ ਸਕਦਾ ਹੈ।

ਸਰਪੰਚ ਕਤਲ ਮਾਮਲੇ ’ਚ ਮੁੱਖ ਮੰਤਰੀ ਮਾਨ ਦਾ ਐਕਸ਼ਨ, ਡੀਜੀਪੀ ਨੂੰ ਦਿੱਤੇ ਸਖ਼ਤ ਹੁਕਮ!

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਸਰਪੰਚ ਦੀ ਹੱਤਿਆ ਦੀ ਘਟਨਾ ਨੇ ਸੂਬੇ ਦੀ ਸਿਆਸਤ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਲਿਆਉਂਦਿਆਂ ਡੀਜੀਪੀ ਗੌਰਵ ਯਾਦਵ ਨਾਲ ਮਾਮਲੇ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।

ਕਤਲ ਮਾਮਲੇ ’ਚ ਸਖ਼ਤ ਸੁਨੇਹਾ, ਜ਼ਿੰਮੇਵਾਰ ਬਚਣਗੇ ਨਹੀਂ
ਮੁੱਖ ਮੰਤਰੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਇਸ ਅਪਰਾਧ ਦੇ ਪਿੱਛੇ ਜੋ ਵੀ ਤਾਕਤਾਂ ਹਨ, ਉਹ ਕਿਸੇ ਵੀ ਹਾਲਤ ਵਿੱਚ ਕਾਨੂੰਨ ਤੋਂ ਉਪਰ ਨਹੀਂ ਰਹਿਣਗੀਆਂ। ਮਾਨ ਨੇ ਕਿਹਾ ਕਿ ਸਰਪੰਚ ਦੀ ਹੱਤਿਆ ਸਿਰਫ਼ ਇੱਕ ਵਿਅਕਤੀ ’ਤੇ ਹਮਲਾ ਨਹੀਂ, ਸਗੋਂ ਲੋਕਤੰਤਰਿਕ ਪ੍ਰਣਾਲੀ ਨੂੰ ਚੁਣੌਤੀ ਹੈ।

ਪੁਲਿਸ ਨੂੰ ਨਤੀਜਾ-ਅਧਾਰਿਤ ਜਾਂਚ ਦੇ ਹੁਕਮ
ਸਰਕਾਰ ਵੱਲੋਂ ਪੁਲਿਸ ਨੂੰ ਸਿਰਫ਼ ਜਾਂਚ ਨਹੀਂ, ਬਲਕਿ ਨਤੀਜੇ ਲਿਆਉਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਦੋਸ਼ੀਆਂ ਦੀ ਪਛਾਣ, ਗ੍ਰਿਫ਼ਤਾਰੀ ਅਤੇ ਕੇਸ ਦੀ ਮਜ਼ਬੂਤੀ ’ਤੇ ਕੋਈ ਢਿੱਲ ਨਹੀਂ ਹੋਣੀ ਚਾਹੀਦੀ।

ਕਾਨੂੰਨ-ਵਿਵਸਥਾ ’ਤੇ ਕੋਈ ਸਮਝੌਤਾ ਨਹੀਂ: ਸਰਕਾਰ
ਭਗਵੰਤ ਮਾਨ ਨੇ ਦੁਹਰਾਇਆ ਕਿ ਪੰਜਾਬ ਵਿੱਚ ਅਮਨ-ਕਾਨੂੰਨ ਨਾਲ ਖੇਡਣ ਵਾਲਿਆਂ ਲਈ ਕੋਈ ਥਾਂ ਨਹੀਂ। ਆਮ ਨਾਗਰਿਕ ਹੋਵੇ ਜਾਂ ਲੋਕਪ੍ਰਤਿਨਿਧੀ, ਹਰ ਇਕ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਧਾਰਮਿਕ ਮਰਿਆਦਾ ਨਾਲ ਜੁੜੇ ਮਾਮਲੇ ’ਚ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਅਕਾਲ ਤਖ਼ਤ ਸਾਹਿਬ ਹੋਏ ਪੇਸ਼

ਚੰਡੀਗੜ੍ਹ :- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅੱਜ 5 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਜੋਂ ਪੇਸ਼ ਹੋਏ। ਉਹ ਹੈਰੀਟੇਜ ਸਟਰੀਟ ਤੋਂ ਨੰਗੇ ਪੈਰ ਤੁਰਦੇ ਹੋਏ “ਸਤਿਨਾਮ ਵਾਹਿਗੁਰੂ” ਦਾ ਸਿਮਰਨ ਕਰਦੇ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੇ। ਇੱਥੇ ਉਨ੍ਹਾਂ ਨੇ ਪੰਜ ਸਿੰਘ ਸਾਹਿਬਾਨ ਦੀ ਹਜ਼ੂਰੀ ਵਿੱਚ ਫੋਟੋ ਵਿਵਾਦ ਸਬੰਧੀ ਆਪਣਾ ਪੱਖ ਰੱਖਿਆ।

ਪੰਜ ਸਿੰਘ ਸਾਹਿਬਾਨ ਅੱਗੇ ਦਿੱਤਾ ਸਪੱਸ਼ਟੀਕਰਨ
ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਪੇਸ਼ੀ ਦੌਰਾਨ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਉਹ ਸਿੱਖ ਮਰਿਆਦਾ ਦੀ ਪਾਲਣਾ ਕਰਦੇ ਹੋਏ ਅਤੇ ਨਿਮਰਤਾ ਨਾਲ ਹਾਜ਼ਰ ਹੋਏ ਹਨ। ਉਨ੍ਹਾਂ ਦੱਸਿਆ ਕਿ ਆਪਣੇ ਨਾਲ ਨਾਲ ਸੈਰ-ਸਪਾਟਾ ਵਿਭਾਗ ਵੱਲੋਂ ਵੀ ਸਾਰਾ ਮਾਮਲਾ ਸਪੱਸ਼ਟ ਕੀਤਾ ਗਿਆ ਹੈ।

ਸਿੱਖ ਸਿਧਾਂਤਾਂ ਨਾਲ ਜਾਣੂ ਅਫ਼ਸਰ ਦੀ ਤਾਇਨਾਤੀ ਦੀ ਹਦਾਇਤ
ਤਰੁਣਪ੍ਰੀਤ ਸਿੰਘ ਸੌਂਦ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਸੁਝਾਅ ਦਿੱਤਾ ਗਿਆ ਹੈ ਕਿ ਸੈਰ-ਸਪਾਟਾ ਵਿਭਾਗ ਵਿੱਚ ਅਜਿਹਾ ਅਧਿਕਾਰੀ ਨਿਯੁਕਤ ਕੀਤਾ ਜਾਵੇ ਜੋ ਸਿੱਖ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਜਾਣੂ ਹੋਵੇ ਅਤੇ ਪੰਜਾਬ ਦੀ ਧਾਰਮਿਕ ਤੇ ਇਤਿਹਾਸਕ ਵਿਰਾਸਤ ਨੂੰ ਸਮਝਦਾ ਹੋਵੇ।

ਮੁੱਖ ਮੰਤਰੀ ਕੋਲ ਸਿਫ਼ਾਰਸ਼ ਕਰਨ ਦਾ ਐਲਾਨ
ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਅਜਿਹਾ ਸਿਆਣਾ ਅਤੇ ਸੁਝਵਾਨ ਅਫ਼ਸਰ ਤਾਇਨਾਤ ਕਰਨ ਦੀ ਅਪੀਲ ਕਰਨਗੇ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਗ਼ਲਤੀ ਜਾਂ ਮਰਿਆਦਾ ਦੀ ਉਲੰਘਣਾ ਨਾ ਹੋਵੇ।

ਮਰਿਆਦਾ ਦੀ ਪਾਲਣਾ ਲਈ ਸਰਕਾਰ ਦੀ ਵਚਨਬੱਧਤਾ
ਉਨ੍ਹਾਂ ਯਾਦ ਦਿਵਾਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਸਮੇਂ ਵੀ ਮੁੱਖ ਮੰਤਰੀ ਨੇ ਸਪਸ਼ਟ ਕਿਹਾ ਸੀ ਕਿ ਹਰ ਸਰਕਾਰੀ ਕਾਰਜ ਦੌਰਾਨ ਸਿੱਖ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਤਰੁਣਪ੍ਰੀਤ ਸਿੰਘ ਸੌਂਦ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ ਸਵੀਕਾਰ ਕੀਤਾ ਗਿਆ ਹੈ।

ਰਾਮ ਰਹੀਮ ਕਾਫਲੇ ਸਹਿਤ ਡੇਰੇ ਲਈ ਰਵਾਨਾ, 15ਵੀਂ ਵਾਰ ਮਿਲੀ ਪੈਰੋਲ!

ਚੰਡੀਗੜ੍ਹ :- ਸਾਧਵੀਆਂ ਨਾਲ ਜਿਨਸੀ ਦੁਰਵਿਹਾਰ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲਿਆਂ ਵਿੱਚ ਸਜ਼ਾਯਾਫ਼ਤਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਕੱਟ ਰਹੇ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਨਜ਼ੂਰ ਕੀਤੀ ਗਈ ਹੈ। ਪੈਰੋਲ ਮਿਲਣ ਮਗਰੋਂ ਉਹ ਸੋਮਵਾਰ ਸਵੇਰੇ ਕਰੀਬ 11:30 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਰਸਾ ਲਈ ਰਵਾਨਾ ਹੋਇਆ।

ਲਗਜ਼ਰੀ ਵਾਹਨਾਂ ਦੇ ਕਾਫ਼ਲੇ ਨਾਲ ਸਿਰਸਾ ਰਵਾਨਗੀ
ਰਾਮ ਰਹੀਮ ਨੂੰ ਲੈਣ ਲਈ ਸਿਰਸਾ ਡੇਰੇ ਵੱਲੋਂ ਖਾਸ ਤੌਰ ’ਤੇ ਵਾਹਨਾਂ ਦਾ ਕਾਫ਼ਲਾ ਸੁਨਾਰੀਆ ਜੇਲ੍ਹ ਪਹੁੰਚਿਆ। ਇਸ ਵਿੱਚ ਦੋ ਬੁਲੇਟਪਰੂਫ਼ ਲੈਂਡ ਕਰੂਜ਼ਰ, ਦੋ ਫਾਰਚੂਨਰ ਸਮੇਤ ਹੋਰ ਮਹਿੰਗੇ ਵਾਹਨ ਸ਼ਾਮਲ ਸਨ। ਜੇਲ੍ਹ ਤੋਂ ਬਾਹਰ ਨਿਕਲਦੇ ਸਮੇਂ ਪੁਲਿਸ ਵੱਲੋਂ ਚੌਕਸੀ ਕਾਫ਼ੀ ਵਧਾਈ ਗਈ ਸੀ।

ਪੈਰੋਲ ਤੇ ਫਰਲੋ ਦੀ ਲੰਮੀ ਸੂਚੀ
ਇਹ ਪਹਿਲੀ ਵਾਰ ਨਹੀਂ ਕਿ ਡੇਰਾ ਮੁਖੀ ਨੂੰ ਰਾਹਤ ਮਿਲੀ ਹੋਵੇ। ਹੁਣ ਤੱਕ ਉਹ 14 ਵਾਰ ਪੈਰੋਲ ਜਾਂ ਫਰਲੋ ’ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ, ਜਦਕਿ ਇਹ 15ਵੀਂ ਵਾਰ ਹੈ ਜਦੋਂ ਉਸਨੂੰ ਰਿਹਾਈ ਮਿਲੀ ਹੈ। ਇਸ ਤੋਂ ਪਹਿਲਾਂ ਵੀ ਉਹ 15 ਅਗਸਤ ਨੂੰ ਆਪਣਾ ਜਨਮਦਿਨ ਮਨਾਉਣ ਲਈ ਜੇਲ੍ਹ ਤੋਂ ਬਾਹਰ ਆਇਆ ਸੀ।

ਬਰਨਾਵਾ ਨਹੀਂ, ਇਸ ਵਾਰ ਸਿਰਸਾ ਡੇਰੇ ’ਚ ਰਹੇਗਾ
ਸੂਤਰਾਂ ਅਨੁਸਾਰ ਇਸ ਵਾਰ ਗੁਰਮੀਤ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਨਹੀਂ ਜਾਵੇਗਾ। ਉਹ ਪੂਰੀ ਪੈਰੋਲ ਦੌਰਾਨ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਵਿੱਚ ਹੀ ਰਹੇਗਾ। ਇਸਨੂੰ ਧਿਆਨ ਵਿੱਚ ਰੱਖਦਿਆਂ ਡੇਰੇ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

2017 ਤੋਂ ਲਗਾਤਾਰ ਕੈਦ ਵਿੱਚ ਹੈ ਰਾਮ ਰਹੀਮ
ਗੌਰਤਲਬ ਹੈ ਕਿ 25 ਅਗਸਤ 2017 ਨੂੰ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋ ਮਾਮਲਿਆਂ ਵਿੱਚ 20-20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ 17 ਜਨਵਰੀ 2019 ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਹੋਈ। ਅਕਤੂਬਰ 2021 ਵਿੱਚ ਸੀਬੀਆਈ ਦੀ ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਵਿੱਚ ਵੀ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਦੇਸ਼ਭਰ ‘ਚ ਬੈਂਕ ਕਰਮਚਾਰੀਆ ਵੱਲੋਂ ਹੜਤਾਲ ਦਾ ਐਲਾਣ!

ਚੰਡੀਗੜ੍ਹ :- ਸਾਲ 2026 ਦੀ ਸ਼ੁਰੂਆਤ ਨਾਲ ਹੀ ਬੈਂਕ ਗਾਹਕਾਂ ਲਈ ਵੱਡੀ ਮੁਸ਼ਕਲ ਖੜ੍ਹੀ ਹੋਣ ਦੇ ਆਸਾਰ ਬਣ ਗਏ ਹਨ। ਬੈਂਕ ਕਰਮਚਾਰੀ ਯੂਨੀਅਨਾਂ ਨੇ 27 ਜਨਵਰੀ ਨੂੰ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਹ ਹੜਤਾਲ ਭਾਵੇਂ ਇੱਕ ਦਿਨ ਦੀ ਹੈ, ਪਰ ਛੁੱਟੀਆਂ ਦੇ ਕਾਰਨ ਇਸ ਦਾ ਅਸਰ ਕਾਫ਼ੀ ਲੰਮਾ ਪੈ ਸਕਦਾ ਹੈ। ਹਾਲਾਤ ਅਜਿਹੇ ਬਣ ਰਹੇ ਹਨ ਕਿ ਜਨਤਕ ਖੇਤਰ ਦੇ ਬੈਂਕਾਂ ਵਿੱਚ ਲਗਾਤਾਰ ਚਾਰ ਦਿਨ ਤੱਕ ਆਮ ਲੈਣ-ਦੇਣ ਅਤੇ ਦਫ਼ਤਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।

ਛੁੱਟੀਆਂ ਨਾਲ ਜੁੜ ਕੇ ਕਿਵੇਂ ਬਣ ਰਹੀ ਹੈ ਚਾਰ ਦਿਨਾਂ ਦੀ ਬੈਂਕ ਬੰਦਸ਼
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੀ ਅਗਵਾਈ ਹੇਠ ਕੀਤੀ ਗਈ ਇਸ ਹੜਤਾਲ ਤੋਂ ਪਹਿਲਾਂ ਹੀ ਤਿੰਨ ਲਗਾਤਾਰ ਛੁੱਟੀਆਂ ਤੈਅ ਹਨ।
24 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
25 ਜਨਵਰੀ ਐਤਵਾਰ ਦੀ ਛੁੱਟੀ ਹੈ।
26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ’ਤੇ ਰਾਸ਼ਟਰੀ ਅਵਕਾਸ ਹੈ।
27 ਜਨਵਰੀ ਨੂੰ ਜੇਕਰ ਹੜਤਾਲ ਹੁੰਦੀ ਹੈ ਤਾਂ ਬੈਂਕਿੰਗ ਸੇਵਾਵਾਂ ਚਾਰ ਦਿਨਾਂ ਲਈ ਠੱਪ ਹੋ ਸਕਦੀਆਂ ਹਨ।

ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਲਈ ਦਬਾਅ
ਬੈਂਕ ਕਰਮਚਾਰੀ ਯੂਨੀਅਨਾਂ ਕਾਫ਼ੀ ਸਮੇਂ ਤੋਂ ਪੰਜ ਦਿਨਾਂ ਦੇ ਬੈਂਕਿੰਗ ਹਫ਼ਤੇ ਦੀ ਮੰਗ ਕਰ ਰਹੀਆਂ ਹਨ। ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਕੰਮ ਦੇ ਘੰਟੇ ਘਟਾਉਣ ਦੀ ਮੰਗ ਨਹੀਂ ਕਰ ਰਹੇ, ਸਗੋਂ ਹਫ਼ਤੇ ਦੇ ਪੰਜ ਦਿਨਾਂ ਵਿੱਚ ਹੀ ਸਾਰਾ ਕੰਮ ਪੂਰਾ ਕਰਨ ਲਈ ਤਿਆਰ ਹਨ। ਇਸ ਲਈ ਹਰ ਰੋਜ਼ ਵਾਧੂ ਸਮਾਂ ਕੰਮ ਕਰਨ ’ਤੇ ਵੀ ਸਹਿਮਤੀ ਬਣੀ ਹੋਈ ਹੈ।

ਸਮਝੌਤਾ ਹੋਣ ਬਾਵਜੂਦ ਲਾਗੂ ਨਹੀਂ ਹੋਈ ਵਿਵਸਥਾ
ਮਾਰਚ 2024 ਵਿੱਚ ਤਨਖਾਹ ਸੋਧ ਸਮਝੌਤੇ ਦੌਰਾਨ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂਐਫਬੀਯੂ ਦਰਮਿਆਨ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ’ਤੇ ਸਹਿਮਤੀ ਬਣੀ ਸੀ, ਪਰ ਹੁਣ ਤੱਕ ਇਸਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤਾ ਗਿਆ। ਯੂਨੀਅਨਾਂ ਦਾ ਦੋਸ਼ ਹੈ ਕਿ ਵਾਅਦੇ ਦੇ ਬਾਵਜੂਦ ਫ਼ੈਸਲੇ ਨੂੰ ਲਟਕਾਇਆ ਜਾ ਰਿਹਾ ਹੈ।

ਹੋਰ ਸੰਸਥਾਵਾਂ ਦਾ ਹਵਾਲਾ ਦੇ ਰਹੀਆਂ ਹਨ ਯੂਨੀਅਨਾਂ
ਬੈਂਕ ਕਰਮਚਾਰੀਆਂ ਦਾ ਤਰਕ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ, ਐਲਆਈਸੀ, ਜੀਆਈਸੀ, ਸਟਾਕ ਐਕਸਚੇਂਜ ਅਤੇ ਵਿਦੇਸ਼ੀ ਮੁਦਰਾ ਬਾਜ਼ਾਰ ਪਹਿਲਾਂ ਹੀ ਪੰਜ ਦਿਨਾਂ ਦੇ ਆਧਾਰ ’ਤੇ ਕੰਮ ਕਰ ਰਹੇ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰ ਵੀ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ, ਫਿਰ ਬੈਂਕਾਂ ਲਈ ਵੱਖਰਾ ਨਿਯਮ ਕਿਉਂ ਹੋਵੇ—ਇਹ ਸਵਾਲ ਯੂਨੀਅਨਾਂ ਵੱਲੋਂ ਉਠਾਇਆ ਜਾ ਰਿਹਾ ਹੈ।

ਯੂਐਫਬੀਯੂ ਦਾ ਦਾਅਵਾ—ਮੰਗ ਨੂੰ ਮਿਲ ਰਿਹਾ ਭਰਪੂਰ ਸਮਰਥਨ
ਯੂਐਫਬੀਯੂ, ਜੋ ਨੌਂ ਵੱਡੀਆਂ ਬੈਂਕ ਯੂਨੀਅਨਾਂ ਦਾ ਸਾਂਝਾ ਮੰਚ ਹੈ, ਦਾ ਕਹਿਣਾ ਹੈ ਕਿ ਪੰਜ ਦਿਨਾਂ ਦੇ ਬੈਂਕਿੰਗ ਹਫ਼ਤੇ ਦੀ ਮੰਗ ਨੂੰ ਲੈ ਕੇ ਚਲਾਈ ਗਈ ਸੋਸ਼ਲ ਮੀਡੀਆ ਮੁਹਿੰਮ ਨੂੰ ਵੀ ਵੱਡਾ ਸਮਰਥਨ ਮਿਲ ਰਿਹਾ ਹੈ। ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਗਿਆ, ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾ ਸਕਦਾ ਹੈ।

ਪੰਜਾਬ ’ਚ ਕੜਾਕੇ ਦੀ ਠੰਡ ਦਾ ਵਧੇਗਾ ਕਹਿਰ , 6–7 ਜਨਵਰੀ ਲਈ ‘ਕੋਲਡ ਡੇ’ ਅਲਰਟ ਜਾਰੀ!

ਚੰਡੀਗੜ੍ਹ :- ਪੰਜਾਬ ਵਿੱਚ ਸਿਆਲ ਨੇ ਆਪਣਾ ਅਸਲ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਜ਼ਿਲ੍ਹਿਆਂ ਵਿੱਚ ਦਿਨ ਦਿਹਾੜੇ ਹਲਕੀ ਧੁੱਪ ਨਿਕਲਣ ਨਾਲ ਭਾਵੇਂ ਕੁਝ ਸਮੇਂ ਲਈ ਰਾਹਤ ਮਿਲੀ, ਪਰ ਮੌਸਮ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨ ਹੋਰ ਵੀ ਕਠਿਨ ਹੋਣ ਵਾਲੇ ਹਨ। ਵਿਭਾਗ ਅਨੁਸਾਰ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਜਾਰੀ ਰਹੇਗੀ ਅਤੇ ਠੰਡ ਹੋਰ ਤੀਖੀ ਹੋਣ ਦੇ ਆਸਾਰ ਹਨ।

ਕੋਲਡ ਵੇਵ ਤੇ ਸੰਘਣੇ ਕੋਹਰੇ ਦਾ ਓਰੇਂਜ ਅਲਰਟ
ਮੌਸਮ ਵਿਭਾਗ ਵੱਲੋਂ 6 ਅਤੇ 7 ਜਨਵਰੀ ਲਈ ਕੋਲਡ ਡੇ, ਕੋਲਡ ਵੇਵ ਅਤੇ ਬਹੁਤ ਸੰਘਣੇ ਕੋਹਰੇ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅਨੁਮਾਨ ਹੈ ਕਿ ਇਹ ਮੌਸਮੀ ਹਾਲਾਤ 9 ਜਨਵਰੀ ਤੱਕ ਬਣੇ ਰਹਿ ਸਕਦੇ ਹਨ। ਇਸ ਦਾ ਸਿੱਧਾ ਅਸਰ ਦਿਨ ਦੇ ਤਾਪਮਾਨ ’ਤੇ ਵੀ ਪੈ ਰਿਹਾ ਹੈ, ਜੋ ਹੁਣ ਰਾਤਾਂ ਦੇ ਨਾਲ-ਨਾਲ ਤੇਜ਼ੀ ਨਾਲ ਡਿੱਗ ਰਿਹਾ ਹੈ।

ਕਿਹੜੇ ਜ਼ਿਲ੍ਹਿਆਂ ’ਚ ਰਹੇਗਾ ਘਣਾ ਕੋਹਰਾ
ਭਵਿੱਖਬਾਣੀ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਮੋਹਾਲੀ ਅਤੇ ਮਲੇਰਕੋਟਲਾ ਵਿੱਚ ਕਈ ਥਾਵਾਂ ’ਤੇ ਦਿੱਖ ਬਹੁਤ ਘੱਟ ਰਹਿ ਸਕਦੀ ਹੈ। ਸਵੇਰ ਅਤੇ ਰਾਤ ਸਮੇਂ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਵੈਸਟਰਨ ਡਿਸਟਰਬੈਂਸ ਕਾਰਨ ਬਦਲਿਆ ਮੌਸਮ
ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰ-ਪੱਛਮੀ ਭਾਰਤ ’ਤੇ ਇਸ ਸਮੇਂ ਵੈਸਟਰਨ ਡਿਸਟਰਬੈਂਸ ਸਰਗਰਮ ਹੈ। ਪਹਾੜੀ ਇਲਾਕਿਆਂ ਤੋਂ ਵਗ ਰਹੀਆਂ ਠੰਢੀਆਂ ਹਵਾਵਾਂ ਪੰਜਾਬ ਦੇ ਮੈਦਾਨੀ ਖੇਤਰਾਂ ਤੱਕ ਪਹੁੰਚ ਕੇ ਠੰਡ ਨੂੰ ਹੋਰ ਵਧਾ ਰਹੀਆਂ ਹਨ।

ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ
ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ ਕਰੀਬ 2 ਡਿਗਰੀ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ ਹੈ। ਇਸ ਵੇਲੇ ਤਾਪਮਾਨ ਆਮ ਨਾਲੋਂ ਲਗਭਗ 4 ਡਿਗਰੀ ਘੱਟ ਚੱਲ ਰਿਹਾ ਹੈ। ਹੁਸ਼ਿਆਰਪੁਰ ਸੂਬੇ ਦਾ ਸਭ ਤੋਂ ਠੰਡਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਦਿਨ ਦੌਰਾਨ ਵੀ ਕੋਲਡ ਡੇ ਵਰਗੇ ਹਾਲਾਤ ਬਣੇ ਰਹੇ।

ਹੋਰ ਗਿਰੇਗਾ ਪਾਰਾ
ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਅਗਲੇ ਦੋ ਦਿਨਾਂ ਵਿੱਚ ਤਾਪਮਾਨ ਹੋਰ 2 ਤੋਂ 3 ਡਿਗਰੀ ਤੱਕ ਡਿੱਗ ਸਕਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਲੋੜ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਵਿਸ਼ੇਸ਼ ਸਾਵਧਾਨੀ ਰੱਖੀ ਜਾਵੇ।

ਦਿੱਲੀ ਦੰਗੇ ਸਾਜ਼ਿਸ਼ ਮਾਮਲੇ ‘ਚ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਅਰਜ਼ੀਆਂ ਖਾਰਜ!

ਨਵੀਂ ਦਿੱਲੀ :- 2020 ਦੇ ਦਿੱਲੀ ਦੰਗਿਆਂ ਨਾਲ ਜੁੜੇ ਕਥਿਤ ਸਾਜ਼ਿਸ਼ ਮਾਮਲੇ ਵਿੱਚ ਵਿਦਿਆਰਥੀ ਕਾਰਕੁੰਨ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਸਿਖਰਲੀ ਅਦਾਲਤ ਨੇ ਦੋਵਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਵਿਵਸਥਾ ਦੇ ਮਸਲੇ ਸਭ ਤੋਂ ਵੱਧ ਅਹਿਮ ਹਨ।

ਰਾਸ਼ਟਰੀ ਸੁਰੱਖਿਆ ਨੂੰ ਦਿੱਤੀ ਪਹਿਲ
ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੰਬੀ ਕੈਦ ਦਾ ਮਸਲਾ ਮਹੱਤਵਪੂਰਨ ਹੈ, ਪਰ ਜਦੋਂ ਮਾਮਲਾ ਦੇਸ਼ ਦੀ ਸੁਰੱਖਿਆ ਅਤੇ ਲੋਕ ਸ਼ਾਂਤੀ ਨਾਲ ਜੁੜਿਆ ਹੋਵੇ, ਤਾਂ ਅਦਾਲਤ ਨੂੰ ਵੱਡੀ ਤਸਵੀਰ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਅਦਾਲਤ ਨੇ ਬਚਾਅ ਪੱਖ ਦੀ ਉਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ, ਜਿਸ ਵਿੱਚ ਪੰਜ ਸਾਲ ਤੋਂ ਵੱਧ ਕੈਦ ਨੂੰ ਜ਼ਮਾਨਤ ਦਾ ਆਧਾਰ ਦੱਸਿਆ ਗਿਆ ਸੀ।

ਹੋਰ ਮੁਲਜ਼ਮਾਂ ਨੂੰ ਮਿਲੀ ਰਾਹਤ
ਇਸੇ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ—ਗੁਲਫਿਸ਼ਾ ਫਾਤਿਮਾ, ਮੀਰਾਨ ਹੈਦਰ, ਸ਼ਿਫਾ ਉਰ ਰਹਿਮਾਨ, ਮੁਹੰਮਦ ਸਲੀਮ ਖਾਨ ਅਤੇ ਸ਼ਾਦਾਬ ਅਹਿਮਦ—ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਦੀ ਲਗਾਤਾਰ ਕੈਦ ਜ਼ਰੂਰੀ ਨਹੀਂ ਮੰਨੀ ਜਾ ਸਕਦੀ ਅਤੇ ਉਨ੍ਹਾਂ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ਮੁਲਜ਼ਮਾਂ ਦੀ ਰਿਹਾਈ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ।

ਫੈਸਲਾ 10 ਦਸੰਬਰ ਨੂੰ ਰਾਖਵਾਂ ਕੀਤਾ ਗਿਆ ਸੀ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮੁਲਜ਼ਮਾਂ ਅਤੇ ਦਿੱਲੀ ਪੁਲਿਸ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਸੁਣਨ ਤੋਂ ਬਾਅਦ 10 ਦਸੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਸਾਰੇ ਆਰੋਪੀ ਪਿਛਲੇ ਪੰਜ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਸਨ।

UAPA ਤਹਿਤ ਦਰਜ ਹੈ ਮਾਮਲਾ
ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਦਰਜ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਨਾ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਹ ਕੇਸ 2020 ਦੇ ਦਿੱਲੀ ਦੰਗਿਆਂ ਪਿੱਛੇ ਇੱਕ ਕਥਿਤ “ਵੱਡੀ ਸਾਜ਼ਿਸ਼” ਨਾਲ ਜੁੜਿਆ ਹੋਇਆ ਹੈ।

CAA-NRC ਵਿਰੋਧ ਅਤੇ ਦੰਗਿਆਂ ਦੀ ਪਿਛੋਕੜ
ਦੱਸਿਆ ਜਾਂਦਾ ਹੈ ਕਿ ਨਾਗਰਿਕਤਾ (ਸੋਧ) ਐਕਟ ਅਤੇ ਪ੍ਰਸਤਾਵਿਤ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਵਿਰੋਧ ਦੌਰਾਨ ਦਿੱਲੀ ਵਿੱਚ ਭੜਕੇ ਦੰਗਿਆਂ ਵਿੱਚ 53 ਲੋਕਾਂ ਦੀ ਜਾਨ ਗਈ ਸੀ, ਜਦਕਿ 700 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਅਦਾਲਤ ਨੇ ਇਸ ਪਿਛੋਕੜ ਨੂੰ ਧਿਆਨ ਵਿੱਚ ਰੱਖਦਿਆਂ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।

ਮੋਹਾਲੀ ਪੁਲਿਸ ਦਾ ਵੱਡਾ ਫੇਰਬਦਲ, 9 ਮੁਲਾਜ਼ਮਾਂ ਦੇ ਤਬਾਦਲੇ

ਮੋਹਾਲੀ :- ਮੋਹਾਲੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਪ੍ਰਸ਼ਾਸਕੀ ਪੱਧਰ ’ਤੇ ਅਹਿਮ ਫੈਸਲਾ ਲੈਂਦਿਆਂ 9 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਤਬਾਦਲਿਆਂ ਦੌਰਾਨ ਕੁਝ ਅਧਿਕਾਰੀਆਂ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ, ਜਦਕਿ ਕਈਆਂ ਨੂੰ ਪੁਲਿਸ ਲਾਈਨ ਤੋਂ ਬਾਹਰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਖਰੜ ਸਦਰ ਦੇ ਐਸਐਚਓ ਨੂੰ ਪੁਲਿਸ ਲਾਈਨ ਭੇਜਿਆ
ਜਾਣਕਾਰੀ ਮੁਤਾਬਕ ਖਰੜ ਸਦਰ ਥਾਣੇ ਦੇ ਐਸਐਚਓ ਇੰਸਪੈਕਟਰ ਸ਼ਿਵਦੀਪ ਸਿੰਘ ਨੂੰ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਨਵੀਂ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਥਾਣਾ ਪੱਧਰ ’ਤੇ ਪ੍ਰਸ਼ਾਸਨਿਕ ਕਾਰਵਾਹੀ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।

ਫੇਜ਼-11 ਅਤੇ ਖਰੜ ਥਾਣਿਆਂ ਵਿੱਚ ਬਦਲਾਅ
ਪੁਲਿਸ ਵਿਭਾਗ ਵੱਲੋਂ ਇੰਸਪੈਕਟਰ ਅਮਨ ਨੂੰ ਫੇਜ਼-11 ਪੁਲਿਸ ਸਟੇਸ਼ਨ ਦਾ ਨਵਾਂ ਐਸਐਚਓ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਫੇਜ਼-11 ਵਿੱਚ ਤਾਇਨਾਤ ਐਸਐਚਓ ਅਮਨਦੀਪ ਸਿੰਘ ਨੂੰ ਹੁਣ ਖਰੜ ਪੁਲਿਸ ਸਟੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਜ਼ੀਰਕਪੁਰ ਟ੍ਰੈਫਿਕ ਅਤੇ ਨਵਾਂਗਾਓਂ ਥਾਣੇ ’ਚ ਨਵੀਆਂ ਤਾਇਨਾਤੀਆਂ
ਇੰਸਪੈਕਟਰ ਮਨਫੂਲ ਸਿੰਘ, ਜੋ ਪਹਿਲਾਂ ਪੁਲਿਸ ਲਾਈਨ ਵਿੱਚ ਤਾਇਨਾਤ ਸਨ, ਨੂੰ ਜ਼ੀਰਕਪੁਰ ਟ੍ਰੈਫਿਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਜ਼ੀਰਕਪੁਰ ਵਿੱਚ ਟ੍ਰੈਫਿਕ ਇੰਚਾਰਜ ਰਹੇ ਗੁਰਵੀਰ ਸਿੰਘ ਨੂੰ ਨਵਾਂਗਾਓਂ ਪੁਲਿਸ ਸਟੇਸ਼ਨ ਦਾ ਐਸਐਚਓ ਬਣਾਇਆ ਗਿਆ ਹੈ।

ਪੁਲਿਸ ਚੌਕੀਆਂ ਵਿੱਚ ਵੀ ਤਬਾਦਲੇ
ਸਹਾਇਕ ਸਬ-ਇੰਸਪੈਕਟਰ ਸੰਦੀਪ ਸਿੰਘ ਨੂੰ ਸੈਕਟਰ-83 ਇੰਡਸਟਰੀਅਲ ਏਰੀਆ ਪੁਲਿਸ ਚੌਕੀ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਅਹੁਦੇ ’ਤੇ ਤਾਇਨਾਤ ਰਹੇ ਜਸਪਾਲ ਸਿੰਘ ਨੂੰ ਹੁਣ ਫੇਜ਼-6 ਪੁਲਿਸ ਚੌਕੀ ਦੀ ਕਮਾਨ ਸੌਂਪੀ ਗਈ ਹੈ।

ਸਦਰ ਖਰੜ ਅਤੇ ਹੋਰ ਅਹੁਦਿਆਂ ’ਤੇ ਨਵੇਂ ਚਿਹਰੇ
ਸਬ-ਇੰਸਪੈਕਟਰ ਇਕਬਾਲ ਮੁਹੰਮਦ ਨੂੰ ਸਦਰ ਖਰੜ ਥਾਣੇ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਫੇਜ਼-6 ਪੁਲਿਸ ਚੌਕੀ ਦੇ ਇੰਚਾਰਜ ਰਹੇ ਹਨ। ਇਸੇ ਤਰ੍ਹਾਂ ਸਹਾਇਕ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਮੁਕੱਦਮੇਬਾਜ਼ੀ ਦਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਉਹ ਪਹਿਲਾਂ ਪੁਲਿਸ ਲਾਈਨਜ਼ ਨਾਲ ਸੰਬੰਧਤ ਜ਼ਿੰਮੇਵਾਰੀ ਨਿਭਾ ਰਹੇ ਸਨ।

ਪ੍ਰਸ਼ਾਸਨਿਕ ਮਜ਼ਬੂਤੀ ਵੱਲ ਕਦਮ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਬਾਦਲੇ ਵਿਭਾਗੀ ਕਾਰਗੁਜ਼ਾਰੀ ਨੂੰ ਮਜ਼ਬੂਤ ਕਰਨ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮੱਦੇਨਜ਼ਰ ਕੀਤੇ ਗਏ ਹਨ।

ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਅਤੇ ਪਤੀ ਨਸੀਰ ਹੁਸੈਨ ਗ੍ਰਿਫ਼ਤਾਰ, ਡਿਪੋਰਟੇਸ਼ਨ ਦੀ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ :- ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ, ਜਿਸਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਨਾਂ ਬਦਲ ਕੇ ਨੂਰ ਹੁਸੈਨ ਰੱਖਿਆ ਸੀ, ਅਤੇ ਉਸਦੇ ਪਾਕਿਸਤਾਨੀ ਪਤੀ ਨਸੀਰ ਹੁਸੈਨ ਨੂੰ ਨਾਨਕਾਣਾ ਸਾਹਿਬ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰਿਕ ਸੂਤਰਾਂ ਮੁਤਾਬਕ ਦੋਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਡਿਪੋਰਟੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਸੀਨੀਅਰ ਪੱਤਰਕਾਰ ਦੀ ਰਿਪੋਰਟ ਨਾਲ ਮਾਮਲਾ ਆਇਆ ਸਾਹਮਣੇ
ਇਹ ਜਾਣਕਾਰੀ ਲਾਹੌਰ ਅਧਾਰਿਤ ਸੀਨੀਅਰ ਪੱਤਰਕਾਰ ਅਲੀ ਇਮਰਾਨ ਛੱਠਾ ਵੱਲੋਂ ਪਾਕਿਸਤਾਨੀ ਅਖ਼ਬਾਰ ‘ਨਜ਼ਰਾਨਾ ਟਾਈਮਜ਼’ ਵਿੱਚ ਛਪੀ ਰਿਪੋਰਟ ਰਾਹੀਂ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਗ੍ਰਿਫ਼ਤਾਰੀ ਖ਼ਾਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ।

ਖੁਫ਼ੀਆ ਸੂਚਨਾ ’ਤੇ ਹੋਈ ਛਾਪੇਮਾਰੀ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਸੂਬੇ ਦੇ ਅਲਪਸੰਖਿਆਕ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨਾਲ ਜੁੜੇ ਅਧਿਕਾਰਿਕ ਬਿਆਨ ਅਨੁਸਾਰ, ਇੰਟੈਲੀਜੈਂਸ ਬਿਊਰੋ ਡਿਵਿਜ਼ਨ ਨਾਨਕਾਣਾ ਸਾਹਿਬ ਨੂੰ ਪਿੰਡ ਪਿਹਰੇ ਵਾਲੀ ਵਿੱਚ ਦੋਹਾਂ ਦੀ ਮੌਜੂਦਗੀ ਬਾਰੇ ਠੋਸ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਛਾਪਾ ਮਾਰ ਕੇ ਦੋਹਾਂ ਨੂੰ ਕਾਬੂ ਕਰ ਲਿਆ।

ਪੁਲਿਸ ਹਵਾਲੇ ਕਰਕੇ ਥਾਣੇ ਲਿਆਂਦਾ ਗਿਆ
ਗ੍ਰਿਫ਼ਤਾਰੀ ਤੋਂ ਬਾਅਦ ਸੱਦਰ ਥਾਣਾ ਨਾਨਕਾਣਾ ਸਾਹਿਬ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਦੋਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾਇਆ, ਜਿੱਥੇ ਉਹ ਇਸ ਵੇਲੇ ਹਿਰਾਸਤ ਵਿੱਚ ਹਨ।

ਪੁੱਛਗਿੱਛ ਦੌਰਾਨ ਖੁਲਾਸੇ
ਸਾਂਝੀ ਪੁੱਛਗਿੱਛ ਦੌਰਾਨ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਸਾਹਮਣੇ ਆਇਆ ਕਿ ਸਰਬਜੀਤ ਕੌਰ ਅਤੇ ਨਸੀਰ ਹੁਸੈਨ ਦੀ ਜਾਣ-ਪਹਿਚਾਣ ਸਾਲ 2016 ਵਿੱਚ ਟਿਕਟੌਕ ਰਾਹੀਂ ਹੋਈ ਸੀ। ਸੂਤਰਾਂ ਮੁਤਾਬਕ ਦੋਹਾਂ ਨੇ ਪਹਿਲਾਂ ਵੀ ਵੀਜ਼ਾ ਹਾਸਲ ਕਰਨ ਲਈ ਕਈ ਵਾਰ ਅਰਜ਼ੀਆਂ ਦਿੱਤੀਆਂ ਸਨ, ਪਰ ਕਾਨੂੰਨੀ ਅਤੇ ਪ੍ਰਕਿਰਿਆਕਤ ਕਾਰਨਾਂ ਕਰਕੇ ਉਹ ਰੱਦ ਹੋ ਗਈਆਂ।

ਗੁਰਦੁਆਰਾ ਜਨਮ ਅਸਥਾਨ ਤੋਂ ਲੈ ਕੇ ਜਾਣ ਦਾ ਦਾਅਵਾ
ਅਧਿਕਾਰੀਆਂ ਦਾ ਕਹਿਣਾ ਹੈ ਕਿ 4 ਨਵੰਬਰ 2025 ਨੂੰ ਨਸੀਰ ਹੁਸੈਨ ਗੁਰਦੁਆਰਾ ਜਨਮ ਅਸਥਾਨ ਨਾਨਕਾਣਾ ਸਾਹਿਬ ਆਇਆ ਸੀ, ਜਿੱਥੋਂ ਉਹ ਕਥਿਤ ਤੌਰ ’ਤੇ ਸਰਬਜੀਤ ਕੌਰ ਨੂੰ ਨਾਲ ਲੈ ਕੇ ਫ਼ਾਰੂਕਾਬਾਦ ਅਤੇ ਬੁਰਜ ਅੱਟਾਰੀ ਖੇਤਰਾਂ ਵੱਲ ਚਲਾ ਗਿਆ।

ਕਾਨੂੰਨੀ ਪ੍ਰਕਿਰਿਆ ਅਤੇ ਡਿਪੋਰਟੇਸ਼ਨ ਜਾਰੀ
ਸੰਬੰਧਤ ਵਿਭਾਗਾਂ ਵੱਲੋਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲਾ ਧਾਰਮਿਕ ਅਤੇ ਸਰਹੱਦੀ ਸੰਵੇਦਨਸ਼ੀਲਤਾ ਨਾਲ ਜੁੜਿਆ ਹੋਣ ਕਰਕੇ ਪੂਰੀ ਸਾਵਧਾਨੀ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਨਿਪਟਾਇਆ ਜਾ ਰਿਹਾ ਹੈ। ਅੰਤਿਮ ਫੈਸਲਾ ਜਾਂਚ ਦੀ ਪ੍ਰਗਤੀ ਅਤੇ ਵਿਭਾਗੀ ਤਾਲਮੇਲ ਤੋਂ ਬਾਅਦ ਲਿਆ ਜਾਵੇਗਾ।

ਬਠਿੰਡਾ ਅਦਾਲਤ ’ਚ ਅੱਜ ਨਿੱਜੀ ਤੌਰ ’ਤੇ ਪੇਸ਼ ਹੋਵੇਗੀ ਕੰਗਨਾ ਰਣੌਤ!

ਬਠਿੰਡਾ :- ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਲਈ ਅੱਜ ਦਾ ਦਿਨ ਅਹਿਮ ਮੰਨਿਆ ਜਾ ਰਿਹਾ ਹੈ। ਅਦਾਲਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੰਗਨਾ ਨੂੰ ਅੱਜ ਨਿੱਜੀ ਤੌਰ ’ਤੇ ਪੇਸ਼ ਹੋਣਾ ਹੈ, ਜਿਸ ਕਾਰਨ ਕੇਸ ਨੇ ਇੱਕ ਵਾਰ ਫਿਰ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਕਰ ਦਿੱਤੀ ਹੈ।

ਪਿਛਲੀ ਸੁਣਵਾਈ ’ਚ ਵਕੀਲ ਰਾਹੀਂ ਹੋਈ ਸੀ ਪੇਸ਼ੀ
ਪਿਛਲੀ ਤਰੀਕ ਦੌਰਾਨ ਕੰਗਨਾ ਰਣੌਤ ਅਦਾਲਤ ਵਿੱਚ ਹਾਜ਼ਰ ਨਹੀਂ ਹੋਈ ਸੀ ਅਤੇ ਉਸਦੀ ਨੁਮਾਇੰਦਗੀ ਉਸਦੇ ਵਕੀਲ ਨੇ ਕੀਤੀ ਸੀ। ਉਸ ਸਮੇਂ ਸੰਸਦ ਸੈਸ਼ਨ ਦਾ ਹਵਾਲਾ ਦਿੰਦਿਆਂ ਕੰਗਨਾ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਦਿੱਤੀ ਗਈ ਸੀ, ਜਿਸਨੂੰ ਅਦਾਲਤ ਨੇ ਮਨਜ਼ੂਰ ਕਰਦੇ ਹੋਏ ਅਗਲੀ ਸੁਣਵਾਈ ਦੀ ਤਰੀਕ 5 ਜਨਵਰੀ 2026 ਨਿਰਧਾਰਤ ਕੀਤੀ ਸੀ।

ਅਦਾਲਤ ਦੇ ਸਪੱਸ਼ਟ ਹੁਕਮ, ਨਿੱਜੀ ਪੇਸ਼ੀ ਲਾਜ਼ਮੀ
ਮਾਣਹਾਨੀ ਕੇਸ ਦਰਜ ਕਰਵਾਉਣ ਵਾਲੀ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਪੱਖੋਂ ਪੇਸ਼ ਹੋ ਰਹੇ ਵਕੀਲ ਰਘਬੀਰ ਸਿੰਘ ਬੇਨੀਵਾਲ ਨੇ ਦੱਸਿਆ ਕਿ ਅਦਾਲਤ ਵੱਲੋਂ ਪਹਿਲਾਂ ਹੀ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਅਗਲੀ ਤਰੀਕ ’ਤੇ ਕੰਗਨਾ ਨੂੰ ਖੁਦ ਹਾਜ਼ਰ ਹੋਣਾ ਪਵੇਗਾ। ਅਦਾਲਤ ਨੇ ਗਵਾਹਾਂ ਦੇ ਬਿਆਨਾਂ ਸਬੰਧੀ ਵੀ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਵਾਧੂ ਗਵਾਹ ਬੁਲਾਉਣ ਦੀ ਸਥਿਤੀ ਵਿੱਚ ਪਹਿਲਾਂ ਸੂਚਨਾ ਦੇਣ ਲਈ ਕਿਹਾ ਗਿਆ ਹੈ।

ਕਿਸਾਨ ਅੰਦੋਲਨ ਨਾਲ ਜੁੜਿਆ ਵਿਵਾਦੀ ਟਵੀਟ
ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ’ਤੇ ਬੈਠੇ ਹੋਏ ਸਨ। ਉਸ ਦੌਰਾਨ ਕੰਗਨਾ ਰਣੌਤ ਵੱਲੋਂ ਕੀਤਾ ਗਿਆ ਇੱਕ ਟਵੀਟ ਵਿਵਾਦ ਦਾ ਕਾਰਨ ਬਣਿਆ ਸੀ। ਟਵੀਟ ਵਿੱਚ ਕੰਗਨਾ ਨੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਕਿਸਾਨ ਬੀਬੀ ਮਹਿੰਦਰ ਕੌਰ ਨੂੰ ਪੈਸੇ ਲੈ ਕੇ ਧਰਨੇ ’ਚ ਸ਼ਾਮਿਲ ਹੋਣ ਵਾਲੀ ਮਹਿਲਾ ਦੱਸਿਆ ਸੀ।

ਬਜ਼ੁਰਗ ਮਹਿਲਾ ਵੱਲੋਂ ਇਜ਼ਤ ਖ਼ਿਲਾਫ਼ ਟਿੱਪਣੀ ਦਾ ਦਾਅਵਾ
ਬੀਬੀ ਮਹਿੰਦਰ ਕੌਰ ਨੇ ਇਸ ਟਵੀਟ ਨੂੰ ਆਪਣੀ ਇਜ਼ਤ ਅਤੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਦੱਸਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਇਸ ਤੋਂ ਬਾਅਦ ਮਾਮਲਾ ਕਾਨੂੰਨੀ ਰਾਹੇ ਪੈ ਗਿਆ, ਜੋ ਹੁਣ ਬਠਿੰਡਾ ਅਦਾਲਤ ਵਿੱਚ ਅਹਿਮ ਮੋੜ ’ਤੇ ਪਹੁੰਚ ਗਿਆ ਹੈ।

ਅਦਾਲਤੀ ਫ਼ੈਸਲੇ ਵੱਲ ਸਭ ਦੀ ਨਜ਼ਰ
ਅੱਜ ਹੋਣ ਵਾਲੀ ਪੇਸ਼ੀ ਨਾਲ ਇਹ ਕੇਸ ਹੋਰ ਅਹਿਮ ਬਣ ਗਿਆ ਹੈ। ਕਾਨੂੰਨੀ ਮਾਹਿਰਾਂ ਅਤੇ ਸਿਆਸੀ ਹਲਕਿਆਂ ਦੀ ਨਜ਼ਰ ਅਦਾਲਤ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ, ਕਿਉਂਕਿ ਇਹ ਮਾਮਲਾ ਸਿਰਫ਼ ਕਾਨੂੰਨ ਤੱਕ ਸੀਮਿਤ ਨਹੀਂ, ਸਗੋਂ ਸਮਾਜਕ ਅਤੇ ਸਿਆਸੀ ਸੰਵੇਦਨਸ਼ੀਲਤਾ ਨਾਲ ਵੀ ਜੁੜਿਆ ਹੋਇਆ ਹੈ।