Home Blog Page 717

ਅੰਮ੍ਰਿਤਸਰ ‘ਚ ਦਿਨ ਦਿਹਾੜੇ ਜਵੈਲਰ ‘ਤੇ ਹਮਲਾ, ਸੋਨੇ ਦੀ ਵੱਡੀ ਲੁੱਟ ਨਾਲ ਦਹਿਸ਼ਤ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਨਿਊ ਫਲਾਵਰ ਸਕੂਲ ਨੇੜੇ ਸ਼ੁੱਕਰਵਾਰ ਸਵੇਰੇ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ, ਜਿੱਥੇ ਇਕ ਜਵੈਲਰ ‘ਤੇ ਘਾਤ ਲਗਾ ਕੇ ਹਮਲਾ ਕਰਕੇ ਸੋਨੇ ਦੀ ਵੱਡੀ ਮਾਤਰਾ ਲੁੱਟ ਲਈ ਗਈ। ਹਮਲੇ ‘ਚ ਜਵੈਲਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ।

425 ਗ੍ਰਾਮ ਸੋਨਾ ਨਾਲ ਜਾ ਰਿਹਾ ਸੀ ਜਵੈਲਰ
ਜ਼ਖ਼ਮੀ ਵਿਅਕਤੀ ਦੀ ਪਛਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ, ਜੋ ਸੁਲਤਾਨਵਿੰਡ ਰੋਡ ਇਲਾਕੇ ਵਿੱਚ ਜਵੈਲਰੀ ਸ਼ੋਰੂਮ ਚਲਾਉਂਦਾ ਹੈ। ਪੁਲਿਸ ਸੂਤਰਾਂ ਅਨੁਸਾਰ ਉਸ ਕੋਲ ਲਗਭਗ 425 ਗ੍ਰਾਮ ਸੋਨਾ ਸੀ, ਜੋ ਉਹ ਇੱਕ ਗਾਹਕ ਤੱਕ ਪਹੁੰਚਾਉਣ ਲਈ ਘਰੋਂ ਨਿਕਲਿਆ ਸੀ।

ਕਾਰ ਨਾਲ ਟੱਕਰ ਮਾਰ ਕੇ ਰੋਕਿਆ ਰਸਤਾ
ਜਾਣਕਾਰੀ ਮੁਤਾਬਕ ਅੱਜ ਜਦੋਂ ਮੁਖਤਿਆਰ ਸਿੰਘ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਤਦ ਇੱਕ ਕਾਲੀ ਕਾਰ ਨੇ ਜਾਣਬੁੱਝ ਕੇ ਉਸਨੂੰ ਟੱਕਰ ਮਾਰ ਕੇ ਡਿਗਾ ਦਿੱਤਾ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸਨੂੰ ਘੇਰ ਲਿਆ।

ਤਲਵਾਰਾਂ ਨਾਲ ਹਮਲਾ, ਸੋਨਾ ਲੈ ਕੇ ਫ਼ਰਾਰ
ਪ੍ਰਾਰੰਭਿਕ ਜਾਂਚ ‘ਚ ਸਾਹਮਣੇ ਆਇਆ ਹੈ ਕਿ 8 ਤੋਂ 10 ਹਮਲਾਵਰ ਤਿੱਖੇ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਜਵੈਲਰ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਸੋਨਾ ਲੈਕੇ ਭੱਜ ਨਿਕਲੇ।

ਹਸਪਤਾਲ ‘ਚ ਦਾਖ਼ਲ, ਹਾਲਤ ਸਥਿਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਲੋਕਾਂ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਜ਼ਖ਼ਮੀ ਮੁਖਤਿਆਰ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਸਦੀ ਹਾਲਤ ਇਸ ਸਮੇਂ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪਰਿਵਾਰ ਨੇ ਗੈਂਗਸਟਰਾਂ ਵੱਲੋਂ ਧਮਕੀਆਂ ਦਾ ਲਗਾਇਆ ਦੋਸ਼
ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਕਥਿਤ ਗੈਂਗਸਟਰਾਂ ਵੱਲੋਂ ਫ਼ਿਰੌਤੀ ਸੰਬੰਧੀ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਅਨੁਸਾਰ ਪੈਸੇ ਨਾ ਦੇਣ ਦੀ ਸੂਰਤ ‘ਚ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ ਅਤੇ ਇਹ ਹਮਲਾ ਉਸੇ ਕੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਪੁਲਿਸ ਜਾਂਚ ‘ਚ ਜੁੱਟੀ, ਬਿਆਨ ਦਰਜ
ਵਧੀਕ ਡਿਪਟੀ ਕਮਿਸ਼ਨਰ ਪੁਲਿਸ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਚੱਲ ਰਹੀ ਹੈ। ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਕੀ ਫੇਰਬਦਲ, ਆਈਏਐਸ–ਪੀਸੀਐਸ ਅਧਿਕਾਰੀਆਂ ਦੀ ਅਦਲਾ-ਬਦਲੀ

ਚੰਡੀਗੜ੍ਹ :- ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਪੱਧਰ ‘ਤੇ ਵੱਡਾ ਕਦਮ ਚੁੱਕਦੇ ਹੋਏ ਕਈ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਗਿਆ ਹੈ।

ਅਕਸ਼ਿਤਾ ਗੁਪਤਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਹੁਕਮਾਂ ਅਨੁਸਾਰ 2021 ਬੈਚ ਦੀ ਆਈਏਐਸ ਅਧਿਕਾਰੀ ਅਕਸ਼ਿਤਾ ਗੁਪਤਾ ਨੂੰ ਨਵਾਂ ਅਹੁਦਾ ਦਿੱਤਾ ਗਿਆ ਹੈ। ਹੁਣ ਤੱਕ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਰਹੀ ਅਕਸ਼ਿਤਾ ਗੁਪਤਾ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਵਿਮਲ ਕੁਮਾਰ ਸੇਤੀਆ ਅਹੁਦੇ ਤੋਂ ਮੁਕਤ
ਸਰਕਾਰੀ ਫ਼ੈਸਲੇ ਤਹਿਤ 2010 ਬੈਚ ਦੇ ਆਈਏਐਸ ਅਧਿਕਾਰੀ ਵਿਮਲ ਕੁਮਾਰ ਸੇਤੀਆ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਪ੍ਰਸੋਨਲ ਸਕੱਤਰ ਕੋਲ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਨਵਨੀਤ ਕੌਰ ਬੱਲ ਨੂੰ ਮਿਲਿਆ ਫਗਵਾੜਾ ਨਗਰ ਨਿਗਮ ਦਾ ਚਾਰਜ
2020 ਬੈਚ ਦੀ ਪੀਸੀਐਸ ਅਧਿਕਾਰੀ ਨਵਨੀਤ ਕੌਰ ਬੱਲ, ਜੋ ਕਪੂਰਥਲਾ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ ਹਨ, ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਆਪਣਾ ਮੌਜੂਦਾ ਅਹੁਦਾ ਬਰਕਰਾਰ ਰੱਖਦਿਆਂ ਹੁਣ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੰਭਾਲਣਗੇ।

ਦੀਪਾਂਕਰ ਗਰਗ ਨੂੰ ਹੋਰ ਵਿਭਾਗੀ ਜ਼ਿੰਮੇਵਾਰੀ
ਇਸੇ ਤਰ੍ਹਾਂ 2020 ਬੈਚ ਦੇ ਪੀਸੀਐਸ ਅਧਿਕਾਰੀ ਦੀਪਾਂਕਰ ਗਰਗ ਨੂੰ ਵੀ ਵਾਧੂ ਚਾਰਜ ਦਿੱਤਾ ਗਿਆ ਹੈ। ਜਨਰਲ ਪ੍ਰਸ਼ਾਸਨ ਅਤੇ ਤਾਲਮੇਲ ਵਿਭਾਗ ਵਿੱਚ ਡਿਪਟੀ ਸਕੱਤਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਦੀਪਾਂਕਰ ਗਰਗ ਹੁਣ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਵੀ ਡਿਪਟੀ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਣਗੇ।

ਪ੍ਰਸ਼ਾਸਨਿਕ ਕੰਮਕਾਜ ਹੋਰ ਮਜ਼ਬੂਤ ਕਰਨ ਦਾ ਉਦੇਸ਼
ਪ੍ਰਸ਼ਾਸਕੀ ਸੂਤਰਾਂ ਮੁਤਾਬਕ ਇਹ ਫੇਰਬਦਲ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਸੁਚਾਰੂ, ਪ੍ਰਭਾਵਸ਼ਾਲੀ ਅਤੇ ਗਤੀਸ਼ੀਲ ਬਣਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ।

ਵੱਡੀ ਖਬਰ – ਹਿਮਾਚਲ ‘ਚ ਭਿਆਨਕ ਸੜਕ ਹਾਦਸਾ, ਗਹਿਰੀ ਖੱਡ ‘ਚ ਡਿੱਗੀ ਨਿੱਜੀ ਬੱਸ, 7 ਮੌਤਾਂ!

ਸਿਰਮੌਰ :- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ  ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਨਿੱਜੀ ਬੱਸ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਲਗਭਗ 300 ਮੀਟਰ ਗਹਿਰੀ ਖੱਡ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ ਸੱਤ ਯਾਤਰੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਸ਼ਿਮਲਾ ਤੋਂ ਕੂਪਵੀ ਜਾ ਰਹੀ ਸੀ “ਜੀਤ ਕੋਚ” ਬੱਸ
ਮਿਲੀ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਬੱਸ “ਜੀਤ ਕੋਚ” ਸ਼ਿਮਲਾ ਤੋਂ ਕੂਪਵੀ ਵੱਲ ਜਾ ਰਹੀ ਸੀ। ਹਰਿਪੁਰਧਾਰ ਬਾਜ਼ਾਰ ਤੋਂ ਕੁਝ ਹੀ ਦੂਰੀ ‘ਤੇ ਬੱਸ ਸੜਕ ਤੋਂ ਫਿਸਲ ਗਈ ਅਤੇ ਖੱਡ ਵਿੱਚ ਲੁੜਕਦੀ ਚਲੀ ਗਈ।

ਬੱਸ ਦੇ ਉੱਡ ਗਏ ਪਰਖੱਚੇ, ਯਾਤਰੀ ਬੁਰੀ ਤਰ੍ਹਾਂ ਫਸੇ
ਹਾਦਸੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਯਾਤਰੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ, ਜਿਸ ਕਾਰਨ ਜਾਨੀ ਨੁਕਸਾਨ ਵਧ ਗਿਆ।

ਮੌਕੇ ‘ਤੇ ਮਚੀ ਅਫ਼ਰਾ-ਤਫ਼ਰੀ, ਲੋਕਾਂ ਨੇ ਬਚਾਅ ਕੰਮ ਸ਼ੁਰੂ ਕੀਤਾ
ਘਟਨਾ ਦੀ ਸੂਚਨਾ ਮਿਲਦੇ ਹੀ ਨੇੜਲੇ ਇਲਾਕਿਆਂ ਤੋਂ ਲੋਕ ਦੌੜ ਕੇ ਮੌਕੇ ‘ਤੇ ਪਹੁੰਚੇ ਅਤੇ ਖੁਦ ਬਚਾਅ ਕੰਮਾਂ ਵਿੱਚ ਜੁੱਟ ਗਏ। ਜ਼ਖ਼ਮੀਆਂ ਨੂੰ ਮੁਸ਼ਕਲ ਨਾਲ ਬੱਸ ਦੇ ਮਲਬੇ ‘ਚੋਂ ਬਾਹਰ ਕੱਢਿਆ ਗਿਆ।

ਜ਼ਖ਼ਮੀਆਂ ਨੂੰ ਹਰਿਪੁਰਧਾਰ ਹਸਪਤਾਲ ਭਰਤੀ ਕਰਵਾਇਆ
ਹਾਦਸੇ ‘ਚ ਜ਼ਖ਼ਮੀ ਹੋਏ ਯਾਤਰੀਆਂ ਨੂੰ ਤੁਰੰਤ ਹਰਿਪੁਰਧਾਰ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਜ਼ਖ਼ਮੀਆਂ ਦੀ ਸਹੀ ਗਿਣਤੀ ਬਾਰੇ ਅਜੇ ਅਧਿਕਾਰਤ ਅੰਕੜੇ ਜਾਰੀ ਨਹੀਂ ਹੋਏ ਹਨ।

ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ
ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵਿਧਾਇਕ ਵਿਨੈ ਕੁਮਾਰ ਨੇ ਜਤਾਇਆ ਦੁੱਖ
ਰੇਣੂਕਾਜੀ ਤੋਂ ਕਾਂਗਰਸ ਵਿਧਾਇਕ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵਿਨੈ ਕੁਮਾਰ ਨੇ ਹਾਦਸੇ ‘ਤੇ ਗਹਿਰਾ ਦੁੱਖ ਜਤਾਇਆ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਪੀੜਾਦਾਇਕ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨਾਲ ਮਿਲ ਕੇ ਰਾਹਤ ਅਤੇ ਬਚਾਅ ਕੰਮਾਂ ਵਿੱਚ ਪੂਰਾ ਸਹਿਯੋਗ ਕਰਨ।

ਪੀੜਤ ਪਰਿਵਾਰਾਂ ਨਾਲ ਸੰਵੇਦਨਾ
ਵਿਨੈ ਕੁਮਾਰ ਨੇ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਕਾਂਗਰਸ ਪਰਿਵਾਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ ਅਤੇ ਘਾਇਲਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈ

ਚੰਡੀਗੜ੍ਹ ‘ਚ ਅਮਰੀਕਨ ਐਕਸਪ੍ਰੈੱਸ ਦੇ ਨਾਂ ‘ਤੇ ਠੱਗੀ, ਤਿੰਨ ਮਹਿਲਾਵਾਂ ਗ੍ਰਿਫ਼ਤਾਰ

ਚੰਡੀਗੜ੍ਹ :- ਚੰਡੀਗੜ੍ਹ ਸਾਇਬਰ ਕਰਾਈਮ ਪੁਲਿਸ ਨੇ ਇੱਕ ਸੁਚੱਜੇ ਢੰਗ ਨਾਲ ਚਲ ਰਹੇ ਆਨਲਾਈਨ ਠੱਗੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਮਹਿਲਾਵਾਂ ਖੁਦ ਨੂੰ ਅਮਰੀਕਨ ਐਕਸਪ੍ਰੈੱਸ ਕਰੈਡਿਟ ਕਾਰਡ ਸੇਵਾਵਾਂ ਨਾਲ ਜੁੜੀਆਂ ਅਧਿਕਾਰੀ ਦੱਸ ਕੇ ਲੋਕਾਂ ਨਾਲ ਸੰਪਰਕ ਕਰਦੀਆਂ ਸਨ।

ਕ੍ਰੈਡਿਟ ਲਿਮਿਟ ਵਧਾਉਣ ਦਾ ਝਾਂਸਾ, ਖਾਤਿਆਂ ਤੋਂ ਉਡਾਏ ਪੈਸੇ
ਪੁਲਿਸ ਅਨੁਸਾਰ ਦੋਸ਼ੀ ਕਰੈਡਿਟ ਕਾਰਡ ਦੀ ਲਿਮਿਟ ਵਧਾਉਣ ਦਾ ਲਾਲਚ ਦੇ ਕੇ ਗਾਹਕਾਂ ਨੂੰ ਖ਼ਤਰਨਾਕ ਲਿੰਕ ਭੇਜਦੀਆਂ ਸਨ। ਜਿਵੇਂ ਹੀ ਪੀੜਤ ਉਸ ਲਿੰਕ ‘ਤੇ ਕਲਿੱਕ ਕਰਦਾ, ਉਸਦੇ ਬੈਂਕ ਖਾਤੇ ਤੋਂ ਪੈਸੇ ਕੱਟ ਲਏ ਜਾਂਦੇ ਸਨ।

ਇੱਕ ਪੀੜਤ ਤੋਂ 1.73 ਲੱਖ ਰੁਪਏ ਦੀ ਠੱਗੀ ਦੀ ਪੁਸ਼ਟੀ
ਜਾਂਚ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਤੋਂ 1 ਲੱਖ 73 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਠੱਗੀ ਰਾਹੀਂ ਹੜਪ ਲਈ ਗਈ। ਇਸ ਮਾਮਲੇ ਤੋਂ ਬਾਅਦ ਸਾਇਬਰ ਕਰਾਈਮ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ।

ਦਿੱਲੀ ਤੋਂ ਚਲਦਾ ਸੀ ਠੱਗੀ ਦਾ ਜਾਲ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਦਿੱਲੀ ਦੇ ਅਸ਼ੋਕ ਨਗਰ ਅਤੇ ਉੱਤਮ ਨਗਰ ਇਲਾਕਿਆਂ ਤੋਂ ਸਰਗਰਮ ਸੀ, ਜਦਕਿ ਤਿਲਕ ਨਗਰ (ਪੱਛਮੀ ਦਿੱਲੀ) ਵਿੱਚ ਵੀ ਛਾਪੇਮਾਰੀ ਕੀਤੀ ਗਈ।

ਮੋਬਾਇਲ, ਸਿਮ ਕਾਰਡ, ਏਟੀਐਮ ਤੇ ਦਸਤਾਵੇਜ਼ ਬਰਾਮਦ
ਛਾਪਿਆਂ ਦੌਰਾਨ ਪੁਲਿਸ ਨੇ 28 ਮੋਬਾਇਲ ਫੋਨ, 82 ਸਿਮ ਕਾਰਡ, 55 ਏਟੀਐਮ ਕਾਰਡ, 2 ਆਧਾਰ ਕਾਰਡ, 2 ਪੈਨ ਕਾਰਡ, 8 ਇੰਟਰਨੈੱਟ ਡੋਂਗਲ, 27 ਲੈਂਡਲਾਈਨ ਫੋਨ, ਬੈਂਕ ਪਾਸਬੁੱਕਾਂ, ਚੈਕਬੁੱਕਾਂ ਸਮੇਤ ਵੱਡੀ ਮਾਤਰਾ ਵਿੱਚ ਸਬੂਤ ਕਬਜੇ ‘ਚ ਲਏ ਹਨ।

ਨਕਲੀ ਪਹਿਚਾਣਾਂ ਨਾਲ ਦੇਸ਼ ਭਰ ‘ਚ ਲੋਕਾਂ ਨੂੰ ਠੱਗਿਆ
ਅਧਿਕਾਰੀਆਂ ਮੁਤਾਬਕ ਦੋਸ਼ੀ ਨਕਲੀ ਨਾਂ, ਵੱਖ-ਵੱਖ ਸਿਮ ਕਾਰਡ ਅਤੇ ਫਰਜ਼ੀ ਪਹਿਚਾਣਾਂ ਦੀ ਵਰਤੋਂ ਕਰਕੇ ਬੈਂਕ ਅਧਿਕਾਰੀ ਬਣਦੇ ਸਨ, ਜਿਸ ਨਾਲ ਵੱਖ-ਵੱਖ ਰਾਜਾਂ ਦੇ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਸਖ਼ਤ ਧਾਰਾਵਾਂ ਹੇਠ ਕੇਸ, ਜਾਂਚ ਜਾਰੀ
ਪੁਲਿਸ ਨੇ ਮਾਮਲੇ ‘ਚ ਭਾਰਤੀ ਨਿਆਂ ਸੰਹਿਤਾ ਅਤੇ ਆਈਟੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹੁਣ ਹੋਰ ਪੀੜਤਾਂ ਦੀ ਪਛਾਣ ਅਤੇ ਪੈਸਿਆਂ ਦੀ ਲੇਨ-ਦੇਨ ਦੀ ਲੜੀ ਖੰਗਾਲੀ ਜਾ ਰਹੀ ਹੈ।

ਪੁਲਿਸ ਦੀ ਲੋਕਾਂ ਨੂੰ ਅਪੀਲ
ਸਾਇਬਰ ਕਰਾਈਮ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਅਣਪਛਾਤੇ ਲਿੰਕ ‘ਤੇ ਕਲਿੱਕ ਨਾ ਕਰਨ ਅਤੇ ਫ਼ੋਨ ਜਾਂ ਸੁਨੇਹਿਆਂ ਰਾਹੀਂ ਆਪਣੀ ਬੈਂਕ ਜਾਂ ਕਾਰਡ ਸੰਬੰਧੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।

ਬਿਕਰਮ ਮਜੀਠੀਆ ਮਾਮਲੇ ਚ ਵੱਡੀ ਅੱਪਡੇਟ, ਇੱਕ ਹੋਰ ਕਾਬੂ!

ਅੰਮ੍ਰਿਤਸਰ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਮਾਮਲੇ ਵਿੱਚ ਇਕ ਹੋਰ ਅਹਿਮ ਮੋੜ ਆਇਆ ਹੈ। ਮਜੀਠੀਆ ਦੀ ਗ੍ਰਿਫਤਾਰੀ ਦੌਰਾਨ ਹੋਈਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਨੇ ਹੁਣ ਉਨ੍ਹਾਂ ਦੇ ਨਜ਼ਦੀਕੀ ਵਿਅਕਤੀ ‘ਤੇ ਕਾਰਵਾਈ ਕਰ ਦਿੱਤੀ ਹੈ, ਜਿਸ ਨਾਲ ਸਿਆਸੀ ਹਲਕਿਆਂ ‘ਚ ਚਰਚਾ ਤੇਜ਼ ਹੋ ਗਈ ਹੈ।

ਘਰ ਦੇ ਪੁਰਾਣੇ ਸੇਵਾਦਾਰ ‘ਤੇ ਐਕਸ਼ਨ
ਅੰਮ੍ਰਿਤਸਰ ਸਥਿਤ ਮਜੀਠੀਆ ਦੀ ਰਿਹਾਇਸ਼ ‘ਤੇ ਕਈ ਸਾਲਾਂ ਤੋਂ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਰਦੀਪ ਸਿੰਘ ਉਰਫ ਦਵਿੰਦਰ ਵੇਰਕਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਵਿੰਦਰ ਵੇਰਕਾ ਮਜੀਠੀਆ ਦੇ ਸਭ ਤੋਂ ਭਰੋਸੇਯੋਗ ਲੋਕਾਂ ‘ਚ ਗਿਣਿਆ ਜਾਂਦਾ ਸੀ ਅਤੇ ਲੰਮੇ ਸਮੇਂ ਤੋਂ ਪਰਿਵਾਰ ਨਾਲ ਜੁੜਿਆ ਹੋਇਆ ਸੀ।

ਵਿਜੀਲੈਂਸ ਕਾਰਵਾਈ ਵਿੱਚ ਵਿਘਨ ਦਾ ਦੋਸ਼
ਪੁਲਿਸ ਮੁਤਾਬਕ, ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਸਮੇਂ ਵਿਜੀਲੈਂਸ ਬਿਊਰੋ ਦੀ ਕਾਰਵਾਈ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਵਿੱਚ ਦਵਿੰਦਰ ਵੇਰਕਾ ਦਾ ਨਾਮ ਸ਼ਾਮਲ ਕੀਤਾ ਗਿਆ ਸੀ। ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ‘ਤੇ ਪੁਲਿਸ ਨੇ ਉਸ ਖ਼ਿਲਾਫ਼ ਕਾਰਵਾਈ ਅੱਗੇ ਵਧਾਈ।

ਸਿਵਲ ਲਾਈਨ ਥਾਣੇ ‘ਚ ਮਾਮਲਾ ਦਰਜ
ਇਹ ਮਾਮਲਾ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅਦਾਲਤ ‘ਚ ਪੇਸ਼ ਕਰਕੇ ਦਵਿੰਦਰ ਵੇਰਕਾ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ, ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਜਾਂਚ ਦੇ ਘੇਰੇ ‘ਚ ਹੋਰ ਨਾਮ ਵੀ?
ਸੂਤਰਾਂ ਅਨੁਸਾਰ ਪੁਲਿਸ ਅਤੇ ਵਿਜੀਲੈਂਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਦੀ ਭੂਮਿਕਾ ਵੀ ਸਾਹਮਣੇ ਆ ਸਕਦੀ ਹੈ। ਇਸ ਕਾਰਵਾਈ ਤੋਂ ਬਾਅਦ ਮਜੀਠੀਆ ਮਾਮਲੇ ‘ਚ ਕਾਨੂੰਨੀ ਦਬਾਅ ਹੋਰ ਵਧਣ ਦੇ ਅਸਾਰ ਨਜ਼ਰ ਆ ਰਹੇ ਹਨ।

ਕੰਗਣਾ ਨੂੰ ਹੱਥਕੜੀਆਂ ਪਾ ਕੇ ਲਿਆਓ, ਅਦਾਲਤ ਤੋਂ ਭੱਜ ਨਹੀਂ ਸਕਦੀ: ਬੇਬੇ ਮਹਿੰਦਰ ਕੌਰ

ਚੰਡੀਗੜ੍ਹ :- ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਖਿਲਾਫ਼ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਬੇਬੇ ਮਹਿੰਦਰ ਕੌਰ ਨੇ ਅੱਜ ਸਖ਼ਤ ਟੋਨ ਵਿੱਚ ਪ੍ਰਤੀਕਿਰਿਆ ਦਿੱਤੀ। ਅਦਾਲਤ ਵੱਲੋਂ 15 ਜਨਵਰੀ ਨੂੰ ਕੰਗਣਾ ਦੀ ਨਿੱਜੀ ਹਾਜ਼ਰੀ ਦੇ ਹੁਕਮ ਮਗਰੋਂ, ਬੇਬੇ ਨੇ ਕਿਹਾ ਕਿ ਜੇਕਰ ਉਹ ਹਾਜ਼ਰ ਨਹੀਂ ਹੋਈ ਤਾਂ ਉਨ੍ਹਾਂ ਨੂੰ ਕਾਨੂੰਨੀ ਤਰੀਕੇ ਨਾਲ ਲਿਆਂਦਾ ਜਾਵੇਗਾ।

ਬੇਬੇ ਮਹਿੰਦਰ ਕੌਰ ਦਾ ਰੁਖ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੰਗਣਾ ਰਣੌਤ ਲਗਾਤਾਰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਅਦਾਲਤ ਦੇ ਹੁਕਮ ਦੀ ਪਾਲਣਾ ਸਖ਼ਤ ਜ਼ਰੂਰੀ ਹੈ। ਬੇਬੇ ਮਹਿੰਦਰ ਕੌਰ ਨੇ ਚੇਤਾਵਨੀ ਦਿੱਤੀ ਕਿ ਜੇ ਅਦਾਲਤ ਵਿੱਚ ਨਿੱਜੀ ਹਾਜ਼ਰੀ ਨਹੀਂ ਭਰੀ ਗਈ, ਤਾਂ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣੇ ਪੈਣਗੇ।

ਮਾਮਲੇ ਦੀ ਪਿਛੋਕੜ
ਇਹ ਮਾਣਹਾਨੀ ਮਾਮਲਾ ਕਿਸਾਨ ਅੰਦੋਲਨ ਦੌਰਾਨ ਕੰਗਣਾ ਰਣੌਤ ਵੱਲੋਂ ਕੀਤੀ ਗਈ ਟਿੱਪਣੀ ਤੋਂ ਜਨਮ ਲਿਆ। ਕੰਗਣਾ ਨੇ ਬੇਬੇ ਮਹਿੰਦਰ ਕੌਰ ਨੂੰ “100-100 ਰੁਪਏ ਲੈ ਕੇ ਧਰਨੇ ਵਿੱਚ ਆਉਣ ਵਾਲੀ ਮਹਿਲਾ” ਕਹਿੰਦਾ ਬਿਆਨ ਦਿੱਤਾ ਸੀ। ਇਸ ਬੇਇੱਜ਼ਤੀ ਖਿਲਾਫ਼ ਬੇਬੇ ਨੇ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਕੇਸ ਦਰਜ ਕੀਤਾ।

ਪੰਜਾਬ ਦੀਆਂ ਮਾਵਾਂ ਦਾ ਸਪੋਰਟ
ਬੇਬੇ ਮਹਿੰਦਰ ਕੌਰ ਨੇ ਦੱਸਿਆ ਕਿ ਇਹ ਕੇਸ ਸਿਰਫ਼ ਉਹਨਾਂ ਦੀ ਇੱਕੱਲੀ ਲੜਾਈ ਨਹੀਂ, ਸਗੋਂ ਪੰਜਾਬ ਦੀਆਂ ਸਾਰੀਆਂ ਮਾਵਾਂ ਅਤੇ ਧੀਆਂ ਦੀ ਇੱਜ਼ਤ ਨਾਲ ਸਬੰਧਿਤ ਹੈ। ਉਨ੍ਹਾਂ ਨੇ ਕਿਹਾ ਕਿ ਇਨਸਾਫ਼ ਮਿਲਣ ਤੱਕ ਉਹ ਕਾਨੂੰਨੀ ਲੜਾਈ ਜਾਰੀ ਰੱਖਣਗੀਆਂ।

ਹੁਣ ਖਰੜ ਤਹਿਸੀਲ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਇਲਾਕੇ ’ਚ ਦਹਿਸ਼ਤ!

ਚੰਡੀਗੜ੍ਹ :- ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਬੰਬ ਧਮਕੀਆਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ। ਵੀਰਵਾਰ ਨੂੰ ਮੋਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਮਿਲੀ ਧਮਕੀ ਤੋਂ ਬਾਅਦ ਅੱਜ ਖਰੜ ਤਹਿਸੀਲ ਕੰਪਲੈਕਸ ਨੂੰ ਵੀ ਇਕ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ, ਜਿਸ ਵਿੱਚ ਤਹਿਸੀਲ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ। ਈ-ਮੇਲ ਮਿਲਦਿਆਂ ਹੀ ਪ੍ਰਸ਼ਾਸਨ ਨੇ ਕੋਈ ਜੋਖਮ ਨਾ ਲੈਂਦੇ ਹੋਏ ਪੂਰੇ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਦਿੱਤਾ।

ਬੰਬ ਨਿਰੋਧਕ ਦਸਤਿਆਂ ਦੀ ਤਾਇਨਾਤੀ, ਕੋਨੇ-ਕੋਨੇ ਦੀ ਜਾਂਚ
ਧਮਕੀ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਬੰਬ ਨਿਰੋਧਕ ਦਸਤਿਆਂ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ। ਤਹਿਸੀਲ ਭਵਨ ਦੇ ਅੰਦਰ ਅਤੇ ਆਲੇ-ਦੁਆਲੇ ਹਰ ਇਕ ਸਥਾਨ ਦੀ ਗਹਿਰੀ ਤਲਾਸ਼ੀ ਲਈ ਗਈ। ਸੁਰੱਖਿਆ ਦੇ ਮੱਦੇਨਜ਼ਰ ਆਵਾਜਾਈ ’ਤੇ ਵੀ ਅਸਥਾਈ ਰੋਕ ਲਗਾਈ ਗਈ, ਜਿਸ ਕਾਰਨ ਇਲਾਕੇ ’ਚ ਕੁਝ ਸਮੇਂ ਲਈ ਤਣਾਅ ਦਾ ਮਾਹੌਲ ਬਣਿਆ ਰਿਹਾ।

ਪਿਛਲੇ ਦਿਨਾਂ ਦੀਆਂ ਧਮਕੀਆਂ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਦਾਲਤਾਂ ਅਤੇ ਤਹਿਸੀਲ ਕੰਪਲੈਕਸਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈ-ਮੇਲਾਂ ਮਿਲ ਚੁੱਕੀਆਂ ਹਨ। ਫਿਰੋਜ਼ਪੁਰ, ਮੋਗਾ, ਰੂਪਨਗਰ, ਲੁਧਿਆਣਾ, ਫਰੀਦਕੋਟ, ਸ੍ਰੀ ਅਨੰਦਪੁਰ ਸਾਹਿਬ ਅਤੇ ਮੋਹਾਲੀ ਵਰਗੇ ਜ਼ਿਲ੍ਹੇ ਪਹਿਲਾਂ ਹੀ ਅਜਿਹੀਆਂ ਧਮਕੀਆਂ ਦਾ ਸਾਹਮਣਾ ਕਰ ਚੁੱਕੇ ਹਨ।

ਸਰੋਤ ਦੀ ਪਛਾਣ ਲਈ ਜਾਂਚ ਤੇਜ਼, ਲੋਕਾਂ ਨੂੰ ਸਬਰ ਦੀ ਅਪੀਲ
ਪੁਲਸ ਅਧਿਕਾਰੀਆਂ ਅਨੁਸਾਰ ਧਮਕੀ ਭਰੀ ਈ-ਮੇਲ ਦੇ ਭੇਜਣ ਵਾਲੇ ਦੀ ਪਛਾਣ ਲਈ ਸਾਈਬਰ ਟੀਮਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਏਜੰਸੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ ਅੰਮ੍ਰਿਤਸਰ ਪਹੁੰਚੇ!

ਅੰਮ੍ਰਿਤਸਰ :- ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ ਅੰਮ੍ਰਿਤਸਰ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਇਹ ਦੌਰਾ ਨਿੱਜੀ ਹੈ ਅਤੇ ਉਹ ਇੱਥੇ ਇੱਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨ ਆਏ ਹਨ।

ਲਾਰੈਂਸ ਰੋਡ ਸਥਿਤ ਹੋਟਲ ਵਿੱਚ ਠਹਿਰਾਅ
ਮੁੱਖ ਮੰਤਰੀ ਉਮਰ ਅਬਦੁੱਲਾ ਦਾ ਰਹਿਣ ਦਾ ਇੰਤਜ਼ਾਮ ਲਾਰੈਂਸ ਰੋਡ ਦੇ ਨਾਵਲਟੀ ਚੌਕ ਨੇੜੇ ਸਥਿਤ ਕਿਸੇ ਪ੍ਰਸਿੱਧ ਹੋਟਲ ਵਿੱਚ ਕੀਤਾ ਗਿਆ ਹੈ, ਜਿੱਥੇ ਉਹ ਅਸਥਾਈ ਤੌਰ ‘ਤੇ ਠਹਿਰੇ ਹੋਏ ਹਨ।

ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਉਮਰ ਅਬਦੁੱਲਾ ਦੇ ਦੌਰੇ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਸ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕਰ ਦਿੱਤੇ। ਕਈ ਮੁੱਖ ਸੜਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਸ ਬਲ ਤਾਇਨਾਤ ਕੀਤਾ ਗਿਆ। ਸੁਰੱਖਿਆ ਕਾਰਨਾਂ ਕਰਕੇ ਸ਼ਹਿਰ ਦੇ ਕੁਝ ਰਾਹ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਲੋਕਾਂ ਨੂੰ ਵਿਕਲਪਕ ਰਸਤੇ ਵਰਤਣੇ ਪਏ।

ਚੰਡੀਗੜ੍ਹ ਵਿੱਚ ਸਕੂਲਾਂ ਦੀਆਂ ਛੁੱਟੀਆਂ ‘ਚ ਹੋਇਆ ਵਾਧਾ!

ਚੰਡੀਗੜ੍ਹ :- ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਸਕੂਲਾਂ ਲਈ ਸਰਦੀ ਦੀਆਂ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਹੈ। ਤਾਜ਼ਾ ਹੁਕਮਾਂ ਅਨੁਸਾਰ ਹੁਣ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ, ਜਦਕਿ 14 ਜਨਵਰੀ ਤੋਂ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਮੁੜ ਨਿਯਮਤ ਤੌਰ ‘ਤੇ ਸ਼ੁਰੂ ਹੋਵੇਗਾ।

ਸਰਕਾਰੀ ਤੇ ਨਿੱਜੀ ਸਕੂਲਾਂ ‘ਤੇ ਲਾਗੂ
ਇਹ ਫੈਸਲਾ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ‘ਤੇ ਲਾਗੂ ਹੋਵੇਗਾ। ਪ੍ਰਸ਼ਾਸਨ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਜਾਣਕਾਰੀ ਵਿਦਿਆਰਥੀਆਂ ਅਤੇ ਮਾਪਿਆਂ ਤੱਕ ਤੁਰੰਤ ਪਹੁੰਚਾਉਣ।

ਮੌਸਮੀ ਹਾਲਾਤਾਂ ਨੂੰ ਦੇਖਦਿਆਂ ਫੈਸਲਾ
ਪ੍ਰਸ਼ਾਸਨ ਅਨੁਸਾਰ ਸਰਦੀ ਦੇ ਮੌਸਮ ਦੌਰਾਨ ਠੰਢ ਅਤੇ ਸਿਹਤ ਸੰਬੰਧੀ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ, ਤਾਂ ਜੋ ਬੱਚਿਆਂ ਦੀ ਸਿਹਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।

14 ਜਨਵਰੀ ਤੋਂ ਨਿਯਮਤ ਪੜ੍ਹਾਈ ਸ਼ੁਰੂ
ਹਾਲਾਤਾਂ ਵਿੱਚ ਸੁਧਾਰ ਹੋਣ ‘ਤੇ 14 ਜਨਵਰੀ ਤੋਂ ਸਕੂਲ ਆਮ ਦਿਨਾਂ ਵਾਂਗ ਖੁੱਲ੍ਹਣਗੇ ਅਤੇ ਸਾਰੇ ਅਕਾਦਮਿਕ ਕੰਮ ਮੁੜ ਸ਼ੁਰੂ ਕੀਤੇ ਜਾਣਗੇ।

ਲੁਧਿਆਣਾ ਵਿੱਚ ਨੌਜਵਾਨ ਦਾ ਕਤਲ ਮਾਮਲਾ ਸੁਲਝਿਆ, ਔਰਤ ਸਮੇਤ ਦੋ ਆਰੋਪੀ ਗ੍ਰਿਫ਼ਤਾਰ

ਲੁਧਿਆਣਾ :- ਲੁਧਿਆਣਾ ਵਿੱਚ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਨੇ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ ਹੈ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਸ਼ੁਰੂਆਤੀ ਜਾਂਚ ਮੁਤਾਬਕ ਕਤਲ ਦੇ ਪਿੱਛੇ ਪ੍ਰੇਮ ਸਬੰਧਾਂ ਨਾਲ ਜੁੜਿਆ ਮਾਮਲਾ ਸਾਹਮਣੇ ਆ ਰਿਹਾ ਹੈ।

ਖਾਲੀ ਪਲਾਟ ਵਿੱਚ ਡਰੱਮ ’ਚੋਂ ਮਿਲੀ ਟੁਕੜਿਆਂ ’ਚ ਕੱਟੀ ਲਾਸ਼
ਬੀਤੇ ਦਿਨ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਸਲੇਮ ਟਾਬਰੀ ਥਾਣਾ ਖੇਤਰ ਅਧੀਨ ਇੱਕ ਖਾਲੀ ਪਲਾਟ ਵਿੱਚੋਂ ਡਰੱਮ ਅੰਦਰ ਕੱਟੀ ਹੋਈ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ ਸੀ। ਰਾਹਗੀਰ ਵੱਲੋਂ ਬਦਬੂ ਆਉਣ ’ਤੇ ਜਦੋਂ ਡਰੱਮ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਨੌਜਵਾਨ ਦੇ ਟੁਕੜੇ ਬਰਾਮਦ ਹੋਏ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਅੱਧੀ ਲਾਸ਼ ਸਾੜੀ, ਬਾਕੀ ਡਰੱਮ ਵਿੱਚ ਛੁਪਾਈ
ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਮ੍ਰਿਤਕ ਦੀ ਅੱਧੀ ਦੇਹ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਦਕਿ ਬਾਕੀ ਹਿੱਸੇ ਚਿੱਟੇ ਰੰਗ ਦੇ ਡਰੱਮ ਵਿੱਚ ਰੱਖ ਕੇ ਛੁਪਾਏ ਗਏ ਸਨ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕ ਦੀ ਪਛਾਣ ਅਤੇ ਆਖ਼ਰੀ ਹਿਲਚਲ
ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ ਵਜੋਂ ਹੋਈ ਹੈ, ਜੋ ਲੁਧਿਆਣਾ ਦੀ ਭਾਰਤੀ ਕਲੋਨੀ ਦਾ ਵਸਨੀਕ ਸੀ। ਜਾਣਕਾਰੀ ਅਨੁਸਾਰ ਦਵਿੰਦਰ ਮੁੰਬਈ ਤੋਂ ਵਾਪਸ ਆ ਕੇ ਕੁਝ ਸਮੇਂ ਲਈ ਘਰ ਰੁਕਿਆ ਸੀ ਅਤੇ ਉਸ ਤੋਂ ਬਾਅਦ ਘਰੋਂ ਨਿਕਲ ਗਿਆ, ਪਰ ਮੁੜ ਵਾਪਸ ਨਾ ਆਇਆ।

ਦੋਸਤ ’ਤੇ ਕਤਲ ਦਾ ਸ਼ੱਕ, ਸੀਸੀਟੀਵੀ ਨੇ ਖੋਲ੍ਹੇ ਰਾਜ਼
ਪੁਲਿਸ ਦੀ ਸ਼ੁਰੂਆਤੀ ਤਫਤੀਸ਼ ਦੌਰਾਨ ਮ੍ਰਿਤਕ ਦੇ ਦੋਸਤ ਸ਼ੇਰਾ ’ਤੇ ਗੰਭੀਰ ਸ਼ੱਕ ਜਤਾਇਆ ਜਾ ਰਿਹਾ ਹੈ। ਸ਼ੇਰਾ ਮ੍ਰਿਤਕ ਦੇ ਘਰ ਦੇ ਨੇੜੇ ਹੀ ਰਹਿੰਦਾ ਹੈ। ਸੀਸੀਟੀਵੀ ਫੁਟੇਜ ਵਿੱਚ ਸ਼ੇਰਾ ਅਤੇ ਉਸਦਾ ਇੱਕ ਹੋਰ ਸਾਥੀ ਬਾਈਕ ’ਤੇ ਡਰੱਮ ਲਿਜਾਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਨਾਲ ਪੁਲਿਸ ਦੀ ਜਾਂਚ ਨੂੰ ਮਜ਼ਬੂਤੀ ਮਿਲੀ ਹੈ।

ਪ੍ਰੈਸ ਕਾਨਫਰੰਸ ਵਿੱਚ ਹੋ ਸਕਦੇ ਹਨ ਹੋਰ ਖੁਲਾਸੇ
ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਆਰੋਪੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਕਤਲ ਦੀ ਪੂਰੀ ਸਾਜ਼ਿਸ਼ ਬਾਰੇ ਅਹੰਕਾਰਪੂਰਨ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਸਨਸਨੀਖੇਜ਼ ਮਾਮਲੇ ਨਾਲ ਜੁੜੇ ਹੋਰ ਵੱਡੇ ਖੁਲਾਸੇ ਕਰੇਗੀ।