Home Blog Page 713

ਧਾਰਮਿਕ ਰਿਵਾਜਾਂ ਦੀ ਰਖਿਆ ਲਈ ਸਿਸੂ ਘਾਟੀ ‘ਚ 40 ਦਿਨਾਂ ਦਾ ‘ਟੂਰਿਜ਼ਮ ਬਰੇਕ’

ਹਿਮਾਚਲ ਪ੍ਰਦੇਸ਼ :- ਹਿਮਾਚਲ ਦੀ ਮਸ਼ਹੂਰ ਸਿਸੂ ਘਾਟੀ ਵਿੱਚ ਹੁਣ ਕੁਝ ਸਮੇਂ ਲਈ ਸੈਲਾਨੀਆਂ ਦੀ ਰੌਣਕ ਨਹੀਂ ਰਹੇਗੀ। ਸਥਾਨਕ ਧਾਰਮਿਕ ਪਰੰਪਰਾਵਾਂ ਅਤੇ ਪੁਰਾਤਨ ਰਸਮਾਂ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਸਿਸੂ ਗ੍ਰਾਮ ਪੰਚਾਇਤ ਨੇ 20 ਜਨਵਰੀ ਤੋਂ 28 ਫਰਵਰੀ ਤੱਕ ਇਲਾਕੇ ‘ਚ ਸੈਲਾਨੀ ਗਤੀਵਿਧੀਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।

ਧਾਰਮਿਕ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਬਾਅਦ ਫੈਸਲਾ
ਪੰਚਾਇਤ ਵੱਲੋਂ ਦੱਸਿਆ ਗਿਆ ਕਿ ਇਹ ਫੈਸਲਾ ਸਥਾਨਕ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਇਸ ਦੌਰਾਨ ਹੋਣ ਵਾਲੇ ਤਿਉਹਾਰਾਂ ਅਤੇ ਰਸਮਾਂ ਲਈ ਸ਼ਾਂਤ ਅਤੇ ਅਨੁਸ਼ਾਸਿਤ ਮਾਹੌਲ ਲਾਜ਼ਮੀ ਮੰਨਿਆ ਜਾਂਦਾ ਹੈ।

ਅਟਲ ਟਨਲ ਤੋਂ ਬਾਅਦ ਵਧੀ ਸੈਲਾਨੀ ਭੀੜ
ਜ਼ਿਕਰਯੋਗ ਹੈ ਕਿ ਅਟਲ ਟਨਲ ਖੁੱਲ੍ਹਣ ਤੋਂ ਬਾਅਦ ਸਿਸੂ ਘਾਟੀ ਸਰਦੀਆਂ ਵਿੱਚ ਵੀ ਵੱਡਾ ਸੈਲਾਨੀ ਕੇਂਦਰ ਬਣ ਗਈ ਹੈ। ਭਾਰੀ ਬਰਫ਼ਬਾਰੀ ਅਤੇ ਜ਼ੀਰੋ ਤੋਂ ਹੇਠਾਂ ਤਾਪਮਾਨ ਦੇ ਬਾਵਜੂਦ ਹਜ਼ਾਰਾਂ ਸੈਲਾਨੀ ਇਥੇ ਬਰਫ਼ੀਲੇ ਨਜ਼ਾਰੇ ਅਤੇ ਰੋਮਾਂਚਕ ਖੇਡਾਂ ਲਈ ਪਹੁੰਚਦੇ ਰਹੇ ਹਨ, ਜਿਸ ਨਾਲ ਸਥਾਨਕ ਲੋਕਾਂ ਵਿੱਚ ਚਿੰਤਾ ਵਧੀ।

ਕਿਹੜੇ ਇਲਾਕੇ ਰਹਿਣਗੇ ਪੂਰੀ ਤਰ੍ਹਾਂ ਬੰਦ
ਪਾਬੰਦੀ ਸਿਸੂ ਪੰਚਾਇਤ ਦੇ ਅਧੀਨ ਆਉਂਦੇ ਸਾਰੇ ਪਿੰਡਾਂ ‘ਤੇ ਲਾਗੂ ਰਹੇਗੀ। ਇਹ ਰੋਕ ਪਾਗਲ ਨਾਲਾ ਤੋਂ ਲੈ ਕੇ ਰੋਪਸਾਂਗ ਤੱਕ ਦੇ ਖੇਤਰ, ਹੇਲਿਪੈਡ ਇਲਾਕੇ ਸਮੇਤ, ਪੂਰੀ ਤਰ੍ਹਾਂ ਪ੍ਰਭਾਵੀ ਰਹੇਗੀ।

ਐਡਵੈਂਚਰ ਗਤੀਵਿਧੀਆਂ ‘ਤੇ ਵੀ ਤਾਲਾਬੰਦੀ
ਪੰਚਾਇਤ ਪ੍ਰਧਾਨ ਰਾਜੀਵ ਨੇ ਸਪਸ਼ਟ ਕੀਤਾ ਕਿ ਇਸ ਅਰਸੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੈਲਾਨੀ ਜਾਂ ਮਨੋਰੰਜਨ ਸੰਬੰਧੀ ਸਰਗਰਮੀ ਦੀ ਇਜਾਜ਼ਤ ਨਹੀਂ ਹੋਵੇਗੀ। ਏਟੀਵੀ ਰਾਈਡ, ਹਾਟ ਏਅਰ ਬੈਲੂਨਿੰਗ, ਜਿਪ ਲਾਈਨ, ਸਕੀਇੰਗ, ਬੰਜੀ ਜੰਪਿੰਗ ਅਤੇ ਬਰਫ਼ੀਲੇ ਖੇਡਾਂ ‘ਤੇ ਪੂਰਨ ਪਾਬੰਦੀ ਰਹੇਗੀ।

ਹਲਦਾ ਅਤੇ ਪੁੰਹਾ ਤਿਉਹਾਰਾਂ ਨਾਲ ਜੁੜੀ ਹੈ ਪਾਬੰਦੀ
ਸਥਾਨਕ ਲੋਕਾਂ ਅਨੁਸਾਰ ਇਹ ਅਰਸਾ ਹਲਦਾ ਅਤੇ ਪੁੰਹਾ ਵਰਗੇ ਮਹੱਤਵਪੂਰਨ ਧਾਰਮਿਕ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦੌਰਾਨ ਦੇਵਤਿਆਂ ਦੀ ਉਪਾਸਨਾ ਅਤੇ ਰਸਮਾਂ ਲਈ ਸ਼ਾਂਤ ਵਾਤਾਵਰਣ ਜ਼ਰੂਰੀ ਹੁੰਦਾ ਹੈ।

ਪ੍ਰਸ਼ਾਸਨ ਨੂੰ ਸੂਚਿਤ, ਸਹਿਯੋਗ ਦੀ ਮੰਗ
ਪੰਚਾਇਤ ਮੈਂਬਰਾਂ ਵੱਲੋਂ ਕੇਲੌਂਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਫੈਸਲੇ ਤੋਂ ਅਗਾਹ ਕੀਤਾ ਗਿਆ ਹੈ। ਨਾਲ ਹੀ ਅਪੀਲ ਕੀਤੀ ਗਈ ਹੈ ਕਿ ਇਸ ਦੌਰਾਨ ਸੈਲਾਨੀ ਟ੍ਰੈਫਿਕ ਨੂੰ ਸਿਸੂ ਹੇਲਿਪੈਡ ਵੱਲ ਨਾ ਮੋੜਿਆ ਜਾਵੇ। ਫੈਸਲੇ ਦੀ ਪ੍ਰਤੀ ਪੁਲਿਸ ਅਤੇ ਉੱਚ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ।

ਸੈਲਾਨੀਆਂ ਲਈ ਅਪੀਲ
ਸਿਸੂ ਪੰਚਾਇਤ ਨੇ ਸੈਲਾਨੀਆਂ ਅਤੇ ਟੂਰ ਆਪਰੇਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਾਨਕ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਅਤੇ ਇਸ ਅਸਥਾਈ ਪਾਬੰਦੀ ਦਾ ਪਾਲਣ ਕਰਨ। ਪੰਚਾਇਤ ਮੁਤਾਬਕ ਇਹ ਕਦਮ ਟੂਰਿਜ਼ਮ ਅਤੇ ਸਾਂਸਕ੍ਰਿਤਿਕ ਵਿਰਾਸਤ ਵਿਚ ਸੰਤੁਲਨ ਬਣਾਈ ਰੱਖਣ ਲਈ ਲਾਜ਼ਮੀ ਹੈ।

ਗੁਰੂ ਨਗਰੀ ਅੰਮ੍ਰਿਤਸਰ ‘ਚ 48 ਘੰਟੇ ਦਾ ਰੈੱਡ ਅਲਰਟ ਜਾਰੀ, ਭਾਰੀ ਸ਼ੀਤ ਲਹਿਰ ਦੀ ਚੇਤਾਵਨੀ!

ਅੰਮ੍ਰਿਤਸਰ :- ਗੁਰੂ ਨਗਰੀ ਅੰਮ੍ਰਿਤਸਰ ਇਸ ਸਮੇਂ ਸੀਜ਼ਨ ਦੀ ਸਭ ਤੋਂ ਹੱਡ ਚੀਰਵੀਂ ਠੰਢ ਦੀ ਗ੍ਰਿਫ਼ਤ ‘ਚ ਹੈ। ਬੀਤੇ ਕੁਝ ਦਿਨਾਂ ਤੋਂ ਉੱਤਰ-ਪੱਛਮ ਵੱਲੋਂ ਵਹਿ ਰਹੀਆਂ ਬਰਫ਼ੀਲੀਆਂ ਹਵਾਵਾਂ ਨੇ ਤਾਪਮਾਨ ਨੂੰ ਅਸਧਾਰਣ ਤੌਰ ‘ਤੇ ਹੇਠਾਂ ਧੱਕ ਦਿੱਤਾ ਹੈ, ਜਿਸ ਕਾਰਨ ਸ਼ਹਿਰ ‘ਕੋਲਡ ਡੇ’ ਦੀ ਸ਼੍ਰੇਣੀ ਵਿੱਚ ਦਾਖ਼ਲ ਹੋ ਗਿਆ ਹੈ।

ਸਵੇਰ ਦੀ ਧੁੰਦ ਨੇ ਆਵਾਜਾਈ ਪ੍ਰਣਾਲੀ ਹਿਲਾਈ
ਸਵੇਰ ਦੇ ਪਹਿਲੇ ਪਹਿਰ ਸ਼ਹਿਰ ਸੰਘਣੀ ਧੁੰਦ ਦੀ ਗਹਿਰੀ ਪਰਤ ‘ਚ ਲਿਪਟਿਆ ਨਜ਼ਰ ਆਇਆ। ਦਿੱਖ ਘਟਣ ਕਾਰਨ ਸੜਕਾਂ ‘ਤੇ ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਰਹੀ, ਜਦਕਿ ਰੇਲ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਕਈ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ।

ਪਾਰਾ ਡਿੱਗਣ ਨਾਲ ਠੰਢ ਦੀ ਤੀਬਰਤਾ ਵਧੀ ਅਤੇ ਵਪਾਰਕ ਇਲਾਕੇ ਵੀ ਸੁੰਨੇ ਪਏ ਨਜ਼ਰ ਆਏ। ਹਾਲ ਬਾਜ਼ਾਰ, ਲਾਰੈਂਸ ਰੋਡ ਅਤੇ ਕਟੜਾ ਆਹਲੂਵਾਲੀਆ ਵਰਗੇ ਹਮੇਸ਼ਾ ਰੌਣਕ ਵਾਲੇ ਖੇਤਰਾਂ ਵਿੱਚ ਵੀ ਆਮ ਦਿਨਾਂ ਨਾਲੋਂ ਕਾਫ਼ੀ ਘੱਟ ਭੀੜ ਰਹੀ।

ਠੰਢ ਨੇ ਦਿੱਤਾ ਸਪਸ਼ਟ ਸੰਕੇਤ
ਕੁੱਲ ਮਿਲਾ ਕੇ ਗੁਰੂ ਨਗਰੀ ਵਿੱਚ ਮੌਜੂਦਾ ਮੌਸਮ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਰਦੀ ਦਾ ਕਠੋਰ ਦੌਰ ਹਾਲੇ ਖ਼ਤਮ ਨਹੀਂ ਹੋਇਆ। ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵੀ ਜ਼ੋਰ ਫੜ ਸਕਦੀ ਹੈ।

ਨਿਊਜ਼ੀਲੈਂਡ ‘ਚ ਨਗਰ ਕੀਰਤਨ ਦੌਰਾਨ ਮੁੜ ਖਲਲ ਦੀ ਕੋਸ਼ਿਸ਼, ਪੁਲਿਸ ਦੀ ਤੁਰੰਤ ਕਾਰਵਾਈ ਨਾਲ ਸਥਿਤੀ ਸੰਭਲੀ

ਨਿਊਜ਼ੀਲੈਂਡ :- ਟੌਰੰਗਾ ਸ਼ਹਿਰ ਵਿੱਚ ਸਿੱਖ ਸੰਗਤ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਕੁਝ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਦੀ ਚੁਸਤ ਤਾਇਨਾਤੀ ਅਤੇ ਸੰਗਤ ਦੇ ਸੰਜਮ ਕਾਰਨ ਸਮਾਗਮ ਬਿਨਾਂ ਕਿਸੇ ਬੇਅਦਬੀ ਦੇ ਸੰਪੰਨ ਹੋ ਗਿਆ।

ਨੀਲੇ ਕੱਪੜਿਆਂ ਅਤੇ ਬੈਨਰਾਂ ਨਾਲ ਸਾਹਮਣੇ ਆਏ ਅਨਸਰ
ਜਾਣਕਾਰੀ ਮੁਤਾਬਕ ਕੁਝ ਸਥਾਨਕ ਮਾਓਰੀ ਨੌਜਵਾਨ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਅਤੇ ਹੱਥਾਂ ਵਿੱਚ ਬੈਨਰ ਲੈ ਕੇ ਨਗਰ ਕੀਰਤਨ ਦੇ ਰਸਤੇ ਨੇੜੇ ਇਕੱਠੇ ਹੋਏ। ਇਨ੍ਹਾਂ ਵੱਲੋਂ ਕੁਝ ਸਮੇਂ ਲਈ ਰਵਾਇਤੀ ਹਾਕਾ ਕੀਤਾ ਗਿਆ, ਜਿਸ ਨਾਲ ਕੁਝ ਸਮੇਂ ਲਈ ਤਣਾਅਪੂਰਨ ਸਥਿਤੀ ਬਣੀ।

ਵਾਪਸੀ ਰਸਤੇ ‘ਤੇ ਫਿਰ ਬਣੀ ਸਥਿਤੀ
ਨਗਰ ਕੀਰਤਨ ਜਦੋਂ ਪਹਿਲਾ ਪੜਾਅ ਪੂਰਾ ਕਰਕੇ ਵਾਪਸੀ ਵੱਲ ਵਧ ਰਿਹਾ ਸੀ, ਤਾਂ ਪਤਾ ਲੱਗਾ ਕਿ ਉਹੀ ਅਨਸਰ, ਜਿਨ੍ਹਾਂ ਨੇ ਪਹਿਲਾਂ ਔਕਲੈਂਡ ਵਿੱਚ ਨਗਰ ਕੀਰਤਨ ਦੌਰਾਨ ਖਲਲ ਪਾਇਆ ਸੀ, ਵਾਪਸੀ ਦੇ ਰੂਟ ‘ਤੇ ਦੁਬਾਰਾ ਇਕੱਠੇ ਹੋ ਰਹੇ ਹਨ। ਇਸ ਨੂੰ ਦੇਖਦਿਆਂ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਰਸਤਾ ਬਦਲਣ ਦੀ ਸਲਾਹ ਦਿੱਤੀ।

ਪੁਲਿਸ ਦਾ ਘੇਰਾ, ਸੰਗਤ ਪੂਰੀ ਤਰ੍ਹਾਂ ਸੁਚੇਤ
ਜਦੋਂ ਨਗਰ ਕੀਰਤਨ ਅੱਗੇ ਵਧਿਆ ਤਾਂ ਸ਼ਰਾਰਤੀ ਅਨਸਰ ਦੂਜੇ ਪਾਸੇ ਖੜ੍ਹ ਕੇ ਹਾਕਾ ਕਰਨ ਲੱਗੇ। ਪੁਲਿਸ ਨੇ ਤੁਰੰਤ ਸੁਰੱਖਿਆ ਘੇਰਾ ਬਣਾਇਆ, ਜਦਕਿ ਸੰਗਤ ਨੇ ਪੂਰਾ ਸੰਜਮ ਬਰਕਰਾਰ ਰੱਖਿਆ। ਕੁਝ ਮਿੰਟਾਂ ਬਾਅਦ ਉਹ ਨੌਜਵਾਨ ਥਾਂ ਛੱਡ ਕੇ ਚਲੇ ਗਏ।

ਸ਼ਾਂਤੀਪੂਰਵਕ ਤਰੀਕੇ ਨਾਲ ਗੁਰਦੁਆਰਾ ਸਾਹਿਬ ਪਹੁੰਚਿਆ ਨਗਰ ਕੀਰਤਨ
ਸਿੱਖ ਕੌਂਸਿਲ ਆਫ ਨਿਊਜ਼ੀਲੈਂਡ ਦੇ ਮੈਂਬਰਾਂ ਨੇ ਦੱਸਿਆ ਕਿ ਟੌਰੰਗਾ ਵਿੱਚ ਹੋਈ ਇਹ ਘਟਨਾ ਔਕਲੈਂਡ ਨਾਲ ਤੁਲਨਾ ਕਰੀਏ ਤਾਂ ਬਹੁਤ ਹੀ ਘੱਟ ਪੱਧਰ ਦੀ ਸੀ। ਨਗਰ ਕੀਰਤਨ ਬਿਨਾਂ ਕਿਸੇ ਰੁਕਾਵਟ ਦੇ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਸੰਗਤ ਸੁਰੱਖਿਅਤ ਤਰੀਕੇ ਨਾਲ ਵਾਪਸ ਲੌਟੀ।

ਮਾਮਲੇ ਦੇ ਪਿੱਛੇ ਬ੍ਰਾਇਨ ਟਾਮਾਕੀ ਦਾ ਨਾਂਅ
ਸੂਤਰਾਂ ਅਨੁਸਾਰ ਇਸ ਪੂਰੇ ਮਾਮਲੇ ਦੇ ਪਿੱਛੇ ਬ੍ਰਾਇਨ ਟਾਮਾਕੀ ਨਾਂਅ ਦੇ ਵਿਅਕਤੀ ਦੀ ਭੂਮਿਕਾ ਸਾਹਮਣੇ ਆ ਰਹੀ ਹੈ, ਜਿਸ ਵੱਲੋਂ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਸਥਿਤੀ ‘ਤੇ ਨਿਗਰਾਨੀ ਜਾਰੀ ਹੈ।

ਪੁੱਤਰ ਦੇ ਘਰ ਕੋਲ ਹੀ ਬੇਘਰ ਮਾਪੇ, ਕੜਾਕੇ ਦੀ ਠੰਡ ‘ਚ ਕਾਨਿਆਂ ਦੀ ਝੌਂਪੜੀ ਵਿੱਚ ਰਹਿਣ ਨੂੰ ਮਜਬੂਰ!

ਤਰਨ ਤਾਰਨ :- ਜ਼ਿਲ੍ਹਾ ਤਰਨ ਤਾਰਨ ਦੇ ਖੇਮਕਰਨ ਹਲਕੇ ਨਾਲ ਸਬੰਧਤ ਪਿੰਡ ਘਰਿਆਲਾ ਵਿੱਚ ਉਹ ਦ੍ਰਿਸ਼ ਸਾਹਮਣੇ ਆਇਆ ਹੈ, ਜੋ ਸਮਾਜ ਦੇ ਦਾਅਵਿਆਂ ‘ਤੇ ਸਵਾਲ ਖੜੇ ਕਰਦਾ ਹੈ। ਇੱਥੇ ਇੱਕ ਬਜ਼ੁਰਗ ਜੋੜਾ ਆਪਣੇ ਹੀ ਘਰ ਦੇ ਅਹਾਤੇ ਵਿੱਚ ਬਣੀ ਕਾਨਿਆਂ ਤੇ ਤਰਪਾਲਾਂ ਨਾਲ ਤਿਆਰ ਕੀਤੀ ਝੌਂਪੜੀ ਹੇਠ ਕੜਾਕੇ ਦੀ ਠੰਢ ਦਾ ਸਾਹਮਣਾ ਕਰਨ ਲਈ ਮਜਬੂਰ ਹੈ। ਨਾ ਸਿਰ ਉੱਤੇ ਪੱਕੀ ਛੱਤ, ਨਾ ਸਰੀਰ ਨੂੰ ਗਰਮੀ, ਤੇ ਨਾ ਹੀ ਦੋ ਵਕਤ ਦੀ ਪੱਕੀ ਰੋਟੀ।

 ਬੁਢਾਪਾ ਬਣਿਆ ਸਜ਼ਾ

ਬਜ਼ੁਰਗ ਮਲੂਕ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦੇ ਆਖ਼ਰੀ ਪਲ ਸਭ ਤੋਂ ਵੱਡੀ ਸਜ਼ਾ ਬਣ ਚੁੱਕੇ ਹਨ। ਪੁੱਤਰ ਆਪਣੇ ਪਰਿਵਾਰ ਸਮੇਤ ਪੱਕੇ ਕਮਰੇ ਵਿੱਚ ਰਹਿੰਦਾ ਹੈ, ਪਰ ਮਾਪਿਆਂ ਲਈ ਉਹ ਦਰਵਾਜ਼ਾ ਅਕਸਰ ਤਾਲਾਬੰਦ ਰਹਿੰਦਾ ਹੈ। ਮਜਬੂਰੀ ਵਿੱਚ ਬਜ਼ੁਰਗ ਜੋੜੇ ਨੇ ਘਰ ਦੇ ਪਿੱਛੇ ਕਾਨਿਆਂ ਦੀ ਛੱਤ ਤੇ ਤਰਪਾਲਾਂ ਨਾਲ ਆਸਰਾ ਬਣਾਇਆ ਹੋਇਆ ਹੈ।

 ਮੀਂਹ ਆਵੇ ਤਾਂ ਹੋਰਾਂ ਦੇ ਦਰ

ਜਦੋਂ ਬਾਰਿਸ਼ ਪੈਂਦੀ ਹੈ, ਤਾਂ ਇਹ ਜੋੜਾ ਆਪਣੀ ਝੌਂਪੜੀ ਛੱਡ ਕੇ ਰਾਤ ਕੱਟਣ ਲਈ ਪਿੰਡ ਦੇ ਲੋਕਾਂ ਦੇ ਤੂੜੀ ਵਾਲੇ ਕਮਰਿਆਂ ਦਾ ਸਹਾਰਾ ਲੈਂਦਾ ਹੈ। ਮਲੂਕ ਸਿੰਘ ਦੋ ਵਾਰ ਅਧਰੰਗ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਕਾਰਨ ਤੁਰਨਾ ਵੀ ਉਨ੍ਹਾਂ ਲਈ ਵੱਡੀ ਮੁਸ਼ਕਲ ਬਣਿਆ ਹੋਇਆ ਹੈ।

ਭੁੱਖ, ਬੀਮਾਰੀ ਅਤੇ ਬੇਬਸੀ

ਬਜ਼ੁਰਗ ਦੀ ਪਤਨੀ ਜੋਗਿੰਦਰ ਕੌਰ ਦੱਸਦੀ ਹੈ ਕਿ ਘਰ ਵਿੱਚ ਅਕਸਰ ਚੁੱਲ੍ਹਾ ਨਹੀਂ ਸਲਗਦਾ। ਕਈ ਵਾਰ ਭੁੱਖੇ ਪੇਟ ਹੀ ਰਾਤ ਲੰਘ ਜਾਂਦੀ ਹੈ। ਨਾ ਘਰ ਵਿੱਚ ਲੈਟਰਿਨ ਹੈ, ਨਾ ਬਾਥਰੂਮ। ਇੱਕ ਜਵਾਨ ਧੀ ਦੇ ਵਿਆਹ ਦੀ ਚਿੰਤਾ ਵੀ ਉਨ੍ਹਾਂ ਦੀ ਨੀਂਦ ਖੋਹ ਚੁੱਕੀ ਹੈ।

 ਦੋਹਤਾ ਵੀ ਬੇਰੋਜ਼ਗਾਰ

ਪਰਿਵਾਰ ਨੇ ਆਪਣੀ ਵੱਡੀ ਧੀ ਦੇ ਪੁੱਤਰ ਰਵੀਦੀਪ ਨੂੰ ਦਿਹਾੜੀ ਕਰਨ ਲਈ ਆਪਣੇ ਕੋਲ ਬੁਲਾਇਆ ਹੈ, ਪਰ ਸਰਦੀ ਅਤੇ ਕੰਮ ਦੀ ਕਮੀ ਕਾਰਨ ਉਸਨੂੰ ਵੀ ਰੋਜ਼ਗਾਰ ਨਹੀਂ ਮਿਲ ਰਿਹਾ।

 ਸਿਸਟਮ ਤੇ ਸਮਾਜ ਲਈ ਸਵਾਲ

ਬਜ਼ੁਰਗ ਜੋੜੇ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਘੱਟੋ-ਘੱਟ ਇੱਕ ਪੱਕਾ ਕਮਰਾ ਮਿਲ ਸਕੇ, ਤਾਂ ਜੋ ਬੁਢਾਪੇ ਦੇ ਦਿਨ ਇੱਜ਼ਤ ਨਾਲ ਗੁਜ਼ਾਰੇ ਜਾ ਸਕਣ।

ਮਦਦ ਲਈ ਸੰਪਰਕ:
ਜੇਕਰ ਕੋਈ ਵੀ ਵਿਅਕਤੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂ ਮੋਬਾਈਲ ਨੰਬਰ 98148-74483 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਨਾਕੇ ’ਤੇ ਭੱਜਣ ਦੀ ਕੋਸ਼ਿਸ਼ ਪਈ ਭਾਰੀ, ਬੈਰੀਕੇਡ ਨਾਲ ਟਕਰਾਅ ’ਚ ਨੌਜਵਾਨ ਗਾਇਕ ਦੀ ਮੌਤ!

ਚੰਡੀਗੜ੍ਹ :- ਚੰਡੀਗੜ੍ਹ ਦੇ ਸੈਕਟਰ 25 ਨਾਲ ਸਬੰਧਤ ਤਿੰਨ ਨੌਜਵਾਨਾਂ ਦੀ ਦੇਰ ਰਾਤ ਦੀ ਮੌਜ-ਮਸਤੀ ਇੱਕ ਦਰਦਨਾਕ ਹਾਦਸੇ ’ਚ ਤਬਦੀਲ ਹੋ ਗਈ। ਪੰਚਕੂਲਾ ਦੇ ਇੱਕ ਕਲੱਬ ਤੋਂ ਵਾਪਸੀ ਦੌਰਾਨ ਸੈਕਟਰ 7/18 ਰੋਡ ’ਤੇ ਲੱਗੇ ਐਂਟੀ-ਡਰੰਕ ਡਰਾਈਵਿੰਗ ਨਾਕੇ ’ਤੇ ਬਾਈਕ ਬੇਕਾਬੂ ਹੋ ਕੇ ਬੈਰੀਕੇਡ ਨਾਲ ਟਕਰਾ ਗਈ, ਜਿਸ ਕਾਰਨ 21 ਸਾਲਾ ਨੌਜਵਾਨ ਹਨੀ ਉਰਫ਼ ਲਵਲੀ ਦੀ ਜਾਨ ਚਲੀ ਗਈ, ਜਦਕਿ ਉਸਦੇ ਦੋ ਸਾਥੀ ਜ਼ਖ਼ਮੀ ਹੋ ਗਏ।

ਦੇਰ ਰਾਤ ਵਾਪਸੀ ਦੌਰਾਨ ਵਾਪਰੀ ਘਟਨਾ

ਜਾਣਕਾਰੀ ਮੁਤਾਬਕ ਹਾਦਸਾ ਰਾਤ ਕਰੀਬ 2 ਵਜੇ ਵਾਪਰਿਆ। ਤਿੰਨੋਂ ਨੌਜਵਾਨ ਇੱਕ ਹੀ ਬਾਈਕ ’ਤੇ ਸਵਾਰ ਸਨ ਅਤੇ ਕਿਸੇ ਨੇ ਵੀ ਹੈਲਮੇਟ ਨਹੀਂ ਪਾਇਆ ਹੋਇਆ ਸੀ। ਬਾਈਕ ਲਕਸ਼ਿਤ ਚਲਾ ਰਿਹਾ ਸੀ, ਵਿਸ਼ਾਲ ਵਿਚਕਾਰ ਅਤੇ ਹਨੀ ਪਿੱਛੇ ਬੈਠਾ ਹੋਇਆ ਸੀ। ਨਾਕਾ ਦੇਖ ਕੇ ਉਨ੍ਹਾਂ ਨੇ ਬਿਨਾਂ ਰੁਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ।

ਦੂਜੇ ਬੈਰੀਕੇਡ ’ਤੇ ਖੋਹ ਬੈਠੇ ਸੰਤੁਲਨ

ਪਹਿਲਾ ਬੈਰੀਕੇਡ ਲੰਘਦੇ ਹੀ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਕੁਝ ਹੀ ਪਲਾਂ ’ਚ ਦੂਜੇ ਬੈਰੀਕੇਡ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਹਨੀ ਦਾ ਸਿਰ ਬੈਰੀਕੇਡ ਨਾਲ ਵੱਜਿਆ ਅਤੇ ਉਹ ਸੜਕ ’ਤੇ ਡਿੱਗ ਪਿਆ। ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਨਸ਼ੇ ਦੀ ਪੁਸ਼ਟੀ, ਦੋ ਨੌਜਵਾਨ ਜ਼ਖ਼ਮੀ

ਪੁਲਸ ਵੱਲੋਂ ਕਰਵਾਈ ਗਈ ਮੈਡੀਕਲ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲਕਸ਼ਿਤ ਅਤੇ ਵਿਸ਼ਾਲ ਸ਼ਰਾਬ ਦੇ ਨਸ਼ੇ ’ਚ ਸਨ। ਦੋਨਾਂ ਦਾ ਇਲਾਜ ਜਾਰੀ ਹੈ। ਮ੍ਰਿਤਕ ਹਨੀ ਪੇਸ਼ੇ ਨਾਲ ਗਾਇਕ ਸੀ ਅਤੇ ਹਾਰਮੋਨੀਅਮ ਵਜਾਉਣ ਵਿੱਚ ਵੀ ਨਿਪੁੰਨ ਸੀ, ਜਿਸ ਕਾਰਨ ਉਸਦੀ ਮੌਤ ਨਾਲ ਇਲਾਕੇ ’ਚ ਸੋਗ ਦੀ ਲਹਿਰ ਹੈ।

ਪਰਿਵਾਰ ਨੇ ਪੁਲਸ ’ਤੇ ਲਗਾਏ ਇਲਜ਼ਾਮ

ਹਨੀ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਨੂੰ ਲੈ ਕੇ ਪੁਲਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਉਠਾਏ ਹਨ। ਮ੍ਰਿਤਕ ਦੀ ਮਾਂ ਅਤੇ ਭਰਾ ਦਾ ਦੋਸ਼ ਹੈ ਕਿ ਨਾਕੇ ’ਤੇ ਤਾਇਨਾਤ ਕਰਮਚਾਰੀਆਂ ਵੱਲੋਂ ਚੱਲਦੀ ਬਾਈਕ ਦੇ ਸਾਹਮਣੇ ਬੈਰੀਕੇਡ ਅਚਾਨਕ ਲਾਇਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ।

ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ

ਸੈਕਟਰ 7 ਥਾਣੇ ਦੀ ਪੁਲਸ ਨੇ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਮੁਤਾਬਕ, ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਸਾਰੀ ਸਥਿਤੀ ਸਪੱਸ਼ਟ ਹੋ ਸਕੇ। ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜਾਂਚ ਪੂਰੀ ਤਰ੍ਹਾਂ ਤੱਥਾਂ ਦੇ ਆਧਾਰ ’ਤੇ ਕੀਤੀ ਜਾਵੇਗੀ।

ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸਿਰੀਜ਼ ਤੋਂ ਪਹਿਲਾਂ ਭਾਰਤ ਨੂੰ ਝਟਕਾ, ਰਿਸ਼ਭ ਪੰਤ ਜ਼ਖ਼ਮੀ!

ਨਵੀਂ ਦਿੱਲੀ :- ਨਿਊਜ਼ੀਲੈਂਡ ਨਾਲ ਹੋਣ ਵਾਲੀ ਤਿੰਨ ਮੈਚਾਂ ਦੀ ਇਕਦਿਵਸੀ ਸਿਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੀ ਤਿਆਰੀਆਂ ਉਸ ਵੇਲੇ ਕੁਝ ਸਮੇਂ ਲਈ ਰੁਕ ਗਈਆਂ, ਜਦੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਭਿਆਸ ਦੌਰਾਨ ਗੇਂਦ ਲੱਗਣ ਕਾਰਨ ਅਸਹਜ ਮਹਿਸੂਸ ਕਰਦਾ ਨਜ਼ਰ ਆਇਆ। ਇਸ ਘਟਨਾ ਤੋਂ ਬਾਅਦ ਪਹਿਲੇ ਵਨਡੇ ’ਚ ਉਸਦੀ ਉਪਲਬਧਤਾ ਨੂੰ ਲੈ ਕੇ ਸਵਾਲ ਖੜੇ ਹੋ ਗਏ ਹਨ।

ਥ੍ਰੋਡਾਊਨ ਦੌਰਾਨ ਲੱਗੀ ਗੇਂਦ

ਬਰੋਡਾ ਕ੍ਰਿਕਟ ਐਸੋਸੀਏਸ਼ਨ ਸਟੇਡਿਯਮ ’ਚ ਚੱਲ ਰਹੇ ਨੈੱਟ ਸੈਸ਼ਨ ਦੌਰਾਨ ਪੰਤ ਬੈਟਿੰਗ ਕਰ ਰਿਹਾ ਸੀ, ਜਦੋਂ ਇੱਕ ਤੇਜ਼ ਗੇਂਦ ਉਸਦੀ ਕਮਰ ਦੇ ਥੋੜ੍ਹਾ ਉੱਪਰ ਲੱਗੀ। ਟੱਕਰ ਤੋਂ ਬਾਅਦ ਪੰਤ ਦਰਦ ’ਚ ਦਿਖਾਈ ਦਿੱਤਾ, ਜਿਸ ’ਤੇ ਟੀਮ ਦੇ ਮੈਡੀਕਲ ਸਟਾਫ਼ ਨੇ ਤੁਰੰਤ ਮੈਦਾਨ ਵਿੱਚ ਆ ਕੇ ਜਾਂਚ ਕੀਤੀ।

ਗੰਭੀਰ ਨਿਗਰਾਨੀ ਹੇਠ ਪੰਤ

ਘਟਨਾ ਮੌਕੇ ਮੁੱਖ ਕੋਚ ਗੌਤਮ ਗੰਭੀਰ ਅਤੇ ਸਹਾਇਕ ਸਟਾਫ਼ ਵੀ ਪੰਤ ਕੋਲ ਮੌਜੂਦ ਰਹੇ। ਸ਼ੁਰੂਆਤੀ ਇਲਾਜ ਤੋਂ ਬਾਅਦ ਪੰਤ ਆਪਣੇ ਪੈਰਾਂ ’ਤੇ ਖੁਦ ਮੈਦਾਨ ਤੋਂ ਬਾਹਰ ਚਲਾ ਗਿਆ, ਪਰ ਟੀਮ ਪ੍ਰਬੰਧਨ ਵੱਲੋਂ ਉਸਦੀ ਹਾਲਤ ’ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ। ਐਤਵਾਰ ਨੂੰ ਹੋਣ ਵਾਲੇ ਪਹਿਲੇ ਵਨਡੇ ਤੋਂ ਪਹਿਲਾਂ ਮੈਡੀਕਲ ਅਪਡੇਟ ਅਹਿਮ ਰਹੇਗੀ।

ਨੈੱਟਸ ’ਚ ਹੋਰ ਗਤੀਵਿਧੀਆਂ ਵੀ ਰਹੀਆਂ ਚਰਚਾ ’ਚ

ਇਸ ਦੌਰਾਨ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਮੁੱਖ ਚੋਣਕਰਤਾ ਅਜੀਤ ਅਗਰਕਰ ਨਾਲ ਗੱਲਬਾਤ ਕਰਦੇ ਵੇਖਿਆ ਗਿਆ। ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਵੀ ਅਭਿਆਸ ਸੈਸ਼ਨ ਦੌਰਾਨ ਭੂਮਿਕਾ ਨਿਭਾਉਂਦੇ ਹੋਏ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਬੈਟਿੰਗ ਸੰਬੰਧੀ ਸੁਝਾਅ ਦਿੱਤੇ।

ਘਰੇਲੂ ਕ੍ਰਿਕਟ ਤੋਂ ਵਾਪਸੀ ਕਰ ਰਹੇ ਖਿਡਾਰੀ

ਕਈ ਖਿਡਾਰੀ ਵਿਜੈ ਹਜ਼ਾਰੇ ਟ੍ਰਾਫ਼ੀ ਵਿੱਚ ਖੇਡਣ ਤੋਂ ਬਾਅਦ ਮੁੜ ਕੌਮੀ ਟੀਮ ਨਾਲ ਜੁੜੇ ਹਨ। ਉਪਕਪਤਾਨ ਸ਼੍ਰੇਅਸ ਅਇਅਰ, ਜੋ ਹਾਲ ਹੀ ’ਚ ਮੁੰਬਈ ਟੀਮ ਦੀ ਅਗਵਾਈ ਕਰ ਚੁੱਕਾ ਹੈ, ਨੇ ਕੇ.ਐੱਲ. ਰਾਹੁਲ ਨਾਲ ਲੰਬਾ ਬੈਟਿੰਗ ਸੈਸ਼ਨ ਕੀਤਾ। ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ ਨੇ ਵੀ ਜ਼ਖ਼ਮ ਤੋਂ ਪਹਿਲਾਂ ਤਕਰੀਬਨ ਪੂਰਾ ਸੈਸ਼ਨ ਖੇਡਿਆ।

ਬਰੋਡਾ ਲਈ ਇਤਿਹਾਸਕ ਮੌਕਾ

ਜ਼ਿਕਰਯੋਗ ਹੈ ਕਿ ਇਹ ਵਨਡੇ ਸਿਰੀਜ਼ ਬਰੋਡਾ ਲਈ ਖ਼ਾਸ ਮਹੱਤਵ ਰੱਖਦੀ ਹੈ, ਕਿਉਂਕਿ ਇਹ ਮੈਦਾਨ ਪਹਿਲੀ ਵਾਰ ਮਰਦਾਂ ਦਾ ਅੰਤਰਰਾਸ਼ਟਰੀ ਮੁਕਾਬਲਾ ਹੋਸਟ ਕਰਨ ਜਾ ਰਿਹਾ ਹੈ। ਦੂਜਾ ਵਨਡੇ 14 ਜਨਵਰੀ ਨੂੰ ਰਾਜਕੋਟ ’ਚ ਅਤੇ ਆਖ਼ਰੀ ਮੁਕਾਬਲਾ ਇੰਦੌਰ ’ਚ ਖੇਡਿਆ ਜਾਵੇਗਾ।

ਦਿੱਲੀ ’ਚ ਠੰਢ ਨੇ ਫਿਰ ਦਿਖਾਇਆ ਤਿੱਖਾ ਰੂਪ, ਕਈ ਇਲਾਕਿਆਂ ’ਚ ਤਾਪਮਾਨ 3 ਡਿਗਰੀ ਦੇ ਨੇੜੇ ਪਹੁੰਚਿਆ

ਨਵੀਂ ਦਿੱਲੀ :- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਰਦੀ ਨੇ ਇਕ ਵਾਰ ਫਿਰ ਲੋਕਾਂ ਨੂੰ ਕੰਬਾ ਦਿੱਤਾ ਹੈ। ਐਤਵਾਰ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਤੇਜ਼ੀ ਨਾਲ ਹੇਠਾਂ ਡਿੱਗ ਗਿਆ, ਜਿਸ ਕਾਰਨ ਠੰਢ ਦਾ ਅਸਰ ਹੋਰ ਵੀ ਤਿੱਖਾ ਮਹਿਸੂਸ ਕੀਤਾ ਗਿਆ। ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ।

ਕੁਝ ਇਲਾਕੇ ਰਹੇ ਸਭ ਤੋਂ ਠੰਢੇ

ਭਾਰਤੀ ਮੌਸਮ ਵਿਭਾਗ ਅਨੁਸਾਰ, ਸਫ਼ਦਰਜੰਗ ਸਟੇਸ਼ਨ ’ਤੇ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਹਾ, ਜੋ ਭਾਵੇਂ ਆਮ ਤੋਂ ਥੋੜ੍ਹਾ ਵੱਧ ਸੀ, ਪਰ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਠੰਢ ਨੇ ਕਾਫ਼ੀ ਜ਼ੋਰ ਪਾਇਆ। ਪਾਲਮ ਵਿੱਚ ਤਾਪਮਾਨ 3 ਡਿਗਰੀ ਅਤੇ ਆਯਾਨਗਰ ਵਿੱਚ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਕਾਫ਼ੀ ਘੱਟ ਹੈ। ਰਿਜ਼ ਇਲਾਕੇ ਵਿੱਚ 3.7 ਡਿਗਰੀ ਅਤੇ ਲੋਧੀ ਰੋਡ ’ਤੇ 4.6 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।

ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ

ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਜਦੋਂ ਤਾਪਮਾਨ ਆਮ ਨਾਲੋਂ 4.5 ਤੋਂ 6.5 ਡਿਗਰੀ ਤੱਕ ਘੱਟ ਹੋ ਜਾਵੇ, ਤਾਂ ਉਸਨੂੰ ਸੀਤ ਲਹਿਰ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਦਿੱਲੀ ਦੇ ਕੁਝ ਹਿੱਸਿਆਂ ਵਿੱਚ ਇਹ ਹਾਲਾਤ ਬਣਨ ਕਾਰਨ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਸੋਮਵਾਰ ਤੱਕ ਅਜਿਹੇ ਹੀ ਮੌਸਮ ਰਹਿਣ ਦੀ ਸੰਭਾਵਨਾ ਜਤਾਈ ਹੈ।

ਨਮੀ ਨੇ ਵਧਾਈ ਠੰਢ ਦੀ ਤੀਬਰਤਾ

ਸਵੇਰ ਵੇਲੇ ਹਵਾ ਵਿੱਚ ਨਮੀ ਦਾ ਪੱਧਰ ਲਗਭਗ 97 ਫ਼ੀਸਦੀ ਦਰਜ ਕੀਤਾ ਗਿਆ, ਜਿਸ ਕਾਰਨ ਠੰਢ ਹੋਰ ਵੀ ਤੇਜ਼ ਮਹਿਸੂਸ ਹੋਈ। ਲੋਕਾਂ ਦਾ ਕਹਿਣਾ ਹੈ ਕਿ ਹਕੀਕਤੀ ਤਾਪਮਾਨ ਨਾਲੋਂ ਮੌਸਮ ਕਾਫ਼ੀ ਵੱਧ ਸਖ਼ਤ ਲੱਗ ਰਿਹਾ ਹੈ।

ਹਵਾ ਦੀ ਗੁਣਵੱਤਾ ਵੀ ਚਿੰਤਾ ਦਾ ਵਿਸ਼ਾ

ਠੰਢ ਦੇ ਨਾਲ-ਨਾਲ ਦਿੱਲੀ ਦੀ ਹਵਾ ਵੀ ਸੁਧਰਦੀ ਨਜ਼ਰ ਨਹੀਂ ਆ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ, ਸਵੇਰੇ 9 ਵਜੇ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 295 ਦਰਜ ਕੀਤਾ ਗਿਆ, ਜੋ ‘ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਸਿਹਤ ਮਾਹਿਰਾਂ ਨੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਲੰਬੇ ਸਮੇਂ ਤੱਕ ਬਾਹਰ ਰਹਿਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਅੱਗੇ ਕਿਹੋ ਜਿਹਾ ਰਹੇਗਾ ਮੌਸਮ

ਮੌਸਮ ਵਿਭਾਗ ਅਨੁਸਾਰ, ਐਤਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਭਗ 17 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਵਿਭਾਗ ਨੇ ਲੋਕਾਂ ਨੂੰ ਸਵੇਰੇ ਅਤੇ ਦੇਰ ਰਾਤ ਸਮੇਂ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਨੋਬਲ ਪੁਰਸਕਾਰ ਲਈ ਮੇਰੇ ਤੋਂ ਵੱਡਾ ਹੱਕਦਾਰ ਕੋਈ ਨਹੀਂ – ਟਰੰਪ

ਅਮਰੀਕਾ :- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਮੰਚ ’ਤੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵਿਤ ਜੰਗ ਨੂੰ ਰੋਕਣ ’ਚ ਉਨ੍ਹਾਂ ਦੀ ਕੇਂਦਰੀ ਭੂਮਿਕਾ ਰਹੀ। ਟਰੰਪ ਨੇ ਕਿਹਾ ਕਿ ਜੇ ਨੋਬੇਲ ਸ਼ਾਂਤੀ ਪੁਰਸਕਾਰ ਦੀ ਗੱਲ ਕੀਤੀ ਜਾਵੇ, ਤਾਂ ਇਤਿਹਾਸ ਵਿੱਚ ਉਨ੍ਹਾਂ ਤੋਂ ਵੱਧ ਹੱਕਦਾਰ ਕੋਈ ਹੋਰ ਨਹੀਂ।

ਓਬਾਮਾ ਨੂੰ ਨੋਬਲ ਮਿਲਣ ’ਤੇ ਉਠਾਏ ਸਵਾਲ

ਰਾਸ਼ਟਰਪਤੀ ਟਰੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲੇ ਨੋਬੇਲ ਸ਼ਾਂਤੀ ਪੁਰਸਕਾਰ ’ਤੇ ਵੀ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਓਬਾਮਾ ਵੱਲੋਂ ਅਜਿਹਾ ਕੋਈ ਠੋਸ ਕੰਮ ਨਹੀਂ ਕੀਤਾ ਗਿਆ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਇਹ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੋਵੇ।

ਭਾਰਤ–ਪਾਕਿ ਸੰਘਰਸ਼ ਬਾਰੇ ਮੁੜ ਦੁਹਰਾਇਆ ਬਿਆਨ

ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਨੂੰ ਲੈ ਕੇ ਤੇਲ ਅਤੇ ਗੈਸ ਖੇਤਰ ਦੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਮਈ ਮਹੀਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਹਾਲਾਤ ਇਤਨੇ ਗੰਭੀਰ ਹੋ ਚੁੱਕੇ ਸਨ ਕਿ ਅੱਠ ਲੜਾਕੂ ਜਹਾਜ਼ ਤਬਾਹ ਹੋ ਗਏ ਸਨ। ਹਾਲਾਂਕਿ, ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਕਿਸ ਦੇ ਸਨ।

ਟਰੰਪ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਸਹਿਮਤ ਹੋਣ ਜਾਂ ਨਾ ਹੋਣ, ਪਰ ਉਨ੍ਹਾਂ ਕਈ ਅਜਿਹੇ ਸੰਘਰਸ਼ ਰੁਕਵਾਏ ਹਨ ਜੋ ਕਈ ਦਹਾਕਿਆਂ ਤੋਂ ਚੱਲ ਰਹੇ ਸਨ ਜਾਂ ਸ਼ੁਰੂ ਹੋਣ ਦੇ ਕਿਨਾਰੇ ’ਤੇ ਸਨ। ਉਨ੍ਹਾਂ ਮੁਤਾਬਕ ਭਾਰਤ–ਪਾਕਿ ਟਕਰਾਅ ਵੀ ਉਨ੍ਹਾਂ ਹੀ ਮਾਮਲਿਆਂ ਵਿੱਚੋਂ ਇੱਕ ਸੀ।

ਕੋਲੰਬੀਆ ਦੇ ਰਾਸ਼ਟਰਪਤੀ ਨਾਲ ਜਲਦ ਮੁਲਾਕਾਤ

ਇਸ ਦਰਮਿਆਨ ਟਰੰਪ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਫਰਵਰੀ ਦੇ ਸ਼ੁਰੂ ਵਿੱਚ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਤਰੋ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਕੋਲੰਬੀਆ ਸਰਕਾਰ ਨੂੰ ਅਮਰੀਕਾ ਵੱਲ ਕੋਕੀਨ ਦੀ ਤਸਕਰੀ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

ਰੁਖ਼ ’ਚ ਅਚਾਨਕ ਬਦਲਾਅ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਟਰੰਪ ਵੱਲੋਂ ਕੋਲੰਬੀਆ ਖ਼ਿਲਾਫ਼ ਸਖ਼ਤ ਰਵੱਈਏ ਦੇ ਸੰਕੇਤ ਦਿੱਤੇ ਗਏ ਸਨ। ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ ਲਈ ਕੀਤੀ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ, ਟਰੰਪ ਨੇ ਪੈਤਰੋ ਖ਼ਿਲਾਫ਼ ਵੀ ਕਠੋਰ ਕਦਮਾਂ ਦੀ ਗੱਲ ਕੀਤੀ ਸੀ। ਪਰ ਬੁੱਧਵਾਰ ਨੂੰ ਦੋਨਾਂ ਨੇਤਾਵਾਂ ਵਿਚਾਲੇ ਹੋਈ ਦੋਸਤਾਨਾ ਫ਼ੋਨ ਗੱਲਬਾਤ ਤੋਂ ਬਾਅਦ ਟਰੰਪ ਨੇ ਰਵੱਈਆ ਬਦਲਦਿਆਂ ਪੈਤਰੋ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ।

ਲੋਹੜੀ ‘ਤੇ ਮੌਸਮ ਰਹੇਗਾ ਸਾਫ਼, ਮੀਂਹ ਤੋਂ ਰਾਹਤ!

ਚੰਡੀਗੜ੍ਹ :- ਲੋਹੜੀ ਮਨਾਉਣ ਦੀ ਤਿਆਰੀ ਕਰ ਰਹੇ ਪੰਜਾਬ ਵਾਸੀਆਂ ਲਈ ਮੌਸਮ ਵਿਭਾਗ ਵੱਲੋਂ ਰਾਹਤ ਭਰੀ ਖ਼ਬਰ ਆਈ ਹੈ। ਵਿਭਾਗ ਅਨੁਸਾਰ ਤਿਉਹਾਰ ਦੇ ਦਿਨ ਸੂਬੇ ਵਿੱਚ ਮੀਂਹ ਪੈਣ ਦੇ ਕੋਈ ਅਸਾਰ ਨਹੀਂ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 15 ਜਾਂ 16 ਜਨਵਰੀ ਤੋਂ ਪਹਿਲਾਂ ਮੀਂਹ ਦੀ ਸੰਭਾਵਨਾ ਨਹੀਂ ਬਣ ਰਹੀ, ਜਿਸ ਕਾਰਨ ਲੋਕ ਖੁੱਲ੍ਹੇ ਆਕਾਸ਼ ਹੇਠਾਂ ਲੋਹੜੀ ਮਨਾਉਣ ਦੇ ਯੋਗ ਹੋਣਗੇ।

ਪਿਛਲੇ ਸਾਲਾਂ ਦੀ ਯਾਦ: ਜਦੋਂ ਮੀਂਹ ਬਣਿਆ ਸੀ ਰੁਕਾਵਟ

ਪਿਛਲੇ ਕੁਝ ਸਾਲਾਂ ਦੌਰਾਨ ਲੋਹੜੀ ਮੌਕੇ ਮੌਸਮ ਨੇ ਕਈ ਵਾਰ ਰੰਗ ਫੀਕਾ ਕੀਤਾ ਸੀ। ਕਈ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਪਤੰਗਬਾਜ਼ੀ, ਅੱਗ ਦੇ ਗੇੜ ਅਤੇ ਜਨਤਕ ਸਮਾਗਮ ਪ੍ਰਭਾਵਿਤ ਹੋਏ ਸਨ। ਖ਼ਾਸ ਕਰਕੇ ਪਿਛਲੇ ਦੋ ਸਾਲਾਂ ਵਿੱਚ ਕਈ ਜ਼ਿਲ੍ਹਿਆਂ ‘ਚ ਵਰਖਾ ਹੋਣ ਨਾਲ ਤਿਉਹਾਰੀ ਮਾਹੌਲ ਉੱਤੇ ਅਸਰ ਪਿਆ ਸੀ। ਇਸ ਵਾਰ ਸਾਫ਼ ਮੌਸਮ ਦੀ ਸੰਭਾਵਨਾ ਨਾਲ ਲੋਕਾਂ ਵਿੱਚ ਖੁਸ਼ੀ ਨਜ਼ਰ ਆ ਰਹੀ ਹੈ।

ਧੁੰਦ ਅਤੇ ਸੀਤ ਲਹਿਰ ਤੋਂ ਹਾਲੇ ਛੁਟਕਾਰਾ ਨਹੀਂ

ਭਾਵੇਂ ਮੀਂਹ ਤੋਂ ਰਾਹਤ ਮਿਲੀ ਹੈ, ਪਰ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਚੇਤਾਵਨੀ ਜਾਰੀ ਰੱਖੀ ਹੈ। 13 ਅਤੇ 14 ਜਨਵਰੀ ਨੂੰ ਧੁੰਦ ਹੋਰ ਘਣੀ ਹੋ ਸਕਦੀ ਹੈ। ਸ਼ਨੀਵਾਰ ਨੂੰ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਦਕਿ ਪੰਜ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਅਤੇ ਛੇ ਜ਼ਿਲ੍ਹਿਆਂ ਵਿੱਚ ਠੰਢਾ ਦਿਨ ਦਰਜ ਕੀਤਾ ਗਿਆ।

ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 20.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਸ਼ਨੀਵਾਰ ਦੇ ਮੁਕਾਬਲੇ ਰਾਜ ਦਾ ਵੱਧ ਤੋਂ ਵੱਧ ਤਾਪਮਾਨ 0.7 ਡਿਗਰੀ ਘਟਿਆ ਹੈ ਅਤੇ ਇਹ ਆਮ ਨਾਲੋਂ ਲਗਭਗ 3.4 ਡਿਗਰੀ ਘੱਟ ਚੱਲ ਰਿਹਾ ਹੈ।

ਮੌਸਮ ਰਹੇਗਾ ਬਦਲਦਾ

ਮੌਸਮ ਵਿਗਿਆਨੀਆਂ ਅਨੁਸਾਰ, ਉੱਤਰੀ ਪਾਕਿਸਤਾਨ ਅਤੇ ਲੱਗਦੇ ਪੰਜਾਬ ਖੇਤਰ ਵਿੱਚ ਹਵਾ ਦੇ ਉੱਚੇ ਪੱਧਰ ‘ਤੇ ਇੱਕ ਸਿਸਟਮ ਸਰਗਰਮ ਹੈ। ਇਹ ਲਗਭਗ 3 ਤੋਂ 4.5 ਕਿਲੋਮੀਟਰ ਉਚਾਈ ‘ਤੇ ਮੌਜੂਦ ਹੈ, ਜਿਸ ਕਾਰਨ ਤਾਪਮਾਨ ਵਿੱਚ ਉਤਾਰ-ਚੜ੍ਹਾਅ ਅਤੇ ਧੁੰਦ ਵਾਲੀ ਸਥਿਤੀ ਬਣੀ ਹੋਈ ਹੈ।

ਸੋਨੇ ਦੀ ਅੰਗੂਠੀ ਪਹਿਨੀਏ ਜਾਂ ਨਹੀਂ? ਕਿਹੜੀ ਉਂਗਲ ਬਣਦੀ ਹੈ ਫ਼ਾਇਦੇ ਦੀ ਤੇ ਕਿੱਥੇ ਬਣ ਸਕਦੀ ਹੈ ਮੁਸੀਬਤ, ਜਾਣੋ ਜੋਤਿਸ਼ ਸ਼ਾਸਤਰ ਅਨੁਸਾਰ

ਚੰਡੀਗੜ੍ਹ :- ਪੰਜਾਬੀ ਸਮਾਜ ਵਿੱਚ ਸੋਨਾ ਸਿਰਫ਼ ਗਹਿਣਾ ਨਹੀਂ, ਸਗੋਂ ਮਾਣ, ਦੌਲਤ ਅਤੇ ਭਰੋਸੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਅਕਸਰ ਲੋਕ ਬਿਨਾਂ ਕਿਸੇ ਸੋਚ-ਵਿਚਾਰ ਦੇ ਸੋਨੇ ਦੀ ਅੰਗੂਠੀ ਪਹਿਨ ਲੈਂਦੇ ਹਨ, ਪਰ ਜੋਤਿਸ਼ਕ ਧਾਰਣਾਵਾਂ ਮੁਤਾਬਕ ਇਹ ਫ਼ੈਸਲਾ ਕਈ ਵਾਰ ਲਾਭ ਦੀ ਥਾਂ ਨੁਕਸਾਨ ਦਾ ਕਾਰਨ ਵੀ ਬਣ ਸਕਦਾ ਹੈ। ਸਵਾਲ ਇਹ ਹੈ ਕਿ ਕੀ ਹਰ ਉਂਗਲ ’ਚ ਸੋਨਾ ਪਹਿਨਣਾ ਇੱਕੋ ਜਿਹਾ ਪ੍ਰਭਾਵ ਛੱਡਦਾ ਹੈ?

ਅਨਾਮਿਕਾ ਹੀ ਕਿਉਂ ਬਣੀ ਚਰਚਾ ਦਾ ਕੇਂਦਰ

ਜੋਤਿਸ਼ ਨਾਲ ਜੁੜੇ ਲੋਕ ਦੱਸਦੇ ਹਨ ਕਿ ਹੱਥ ਦੀ ਅਨਾਮਿਕਾ ਉਂਗਲ ਨੂੰ ਸੂਰਜ ਨਾਲ ਜੋੜਿਆ ਜਾਂਦਾ ਹੈ। ਇਸੇ ਕਰਕੇ ਇੱਥੇ ਸੋਨੇ ਦੀ ਅੰਗੂਠੀ ਪਹਿਨਣ ਨੂੰ ਅੱਗੇ ਵਧਣ, ਮਾਣ-ਸਨਮਾਨ ਅਤੇ ਕਰੀਅਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਉਂਗਲ ’ਚ ਸੋਨਾ ਪਹਿਨਣ ਨਾਲ ਰੁਕੇ ਹੋਏ ਕੰਮਾਂ ’ਚ ਤੇਜ਼ੀ ਆ ਸਕਦੀ ਹੈ।

ਕਿਹੜੀ ਉਂਗਲ ਬਣ ਸਕਦੀ ਹੈ ਪਰੇਸ਼ਾਨੀ ਦੀ ਵਜ੍ਹਾ

ਜੋਤਿਸ਼ਕ ਧਾਰਣਾਵਾਂ ਮੁਤਾਬਕ, ਵਿਚਕਾਰਲੀ ਉਂਗਲ ’ਚ ਸੋਨਾ ਪਹਿਨਣਾ ਠੀਕ ਨਹੀਂ ਮੰਨਿਆ ਜਾਂਦਾ। ਮੰਨਿਆ ਜਾਂਦਾ ਹੈ ਕਿ ਇੱਥੇ ਸੋਨਾ ਧਾਰਨ ਕਰਨ ਨਾਲ ਫ਼ੈਸਲੇ ਗਲਤ ਹੋ ਸਕਦੇ ਹਨ ਅਤੇ ਆਰਥਿਕ ਮਾਮਲਿਆਂ ’ਚ ਰੁਕਾਵਟਾਂ ਆ ਸਕਦੀਆਂ ਹਨ। ਇਸੇ ਤਰ੍ਹਾਂ ਅੰਗੂਠੇ ਵਿੱਚ ਸੋਨਾ ਪਹਿਨਣ ਨੂੰ ਵੀ ਸਲਾਹਯੋਗ ਨਹੀਂ ਸਮਝਿਆ ਜਾਂਦਾ।

ਸੋਨਾ ਤੇ ਗ੍ਰਹਿ: ਕਿੱਥੇ ਜੁੜਦੀ ਹੈ ਗੱਲ

ਜੋਤਿਸ਼ ਅਨੁਸਾਰ, ਸੋਨੇ ਦਾ ਸਿੱਧਾ ਸਬੰਧ ਬ੍ਰਹਿਸਪਤੀ ਨਾਲ ਜੋੜਿਆ ਜਾਂਦਾ ਹੈ, ਜੋ ਗਿਆਨ, ਸਥਿਰਤਾ ਅਤੇ ਧਰਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਸੂਰਜ ਨਾਲ ਜੁੜਨ ਕਰਕੇ ਸੋਨਾ ਮਨੁੱਖ ਦੇ ਅੰਦਰ ਆਤਮ-ਵਿਸ਼ਵਾਸ ਅਤੇ ਹੌਂਸਲਾ ਵਧਾਉਂਦਾ ਦੱਸਿਆ ਜਾਂਦਾ ਹੈ। ਇਸੇ ਕਰਕੇ ਕਈ ਲੋਕ ਸੋਨੇ ਨੂੰ ਸਿਰਫ਼ ਦੌਲਤ ਨਹੀਂ, ਸਗੋਂ ‘ਪ੍ਰਭਾਵ ਵਾਲੀ ਧਾਤੂ’ ਮੰਨਦੇ ਹਨ।

ਰਾਸ਼ੀ ਅਨੁਸਾਰ ਕੌਣ ਲਾਭ ’ਚ, ਕੌਣ ਸੋਚੇ ਸਮਝੇ

ਜੋਤਿਸ਼ਕ ਮਾਨਤਾਵਾਂ ਅਨੁਸਾਰ, ਮੇਖ, ਸਿੰਘ, ਧਨੁ, ਕਰਕ ਅਤੇ ਮੀਨ ਰਾਸ਼ੀ ਵਾਲਿਆਂ ਲਈ ਸੋਨਾ ਅਕਸਰ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜਦਕਿ ਮਿਥੁਨ, ਮਕਰ, ਕੁੰਭ ਅਤੇ ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ ਬਿਨਾਂ ਸਲਾਹ ਸੋਨਾ ਪਹਿਨਣਾ ਜੋਖ਼ਮ ਭਰਿਆ ਹੋ ਸਕਦਾ ਹੈ।

ਦਿਨ ਤੇ ਤਰੀਕਾ ਵੀ ਬਣਦਾ ਹੈ ਮਸਲਾ

ਮੰਨਿਆ ਜਾਂਦਾ ਹੈ ਕਿ ਸੋਨੇ ਦੀ ਅੰਗੂਠੀ ਕਿਸੇ ਵੀ ਦਿਨ ਐਵੇਂ ਹੀ ਨਹੀਂ ਪਹਿਨੀ ਜਾ ਸਕਦੀ। ਵੀਰਵਾਰ ਨੂੰ ਇਸ ਲਈ ਸਭ ਤੋਂ ਢੁੱਕਵਾਂ ਦਿਨ ਦੱਸਿਆ ਜਾਂਦਾ ਹੈ, ਜਦਕਿ ਕੁਝ ਲੋਕ ਐਤਵਾਰ ਜਾਂ ਸ਼ੁੱਕਰਵਾਰ ਨੂੰ ਵੀ ਇਸਨੂੰ ਢੁੱਕਵਾਂ ਮੰਨਦੇ ਹਨ। ਪਹਿਨਣ ਤੋਂ ਪਹਿਲਾਂ ਅੰਗੂਠੀ ਨੂੰ ਸਾਫ਼ ਕਰਕੇ ਧਾਰਨ ਕਰਨ ਦੀ ਪਰੰਪਰਾ ਵੀ ਕਾਫ਼ੀ ਥਾਵਾਂ ’ਤੇ ਅਪਣਾਈ ਜਾਂਦੀ ਹੈ।

ਡਿਸਕਲੇਮਰ: ਇਹ ਲਿਖਤ ਲੋਕਧਾਰਾਵਾਂ ਅਤੇ ਜੋਤਿਸ਼ਕ ਵਿਸ਼ਵਾਸਾਂ ’ਤੇ ਆਧਾਰਿਤ ਹੈ। ਅਸੀਂ ਕਿਸੇ ਵੀ ਤਰ੍ਹਾਂ ਦੇ ਦਾਅਵਿਆਂ ਦੀ ਵਿਗਿਆਨਕ ਪੁਸ਼ਟੀ ਨਹੀਂ ਕਰਦੇ।