Home Blog Page 725

ਨਗਰ ਨਿਗਮ ਚੋਣਾਂ ਲਈ ਭਾਜਪਾ ਪੰਜਾਬ ਵੱਲੋਂ ਇੰਚਾਰਜਾਂ ਤੇ ਕੋ-ਇੰਚਾਰਜਾਂ ਦੀ ਸੂਚੀ ਜਾਰੀ

ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਕਦਮ ਚੁੱਕਦਿਆਂ ਸੂਬੇ ਭਰ ਦੇ ਨਗਰ ਨਿਗਮਾਂ ਲਈ ਇੰਚਾਰਜ ਅਤੇ ਕੋ-ਇੰਚਾਰਜਾਂ ਦੀ ਸਰਕਾਰੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਹਰ ਨਗਰ ਨਿਗਮ ਲਈ ਜ਼ਿੰਮੇਵਾਰ ਆਗੂ ਨਿਯੁਕਤ ਕੀਤੇ ਗਏ ਹਨ, ਜੋ ਚੋਣੀ ਮੁਹਿੰਮ ਦੀ ਦੇਖਰੇਖ ਕਰਨਗੇ ਅਤੇ ਰਣਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ।

ਭਾਜਪਾ ਆਗੂਆਂ ਮੁਤਾਬਕ ਇੰਚਾਰਜ ਅਤੇ ਕੋ-ਇੰਚਾਰਜਾਂ ਨੂੰ ਮੈਦਾਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ, ਵਰਕਰਾਂ ਨਾਲ ਸਹਿਯੋਗ ਬਣਾਉਣ ਅਤੇ ਚੋਣੀ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਾਰਟੀ ਦਾ ਕਹਿਣਾ ਹੈ ਕਿ ਇਹ ਨਿਯੁਕਤੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਮਜ਼ਬੂਤ ਹਾਜ਼ਰੀ ਯਕੀਨੀ ਬਣਾਉਣ ਵੱਲ ਇੱਕ ਅਹਿਮ ਕਦਮ ਹਨ।

ਬੰਗਲਾਦੇਸ਼ ‘ਚ ਹਿੰਦੂ ਭਾਈਚਾਰੇ ‘ਤੇ ਹਮਲੇ ਜਾਰੀ, 18 ਦਿਨਾਂ ‘ਚ ਛੇਵੀਂ ਹੱਤਿਆ ਨਾਲ ਚਿੰਤਾ ਵਧੀ

ਢਾਕਾ :- ਬੰਗਲਾਦੇਸ਼ ਵਿੱਚ ਘੱਟਸੰਖਿਆਕ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਡੂੰਘੀ ਹੋ ਗਈ ਹੈ। ਢਾਕਾ ਨੇੜਲੇ ਨਰਸਿੰਗਦੀ ਜ਼ਿਲ੍ਹੇ ਵਿੱਚ ਇੱਕ ਹੋਰ ਹਿੰਦੂ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 40 ਸਾਲਾ ਸਰਤ ਚੱਕਰਵਰਤੀ ਮਣੀ ਵਜੋਂ ਹੋਈ ਹੈ, ਜੋ ਪਲਾਸ਼ ਉਪਜ਼ਿਲ੍ਹੇ ਦੇ ਚਾਰਸਿੰਦੂਰ ਬਜ਼ਾਰ ਵਿੱਚ ਆਪਣੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।

ਦੁਕਾਨ ‘ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਸਥਾਨਕ ਲੋਕਾਂ ਅਤੇ ਅੱਖੀਂ ਵੇਖੇ ਗਵਾਹਾਂ ਮੁਤਾਬਕ ਕੁਝ ਅਣਪਛਾਤੇ ਹਮਲਾਵਰ ਅਚਾਨਕ ਦੁਕਾਨ ‘ਤੇ ਪਹੁੰਚੇ ਅਤੇ ਮਣੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਮਣੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਾਹ ‘ਚ ਹੀ ਉਸ ਦੀ ਮੌਤ ਹੋ ਗਈ।

ਹਿੰਸਾ ‘ਤੇ ਚਿੰਤਾ ਜਤਾਉਂਦਾ ਫੇਸਬੁੱਕ ਪੋਸਟ ਵੀ ਆਇਆ ਸਾਹਮਣੇ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ 19 ਦਸੰਬਰ ਨੂੰ ਸਰਤ ਚੱਕਰਵਰਤੀ ਮਣੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਦੇਸ਼ ਵਿੱਚ ਵਧ ਰਹੀ ਹਿੰਸਾ ‘ਤੇ ਚਿੰਤਾ ਜਤਾਈ ਸੀ। ਉਸ ਨੇ ਆਪਣੀ ਜਨਮ ਭੂਮੀ ਨੂੰ “ਮੌਤ ਦੀ ਘਾਟੀ” ਬਣਨ ਦੀ ਗੱਲ ਲਿਖੀ ਸੀ। ਪੁਲਸ ਨੇ ਇਸ ਕੋਣ ਤੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

18 ਦਿਨਾਂ ‘ਚ ਛੇਵਾਂ ਹਿੰਦੂ ਕਤਲ
ਇਸ ਘਟਨਾ ਨਾਲ ਬੰਗਲਾਦੇਸ਼ ਵਿੱਚ ਪਿਛਲੇ 18 ਦਿਨਾਂ ਦੌਰਾਨ ਹਿੰਦੂ ਭਾਈਚਾਰੇ ਨਾਲ ਸੰਬੰਧਤ ਛੇਵੀਂ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦੇਸ਼ ਅੰਦਰ ਘੱਟਸੰਖਿਆਕਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜੇਸੋਰ ‘ਚ ਆਈਸ ਫੈਕਟਰੀ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ
ਇਸੇ ਦਿਨ ਬੰਗਲਾਦੇਸ਼ ਦੇ ਜੇਸੋਰ ਜ਼ਿਲ੍ਹੇ ਤੋਂ ਵੀ ਇੱਕ ਹੋਰ ਹਿੰਦੂ ਵਿਅਕਤੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ। ਮੋਨੀਰਾਮਪੁਰ ਖੇਤਰ ਵਿੱਚ ਕਪਾਲੀਆ ਬਜ਼ਾਰ ਵਿਖੇ ਆਈਸ ਫੈਕਟਰੀ ਦੇ ਮਾਲਕ ਅਤੇ ‘ਦੈਨਿਕ ਬੀਡੀ ਖ਼ਬਰ’ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਰਾਣਾ ਪ੍ਰਤਾਪ ਬੈਰਾਗੀ ਨੂੰ ਸਰਏਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਮੋਟਰਸਾਈਕਲ ‘ਤੇ ਆਏ ਹਮਲਾਵਰ, ਸਿਰ ‘ਚ ਮਾਰੀ ਗੋਲੀ
ਪੁਲਸ ਮੁਤਾਬਕ ਤਿੰਨ ਹਮਲਾਵਰ ਮੋਟਰਸਾਈਕਲ ‘ਤੇ ਆਏ, ਬੈਰਾਗੀ ਨੂੰ ਫੈਕਟਰੀ ਤੋਂ ਬਾਹਰ ਬੁਲਾਇਆ ਅਤੇ ਨੇੜਲੇ ਸੁੰਨੇ ਰਸਤੇ ‘ਚ ਲੈ ਜਾ ਕੇ ਨਜ਼ਦੀਕੋਂ ਸਿਰ ‘ਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਸ ਜਾਂਚ ਜਾਰੀ, ਮਕਸਦ ਅਜੇ ਅਸਪਸ਼ਟ
ਮੋਨੀਰਾਮਪੁਰ ਥਾਣੇ ਦੇ ਐਸਐਚਓ ਮੁਹੰਮਦ ਰਜ਼ੀਉੱਲਾਹ ਖਾਨ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹੱਤਿਆ ਦੇ ਮਕਸਦ ਬਾਰੇ ਫਿਲਹਾਲ ਕੁਝ ਸਪਸ਼ਟ ਨਹੀਂ ਹੋ ਸਕਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਨਵੇਂ ਸਾਲ ਦੀ ਰਾਤ ਖੋਕਨ ਦਾਸ ਨੂੰ ਜਿੰਦਾ ਸਾੜਨ ਦਾ ਮਾਮਲਾ ਵੀ ਯਾਦ
ਇਸ ਤੋਂ ਪਹਿਲਾਂ ਨਵੇਂ ਸਾਲ ਦੀ ਈਵ ‘ਤੇ ਖੋਕਨ ਦਾਸ ਨਾਂ ਦੇ ਹਿੰਦੂ ਵਿਅਕਤੀ ‘ਤੇ ਹੋਇਆ ਦਰਦਨਾਕ ਹਮਲਾ ਵੀ ਦੇਸ਼ ਭਰ ‘ਚ ਚਰਚਾ ਦਾ ਵਿਸ਼ਾ ਬਣਿਆ ਸੀ। ਹਮਲਾਵਰਾਂ ਨੇ ਪਹਿਲਾਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਜਾਨ ਬਚਾਉਣ ਲਈ ਉਹ ਸੜਕ ਕੋਲ ਬਣੇ ਤਲਾਬ ‘ਚ ਛਾਲ ਮਾਰ ਗਿਆ, ਪਰ ਗੰਭੀਰ ਜ਼ਖ਼ਮਾਂ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਘੱਟਸੰਖਿਆਕਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ
ਇੱਕ ਤੋਂ ਬਾਅਦ ਇੱਕ ਹੋ ਰਹੀਆਂ ਇਹ ਘਟਨਾਵਾਂ ਬੰਗਲਾਦੇਸ਼ ਵਿੱਚ ਹਿੰਦੂ ਸਮੇਤ ਹੋਰ ਘੱਟਸੰਖਿਆਕ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ, ਜਦਕਿ ਮਾਨਵ ਅਧਿਕਾਰ ਸੰਸਥਾਵਾਂ ਅਤੇ ਸਿਆਸੀ ਹਲਕੇ ਹਾਲਾਤਾਂ ‘ਤੇ ਨਜ਼ਰ ਬਣਾਏ ਹੋਏ ਹਨ।

ਸੋਨੀਆ ਗਾਂਧੀ ਦੀ ਤਬੀਅਤ ਖਰਾਬ, ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ ਦਾਖ਼ਲ!

ਨਵੀਂ ਦਿੱਲੀ :- ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਅਤੇ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲੀ ਸੂਤਰਾਂ ਮੁਤਾਬਕ ਸੋਨੀਆ ਗਾਂਧੀ ਨੂੰ ਸੋਮਵਾਰ ਸ਼ਾਮ ਨਿਯਮਤ ਡਾਕਟਰੀ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਸਾਵਧਾਨੀ ਵਜੋਂ ਉਨ੍ਹਾਂ ਨੂੰ ਦਾਖ਼ਲ ਰੱਖਣ ਦਾ ਫੈਸਲਾ ਕੀਤਾ।

ਛਾਤੀ ਰੋਗਾਂ ਦੇ ਮਾਹਰਾਂ ਦੀ ਨਿਗਰਾਨੀ ਹੇਠ ਇਲਾਜ
ਹਸਪਤਾਲ ਪ੍ਰਸ਼ਾਸਨ ਅਨੁਸਾਰ ਸੋਨੀਆ ਗਾਂਧੀ ਦੀ ਸਿਹਤ ਇਸ ਵੇਲੇ ਸਥਿਰ ਹੈ ਅਤੇ ਉਹ ਛਾਤੀ ਰੋਗਾਂ ਦੇ ਵਿਸ਼ੇਸ਼ਗਿਆਨਾਂ ਦੀ ਨਿਗਰਾਨੀ ਹੇਠ ਹਨ। ਡਾਕਟਰ ਉਨ੍ਹਾਂ ਦੀ ਹਾਲਤ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ ਅਤੇ ਜ਼ਰੂਰੀ ਜਾਂਚਾਂ ਕੀਤੀਆਂ ਜਾ ਰਹੀਆਂ ਹਨ।

ਲੰਬੇ ਸਮੇਂ ਤੋਂ ਖੰਘ ਦੀ ਸਮੱਸਿਆ, ਪ੍ਰਦੂਸ਼ਣ ਨਾਲ ਵਧੀ ਤਕਲੀਫ਼
ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਕਾਫ਼ੀ ਸਮੇਂ ਤੋਂ ਖੰਘ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ, ਜਿਸ ਕਾਰਨ ਉਹ ਅਕਸਰ ਡਾਕਟਰੀ ਜਾਂਚ ਕਰਵਾਉਂਦੀਆਂ ਰਹਿੰਦੀਆਂ ਹਨ। ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਅਤੇ ਠੰਢ ਕਾਰਨ ਉਨ੍ਹਾਂ ਦੀ ਤਕਲੀਫ਼ ਵਿੱਚ ਹਾਲ ਹੀ ‘ਚ ਵਾਧਾ ਹੋਇਆ ਹੈ।

ਸਾਹ ਲੈਣ ਵਿੱਚ ਦਿੱਕਤ, ਬ੍ਰੌਨਕਾਇਲ ਦਮੇ ‘ਚ ਵਾਧਾ
ਸਰ ਗੰਗਾ ਰਾਮ ਹਸਪਤਾਲ ਦੇ ਚੇਅਰਮੈਨ ਡਾ. ਅਜੇ ਸਵਰੂਪ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੋਨੀਆ ਗਾਂਧੀ ਨੂੰ ਰਾਤ ਕਰੀਬ 10 ਵਜੇ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਠੰਢ ਅਤੇ ਪ੍ਰਦੂਸ਼ਣ ਕਾਰਨ ਉਨ੍ਹਾਂ ਦੇ ਬ੍ਰੌਨਕਾਇਲ ਦਮੇ ਦੀ ਸਮੱਸਿਆ ਵਿੱਚ ਕੁਝ ਵਾਧਾ ਹੋਇਆ ਹੈ, ਜਿਸ ਨੂੰ ਦੇਖਦਿਆਂ ਉਨ੍ਹਾਂ ਨੂੰ ਹੋਰ ਇਲਾਜ ਅਤੇ ਦੇਖਭਾਲ ਲਈ ਦਾਖ਼ਲ ਕਰਨਾ ਜ਼ਰੂਰੀ ਸਮਝਿਆ ਗਿਆ।

79 ਸਾਲ ਦੀ ਉਮਰ, ਪਹਿਲਾਂ ਵੀ ਹੋ ਚੁੱਕਾ ਹੈ ਇਲਾਜ
ਦਸੰਬਰ 2025 ਵਿੱਚ 79 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਸੋਨੀਆ ਗਾਂਧੀ ਨੂੰ ਇਸ ਤੋਂ ਪਹਿਲਾਂ ਵੀ ਸਿਹਤ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 15 ਜੂਨ 2025 ਨੂੰ ਉਨ੍ਹਾਂ ਨੂੰ ਪੇਟ ਨਾਲ ਸੰਬੰਧਤ ਤਕਲੀਫ਼ਾਂ ਕਾਰਨ ਸਰ ਗੰਗਾ ਰਾਮ ਹਸਪਤਾਲ ਦੇ ਸਰਜੀਕਲ ਗੈਸਟ੍ਰੋਐਂਟਰੋਲੋਜੀ ਵਿਭਾਗ ਵਿੱਚ ਇਲਾਜ ਲਈ ਰੱਖਿਆ ਗਿਆ ਸੀ।

ਹਸਪਤਾਲ ਵੱਲੋਂ ਹਾਲਤ ‘ਤੇ ਨਜ਼ਰ, ਸਿਆਸੀ ਹਲਕਿਆਂ ‘ਚ ਚਿੰਤਾ
ਫਿਲਹਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਸੋਨੀਆ ਗਾਂਧੀ ਦੀ ਸਿਹਤ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦਾਖ਼ਲੇ ਦੀ ਖ਼ਬਰ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਸਿਆਸੀ ਹਲਕਿਆਂ ਵਿੱਚ ਚਿੰਤਾ ਦਾ ਮਾਹੌਲ ਹੈ, ਜਦਕਿ ਪਾਰਟੀ ਆਗੂ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।

ਸਕੂਲ ਆਫ਼ ਐਮਿਨੈਂਸ ਅਤੇ ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਮਾਰਚ ‘ਚ, ਰਜਿਸਟ੍ਰੇਸ਼ਨ 3 ਤੋਂ 20 ਜਨਵਰੀ ਤੱਕ

ਚੰਡੀਗੜ੍ਹ :- ਪੰਜਾਬ ਦੇ ਸਕੂਲ ਆਫ਼ ਐਮਿਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2026–27 ਲਈ 9ਵੀਂ ਅਤੇ 11ਵੀਂ ਜਮਾਤ ਦੇ ਦਾਖ਼ਲਿਆਂ ਵਾਸਤੇ ਸਾਂਝੀ ਪ੍ਰਵੇਸ਼ ਪ੍ਰੀਖਿਆ ਮਾਰਚ 2026 ਵਿੱਚ ਕਰਵਾਈ ਜਾਵੇਗੀ। ਇਸ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 3 ਜਨਵਰੀ ਤੋਂ ਸ਼ੁਰੂ ਹੋ ਕੇ 20 ਜਨਵਰੀ 2026 ਤੱਕ ਚੱਲੇਗੀ।

ਜ਼ਿਲ੍ਹਾ ਮਾਨਸਾ ‘ਚ ਤਿੰਨ ਸਕੂਲ ਆਫ਼ ਐਮਿਨੈਂਸ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਸਕੂਲ ਆਫ਼ ਐਮਿਨੈਂਸ ਮਾਨਸਾ, ਬੋਹਾ ਅਤੇ ਸਰਦੂਲਗੜ੍ਹ ਵਿੱਚ ਸਥਿਤ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਵੇਸ਼ ਪ੍ਰੀਖਿਆ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਜਾ ਰਹੀ ਹੈ।

ਕੌਣ ਹੋਵੇਗਾ ਯੋਗ
ਉਨ੍ਹਾਂ ਅਨੁਸਾਰ ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਇਸ ਸਮੇਂ 8ਵੀਂ ਅਤੇ 10ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਇਸ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ। ਪ੍ਰਵੇਸ਼ ਪ੍ਰੀਖਿਆ ‘ਚ ਕਾਮਯਾਬ ਰਹਿਣ ਵਾਲੇ ਉਮੀਦਵਾਰਾਂ ਨੂੰ ਸੈਸ਼ਨ 2026–27 ਦੌਰਾਨ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖ਼ਲਾ ਦਿੱਤਾ ਜਾਵੇਗਾ।

ਆਨਲਾਈਨ ਪੋਰਟਲ ਰਾਹੀਂ ਹੋਵੇਗੀ ਅਰਜ਼ੀ ਪ੍ਰਕਿਰਿਆ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਆਨਲਾਈਨ ਪੋਰਟਲ ਰਾਹੀਂ ਕੀਤੀ ਜਾਵੇਗੀ। ਅਰਜ਼ੀ ਭਰਦੇ ਸਮੇਂ ਵਿਦਿਆਰਥੀ ਵੱਲੋਂ ਆਪਣੀ ਵਰਤਮਾਨ ਜਮਾਤ ਸਬੰਧੀ ਵੇਰਵੇ ਦੇਣਾ ਲਾਜ਼ਮੀ ਹੋਵੇਗਾ।

ਪੀਐਸਈਬੀ ਦੇ ਵਿਦਿਆਰਥੀਆਂ ਦਾ ਡਾਟਾ ਆਪਣੇ-ਆਪ ਭਰੇਗਾ
ਡਾ. ਭੋਗਲ ਨੇ ਸਪਸ਼ਟ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਵਿਦਿਆਰਥੀਆਂ ਵੱਲੋਂ ਆਨਲਾਈਨ ਰੋਲ ਨੰਬਰ ਅਤੇ ਸਟੂਡੈਂਟ ਆਈਡੀ ਦਰਜ ਕਰਨ ਨਾਲ ਉਨ੍ਹਾਂ ਦੀ ਜਾਣਕਾਰੀ ਸਿਸਟਮ ਵਿੱਚ ਆਪਣੇ-ਆਪ ਭਰ ਜਾਵੇਗੀ। ਹੋਰ ਬੋਰਡਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਆਪਣਾ ਵੇਰਵਾ ਖੁਦ ਦਰਜ ਕਰਨਾ ਪਵੇਗਾ।

ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕਰਨੀ ਲਾਜ਼ਮੀ
ਲੋੜੀਂਦੇ ਸਾਰੇ ਵੇਰਵਿਆਂ ਦੀ ਪੁਸ਼ਟੀ ਹੋਣ ਮਗਰੋਂ ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕੀਤੀ ਜਾ ਸਕੇਗੀ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਓ.ਟੀ.ਵੀ ਨੰਬਰ ਤੋਂ ਬਿਨਾਂ ਅਰਜ਼ੀ ਅਧੂਰੀ ਮੰਨੀ ਜਾਵੇਗੀ, ਇਸ ਲਈ ਵਿਦਿਆਰਥੀ ਰਜਿਸਟ੍ਰੇਸ਼ਨ ਸਮੇਂ ਸਾਰੀ ਜਾਣਕਾਰੀ ਧਿਆਨ ਨਾਲ ਭਰਨ।

ਬਠਿੰਡਾ ਕਾਂਗਰਸ ਮੀਟਿੰਗ ‘ਚ ਧੜੇਬੰਦੀ ਖੁੱਲ ਕੇ ਆਈ ਸਾਹਮਣੇ, ਕਾਂਗੜ–ਜਸ਼ਨ ਚਹਲ ਵਿਚ ਤਿੱਖੀ ਤਕਰਾਰ

ਬਠਿੰਡਾ :- ਬਠਿੰਡਾ ਵਿੱਚ ਹੋਈ ਕਾਂਗਰਸ ਪਾਰਟੀ ਦੀ ਇੱਕ ਅਹੰਕਾਰਪੂਰਨ ਮੀਟਿੰਗ ਦੌਰਾਨ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਧੜੇਬੰਦੀ ਇਕ ਵਾਰ ਫਿਰ ਸਾਫ਼ ਤੌਰ ‘ਤੇ ਸਾਹਮਣੇ ਆ ਗਈ। ਮੀਟਿੰਗ ਵਿਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਮਪੁਰਾ ਹਲਕੇ ਤੋਂ ਕਾਂਗਰਸੀ ਆਗੂ ਜਸ਼ਨ ਚਹਲ ਦਰਮਿਆਨ ਹੋਈ ਤਿੱਖੀ ਬਹਿਸ ਨੇ ਮਾਹੌਲ ਨੂੰ ਤਣਾਅਪੂਰਨ ਬਣਾ ਦਿੱਤਾ, ਜਿਸ ਤੋਂ ਬਾਅਦ ਦੋਵਾਂ ਪੱਖਾਂ ਦੇ ਵਰਕਰਾਂ ਵੱਲੋਂ ਆਪਸ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।

ਭਗਵਾਨ ਰਾਮ ਹਾਲ ‘ਚ ਚਾਰ ਜ਼ਿਲ੍ਹਿਆਂ ਦੇ ਆਗੂ ਸਨ ਮੌਜੂਦ
ਇਹ ਘਟਨਾ ਬਠਿੰਡਾ ਦੇ ਭਗਵਾਨ ਰਾਮ ਹਾਲ ਵਿਖੇ ਉਸ ਸਮੇਂ ਵਾਪਰੀ, ਜਦੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਫਰੀਦਕੋਟ ਜ਼ਿਲ੍ਹਿਆਂ ਤੋਂ ਕਾਂਗਰਸ ਦੇ ਆਗੂ ਅਤੇ ਵਰਕਰ ਮੀਟਿੰਗ ਵਿੱਚ ਸ਼ਾਮਲ ਹੋਏ ਹੋਏ ਸਨ। ਮੀਟਿੰਗ ਦਾ ਮਕਸਦ ਆਉਣ ਵਾਲੀਆਂ ਪਾਰਟੀ ਗਤੀਵਿਧੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਨਾ ਸੀ, ਪਰ ਗੱਲਬਾਤ ਜਲਦੀ ਹੀ ਤਕਰਾਰ ਵਿੱਚ ਬਦਲ ਗਈ।

ਕਾਂਗੜ ਦੇ ਦੋਸ਼, ‘ਬਾਹਰੀ ਤਾਕਤਾਂ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀਆਂ’
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮੀਟਿੰਗ ਦੌਰਾਨ ਇਲਜ਼ਾਮ ਲਗਾਇਆ ਕਿ ਕੁਝ ਬਾਹਰੀ ਤੱਤ ਕਾਂਗਰਸ ਵਿੱਚ ਦਾਖ਼ਲ ਹੋ ਕੇ ਪਾਰਟੀ ਦਾ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹੀ ਲੋਕ ਬਲਾਕ ਕਮੇਟੀ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੰਮ ਕਰਦੇ ਰਹੇ ਹਨ, ਜਿਸ ਕਾਰਨ ਕਾਂਗਰਸ ਨੂੰ ਨੁਕਸਾਨ ਝੱਲਣਾ ਪਿਆ।

ਜਸ਼ਨ ਚਹਲ ਦਾ ਪਲਟਵਾਰ, ‘ਭਾਜਪਾ ਤੋਂ ਆਏ ਲੋਕ ਕਰ ਰਹੇ ਹਨ ਗੜਬੜ’
ਇਸ ‘ਤੇ ਜਸ਼ਨ ਚਹਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਵਿੱਚ ਉਲਝਣ ਪੈਦਾ ਕਰਨ ਵਾਲੇ ਉਹ ਲੋਕ ਹਨ ਜੋ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਏ ਹਨ। ਦੋਹਾਂ ਪਾਸਿਆਂ ਵੱਲੋਂ ਹੋਈ ਨਾਅਰੇਬਾਜ਼ੀ ਨਾਲ ਹਾਲ ਵਿੱਚ ਕੁਝ ਸਮੇਂ ਲਈ ਹਾਲਾਤ ਬੇਕਾਬੂ ਹੋ ਗਏ।

11 ਜਨਵਰੀ ਨੂੰ ਲਹਿਰਾ ਮੁਹੱਬਤ ‘ਚ ਹੋਵੇਗੀ ਕਾਂਗਰਸ ਦੀ ਰੈਲੀ
ਇਹ ਮੀਟਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਠਿੰਡਾ ਸਕੱਤਰ ਇੰਚਾਰਜ ਰਵਿੰਦਰ ਡਾਲਵੀ ਦੀ ਦੇਖਰੇਖ ਹੇਠ ਆਯੋਜਿਤ ਕੀਤੀ ਗਈ ਸੀ। ਡਾਲਵੀ ਨੇ ਦੱਸਿਆ ਕਿ 11 ਜਨਵਰੀ ਨੂੰ ਲਹਿਰਾ ਮੁਹੱਬਤ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ, ਜੋ ਮਨਰੇਗਾ ਮਜ਼ਦੂਰਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਹੋਵੇਗੀ। ਉਨ੍ਹਾਂ ਮੁਤਾਬਕ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਆਗੂਆਂ ਤੋਂ ਮਜ਼ਦੂਰਾਂ ਨੂੰ ਸ਼ਾਮਲ ਕਰਨ ਸੰਬੰਧੀ ਸੁਝਾਅ ਮੰਗੇ ਜਾ ਰਹੇ ਹਨ।

ਧੜੇਬੰਦੀ ਨੇ ਮੀਟਿੰਗ ਦੀ ਮਕਸਦ ‘ਤੇ ਖੜ੍ਹੇ ਕੀਤੇ ਸਵਾਲ
ਮੀਟਿੰਗ ਦੌਰਾਨ ਹੋਈ ਤਕਰਾਰ ਨੇ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਖਿੱਚ ਨੂੰ ਫਿਰ ਉਜਾਗਰ ਕਰ ਦਿੱਤਾ ਹੈ। ਆਗੂਆਂ ਵਿਚਕਾਰ ਖੁੱਲੀ ਬਹਿਸ ਅਤੇ ਵਰਕਰਾਂ ਦੀ ਨਾਅਰੇਬਾਜ਼ੀ ਨੇ ਪਾਰਟੀ ਦੀ ਏਕਤਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਕਾਸ਼ੀ ਐਕਸਪ੍ਰੈਸ ‘ਚ ਬੰਬ ਦੀ ਧਮਕੀ ਨਾਲ ਹੜਕੰਪ, ਮਾਊ ਸਟੇਸ਼ਨ ‘ਤੇ ਟ੍ਰੇਨ ਖਾਲੀ ਕਰਵਾ ਕੇ ਤਲਾਸ਼ੀ

ਉੱਤਰ ਪ੍ਰਦੇਸ਼ :- ਮੰਗਲਵਾਰ ਨੂੰ ਗੋਰਖਪੁਰ ਤੋਂ ਲੋਕਮਾਨਿਆ ਤਿਲਕ ਟਰਮੀਨਲ (ਮੁੰਬਈ) ਵੱਲ ਜਾ ਰਹੀ ਕਾਸ਼ੀ ਐਕਸਪ੍ਰੈਸ ‘ਚ ਬੰਬ ਰੱਖੇ ਜਾਣ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਟ੍ਰੇਨ ਵਿੱਚ ਮੌਜੂਦ ਯਾਤਰੀਆਂ ‘ਚ ਅਚਾਨਕ ਘਬਰਾਹਟ ਫੈਲ ਗਈ ਅਤੇ ਰੇਲਵੇ ਪ੍ਰਸ਼ਾਸਨ ਨੇ ਤੁਰੰਤ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ।

ਸਟੇਸ਼ਨ ‘ਤੇ ਪਹੁੰਚਦੇ ਹੀ ਕਾਰਵਾਈ, ਯਾਤਰੀ ਬਾਹਰ ਕੱਢੇ
ਧਮਕੀ ਦੀ ਜਾਣਕਾਰੀ ਮਿਲਣ ਮਗਰੋਂ ਜਦੋਂ ਟ੍ਰੇਨ ਮਾਊ ਰੇਲਵੇ ਸਟੇਸ਼ਨ ‘ਤੇ ਦਾਖ਼ਲ ਹੋਈ, ਤਾਂ ਪੁਲਸ, ਰਾਜ ਰੇਲਵੇ ਪੁਲਸ ਅਤੇ ਰੇਲਵੇ ਸੁਰੱਖਿਆ ਬਲ ਦੀ ਸਾਂਝੀ ਟੀਮ ਨੇ ਬਿਨਾਂ ਦੇਰੀ ਕੀਤੇ ਟ੍ਰੇਨ ਨੂੰ ਖਾਲੀ ਕਰਵਾ ਦਿੱਤਾ। ਇਸ ਦੌਰਾਨ ਕਈ ਯਾਤਰੀ ਡਰ ਦੇ ਮਾਹੌਲ ‘ਚ ਪਲੇਟਫਾਰਮ ਵੱਲ ਦੌੜਦੇ ਨਜ਼ਰ ਆਏ।

ਬੰਬ ਨਿਰੋਧਕ ਦਸਤਾ ਮੌਕੇ ‘ਤੇ, ਹਰ ਕੋਚ ਦੀ ਜਾਂਚ
ਸੁਰੱਖਿਆ ਏਜੰਸੀਆਂ ਵੱਲੋਂ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਟ੍ਰੇਨ ਦੇ ਹਰੇਕ ਕੋਚ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਪਲੇਟਫਾਰਮ ਨੰਬਰ ਇੱਕ ਸਮੇਤ ਆਲੇ-ਦੁਆਲੇ ਦੇ ਖੇਤਰ ਨੂੰ ਘੇਰ ਕੇ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਗਿਆ।

ਸਵੇਰੇ 9:30 ਵਜੇ ਮਿਲੀ ਸੀ ਧਮਕੀ ਦੀ ਸੂਚਨਾ
ਪੁਲਸ ਸੁਪਰਡੈਂਟ ਇਲਾ ਮਾਰਨ ਨੇ ਦੱਸਿਆ ਕਿ ਸਵੇਰੇ ਕਰੀਬ 9:30 ਵਜੇ ਕੰਟਰੋਲ ਰੂਮ ਨੂੰ ਕਾਸ਼ੀ ਐਕਸਪ੍ਰੈਸ ‘ਤੇ ਬੰਬ ਧਮਕੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਾਰੀਆਂ ਸਬੰਧਤ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ ਅਤੇ ਮਾਊ ਸਟੇਸ਼ਨ ‘ਤੇ ਸੁਰੱਖਿਆ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ।

ਸ਼ੱਕੀ ਬੈਗ ਮਿਲਿਆ, ਪਰ ਕੋਈ ਖ਼ਤਰਨਾਕ ਸਮੱਗਰੀ ਨਹੀਂ
ਖ਼ਬਰ ਲਿਖੇ ਜਾਣ ਤੱਕ ਜਾਂਚ ਦੌਰਾਨ ਇੱਕ ਸ਼ੱਕੀ ਬੈਗ ਬਰਾਮਦ ਹੋਇਆ, ਪਰ ਤਲਾਸ਼ੀ ‘ਚ ਉਸ ‘ਚੋਂ ਕੋਈ ਬੰਬ ਜਾਂ ਹੋਰ ਵਿਸਫੋਟਕ ਸਮੱਗਰੀ ਨਹੀਂ ਮਿਲੀ। ਫਿਰ ਵੀ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਰਹੀਆਂ।

ਜਾਂਚ ਪੂਰੀ ਹੋਣ ਮਗਰੋਂ ਹੀ ਅੱਗੇ ਰਵਾਨਗੀ
ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਪੂਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਟ੍ਰੇਨ ਦੀ ਅੱਗੇ ਰਵਾਨਗੀ ਬਾਰੇ ਫੈਸਲਾ ਲਿਆ ਜਾਵੇਗਾ। ਅਚਾਨਕ ਹੋਈ ਇਸ ਕਾਰਵਾਈ ਨਾਲ ਯਾਤਰੀਆਂ ‘ਚ ਕੁਝ ਸਮੇਂ ਲਈ ਘਬਰਾਹਟ ਰਹੀ, ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।

ਸਰਬਜੀਤ ਕੌਰ ਮਾਮਲੇ ਚ ਵੱਡੀ ਅੱਪਡੇਟ, ਭਾਰਤ ਵਾਪਸੀ ਫੇਰ ਤੋਂ ਟਲੀ!

ਅੰਮ੍ਰਿਤਸਰ :- ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਦੀ ਭਾਰਤ ਵਾਪਸੀ ਨੂੰ ਇੱਕ ਵਾਰ ਮੁੜ ਟਾਲ ਦਿੱਤਾ ਗਿਆ ਹੈ। ਅਟਾਰੀ–ਵਾਹਗਾ ਸਰਹੱਦ ਰਾਹੀਂ ਹੋਣ ਵਾਲੀ ਉਸ ਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਐਨ ਆਖਰੀ ਸਮੇਂ ‘ਤੇ ਰੋਕ ਦਿੱਤੀ ਗਈ, ਜਿਸ ਕਾਰਨ ਉਸ ਦੀ ਭਾਰਤ ਵਾਪਸੀ ਇਕ ਵਾਰ ਫਿਰ ਅਟਕ ਗਈ ਹੈ।

ਅਦਾਲਤੀ ਮਾਮਲੇ ਦਾ ਹਵਾਲਾ, ਗ੍ਰਹਿ ਮੰਤਰਾਲੇ ਦਾ ਫੈਸਲਾ
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਅਦਾਲਤ ਵਿੱਚ ਚੱਲ ਰਹੇ ਕੇਸ ਦਾ ਹਵਾਲਾ ਦਿੰਦਿਆਂ ਸਪਸ਼ਟ ਕੀਤਾ ਗਿਆ ਹੈ ਕਿ ਜਦ ਤੱਕ ਮਾਮਲੇ ‘ਚ ਅੰਤਿਮ ਫੈਸਲਾ ਨਹੀਂ ਆ ਜਾਂਦਾ, ਤਦ ਤੱਕ ਸਰਬਜੀਤ ਕੌਰ ਨੂੰ ਭਾਰਤ ਭੇਜਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਕਾਨੂੰਨੀ ਪ੍ਰਕਿਰਿਆ ਅਧੂਰੀ ਹੋਣ ਕਾਰਨ ਉਸ ਦੀ ਰਵਾਨਗੀ ‘ਤੇ ਰੋਕ ਲਗਾਈ ਗਈ ਹੈ।

ਵੀਜ਼ਾ ਮਿਆਦ ਖ਼ਤਮ ਹੋਣ ‘ਤੇ ਲੱਗਿਆ ਜੁਰਮਾਨਾ
ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਰਬਜੀਤ ਕੌਰ ‘ਤੇ ਵੀਜ਼ਾ ਦੀ ਮਿਆਦ ਖ਼ਤਮ ਹੋਣ ਦੇ ਮਾਮਲੇ ‘ਚ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 40 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਲਗਭਗ 2 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਦੇ ਬਾਵਜੂਦ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਉਸ ਨੂੰ ਲੈਣ ਲਈ ਸਰਹੱਦ ‘ਤੇ ਤਿਆਰੀ ਪੂਰੀ ਸੀ, ਪਰ ਪਾਕਿਸਤਾਨੀ ਪਾਸੇ ਤੋਂ ਹਰੀ ਝੰਡੀ ਨਹੀਂ ਮਿਲੀ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੌਰਾਨ ਗਈ ਸੀ ਪਾਕਿਸਤਾਨ
ਸਰਬਜੀਤ ਕੌਰ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਯਾਤਰਾ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਉਸ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸ ਨਾਲ ਪਰਿਵਾਰ ਅਤੇ ਸਿੱਖ ਜਗਤ ‘ਚ ਚਿੰਤਾ ਫੈਲ ਗਈ ਸੀ।

ਧਰਮ ਪਰਿਵਰਤਨ ਅਤੇ ਨਿਕਾਹ ਦੀ ਗੱਲ ਆਈ ਸਾਹਮਣੇ
ਬਾਅਦ ਵਿੱਚ ਪਾਕਿਸਤਾਨੀ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਕਿ ਸਰਬਜੀਤ ਕੌਰ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ ਅਤੇ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਸਰਬਜੀਤ ਦੇ ਬਿਆਨਾਂ ਅਨੁਸਾਰ ਉਸ ਦੀ ਨਾਸਿਰ ਨਾਲ ਜਾਣ-ਪਹਿਚਾਣ ਇੱਕ ਮੋਬਾਈਲ ਐਪ ਰਾਹੀਂ ਹੋਈ ਸੀ, ਜਦੋਂ ਨਾਸਿਰ ਸਾਊਦੀ ਅਰਬ ਵਿੱਚ ਨੌਕਰੀ ਕਰਦਾ ਸੀ।

ਪਾਕਿ ਸਰਕਾਰ ਦਾ ਦਾਅਵਾ: ਆਪਣੀ ਮਰਜ਼ੀ ਨਾਲ ਲਿਆ ਫੈਸਲਾ
ਪਾਕਿਸਤਾਨੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਔਰਤ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਅਤੇ ਨਿਕਾਹ ਕੀਤਾ ਹੈ ਅਤੇ ਇਸ ਸਬੰਧੀ ਪਟੀਸ਼ਨ ਇਸ ਵੇਲੇ ਅਦਾਲਤ ‘ਚ ਵਿਚਾਰ ਅਧੀਨ ਹੈ। ਮੰਤਰਾਲੇ ਮੁਤਾਬਕ ਜਦ ਤੱਕ ਅਦਾਲਤ ਆਪਣਾ ਅੰਤਿਮ ਹੁਕਮ ਨਹੀਂ ਸੁਣਾਉਂਦੀ ਅਤੇ ਕਾਨੂੰਨੀ ਕਾਰਵਾਈ ਪੂਰੀ ਨਹੀਂ ਹੁੰਦੀ, ਤਦ ਤੱਕ ਸਰਬਜੀਤ ਕੌਰ ਦੀ ਭਾਰਤ ਵਾਪਸੀ ਸੰਭਵ ਨਹੀਂ।

ਅਣਮਿੱਥੇ ਸਮੇਂ ਲਈ ਟਲ੍ਹੀ ਵਾਪਸੀ
ਇਸ ਤਾਜ਼ਾ ਫੈਸਲੇ ਨਾਲ ਸਰਬਜੀਤ ਕੌਰ ਦੀ ਭਾਰਤ ਵਾਪਸੀ ਹੁਣ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ। ਦੂਜੇ ਪਾਸੇ, ਭਾਰਤ ਵਿੱਚ ਉਸ ਦੇ ਪਰਿਵਾਰ ਅਤੇ ਸਿੱਖ ਸੰਗਠਨਾਂ ਵੱਲੋਂ ਮਾਮਲੇ ‘ਚ ਜਲਦ ਹੱਲ ਦੀ ਮੰਗ ਕੀਤੀ ਜਾ ਰਹੀ ਹੈ।

ਮੋਗਾ ਅਦਾਲਤ ਦਾ ਵੱਡਾ ਫੈਸਲਾ: ਬਲਾਤਕਾਰ ਮਾਮਲੇ ’ਚ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਕੈਦ

ਮੋਗਾ :- ਗੁਰਦੁਆਰਾ ਥੱਥ ਚਰਨਘਾਟ ਦੇ ਮੁੱਖੀ ਬਾਬਾ ਬਲਜਿੰਦਰ ਸਿੰਘ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਸਥਾਨਕ ਅਦਾਲਤ ਨੇ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਦੋਸ਼ੀ ’ਤੇ 55 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ।

2024 ਵਿੱਚ ਦਰਜ ਹੋਇਆ ਸੀ ਮਾਮਲਾ
ਇਹ ਮਾਮਲਾ ਸਤੰਬਰ 2024 ਵਿੱਚ ਦਰਜ ਕੀਤਾ ਗਿਆ ਸੀ, ਜਿਸ ਵਿੱਚ ਇੱਕ ਲੜਕੀ ਨੇ ਦੋਸ਼ ਲਗਾਇਆ ਸੀ ਕਿ ਬਾਬਾ ਬਲਜਿੰਦਰ ਸਿੰਘ ਨੇ ਉਸ ਨਾਲ ਇੱਕ ਹੋਟਲ ਅਤੇ ਡੇਰਾ ਕਮਰੇ ਵਿੱਚ ਜਬਰ ਜਨਾਹ ਕੀਤਾ। ਪੀੜਤਾ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।

ਅਦਾਲਤ ਨੇ ਦੋਸ਼ ਸਾਬਤ ਮੰਨੇ
ਲੰਬੀ ਸੁਣਵਾਈ ਅਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਬਾਬਾ ਬਲਜਿੰਦਰ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਇਹ ਸਜ਼ਾ ਸੁਣਾਈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪੇਸ਼ ਕੀਤੇ ਗਏ ਸਬੂਤ ਅਤੇ ਗਵਾਹੀਆਂ ਦੋਸ਼ ਸਾਬਤ ਕਰਨ ਲਈ ਕਾਫ਼ੀ ਹਨ।

ਫੈਸਲੇ ਨਾਲ ਖੇਤਰ ’ਚ ਚਰਚਾ
ਅਦਾਲਤੀ ਫੈਸਲੇ ਤੋਂ ਬਾਅਦ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਮਾਮਲੇ ਨੇ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਨਾਲ ਜੁੜੇ ਲੋਕਾਂ ਦੀ ਜਵਾਬਦੇਹੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ।

ਤਰਨਤਾਰਨ ਦੀਆਂ ਚਾਰ ਗਰਾਮ ਪੰਚਾਇਤਾਂ ’ਚ 18 ਜਨਵਰੀ ਨੂੰ ਚੋਣਾਂ, ਲਗੀਆਂ ਸਖ਼ਤ ਪਾਬੰਦੀਆਂ, ਹਥਿਆਰ ਲੈ ਕੇ ਫਿਰਣ ’ਤੇ ਸਖ਼ਤ ਰੋਕ

ਤਰਨਤਾਰਨ :- ਜ਼ਿਲ੍ਹਾ ਤਰਨਤਾਰਨ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਹਨ। ਪੰਜਾਬ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਧੀਨ 18 ਜਨਵਰੀ 2026 ਨੂੰ ਜ਼ਿਲ੍ਹੇ ਦੀਆਂ ਚਾਰ ਗਰਾਮ ਪੰਚਾਇਤਾਂ ਵਿੱਚ ਵੋਟਿੰਗ ਕਰਵਾਈ ਜਾ ਰਹੀ ਹੈ, ਜਿਸਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਹਿਮ ਹੁਕਮ ਜਾਰੀ ਕੀਤੇ ਗਏ ਹਨ।

ਕਿਹੜੀਆਂ ਗਰਾਮ ਪੰਚਾਇਤਾਂ ’ਚ ਹੋਵੇਗੀ ਵੋਟਿੰਗ
ਇਹ ਚੋਣਾਂ ਪਿੰਡ ਕਾਜ਼ੀਕੋਟ, ਕੱਕਾ ਕੰਡਿਆਲਾ, ਪੰਡੋਰੀ ਗੋਲਾ ਅਤੇ ਮਾੜੀ ਕੰਬੋਕੇ ਵਿੱਚ ਕਰਵਾਈਆਂ ਜਾਣਗੀਆਂ। ਚੋਣ ਪ੍ਰਕਿਰਿਆ ਨੂੰ ਸੁਚੱਜੇ ਅਤੇ ਬਿਨਾਂ ਕਿਸੇ ਵਿਘਨ ਦੇ ਪੂਰਾ ਕਰਨ ਲਈ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।

ਹਥਿਆਰਾਂ ’ਤੇ ਪੂਰਨ ਪਾਬੰਦੀ ਦੇ ਹੁਕਮ
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਹੁਲ, ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਪਰੋਕਤ ਪਿੰਡਾਂ ਦੀ ਹਦੂਦ ਅੰਦਰ ਲਾਇਸੰਸੀ ਹਥਿਆਰ, ਗੋਲੀ-ਸਿੱਕਾ, ਵਿਸਫੋਟਕ ਸਮੱਗਰੀ ਜਾਂ ਕਿਸੇ ਵੀ ਕਿਸਮ ਦੇ ਮਾਰੂ ਹਥਿਆਰ ਨਾਲ ਲੈ ਕੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ।

ਨਾਮਜ਼ਦਗੀ ਤੋਂ ਵੋਟਿੰਗ ਤੱਕ ਪੂਰਾ ਚੋਣੀ ਸ਼ਡਿਊਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰ 5 ਜਨਵਰੀ ਤੋਂ 8 ਜਨਵਰੀ 2026 ਨੂੰ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰ ਸਕਣਗੇ। 9 ਜਨਵਰੀ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 10 ਜਨਵਰੀ ਨੂੰ ਦੁਪਹਿਰ 3 ਵਜੇ ਤੱਕ ਨਾਮ ਵਾਪਸ ਲਏ ਜਾ ਸਕਣਗੇ।

18 ਜਨਵਰੀ ਨੂੰ ਸਵੇਰ ਤੋਂ ਸ਼ਾਮ ਤੱਕ ਵੋਟਿੰਗ
ਚੋਣ ਅਧਿਕਾਰੀਆਂ ਮੁਤਾਬਕ 18 ਜਨਵਰੀ 2026 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਿੰਗ ਮੁਕੰਮਲ ਹੋਣ ਉਪਰੰਤ ਉਸੇ ਦਿਨ ਅਤੇ ਓਹੀ ਪੋਲਿੰਗ ਸੈਂਟਰਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

ਚੋਣ ਜ਼ਾਬਤਾ ਲਾਗੂ
ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ ਚੋਣੀ ਪ੍ਰਕਿਰਿਆ ਦੇ ਪੂਰਾ ਹੋਣ ਤੱਕ ਸਬੰਧਤ ਗਰਾਮ ਪੰਚਾਇਤਾਂ ਦੇ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਰਹੇਗਾ।

ਦਿੱਲੀ ਮੈਟਰੋ ਦੇ ਰਿਹਾਇਸ਼ੀ ਕੁਆਰਟਰਾਂ ’ਚ ਅੱਗ ਦਾ ਕਹਿਰ, 3 ਜਾਨਾਂ ਗਈਆਂ

ਨਵੀਂ ਦਿੱਲੀ :- ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਅਚਾਨਕ ਭਿਆਨਕ ਅੱਗ ਭੜਕ ਉਠੀ। ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੀ ਮੰਜ਼ਿਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਨਾਲ ਇੱਕ ਹੀ ਪਰਿਵਾਰ ਦੀ ਤਿੰਨ ਜਾਨਾਂ ਚਲੀ ਗਈਆਂ।

ਪੰਜਵੀਂ ਮੰਜ਼ਿਲ ਬਣੀ ਮੌਤ ਦਾ ਫੰਦਾ
ਦਿੱਲੀ ਫਾਇਰ ਸਰਵਿਸ ਮੁਤਾਬਕ ਰਾਤ ਕਰੀਬ ਢਾਈ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਡੀਐਮਆਰਸੀ ਦੇ ਰਿਹਾਇਸ਼ੀ ਕੰਪਲੈਕਸ ਦੀ ਪੰਜਵੀਂ ਮੰਜ਼ਿਲ ’ਤੇ ਸਥਿਤ ਇਕ ਫਲੈਟ ਵਿੱਚ ਲੱਗੀ ਹੋਈ ਸੀ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲੰਮੇ ਸਮੇਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।

ਧੂੰਏਂ ਅਤੇ ਅੱਗ ’ਚ ਘਿਰਿਆ ਪਰਿਵਾਰ ਨਹੀਂ ਬਚ ਸਕਿਆ
ਅੱਗ ਬੁਝਣ ਮਗਰੋਂ ਜਦੋਂ ਪੁਲਿਸ ਅਤੇ ਬਚਾਅ ਟੀਮਾਂ ਨੇ ਅੰਦਰ ਦਾਖ਼ਲ ਹੋ ਕੇ ਤਲਾਸ਼ੀ ਲਈ ਤਾਂ ਇਕ ਦਿਲ ਦਹਲਾ ਦੇਣ ਵਾਲਾ ਦ੍ਰਿਸ਼ ਸਾਹਮਣੇ ਆਇਆ। ਫਲੈਟ ਵਿੱਚੋਂ ਪਤੀ-ਪਤਨੀ ਅਤੇ ਉਨ੍ਹਾਂ ਦੀ 10 ਸਾਲਾ ਧੀ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਅਜੇ ਕੁਮਾਰ, ਉਨ੍ਹਾਂ ਦੀ ਪਤਨੀ ਨੀਲਮ ਅਤੇ ਧੀ ਜਾਹਨਵੀ ਵਜੋਂ ਹੋਈ ਹੈ।

ਕਾਰਨਾਂ ਦੀ ਪੜਤਾਲ ’ਚ ਜੁਟੀ ਪੁਲਿਸ
ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਫ਼ਤੀਸ਼ ਪੂਰੀ ਹੋਣ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਅੱਗ ਕਿਸ ਕਾਰਨ ਭੜਕੀ।