Home Blog Page 719

ਹਜ਼ਾਰਾਂ ਪੰਜਾਬੀਆਂ ਦੇ ਸੁਪਨਿਆਂ ਨੂੰ ਵੱਡਾ ਝਟਕਾ, ਕੈਨੇਡਾ ਵੱਲੋਂ ਮਾਪਿਆਂ ਦੀ ਸਪਾਂਸਰਸ਼ਿਪ ‘ਤੇ ਰੋਕ!

ਕੈਨੇਡਾ :- ਕੈਨੇਡਾ ਵਿੱਚ ਵਸਦੇ ਲੱਖਾਂ ਪਰਵਾਸੀਆਂ ਲਈ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਪੱਕੀ ਰਿਹਾਇਸ਼ ਦੇਣ ਵਾਲੀ ਸਪਾਂਸਰਸ਼ਿਪ ਸਕੀਮ ਹੇਠ ਨਵੇਂ ਫਾਰਮ ਲੈਣ ‘ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਇਸ ਫੈਸਲੇ ਨਾਲ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ, ਜੋ ਲੰਬੇ ਸਮੇਂ ਤੋਂ ਆਪਣੇ ਬਜ਼ੁਰਗਾਂ ਨੂੰ ਕੈਨੇਡਾ ਬੁਲਾਉਣ ਦੀ ਉਡੀਕ ਕਰ ਰਹੇ ਸਨ।

ਬੈਕਲੌਗ ਬਣਿਆ ਮੁੱਖ ਵਜ੍ਹਾ

ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਦੇ ਅਨੁਸਾਰ ਪੁਰਾਣੀਆਂ ਅਰਜ਼ੀਆਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਹੈ। ਸਰਕਾਰ ਦਾ ਮਤਲਬ ਹੈ ਕਿ ਮੌਜੂਦਾ ਅਰਜ਼ੀਆਂ ਦੇ ਨਿਪਟਾਰੇ ਤੋਂ ਪਹਿਲਾਂ ਨਵੀਆਂ ਅਰਜ਼ੀਆਂ ਲੈਣ ਨਾਲ ਪ੍ਰਣਾਲੀ ‘ਤੇ ਹੋਰ ਬੋਝ ਪਵੇਗਾ, ਇਸ ਲਈ ਅਸਥਾਈ ਰੋਕ ਲਗਾਈ ਗਈ ਹੈ।

ਲੌਟਰੀ ਪ੍ਰਣਾਲੀ ਤੱਕ ਹੀ ਸੀਮਿਤ ਮੌਕਾ

ਨਵੇਂ ਫੈਸਲੇ ਤਹਿਤ ਹੁਣ ਸਿਰਫ਼ ਉਹਨਾਂ ਅਰਜ਼ੀਕਾਰਾਂ ਨੂੰ ਹੀ ਸੱਦਾ ਦਿੱਤਾ ਜਾਵੇਗਾ, ਜਿਨ੍ਹਾਂ ਨੇ ਪਹਿਲਾਂ ਹੀ ‘ਇੰਟਰੈਸਟ ਟੂ ਸਪਾਂਸਰ’ ਫਾਰਮ ਭਰਿਆ ਹੋਇਆ ਹੈ। ਨਵੇਂ ਲੋਕਾਂ ਲਈ ਇਸ ਸਮੇਂ ਸਪਾਂਸਰਸ਼ਿਪ ਪੂਲ ਵਿੱਚ ਦਾਖ਼ਲਾ ਲੈਣ ਦਾ ਕੋਈ ਰਾਹ ਨਹੀਂ ਛੱਡਿਆ ਗਿਆ।

ਸੁਪਰ ਵੀਜ਼ਾ ਹੀ ਰਹਿ ਗਿਆ ਇਕੱਲਾ ਵਿਕਲਪ

ਪੱਕੀ ਰਿਹਾਇਸ਼ ਵਾਲੀ ਸਪਾਂਸਰਸ਼ਿਪ ਰੁਕਣ ਕਾਰਨ ਹੁਣ ਮਾਪਿਆਂ ਲਈ ਸਿਰਫ਼ ਸੁਪਰ ਵੀਜ਼ਾ ਦਾ ਰਾਹ ਹੀ ਬਚਦਾ ਹੈ। ਇਸ ਵੀਜ਼ੇ ਰਾਹੀਂ ਬਜ਼ੁਰਗ ਪੰਜ ਤੋਂ ਦਸ ਸਾਲ ਤੱਕ ਕੈਨੇਡਾ ਰਹਿ ਸਕਦੇ ਹਨ, ਪਰ ਉਨ੍ਹਾਂ ਨੂੰ ਪੱਕੀ ਰਿਹਾਇਸ਼ ਜਾਂ ਨਾਗਰਿਕਤਾ ਦਾ ਹੱਕ ਨਹੀਂ ਮਿਲਦਾ।

ਪੰਜਾਬੀ ਭਾਈਚਾਰੇ ‘ਚ ਨਾਰਾਜ਼ਗੀ

ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦਾ ਕਹਿਣਾ ਹੈ ਕਿ ਪਰਿਵਾਰ ਬਜ਼ੁਰਗਾਂ ਤੋਂ ਬਿਨਾਂ ਅਧੂਰਾ ਹੁੰਦਾ ਹੈ। ਬੱਚਿਆਂ ਦੀ ਦੇਖਭਾਲ ਤੋਂ ਲੈ ਕੇ ਘਰੇਲੂ ਜੀਵਨ ਤੱਕ ਮਾਪਿਆਂ ਦੀ ਮੌਜੂਦਗੀ ਬਹੁਤ ਅਹਿਮ ਹੁੰਦੀ ਹੈ। ਸਪਾਂਸਰਸ਼ਿਪ ‘ਤੇ ਲੱਗੀ ਰੋਕ ਨਾਲ ਉਹ ਪਰਿਵਾਰ ਪ੍ਰਭਾਵਿਤ ਹੋਏ ਹਨ, ਜੋ ਸਾਰੇ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਚੁੱਕੇ ਸਨ।

ਇਮੀਗ੍ਰੇਸ਼ਨ ਨੀਤੀਆਂ ਹੋ ਸਕਦੀਆਂ ਹਨ ਹੋਰ ਸਖ਼ਤ

ਇਮੀਗ੍ਰੇਸ਼ਨ ਮਾਹਿਰਾਂ ਦਾ ਮਤਲਬ ਹੈ ਕਿ ਕੈਨੇਡਾ ਇਸ ਸਮੇਂ ਰਹਾਇਸ਼ੀ ਸੰਕਟ ਅਤੇ ਸਿਹਤ ਪ੍ਰਣਾਲੀ ‘ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਨਿਯਮਾਂ ਨੂੰ ਸਖ਼ਤ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਮਾਪਿਆਂ ਦੀ ਸਪਾਂਸਰਸ਼ਿਪ ਲਈ ਆਮਦਨ ਦੀ ਸ਼ਰਤ ਸਮੇਤ ਹੋਰ ਕਾਇਦੇ ਵੀ ਹੋਰ ਕਠੋਰ ਹੋ ਸਕਦੇ ਹਨ।

ਦਿੱਲੀ–ਐਨਸੀਆਰ ‘ਚ ਸਵੇਰੇ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ ਠੰਢ ਹੋਰ ਵਧਣ ਦੇ ਆਸਾਰ, ਪ੍ਰਦੂਸ਼ਣ ਤੋਂ ਰਾਹਤ ਦੀ ਉਮੀਦ

ਨਵੀਂ ਦਿੱਲੀ :- ਦਿੱਲੀ–ਐਨਸੀਆਰ, ਜੋ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਢ ਅਤੇ ਖ਼ਰਾਬ ਹਵਾ ਦੇ ਦਬਾਅ ਹੇਠ ਸੀ, ਉੱਥੇ ਸ਼ੁੱਕਰਵਾਰ ਸਵੇਰੇ ਮੌਸਮ ਨੇ ਅਚਾਨਕ ਕਰਵੱਟ ਬਦਲ ਲਈ। ਸਵੇਰ ਦੇ ਸਮੇਂ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਨਾ ਸਿਰਫ਼ ਤਾਪਮਾਨ ਵਿੱਚ ਗਿਰਾਵਟ ਆਈ, ਸਗੋਂ ਪ੍ਰਦੂਸ਼ਣ ਨਾਲ ਜੂਝ ਰਹੇ ਲੋਕਾਂ ਨੂੰ ਵੀ ਕੁਝ ਰਾਹਤ ਮਿਲਣ ਦੀ ਆਸ ਬਣੀ।

ਸਵੇਰ ਦੇ ਸਮੇਂ ਮੀਂਹ, ਦਫ਼ਤਰ ਜਾਣ ਵਾਲੇ ਲੋਕ ਪ੍ਰਭਾਵਿਤ

ਸਵੇਰੇ ਕਰੀਬ 6 ਤੋਂ 7 ਵਜੇ ਦੇ ਦਰਮਿਆਨ ਦਿੱਲੀ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਦੇ ਵੱਡੇ ਹਿੱਸਿਆਂ ਵਿੱਚ ਮੀਂਹ ਪਿਆ। ਦਫ਼ਤਰਾਂ ਅਤੇ ਕੰਮਕਾਜ ਲਈ ਨਿਕਲੇ ਲੋਕਾਂ ਨੂੰ ਸੜਕਾਂ ‘ਤੇ ਫਿਸਲਣ ਅਤੇ ਹੌਲੀ ਟ੍ਰੈਫਿਕ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਧੁੰਦ ਦਾ ਅਸਰ ਅੱਜ ਕਾਫ਼ੀ ਹੱਦ ਤੱਕ ਘੱਟ ਰਹਿਆ।

ਮੌਸਮ ਵਿਭਾਗ ਦੀ ਚੇਤਾਵਨੀ, ਤਾਪਮਾਨ ਹੋਰ ਡਿੱਗ ਸਕਦਾ ਹੈ

ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਅਨੁਮਾਨ ਮੁਤਾਬਕ ਰਾਜਧਾਨੀ ਦਿੱਲੀ, ਆਲੇ ਦੁਆਲੇ ਦੇ ਸ਼ਹਿਰਾਂ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਕੁਝ ਘੰਟਿਆਂ ਦੌਰਾਨ ਮੀਂਹ ਦੀ ਸੰਭਾਵਨਾ ਜਤਾਈ ਗਈ ਸੀ। ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਮੀਂਹ ਤੋਂ ਬਾਅਦ ਠੰਢ ਹੋਰ ਤੇਜ਼ ਮਹਿਸੂਸ ਹੋ ਸਕਦੀ ਹੈ।

ਪ੍ਰਦੂਸ਼ਣ ਨਾਲ ਜੂਝ ਰਹੀ ਦਿੱਲੀ ਨੂੰ ਮਿਲ ਸਕਦੀ ਹੈ ਰਾਹਤ

ਦਿੱਲੀ–ਐਨਸੀਆਰ ਵਿੱਚ ਮੀਂਹ ਦੀ ਉਡੀਕ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇਲਾਕੇ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਮਾੜੀ ਬਣੀ ਹੋਈ ਸੀ, ਜਿਸ ਕਾਰਨ ਸਾਹ ਸੰਬੰਧੀ ਬਿਮਾਰੀਆਂ ਵਿੱਚ ਵਾਧਾ ਦੇਖਿਆ ਗਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹਲਕੀ ਬਾਰਿਸ਼ ਨਾਲ ਵੀ ਹਵਾ ਵਿੱਚ ਮੌਜੂਦ ਧੂੜ ਅਤੇ ਪ੍ਰਦੂਸ਼ਕ ਕਣ ਕੁਝ ਹੱਦ ਤੱਕ ਥੱਲੇ ਬੈਠ ਸਕਦੇ ਹਨ, ਜਦਕਿ ਜ਼ਿਆਦਾ ਮੀਂਹ ਹਵਾ ਦੀ ਗੁਣਵੱਤਾ ਨੂੰ ਕਾਫ਼ੀ ਸੁਧਾਰ ਸਕਦਾ ਹੈ।

ਅਗਲੇ ਤਿੰਨ ਦਿਨਾਂ ਦਾ ਮੌਸਮੀ ਅੰਦਾਜ਼ਾ

ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਦਿੱਲੀ–ਐਨਸੀਆਰ ਵਿੱਚ ਅਗਲੇ ਤਿੰਨ ਦਿਨਾਂ ਤੱਕ ਠੰਢ ਦਾ ਕਹਿਰ ਜਾਰੀ ਰਹੇਗਾ।
10 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਅਤੇ ਵੱਧ ਤੋਂ ਵੱਧ 16 ਤੋਂ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
11 ਅਤੇ 12 ਜਨਵਰੀ ਨੂੰ ਤਾਪਮਾਨ ਹੋਰ ਘਟ ਕੇ ਘੱਟੋ-ਘੱਟ 5 ਤੋਂ 7 ਡਿਗਰੀ ਅਤੇ ਵੱਧ ਤੋਂ ਵੱਧ 15 ਤੋਂ 17 ਡਿਗਰੀ ਦੇ ਆਸਾਰ ਹਨ।
ਇਨ੍ਹਾਂ ਦਿਨਾਂ ਦੌਰਾਨ ਅਸਮਾਨ ਆਮ ਤੌਰ ‘ਤੇ ਸਾਫ਼ ਰਹੇਗਾ, ਪਰ ਸਵੇਰੇ ਸਮੇਂ ਧੁੰਦ ਲੋਕਾਂ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ।

ਮੀਂਹ ਤੋਂ ਬਾਅਦ ਵੀ ਸਾਵਧਾਨੀ ਦੀ ਲੋੜ

ਭਾਵੇਂ ਮੀਂਹ ਨਾਲ ਪ੍ਰਦੂਸ਼ਣ ਵਿੱਚ ਕੁਝ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਵੇਰੇ ਸਫ਼ਰ ਦੌਰਾਨ ਖ਼ਾਸ ਸਾਵਧਾਨੀ ਵਰਤੀ ਜਾਵੇ ਅਤੇ ਗਰਮ ਕੱਪੜਿਆਂ ਦੀ ਵਰਤੋਂ ਜਾਰੀ ਰੱਖੀ ਜਾਵੇ।

ਸਾਬਕਾ ਆਈਜੀ ਨਾਲ ਕਰੋੜਾਂ ਦੀ ਸਾਈਬਰ ਠੱਗੀ, ਪਟਿਆਲਾ ਅਦਾਲਤ ਨੇ ਛੇ ਮੁਲਜ਼ਮਾਂ ਬਾਰੇ ਸੁਣਾਇਆ ਹੁਕਮ

ਪਟਿਆਲਾ :- ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਡਾ. ਅਮਰ ਸਿੰਘ ਚਾਹਲ ਨਾਲ ਜੁੜੇ ਸਾਈਬਰ ਠੱਗੀ ਮਾਮਲੇ ਨੇ ਹੁਣ ਹੋਰ ਗੰਭੀਰ ਮੋੜ ਲੈ ਲਿਆ ਹੈ। ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤੇ ਗਏ ਸੱਤ ਮੁਲਜ਼ਮਾਂ ਵਿੱਚੋਂ ਛੇ ਨੂੰ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਵੱਖ-ਵੱਖ ਹੁਕਮ ਜਾਰੀ ਕੀਤੇ।

ਅਦਾਲਤੀ ਹੁਕਮਾਂ ‘ਚ ਵੰਡ, ਚਾਰ ਮੁਲਜ਼ਮ ਪੁਲਿਸ ਦੇ ਹਵਾਲੇ

ਸੁਣਵਾਈ ਦੌਰਾਨ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਣ ਦੀ ਮਨਜ਼ੂਰੀ ਦਿੱਤੀ। ਪੁਲਿਸ ਰਿਮਾਂਡ ‘ਤੇ ਭੇਜੇ ਗਏ ਮੁਲਜ਼ਮਾਂ ਵਿੱਚ ਪ੍ਰਤੀਕ, ਆਸ਼ੀਸ਼ ਪਾਂਡੇ ਅਤੇ ਰਣਜੀਤ ਸਿੰਘ ਦੇ ਨਾਮ ਸ਼ਾਮਲ ਹਨ। ਪੁਲਿਸ ਹੁਣ ਇਨ੍ਹਾਂ ਤੋਂ ਠੱਗੀ ਦੇ ਤਰੀਕਿਆਂ, ਤਕਨੀਕੀ ਸਾਧਨਾਂ ਅਤੇ ਪੈਸੇ ਦੇ ਰਸਤੇ ਬਾਰੇ ਪੁੱਛਗਿੱਛ ਕਰੇਗੀ।

ਦੋ ਮੁਲਜ਼ਮ ਜੇਲ੍ਹ ਭੇਜੇ, ਇਕ ਦੀ ਸਿਹਤ ਨੇ ਖੜ੍ਹਾ ਕੀਤਾ ਸਵਾਲ

ਅਦਾਲਤ ਨੇ ਚੰਦਰਕਾਂਤ ਅਤੇ ਸੋਮਨਾਥ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। ਇਸ ਦੌਰਾਨ ਚੰਦਰਕਾਂਤ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਾਜੇਂਦਰ ਹਸਪਤਾਲ ਦੇ ਵਾਰਡ ਨੰਬਰ ਦੋ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਸ ਨੂੰ ਸ਼ੂਗਰ ਨਾਲ ਸੰਬੰਧਤ ਸਮੱਸਿਆ ਆਈ ਹੈ।

ਜਾਂਚ ‘ਚ ਖੁਲ੍ਹੇ ਨਵੇਂ ਤੱਥ, 25 ਖਾਤੇ ਕੀਤੇ ਗਏ ਸੀਲ

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਠੱਗੀ ਦੀ ਰਕਮ ਨੂੰ ਛੁਪਾਉਣ ਲਈ ਕਈ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਗਈ। ਹੁਣ ਤੱਕ ਲਗਭਗ 25 ਖਾਤਿਆਂ ਨੂੰ ਫ੍ਰੀਜ ਕੀਤਾ ਜਾ ਚੁੱਕਾ ਹੈ, ਜਿਸ ਨਾਲ 8 ਕਰੋੜ 10 ਲੱਖ ਰੁਪਏ ਵਿੱਚੋਂ ਕਰੀਬ 3 ਕਰੋੜ ਰੁਪਏ ਦੀ ਲੈਣ-ਦੇਣ ‘ਤੇ ਤੁਰੰਤ ਰੋਕ ਲਗਾਈ ਗਈ ਹੈ।

ਮਹਾਰਾਸ਼ਟਰ ਤੱਕ ਫੈਲਿਆ ਠੱਗੀ ਦਾ ਜਾਲ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਈਬਰ ਠੱਗੀ ਦਾ ਇਹ ਜਾਲ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ, ਸਗੋਂ ਇਸ ਦੇ ਧਾਗੇ ਮਹਾਰਾਸ਼ਟਰ ਤੱਕ ਫੈਲੇ ਹੋਏ ਹਨ। ਇਸ ਨੈਟਵਰਕ ਨੂੰ ਤੋੜਨ ਲਈ ਪਟਿਆਲਾ ਪੁਲਿਸ ਦੀ ਹਾਈ-ਲੈਵਲ ਟੀਮ ਤਕਨੀਕੀ ਡਾਟਾ ਅਤੇ ਬੈਂਕਿੰਗ ਟ੍ਰੇਲ ਦੇ ਆਧਾਰ ‘ਤੇ ਲਗਾਤਾਰ ਕੰਮ ਕਰ ਰਹੀ ਸੀ।

ਰਕਮ ਘੁੰਮਾਉਣ ਲਈ ਅਪਣਾਈ ਗਈ ਚਾਲਾਕੀ

ਪੁਲਿਸ ਦੇ ਅਨੁਸਾਰ ਠੱਗਾਂ ਨੇ ਸਾਬਕਾ ਆਈਜੀ ਦੇ ਖਾਤੇ ਤੋਂ ਰਕਮ ਕੱਢ ਕੇ ਉਸ ਨੂੰ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ, ਤਾਂ ਜੋ ਪੈਸੇ ਦੀ ਅਸਲੀ ਮੰਜਿਲ ਤੱਕ ਪਹੁੰਚਣਾ ਮੁਸ਼ਕਲ ਬਣਾਇਆ ਜਾ ਸਕੇ। ਸਮੇਂ ‘ਤੇ ਬੈਂਕਾਂ ਨਾਲ ਸਾਂਝ ਪਾ ਕੇ ਖਾਤਿਆਂ ਨੂੰ ਸੀਲ ਕਰਵਾਉਣ ਨਾਲ ਵੱਡੀ ਰਕਮ ਬਚਾਉਣ ਵਿੱਚ ਸਫ਼ਲਤਾ ਮਿਲੀ।

ਹੋਰ ਗ੍ਰਿਫ਼ਤਾਰੀਆਂ ਦੇ ਸੰਕੇਤ

ਸਾਈਬਰ ਕ੍ਰਾਈਮ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਣ ਵਾਲੀ ਪੁੱਛਗਿੱਛ ਨਾਲ ਇਸ ਮਾਮਲੇ ‘ਚ ਹੋਰ ਨਾਮ ਅਤੇ ਨਵੇਂ ਖੁਲਾਸੇ ਸਾਹਮਣੇ ਆ ਸਕਦੇ ਹਨ। ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਲੋਹੜੀ ਤੋਂ ਪਹਿਲਾਂ ਪੰਜਾਬ–ਚੰਡੀਗੜ੍ਹ ‘ਚ ਸਰਦੀ, ਧੁੰਦ ਅਤੇ ਸੀਤ ਲਹਿਰ ਨੇ ਵਧਾਈ ਲੋਕਾਂ ਦੀ ਮੁਸ਼ਕਲ

ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਸਰਦੀ ਦਾ ਕਹਿਰ ਲਗਾਤਾਰ ਜਾਰੀ ਹੈ। ਲੋਹੜੀ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਅਸਰ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 9 ਜਨਵਰੀ ਲਈ ਧੁੰਦ ਅਤੇ ਕੋਲਡ ਡੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋਣ ਦੇ ਅਸਾਰ ਹਨ।

ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ, ਕਈ ਥਾਵਾਂ ‘ਤੇ ਕੋਲਡ ਡੇ

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਸਿਰਫ਼ 0.1 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਹੋਇਆ ਹੈ, ਪਰ ਇਹ ਹਾਲੇ ਵੀ ਆਮ ਤਾਪਮਾਨ ਨਾਲੋਂ ਲਗਭਗ 5.5 ਡਿਗਰੀ ਘੱਟ ਬਣਿਆ ਹੋਇਆ ਹੈ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਕੋਲਡ ਡੇ ਦੀ ਸਥਿਤੀ ਦਰਜ ਕੀਤੀ ਗਈ। ਅੰਮ੍ਰਿਤਸਰ ਵਿੱਚ ਧੁੰਦ ਇੰਨੀ ਘਣੀ ਰਹੀ ਕਿ ਵਿਜ਼ੀਬਿਲਟੀ 150 ਮੀਟਰ ਤੱਕ ਸੀਮਿਤ ਰਹੀ, ਜਦਕਿ ਬਠਿੰਡਾ ਕਰੀਬ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਇਲਾਕਾ ਰਿਹਾ।

ਪੱਛਮੀ ਡਿਸਟਰਬੈਂਸ ਅਤੇ ਤੇਜ਼ ਹਵਾਵਾਂ ਨੇ ਵਧਾਇਆ ਠੰਢ ਦਾ ਅਸਰ

ਮੌਸਮ ਵਿਭਾਗ ਦੇ ਮਤਾਬਕ ਜੰਮੂ ਦੇ ਨੇੜੇ ਬਣਿਆ ਪੱਛਮੀ ਡਿਸਟਰਬੈਂਸ ਹੁਣ ਉੱਤਰੀ ਪੰਜਾਬ ਵੱਲ ਸਰਕ ਚੁੱਕਾ ਹੈ, ਜੋ ਜ਼ਮੀਨ ਤੋਂ ਤਕਰੀਬਨ 3 ਕਿਲੋਮੀਟਰ ਉੱਚਾਈ ‘ਤੇ ਸਰਗਰਮ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਉੱਚਾਈ ‘ਤੇ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਸਰਦੀ ਹੋਰ ਤੀਖੀ ਮਹਿਸੂਸ ਕੀਤੀ ਜਾ ਰਹੀ ਹੈ।

ਕਿਹੜੇ ਜ਼ਿਲ੍ਹਿਆਂ ‘ਚ ਰਹੇਗਾ ਸਭ ਤੋਂ ਵੱਧ ਅਸਰ

ਅੱਜ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਠੰਢ ਦਾ ਪ੍ਰਭਾਵ ਵਧੇਰੇ ਰਹਿਣ ਦੀ ਸੰਭਾਵਨਾ ਹੈ। ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਵੀ ਸੀਤ ਲਹਿਰ ਵਰਗੀਆਂ ਹਾਲਤਾਂ ਬਣੀਆਂ ਰਹਿ ਸਕਦੀਆਂ ਹਨ।

ਅਗਲੇ ਤਿੰਨ ਦਿਨਾਂ ਦਾ ਮੌਸਮੀ ਅੰਦਾਜ਼ਾ

10 ਜਨਵਰੀ ਨੂੰ ਸੂਬੇ ਦੇ ਕਈ ਕੇਂਦਰੀ ਅਤੇ ਦੋਆਬਾ ਖੇਤਰਾਂ ਵਿੱਚ ਸੰਘਣੀ ਧੁੰਦ ਪੈਣ ਦੇ ਆਸਾਰ ਹਨ, ਜਦਕਿ ਦੱਖਣੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਠੰਢ ਦੀ ਲਹਿਰ ਜਾਰੀ ਰਹੇਗੀ। ਮੌਸਮ ਮੁੱਖ ਤੌਰ ‘ਤੇ ਸੁੱਕਾ ਰਹਿਣ ਦੀ ਉਮੀਦ ਹੈ।

11 ਜਨਵਰੀ ਨੂੰ ਪਠਾਨਕੋਟ ਤੋਂ ਲੈ ਕੇ ਮੋਹਾਲੀ ਤੱਕ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਰਾਤ ਦੇ ਸਮੇਂ ਧੁੰਦ ਲੋਕਾਂ ਲਈ ਮੁਸ਼ਕਲ ਬਣ ਸਕਦੀ ਹੈ।

12 ਜਨਵਰੀ ਨੂੰ ਵੀ ਇਹੋ ਜਿਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਧੁੰਦ ਦਾ ਅਸਰ ਜਾਰੀ ਰਹੇਗਾ, ਹਾਲਾਂਕਿ ਮੀਂਹ ਜਾਂ ਬੱਦਲਾਂ ਦੀ ਕੋਈ ਵੱਡੀ ਸੰਭਾਵਨਾ ਨਹੀਂ ਦੱਸੀ ਗਈ।

ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਵੇਰੇ ਸਫ਼ਰ ਦੌਰਾਨ ਸਾਵਧਾਨੀ ਵਰਤਣ, ਗਰਮ ਕੱਪੜੇ ਪਹਿਨਣ ਅਤੇ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਸਰਕਾਰ ਵਲੋਂ ਬਾਲ ਵਿਆਹਾਂ ਖ਼ਿਲਾਫ਼ ਸਖ਼ਤ ਰਵੱਈਆ, 2025-26 ਦੌਰਾਨ 64 ਮਾਮਲੇ ਸਮੇਂ ’ਤੇ ਰੋਕੇ : ਡਾ. ਬਲਜੀਤ ਕੌਰ

ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਬਾਲ ਵਿਆਹ ਵਰਗੀ ਗੰਭੀਰ ਸਮਾਜਿਕ ਬੁਰਾਈ ਨੂੰ ਸੂਬੇ ਵਿੱਚੋਂ ਖ਼ਤਮ ਕਰਨ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੀ ਸਮੇਂ ਸਿਰ ਦਖ਼ਲਅੰਦਾਜ਼ੀ ਕਾਰਨ ਕਈ ਥਾਵਾਂ ’ਤੇ ਬਾਲ ਵਿਆਹ ਹੋਣ ਤੋਂ ਪਹਿਲਾਂ ਹੀ ਰੋਕੇ ਗਏ ਹਨ।

ਮੌਜੂਦਾ ਵਿੱਤੀ ਸਾਲ ’ਚ 64 ਬਾਲ ਵਿਆਹ ਮਾਮਲੇ ਰੋਕੇ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਬੱਚਿਆਂ ਦੇ ਹੱਕਾਂ ਅਤੇ ਸੁਰੱਖਿਆ ਨੂੰ ਪਹਿਲ ਦਿੰਦਿਆਂ ਪੰਜਾਬ ਸਰਕਾਰ ਵੱਲੋਂ 64 ਬਾਲ ਵਿਆਹ ਮਾਮਲਿਆਂ ਨੂੰ ਸਫਲਤਾਪੂਰਵਕ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਬੰਧਤ ਵਿਭਾਗਾਂ ਦੀ ਸਾਂਝੀ ਕੋਸ਼ਿਸ਼ ਅਤੇ ਜਨਤਕ ਸਹਿਯੋਗ ਦਾ ਨਤੀਜਾ ਹੈ।

1098 ਹੈਲਪਲਾਈਨ ’ਤੇ ਦਿੱਤੀ ਜਾ ਸਕਦੀ ਹੈ ਸੂਚਨਾ

ਡਾ. ਬਲਜੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਵੀ ਬਾਲ ਵਿਆਹ ਹੋਣ ਦੀ ਜਾਣਕਾਰੀ ਮਿਲੇ, ਤਾਂ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਨਜ਼ਦੀਕੀ ਬਾਲ ਵਿਆਹ ਰੋਕਥਾਮ ਅਧਿਕਾਰੀ ਜਾਂ ਚਾਈਲਡ ਹੈਲਪਲਾਈਨ 1098 ’ਤੇ ਤੁਰੰਤ ਸੂਚਿਤ ਕੀਤਾ ਜਾਵੇ, ਤਾਂ ਜੋ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਪੋਰਟਲ ’ਤੇ ਉਪਲਬਧ ਹਨ ਬਾਲ ਵਿਆਹ ਰੋਕਥਾਮ ਅਧਿਕਾਰੀਆਂ ਦੇ ਵੇਰਵੇ

ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਬਾਲ ਵਿਆਹ ਰੋਕਣ ਲਈ ਨਿਯੁਕਤ ਸਾਰੇ ਅਧਿਕਾਰੀਆਂ ਦੀ ਜਾਣਕਾਰੀ ਭਾਰਤ ਸਰਕਾਰ ਦੇ ਰਾਸ਼ਟਰੀ ਬਾਲ ਵਿਆਹ ਮੁਕਤੀ ਪੋਰਟਲ ’ਤੇ ਅਪਲੋਡ ਕੀਤੀ ਗਈ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਜਨਤਕ ਪਹੁੰਚ ਆਸਾਨ ਹੋਈ ਹੈ।

ਸੂਬੇ ਭਰ ’ਚ 2,076 ਅਧਿਕਾਰੀ ਤਾਇਨਾਤ

ਬਾਲ ਵਿਆਹ ਦੀ ਪੂਰੀ ਤਰ੍ਹਾਂ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਜ਼ਿਲ੍ਹੇ ਅਤੇ ਬਲਾਕ ਪੱਧਰ ’ਤੇ 2,076 ਬਾਲ ਵਿਆਹ ਰੋਕਥਾਮ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਹ ਅਧਿਕਾਰੀ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੈਦਾਨੀ ਪੱਧਰ ’ਤੇ ਸਰਗਰਮ ਭੂਮਿਕਾ ਨਿਭਾ ਰਹੇ ਹਨ।

ਸੀਨੀਅਰ ਅਧਿਕਾਰੀਆਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਵੀ ਜ਼ਿੰਮੇਵਾਰੀ

ਡਾ. ਬਲਜੀਤ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਅਧੀਨ ਸਾਰੇ ਜ਼ਿਲ੍ਹਿਆਂ ਦੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਬਾਲ ਵਿਆਹ ਰੋਕਥਾਮ ਅਧਿਕਾਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਤਾਂ ਜੋ ਹਰ ਪੱਧਰ ’ਤੇ ਨਿਗਰਾਨੀ ਮਜ਼ਬੂਤ ਕੀਤੀ ਜਾ ਸਕੇ।

ਕਪੂਰਥਲਾ ਰੋਡ ਤੇ 2 ਮੋਟਰਸਾਈਕਲ ਸਵਾਰਾਂ ਦੀ ਟੱਕਰ, ਸਿਰ ਤੋਂ ਲੰਘਿਆ ਟਰੱਕ, ਇਕ ਦੀ ਮੌਤ

ਕਪੂਰਥਲਾ :-  ਸ਼ਹਿਰ ਦੇ ਸਰਕੂਲਰ ਰੋਡ ’ਤੇ ਸਵੇਰੇ ਸਮੇਂ ਇੱਕ ਭਿਆਨਕ ਸੜਕ ਹਾਦਸੇ ਨੇ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਤੋਂ ਬਾਅਦ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।

ਸੜਕ ’ਤੇ ਡਿੱਗਿਆ ਨੌਜਵਾਨ, ਟਰੱਕ ਦਾ ਟਾਇਰ ਸਿਰ ਤੋਂ ਲੰਘਿਆ

ਪ੍ਰਾਪਤ ਜਾਣਕਾਰੀ ਮੁਤਾਬਕ ਟੱਕਰ ਇਤਨੀ ਜ਼ਬਰਦਸਤ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਸੰਤੁਲਨ ਗੁਆ ਕੇ ਸੜਕ ’ਤੇ ਡਿੱਗ ਪਏ। ਇਸ ਦੌਰਾਨ ਪਿੱਛੋਂ ਆ ਰਹੇ ਇੱਕ ਟਰੱਕ ਦਾ ਪਿਛਲਾ ਟਾਇਰ ਇੱਕ ਨੌਜਵਾਨ ਦੇ ਸਿਰ ਤੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਗੌਰਵ ਵਜੋਂ, ਸਵੇਰੇ ਕੰਮ ਲਈ ਨਿਕਲਿਆ ਸੀ ਘਰੋਂ

ਹਾਦਸੇ ’ਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਗੌਰਵ ਪੁੱਤਰ ਲਾਲ ਚੰਦ, ਵਾਸੀ ਪੁਰਾਣਾ ਦਾਣਾ ਮੰਡੀ ਕਪੂਰਥਲਾ ਵਜੋਂ ਹੋਈ ਹੈ। ਪਰਿਵਾਰਕ ਸੂਤਰਾਂ ਅਨੁਸਾਰ ਗੌਰਵ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਲਈ ਘਰੋਂ ਨਿਕਲਿਆ ਸੀ, ਪਰ ਰਸਤੇ ਵਿੱਚ ਇਹ ਹਾਦਸਾ ਉਸ ਦੀ ਜਾਨ ਲੈ ਗਿਆ।

ਦੂਜੇ ਮੋਟਰਸਾਈਕਲ ਸਵਾਰ ਦੀ ਪਛਾਣ, ਪੁਲਸ ਜਾਂਚ ਵਿੱਚ ਜੁਟੀ

ਪੁਲਸ ਮੁਤਾਬਕ ਦੂਜੇ ਮੋਟਰਸਾਈਕਲ ’ਤੇ ਦਸ਼ਮੇਸ਼ ਕਾਲੋਨੀ ਦਾ ਰਹਿਣ ਵਾਲਾ ਹਰਸ਼ ਪੰਡਿਤ ਸਵਾਰ ਸੀ। ਸਰਕੂਲਰ ਰੋਡ ’ਤੇ ਦੋਵੇਂ ਵਾਹਨਾਂ ਦੀ ਟੱਕਰ ਕਿਵੇਂ ਹੋਈ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ’ਤੇ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਹੋ ਰਹੀ ਹੈ।

ਪੁਲਸ ਅਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚੀਆਂ

ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ, ਪੀਸੀਆਰ ਅਤੇ ਸਿਟੀ ਪੁਲਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।

ਪਰਿਵਾਰ ਦੇ ਬਿਆਨ ਦਰਜ, ਮਾਮਲੇ ਦੀ ਤਫ਼ਤੀਸ਼ ਜਾਰੀ

ਫਿਲਹਾਲ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦਰਦਨਾਕ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਅਕਾਲ ਤਖ਼ਤ ਸਾਹਿਬ ਵਿਰੁੱਧ ਸੋਸ਼ਲ ਮੀਡੀਆ ਸਮੱਗਰੀ ’ਤੇ ਭਾਜਪਾ ਆਗੂ ਵੱਲੋਂ ਪੁਲਿਸ ਕੋਲ ਸ਼ਿਕਾਇਤ

ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਨੇ ਹੁਣ ਕਾਨੂੰਨੀ ਰੁਖ ਅਖਤਿਆਰ ਕਰ ਲਿਆ ਹੈ। ਭਾਰਤੀ ਜਨਤਾ ਪਾਰਟੀ ਦੇ ਮਹਾਸਚਿਵ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਵੱਲੋਂ ਚੰਡੀਗੜ੍ਹ ਪੁਲਿਸ ਕੋਲ ਇਸ ਸਬੰਧੀ ਸਰਕਾਰੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸੋਸ਼ਲ ਮੀਡੀਆ ਵੀਡੀਓਜ਼ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਣ ਦਾ ਦੋਸ਼

ਡਾ. ਰਾਜੂ ਨੇ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਸੁਪਰਿੰਟੈਂਡੈਂਟ ਨੂੰ ਦਿੱਤੀ ਗਈ ਲਿਖਤੀ ਅਰਜ਼ੀ ਵਿੱਚ ਦਾਅਵਾ ਕੀਤਾ ਹੈ ਕਿ ਫੇਸਬੁੱਕ ’ਤੇ ਅੱਪਲੋਡ ਕੀਤੀ ਗਈ ਸਮੱਗਰੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਢੰਗ ਨਾਲ ਠੇਸ ਪਹੁੰਚਾਉਂਦੀ ਹੈ।

ਫੇਸਬੁੱਕ ਰੀਲਾਂ ’ਚ ਅਕਾਲ ਤਖ਼ਤ ਅਤੇ ਜਥੇਦਾਰ ਖ਼ਿਲਾਫ਼ ਟਿੱਪਣੀਆਂ

ਸ਼ਿਕਾਇਤ ਅਨੁਸਾਰ, ਨੈਨਸੀ ਗਰੇਵਾਲ ਨਾਮਕ ਔਰਤ ਵੱਲੋਂ ਅੱਪਲੋਡ ਕੀਤੀਆਂ ਦੋ ਵੀਡੀਓ ਰੀਲਾਂ ਵਿੱਚ ਸਿੱਖ ਧਰਮ ਦੀ ਸਰਵੋਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਬਾਰੇ ਅਸੱਤਿਕਾਰਜਨਕ ਭਾਸ਼ਾ ਵਰਤੀ ਗਈ ਹੈ। ਡਾ. ਰਾਜੂ ਨੇ ਕਿਹਾ ਕਿ ਇਸ ਕਿਸਮ ਦੀ ਸਮੱਗਰੀ ਨਾਲ ਸਿਰਫ਼ ਆਸਥਾ ਹੀ ਨਹੀਂ, ਸਗੋਂ ਸਮਾਜਕ ਤਣਾਅ ਵੀ ਵਧ ਸਕਦਾ ਹੈ।

ਡਿਜ਼ੀਟਲ ਸਬੂਤਾਂ ਸਮੇਤ ਜਾਂਚ ਦੀ ਮੰਗ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਾ. ਰਾਜੂ ਵੱਲੋਂ ਪੁਲਿਸ ਨੂੰ ਸੰਬੰਧਿਤ ਵੀਡੀਓਜ਼ ਦੇ ਲਿੰਕ, ਸਕਰੀਨਸ਼ਾਟ ਅਤੇ ਹੋਰ ਡਿਜ਼ੀਟਲ ਸਬੂਤ ਵੀ ਸੌਂਪੇ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਰਤੀ ਨਿਆਂ ਸੰਹਿਤਾ 2023 ਤਹਿਤ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਮਾਜਕ ਸਾਂਝ ਨੂੰ ਖ਼ਤਰੇ ਦੀ ਚਿਤਾਵਨੀ

ਭਾਜਪਾ ਆਗੂ ਨੇ ਕਿਹਾ ਕਿ ਅਜਿਹੀ ਸਮੱਗਰੀ ਦੇਖ ਕੇ ਉਨ੍ਹਾਂ ਨੂੰ ਡੂੰਘਾ ਮਾਨਸਿਕ ਝਟਕਾ ਲੱਗਿਆ ਹੈ। ਉਨ੍ਹਾਂ ਚਿੰਤਾ ਜਤਾਈ ਕਿ ਜੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਸ ਨਾਲ ਧਾਰਮਿਕ ਸਾਂਝ ਅਤੇ ਸਮਾਜਕ ਸ਼ਾਂਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਕਾਨੂੰਨ ’ਤੇ ਭਰੋਸਾ ਜਤਾਇਆ

ਡਾ. ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਮਾਮਲਾ ਹੁਣ ਕਾਨੂੰਨੀ ਪ੍ਰਕਿਰਿਆ ਅਧੀਨ ਹੈ ਅਤੇ ਉਨ੍ਹਾਂ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ, ਇਸ ਲਈ ਇਸ ਤੋਂ ਅੱਗੇ ਉਹ ਕੋਈ ਟਿੱਪਣੀ ਕਰਨ ਤੋਂ ਪਰਹੇਜ਼ ਕਰਨਗੇ।

ਅਕਾਲ ਤਖ਼ਤ ਪੇਸ਼ੀ ਤੋਂ ਪਹਿਲਾਂ ਸੀਐੱਮ ਮਾਨ ਦੀ ਜਥੇਦਾਰ ਗੜਗੱਜ ਨੂੰ ਅਹਿਮ ਅਪੀਲ ਤੇ Sgpc ਦੀ ਪ੍ਰਤੀਕਿਰਿਆ ਆਈ ਸਾਹਮਣੇ

ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਣ ਵਾਲੀ ਆਪਣੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਅਹਿਮ ਅਪੀਲ ਕੀਤੀ ਹੈ। ਸੀਐੱਮ ਮਾਨ ਨੇ ਕਿਹਾ ਹੈ ਕਿ ਜਦੋਂ ਉਹ ਸੰਗਤ ਸਾਹਮਣੇ ਆਪਣਾ ਸਪੱਸ਼ਟੀਕਰਨ ਰੱਖਣਗੇ, ਤਾਂ ਇਸ ਪੂਰੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਦੁਨੀਆ ਭਰ ਦੇ ਸਿੱਖ ਹਰ ਪਲ ਦੀ ਜਾਣਕਾਰੀ ਨਾਲ ਜੁੜੇ ਰਹਿ ਸਕਣ।

ਸੋਸ਼ਲ ਮੀਡੀਆ ਰਾਹੀਂ ਰੱਖੀ ਗਈ ਭਾਵਨਾ

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਸੁਨੇਹੇ ਮਿਲ ਰਹੇ ਹਨ, ਜਿੱਥੇ ਸਿੱਖ ਸੰਗਤ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ‘ਚ ਪੂਰੀ ਪਾਰਦਰਸ਼ਤਾ ਦੀ ਮੰਗ ਕਰ ਰਹੀ ਹੈ।

‘ਗੋਲਕ ਦੇ ਹਿਸਾਬ ਨਾਲ ਪੈਸੇ-ਪੈਸੇ ਦਾ ਸਪੱਸ਼ਟੀਕਰਨ’

ਸੀਐੱਮ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ 15 ਜਨਵਰੀ ਨੂੰ ਜਦੋਂ ਉਹ ਗੋਲਕ ਦੇ ਹਿਸਾਬ-ਕਿਤਾਬ ਸਮੇਤ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ, ਤਾਂ ਇਹ ਸਭ ਕੁਝ ਲਾਈਵ ਦਿਖਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸੰਗਤਾਂ ਹਰ ਪਲ ਅਤੇ ਹਰ ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ।

ਐਸਜੀਪੀਸੀ ਵੱਲੋਂ ਅਪੀਲ ‘ਤੇ ਇਤਰਾਜ਼

ਇਸ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਐਸਜੀਪੀਸੀ ਨੇ ਮੁੱਖ ਮੰਤਰੀ ਦੀ ਅਪੀਲ ‘ਤੇ ਸਪੱਸ਼ਟ ਇਤਰਾਜ਼ ਜਤਾਇਆ ਹੈ।

‘ਅਕਾਲ ਤਖ਼ਤ ਦੀ ਮਰਯਾਦਾ ‘ਤੇ ਸ਼ਰਤਾਂ ਨਹੀਂ’

ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਤਲਬੀ ਜਨਤਕ ਇਤਰਾਜ਼ਾਂ ਤੋਂ ਬਾਅਦ ਹੋਈ ਹੈ ਅਤੇ ਇਸ ਮਾਮਲੇ ਨੂੰ ਰਾਜਨੀਤੀ ਨਾਲ ਜੋੜਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਜਾਣ ਸਮੇਂ ਕਿਸੇ ਕਿਸਮ ਦੀਆਂ ਸ਼ਰਤਾਂ ਰੱਖਣੀ ਮਰਯਾਦਾ ਦੇ ਖ਼ਿਲਾਫ਼ ਹੈ।

ਇਤਿਹਾਸਕ ਹੋਵੇਗੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ

ਐਸਜੀਪੀਸੀ ਨੇ ਦਾਅਵਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ ਇਤਿਹਾਸਕ ਮਹੱਤਵ ਰੱਖਣਗੇ ਅਤੇ ਇਹ ਮਾਮਲਾ ਸਿਰਫ਼ ਪੰਥਕ ਮਰਯਾਦਾ ਦੇ ਅਧੀਨ ਹੀ ਨਿਪਟਾਇਆ ਜਾਣਾ ਚਾਹੀਦਾ ਹੈ।

ਗੁਰਦਾਸ ਮਾਨ ਸਾਬ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ :- ਚੰਡੀਗੜ੍ਹ ਸਥਿਤ ਲੋਕ ਭਵਨ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਪ੍ਰਸਿੱਧ ਪੰਜਾਬੀ ਗਾਇਕ ਸ੍ਰੀ ਗੁਰਦਾਸ ਮਾਨ ਦਰਮਿਆਨ ਇੱਕ ਅਹਿਮ ਮੁਲਾਕਾਤ ਹੋਈ, ਜਿਸ ਦਾ ਕੇਂਦਰ ਪੰਜਾਬ ‘ਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਰਿਹਾ।

ਨੌਜਵਾਨੀ ‘ਤੇ ਪੈ ਰਹੇ ਨੁਕਸਾਨਾਂ ‘ਤੇ ਗੰਭੀਰ ਚਿੰਤਾ

ਇਸ ਦੌਰਾਨ ਰਾਜਪਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਨਸ਼ਿਆਂ ਦੀ ਲਾਹਣਤ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ ਅਤੇ ਇਸ ਨਾਲ ਨਜਿੱਠਣ ਲਈ ਸਿਰਫ਼ ਸਰਕਾਰ ਨਹੀਂ, ਸਗੋਂ ਪੂਰੇ ਸਮਾਜ ਨੂੰ ਅੱਗੇ ਆਉਣਾ ਪਵੇਗਾ।

ਜ਼ਮੀਨੀ ਪੱਧਰ ‘ਤੇ ਚੱਲ ਰਹੀ ਲਗਾਤਾਰ ਮੁਹਿੰਮ

ਰਾਜਪਾਲ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਸੂਬੇ ਭਰ ਵਿੱਚ ਵਿਦਿਅਕ ਸੰਸਥਾਵਾਂ, ਧਾਰਮਿਕ ਅਤੇ ਸਮਾਜਿਕ ਸੰਗਠਨਾਂ, ਖਿਡਾਰੀਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਪੈਦਲ ਯਾਤਰਾਵਾਂ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ

ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜੋੜਨ ਲਈ ਉਹ ਖੁਦ ਗੁਰਦਾਸਪੁਰ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਜ਼ਿਲ੍ਹਿਆਂ ਵਿੱਚ ਪੈਦਲ ਯਾਤਰਾਵਾਂ ਕਰ ਚੁੱਕੇ ਹਨ, ਤਾਂ ਜੋ ਮਸਲੇ ਦੀ ਗੰਭੀਰਤਾ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਪਹੁੰਚ ਸਕੇ।

ਕਲਾ ਅਤੇ ਸੱਭਿਆਚਾਰ ਦੀ ਭੂਮਿਕਾ ‘ਤੇ ਜ਼ੋਰ

ਰਾਜਪਾਲ ਨੇ ਕਿਹਾ ਕਿ ਕਲਾ, ਸੰਗੀਤ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਨੌਜਵਾਨ ਮਨਾਂ ‘ਤੇ ਡੂੰਘਾ ਅਸਰ ਛੱਡਦੀਆਂ ਹਨ, ਇਸ ਲਈ ਨਸ਼ਿਆਂ ਵਿਰੁੱਧ ਸੰਘਰਸ਼ ਵਿੱਚ ਸੱਭਿਆਚਾਰਕ ਅਵਾਜ਼ਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।

ਗੁਰਦਾਸ ਮਾਨ ਵੱਲੋਂ ਮੁਹਿੰਮ ਨਾਲ ਜੁੜਨ ਦਾ ਭਰੋਸਾ

ਸ੍ਰੀ ਗੁਰਦਾਸ ਮਾਨ ਨੇ ਨਸ਼ਾ ਮੁਕਤ ਪੰਜਾਬ ਦੀ ਲੋੜ ‘ਤੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਹੀ ਰਾਹ ‘ਤੇ ਲਿਆਂਦਾ ਜਾਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨਸ਼ਿਆਂ ਵਿਰੁੱਧ ਚੱਲ ਰਹੀਆਂ ਜਾਗਰੂਕਤਾ ਕੋਸ਼ਿਸ਼ਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਭਰੋਸਾ ਵੀ ਦਿੱਤਾ।

ਸਾਂਝੀ ਕਾਰਵਾਈ ਨਾਲ ਹੀ ਬਚ ਸਕਦਾ ਹੈ ਭਵਿੱਖ

ਮੀਟਿੰਗ ਇਸ ਸਪੱਸ਼ਟ ਸੁਨੇਹੇ ਨਾਲ ਸਮਾਪਤ ਹੋਈ ਕਿ ਜੇ ਸਮਾਜ ਦੇ ਹਰ ਵਰਗ ਵੱਲੋਂ ਮਿਲਜੁਲ ਕੇ ਕਦਮ ਨਾ ਚੁੱਕੇ ਗਏ, ਤਾਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣਾ ਮੁਸ਼ਕਲ ਹੋਵੇਗਾ, ਪਰ ਇਕੱਠੀ ਕੋਸ਼ਿਸ਼ ਨਾਲ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।

ਫਿਰੋਜ਼ਪੁਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ: ਸਲੂਨ ਕਾਰੋਬਾਰੀ ਵੱਲੋਂ ਪਰਿਵਾਰ ਸਹਿਤ ਖੁਦਕੁਸ਼ੀ

ਫਿਰੋਜ਼ਪੁਰ :- ਫਿਰੋਜ਼ਪੁਰ ਸ਼ਹਿਰ ਵਿੱਚ ਅੱਜ ਇੱਕ ਅਜਿਹੀ ਦਰਦਨਾਕ ਘਟਨਾ ਸਾਹਮਣੇ ਆਈ, ਜਿਸ ਨੇ ਪੂਰੇ ਇਲਾਕੇ ਨੂੰ ਸਦਮੇ ਵਿੱਚ ਪਾ ਦਿੱਤਾ। ਸ਼ਹਿਰ ਦੇ ਰਿਹਾਇਸ਼ੀ ਖੇਤਰ ਵਿੱਚ ਇੱਕ ਜਾਣਿਆ-ਮਾਣਿਆ ਸਲੂਨ ਕਾਰੋਬਾਰੀ ਆਪਣੇ ਹੀ ਘਰ ਵਿੱਚ ਆਪਣੀ ਪਤਨੀ ਅਤੇ ਦੋ ਨੰਨੇ ਬੱਚਿਆਂ ਸਮੇਤ ਮ੍ਰਿਤਕ ਮਿਲਿਆ।

ਘਰ ਅੰਦਰ ਗੋਲੀਆਂ ਚੱਲਣ ਦੀ ਪੁਸ਼ਟੀ
ਪ੍ਰਾਰੰਭਿਕ ਜਾਣਕਾਰੀ ਅਨੁਸਾਰ, ਅਮਨ ਉਰਫ਼ ਮਾਹੀ ਸੋਢੀ ਨੇ ਪਹਿਲਾਂ ਆਪਣੀ ਪਤਨੀ ਜਸਵੀਰ ਅਤੇ ਫਿਰ ਦੋ ਮਾਸੂਮ ਬੱਚਿਆਂ ’ਤੇ ਗੋਲੀ ਚਲਾਈ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਘਟਨਾ ਸਮੇਂ ਘਰ ਦੇ ਅੰਦਰੋਂ ਗੋਲੀਆਂ ਚੱਲਣ ਦੀ ਆਵਾਜ਼ ਆਉਣ ਦੀ ਪੁਸ਼ਟੀ ਹੋਈ ਹੈ।

ਕਾਰੋਬਾਰੀ ਵਜੋਂ ਸੀ ਜਾਣਿਆ-ਪਛਾਣਿਆ ਨਾਮ
ਮਾਹੀ ਸੋਢੀ ਫਿਰੋਜ਼ਪੁਰ ਵਿੱਚ ਇੱਕ ਕਾਮਯਾਬ ਅਤੇ ਲੋਕਪ੍ਰਿਯ ਸਲੂਨ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਸੀ। ਉਸ ਦੇ ਇਸ ਤਰ੍ਹਾਂ ਦੇ ਕਦਮ ਨੇ ਨਾ ਸਿਰਫ਼ ਪਰਿਵਾਰਕ ਸਬੰਧੀਆਂ ਨੂੰ, ਸਗੋਂ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਹੈ। ਨੇੜਲੇ ਲੋਕਾਂ ਮੁਤਾਬਕ, ਪਰਿਵਾਰਕ ਜੀਵਨ ਬਾਹਰੋਂ ਆਮ ਜਿਹਾ ਹੀ ਦਿਖਾਈ ਦਿੰਦਾ ਸੀ।

ਪੁਲਿਸ ਵੱਲੋਂ ਜਾਂਚ ਜਾਰੀ
ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਪਿੱਛੇ ਦੇ ਅਸਲ ਕਾਰਨਾਂ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।

ਕਾਰਨ ਅਜੇ ਅਸਪਸ਼ਟ
ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖ਼ਰ ਅਜਿਹਾ ਕੀ ਵਾਪਰਿਆ, ਜਿਸ ਨੇ ਇੱਕ ਵਿਅਕਤੀ ਨੂੰ ਆਪਣੇ ਹੀ ਪਰਿਵਾਰ ਦਾ ਅੰਤ ਕਰਨ ਲਈ ਮਜਬੂਰ ਕਰ ਦਿੱਤਾ। ਪੁਲਿਸ ਵੱਲੋਂ ਸਾਰੇ ਸੰਭਾਵੀ ਪੱਖਾਂ ਤੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ