Home Blog Page 711

ਵਲਟੋਹਾ ਸਰਪੰਚ ਕਤਲ ਕੇਸ ‘ਚ ਪੰਜਾਬ ਪੁਲਿਸ ਦੀ ਵੱਡੀ ਅੱਪਡੇਟ, ਦੋ ਮੁੱਖ ਦੋਸ਼ੀ ਰਾਏਪੁਰ ਤੋਂ ਕਾਬੂ

ਅੰਮ੍ਰਿਤਸਰ :- ਵਲਟੋਹਾ ਦੇ ਸਰਪੰਚ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਨੇ ਦੋ ਪ੍ਰਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਟੀਮਾਂ ਨੇ ਦੋਵੇਂ ਦੋਸ਼ੀਆਂ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਦਬੋਚਿਆ, ਜਿਥੇ ਉਹ ਘਟਨਾ ਤੋਂ ਬਾਅਦ ਲੁਕ ਕੇ ਰਹਿ ਰਹੇ ਸਨ।

ਰਾਏਪੁਰ ਤੋਂ ਗ੍ਰਿਫ਼ਤਾਰੀ, ਪੰਜਾਬ ਲਿਆਂਦੇ ਜਾਣ ਦੀ ਤਿਆਰੀ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਸਥਾਨਕ ਅਦਾਲਤ ਤੋਂ ਦੋਸ਼ੀਆਂ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ। ਕਾਨੂੰਨੀ ਕਾਰਵਾਈ ਪੂਰੀ ਹੋਣ ਉਪਰੰਤ ਦੋਵੇਂ ਮੁਲਜ਼ਮਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ, ਜਿਥੇ ਉਨ੍ਹਾਂ ਨਾਲ ਪੁੱਛਗਿੱਛ ਕਰਕੇ ਕਤਲ ਦੀ ਸਾਜ਼ਿਸ਼ ਨਾਲ ਜੁੜੇ ਹੋਰ ਤੱਥ ਸਾਹਮਣੇ ਲਿਆਂਦੇ ਜਾਣਗੇ।

ਡੀਜੀਪੀ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਅੱਜ
ਇਸ ਮਾਮਲੇ ‘ਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਅੱਜ ਪ੍ਰੈੱਸ ਕਾਨਫਰੰਸ ਕਰਕੇ ਗ੍ਰਿਫ਼ਤਾਰੀ ਸਬੰਧੀ ਵੇਰਵੇ ਸਾਂਝੇ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਕਤਲ ਦੇ ਪਿੱਛੇ ਕੰਮ ਕਰ ਰਹੀ ਯੋਜਨਾ, ਸ਼ੂਟਰਾਂ ਦੀ ਭੂਮਿਕਾ ਅਤੇ ਸੰਭਾਵਿਤ ਮਾਸਟਰਮਾਈਂਡ ਬਾਰੇ ਵੀ ਖੁਲਾਸੇ ਕੀਤੇ ਜਾਣਗੇ।

ਵਿਆਹ ਸਮਾਰੋਹ ਦੌਰਾਨ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ 4 ਜਨਵਰੀ ਨੂੰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਵਲਟੋਹਾ ਦੇ ਸਰਪੰਚ ‘ਤੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਨੇ ਸੂਬੇ ਭਰ ‘ਚ ਸਨਸਨੀ ਫੈਲਾ ਦਿੱਤੀ ਸੀ।

ਸਰਕਾਰ ਦਾ ਸਪਸ਼ਟ ਤੇ ਸਖ਼ਤ ਸੰਦੇਸ਼
ਘਟਨਾ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਰਾਧੀਆਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਾਫ਼ ਕਰ ਦਿੱਤਾ ਸੀ ਕਿ ਕਾਨੂੰਨ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਸਰਕਾਰ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਅਪਰਾਧੀ ਕਿਤੇ ਵੀ ਛੁਪ ਜਾਣ, ਉਨ੍ਹਾਂ ਨੂੰ ਲੱਭ ਕੇ ਕਟਘਰੇ ‘ਚ ਖੜਾ ਕੀਤਾ ਜਾਵੇਗਾ।

ਜਾਂਚ ਦਾ ਅਗਲਾ ਕੇਂਦਰ: ਪਨਾਹਗਾਹ ਤੇ ਗੈਂਗ ਕਨੈਕਸ਼ਨ
ਹੁਣ ਪੰਜਾਬ ਪੁਲਿਸ ਦੀ ਜਾਂਚ ਇਸ ਗੱਲ ‘ਤੇ ਕੇਂਦਰਿਤ ਹੈ ਕਿ ਦੋਸ਼ੀਆਂ ਨੂੰ ਛੱਤੀਸਗੜ੍ਹ ‘ਚ ਕਿਸ ਨੇ ਸਹਾਰਾ ਦਿੱਤਾ ਅਤੇ ਕੀ ਇਸ ਕਤਲ ਦੇ ਧਾਗੇ ਕਿਸੇ ਬਾਹਰਲੇ ਗੈਂਗਸਟਰ ਜਾਂ ਜੇਲ੍ਹ ‘ਚ ਬੈਠੇ ਅਪਰਾਧੀ ਨਾਲ ਜੁੜਦੇ ਹਨ। ਪੁਲਿਸ ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਹੋਰ ਗ੍ਰਿਫ਼ਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਫਗਵਾੜਾ ‘ਚ ਦਹਿਸ਼ਤ ਦੀ ਵਾਰਦਾਤ, ਹੁਸ਼ਿਆਰਪੁਰ ਰੋਡ ਸਥਿੱਤ ਦੁਕਾਨ ‘ਤੇ ਸਵੇਰੇ ਸਵੇਰੇ ਫਾਇਰਿੰਗ!

ਹੁਸ਼ਿਆਰਪੁਰ :- ਸ਼ਹਿਰ ਦੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਇਕ ਮਸ਼ਹੂਰ ਮਿਠਾਈ ਦੀ ਦੁਕਾਨ ‘ਤੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸਵੇਰੇ-ਸਵੇਰੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਦੁਕਾਨ ਖੁੱਲ੍ਹੇ ਸਿਰਫ਼ ਕੁਝ ਹੀ ਮਿੰਟ ਹੋਏ ਸਨ। ਅਚਾਨਕ ਹੋਈ ਫਾਇਰਿੰਗ ਨਾਲ ਇਲਾਕੇ ‘ਚ ਅਫ਼ਰਾ-ਤਫ਼ਰੀ ਮਚ ਗਈ ਅਤੇ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ।

ਦੁਕਾਨ ਖੁੱਲ੍ਹਦੇ ਹੀ ਹੋਇਆ ਹਮਲਾ
ਪ੍ਰਾਪਤ ਜਾਣਕਾਰੀ ਮੁਤਾਬਕ ਸੁਧੀਰ ਸਵੀਟ ਸ਼ਾਪ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਖੋਲ੍ਹੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਖੁੱਲ੍ਹਣ ਤੋਂ ਲਗਭਗ 15 ਮਿੰਟ ਬਾਅਦ ਹੀ ਮੋਟਰਸਾਈਕਲ ‘ਤੇ ਆਏ ਹਮਲਾਵਰਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੌਰਾਨ ਦੁਕਾਨ ਦੇ ਸ਼ਟਰ ਅਤੇ ਆਲੇ-ਦੁਆਲੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।

ਸੱਤ ਤੋਂ ਅੱਠ ਗੋਲੀਆਂ ਚਲਣ ਦੀ ਗੱਲ ਆਈ ਸਾਹਮਣੇ
ਦੁਕਾਨਦਾਰ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਲਗਭਗ ਸੱਤ ਤੋਂ ਅੱਠ ਰਾਊਂਡ ਫਾਇਰ ਕੀਤੇ ਗਏ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਘਟਨਾ ਨੇ ਇਲਾਕੇ ਦੇ ਵਪਾਰੀਆਂ ਅਤੇ ਰਹਿਣ ਵਾਲਿਆਂ ਨੂੰ ਸਹਮਾ ਕੇ ਰੱਖ ਦਿੱਤਾ ਹੈ।

ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਵਾਪਰੀ ਘਟਨਾ
ਇਹ ਵਾਰਦਾਤ ਉਸ ਸਮੇਂ ਹੋਈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨ ਫਗਵਾੜਾ ਦੌਰੇ ‘ਤੇ ਰਹੇ ਸਨ ਅਤੇ ਅੱਜ ਵੀ ਉਨ੍ਹਾਂ ਦੇ ਸ਼ਹਿਰ ਪਹੁੰਚਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਦੇ ਸੰਭਾਵਿਤ ਦੌਰੇ ਤੋਂ ਠੀਕ ਪਹਿਲਾਂ ਹੋਈ ਇਸ ਫਾਇਰਿੰਗ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।

ਪੁਲਸ ਮੌਕੇ ‘ਤੇ, ਜਾਂਚ ਜਾਰੀ
ਸੂਚਨਾ ਮਿਲਦੇ ਹੀ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਨਾਕਾਬੰਦੀ ਵੀ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪੱਖੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਕਾਨੂੰਨ-ਵਿਵਸਥਾ ‘ਤੇ ਸਿਆਸੀ ਤਿੱਖੀ ਪ੍ਰਤੀਕਿਰਿਆ
ਇਸ ਘਟਨਾ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਵਪਾਰਕ ਇਲਾਕੇ ‘ਚ ਫਾਇਰਿੰਗ ਹੋਣਾ ਸੂਬੇ ਦੀ ਸੁਰੱਖਿਆ ਸਥਿਤੀ ‘ਤੇ ਗੰਭੀਰ ਚਿੰਤਾ ਪੈਦਾ ਕਰਦਾ ਹੈ।

ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਗਣਤੰਤਰ ਦਿਵਸ ਤੋਂ ਪਹਿਲਾਂ ਸਰਹੱਦਾਂ ‘ਤੇ ਸਾਜ਼ਿਸ਼ੀ ਹਰਕਤਾਂ ਤੇਜ਼, ਜੰਮੂ–ਕਸ਼ਮੀਰ ‘ਚ ਪਾਕਿਸਤਾਨੀ ਡਰੋਨ ਗਤੀਵਿਧੀ ਨਾਲ ਸੁਰੱਖਿਆ ਬਲ ਹਾਈ ਅਲਰਟ ‘ਤੇ

ਜਮੂੰ :- ਗਣਤੰਤਰ ਦਿਵਸ ਤੋਂ ਠੀਕ ਪਹਿਲਾਂ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਸਰਹੱਦੀ ਖੇਤਰਾਂ ‘ਚ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੰਮੂ–ਕਸ਼ਮੀਰ ‘ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਡਰੋਨਾਂ ਦੀ ਗਤੀਵਿਧੀ ਵਿੱਚ ਅਚਾਨਕ ਵਾਧਾ ਦਰਜ ਕੀਤਾ ਗਿਆ ਹੈ। ਵੱਖ-ਵੱਖ ਸਰਹੱਦੀ ਸੈਕਟਰਾਂ ‘ਚ ਕੁੱਲ ਪੰਜ ਡਰੋਨ ਨਜ਼ਰ ਆਉਣ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਾਵਧਾਨੀ ਮੋਡ ‘ਚ ਆ ਗਈਆਂ ਹਨ।

ਵੱਖ-ਵੱਖ ਸੈਕਟਰਾਂ ‘ਚ ਡਰੋਨ ਨਜ਼ਰ ਆਉਣ ਦੀਆਂ ਘਟਨਾਵਾਂ
ਸੁਰੱਖਿਆ ਸੂਤਰਾਂ ਅਨੁਸਾਰ ਪੁੰਛ, ਨੌਸ਼ਹਿਰਾ, ਧਰਮਸ਼ਾਲਾ, ਰਾਮਗੜ੍ਹ ਅਤੇ ਪਾਰਖ ਵਰਗੇ ਸੰਵੇਦਨਸ਼ੀਲ ਖੇਤਰਾਂ ‘ਚ ਡਰੋਨ ਗਤੀਵਿਧੀ ਦੇਖੀ ਗਈ। ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ‘ਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਡਰੋਨ ਦੇਖੇ ਜਾਣ ਤੋਂ ਬਾਅਦ ਭਾਰਤੀ ਫੌਜ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ, ਜਿਸ ਕਾਰਨ ਡਰੋਨ ਵਾਪਸ ਮੋੜ ਲੈਣ ਲਈ ਮਜਬੂਰ ਹੋ ਗਿਆ।

ਭਾਰਤੀ ਇਲਾਕੇ ‘ਚ ਕੁਝ ਮਿੰਟ ਤੱਕ ਮੰਡਰਾਉਂਦੇ ਰਹੇ ਡਰੋਨ
ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਡਰੋਨ ਪਾਕਿਸਤਾਨੀ ਹੱਦੋਂ ਉੱਡ ਕੇ ਆਏ ਅਤੇ ਕੁਝ ਸਮੇਂ ਲਈ ਭਾਰਤੀ ਇਲਾਕੇ ਵਿੱਚ ਘੁੰਮਦੇ ਰਹੇ। ਨੌਸ਼ਹਿਰਾ ਸੈਕਟਰ ‘ਚ ਗਨੀਆ–ਕਲਸੀਆਂ ਪਿੰਡ ਦੇ ਉੱਪਰ ਸ਼ਾਮ ਕਰੀਬ 6:35 ਵਜੇ ਡਰੋਨ ਦੇਖਿਆ ਗਿਆ, ਜਿਸ ‘ਤੇ ਫੌਜੀ ਜਵਾਨਾਂ ਵੱਲੋਂ ਮਸ਼ੀਨ ਗੰਨਾਂ ਨਾਲ ਗੋਲੀਬਾਰੀ ਕੀਤੀ ਗਈ। ਇਸੇ ਤਰ੍ਹਾਂ ਤੇਰੀਆਥ ਦੇ ਖੱਬਰ ਪਿੰਡ ਨੇੜੇ ਵੀ ਇੱਕ ਹੋਰ ਡਰੋਨ ਦੀ ਹਲਚਲ ਦਰਜ ਕੀਤੀ ਗਈ। ਸ਼ਾਮ 7:15 ਵਜੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ‘ਚ ਚੱਕ ਬਾਬਰਲ ਪਿੰਡ ਉੱਪਰ ਵੀ ਲਗਭਗ ਦੋ ਮਿੰਟ ਲਈ ਡਰੋਨ ਵਰਗੀ ਵਸਤੂ ਮੰਡਰਾਉਂਦੀ ਦਿਖਾਈ ਦਿੱਤੀ। ਪੁੰਛ ਜ਼ਿਲ੍ਹੇ ਦੇ ਮਨਕੋਟ ਸੈਕਟਰ ‘ਚ ਵੀ ਕੰਟਰੋਲ ਰੇਖਾ ਨੇੜੇ ਡਰੋਨ ਗਤੀਵਿਧੀ ਸਾਹਮਣੇ ਆਈ।

ਸਰਹੱਦੀ ਖੇਤਰਾਂ ‘ਚ ਸੁਰੱਖਿਆ ਪ੍ਰਬੰਧ ਸਖ਼ਤ
ਇਨ੍ਹਾਂ ਘਟਨਾਵਾਂ ਤੋਂ ਬਾਅਦ ਫੌਜ, ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਗਈ ਹੈ ਅਤੇ ਹਰ ਸੰਭਾਵਿਤ ਘੁਸਪੈਠ ਜਾਂ ਸਾਜ਼ਿਸ਼ ਨੂੰ ਨਾਕਾਮ ਬਣਾਉਣ ਲਈ ਜਵਾਨਾਂ ਦੀ ਵਾਧੂ ਤਾਇਨਾਤੀ ਕੀਤੀ ਗਈ ਹੈ।

ਅਖਨੂਰ ਸੈਕਟਰ ‘ਚ ਸ਼ੱਕੀ ਕਬੂਤਰ ਨੇ ਵਧਾਈ ਚਿੰਤਾ
ਇਸ ਤੋਂ ਪਹਿਲਾਂ ਅਖਨੂਰ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਇੱਕ ਸ਼ੱਕੀ ਕਬੂਤਰ ਫੜੇ ਜਾਣ ਦੀ ਘਟਨਾ ਵੀ ਸਾਹਮਣੇ ਆਈ ਸੀ। ਕਰਾਹ ਪਿੰਡ ‘ਚ ਇੱਕ ਸਥਾਨਕ ਮੁੰਡੇ ਵੱਲੋਂ ਫੜੇ ਗਏ ਇਸ ਕਬੂਤਰ ਦੇ ਪੈਰਾਂ ‘ਚ ਲੱਗੀਆਂ ਰਿੰਗਾਂ ਅਤੇ ਖੰਭਾਂ ‘ਤੇ ਲੱਗੀਆਂ ਮੋਹਰਾਂ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਸੀ। ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ ‘ਤੇ ਪਹੁੰਚੇ ਅਤੇ ਕਬੂਤਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਗਣਤੰਤਰ ਦਿਵਸ ਤੋਂ ਪਹਿਲਾਂ ਚੌਕਸੀ ਸਭ ਤੋਂ ਵੱਡੀ ਤਰਜੀਹ
ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਅਜਿਹੀਆਂ ਹਰਕਤਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਣ ਲਈ ਸਰਹੱਦਾਂ ‘ਤੇ ਚੌਕਸੀ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਹਰ ਹਿਲਚਲ ‘ਤੇ ਬਾਜ਼ ਨਿਗਾਹ ਰੱਖੀ ਜਾ ਰਹੀ ਹੈ।

ਸੀਤ ਲਹਿਰ ਤੇ ਸੰਘਣੀ ਧੁੰਦ ਨੇ ਪੰਜਾਬ ਨੂੰ ਜਕੜਿਆ, 19 ਜ਼ਿਲ੍ਹਿਆਂ ਲਈ ਅਲਰਟ ਜਾਰੀ

ਚੰਡੀਗੜ੍ਹ :- ਪੰਜਾਬ ‘ਚ ਸਰਦੀ ਨੇ ਇੱਕ ਵਾਰ ਫਿਰ ਆਪਣੀ ਸਖ਼ਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਸੂਬੇ ਦੇ ਵੱਡੇ ਹਿੱਸੇ ‘ਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਦਿੱਖ ਕਾਫ਼ੀ ਘੱਟ ਰਹੀ। ਠੰਢੀ ਹਵਾਵਾਂ ਅਤੇ ਡਿੱਗਦੇ ਤਾਪਮਾਨ ਨੇ ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ‘ਤੇ ਅਸਰ ਪਾਇਆ ਹੈ ਅਤੇ ਸਵੇਰੇ-ਸਵੇਰੇ ਘਰੋਂ ਨਿਕਲਣ ਵਾਲਿਆਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਅਗਲੇ ਦਿਨਾਂ ‘ਚ ਵਧੇਗੀ ਠੰਢ ਦੀ ਤੀਬਰਤਾ
ਭਾਰਤੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਹੋਰ ਵੀ ਕਠੋਰ ਹੋ ਸਕਦਾ ਹੈ। 13 ਅਤੇ 14 ਜਨਵਰੀ ਨੂੰ ਸੂਬੇ ਦੇ ਕਈ ਇਲਾਕਿਆਂ ‘ਚ ਧੁੰਦ ਦੀ ਗਹਿਰਾਈ ਵਧਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਪਿੰਡਾਂ ਅਤੇ ਖੁੱਲ੍ਹੇ ਇਲਾਕਿਆਂ ‘ਚ ਸੀਤ ਲਹਿਰ ਦਾ ਪ੍ਰਭਾਵ ਹੋਰ ਤੇਜ਼ ਰਹਿਣ ਦੀ ਉਮੀਦ ਹੈ।

ਧੁੱਪ ਨਾਲ ਥੋੜ੍ਹੀ ਰਾਹਤ, ਪਰ ਠੰਢ ਬਰਕਰਾਰ
ਭਾਵੇਂ ਸਵੇਰੇ ਧੁੰਦ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ, ਪਰ ਦਿਨ ਚੜ੍ਹਦੇ ਹੀ ਕਈ ਜ਼ਿਲ੍ਹਿਆਂ ‘ਚ ਧੁੱਪ ਨਿਕਲਣ ਨਾਲ ਹਲਕੀ ਰਾਹਤ ਮਹਿਸੂਸ ਕੀਤੀ ਗਈ। ਜਲੰਧਰ ਸਮੇਤ ਕੁਝ ਇਲਾਕਿਆਂ ‘ਚ ਧੁੱਪ ਨੇ ਸਰਦੀ ਦੀ ਤੀਬਰਤਾ ਕੁਝ ਹੱਦ ਤੱਕ ਘਟਾਈ, ਪਰ ਠੰਢੀ ਹਵਾ ਕਾਰਨ ਮੌਸਮ ਹਜੇ ਵੀ ਤਿੱਖਾ ਬਣਿਆ ਰਿਹਾ।

ਲੋਹੜੀ ‘ਤੇ ਮੀਂਹ ਨਹੀਂ, ਧੁੰਦ ਰਹੇਗੀ ਹਾਵੀ
ਮੌਸਮ ਵਿਭਾਗ ਨੇ ਸਾਫ਼ ਕੀਤਾ ਹੈ ਕਿ ਲੋਹੜੀ ਦੇ ਤਿਉਹਾਰ ਮੌਕੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਧੁੰਦ ਅਤੇ ਠੰਢ ਦਾ ਅਸਰ ਬਣਿਆ ਰਹੇਗਾ, ਜਿਸ ਕਾਰਨ ਸਵੇਰੇ ਅਤੇ ਰਾਤ ਦੇ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਤਾਪਮਾਨ ‘ਚ ਵੱਡੀ ਗਿਰਾਵਟ ਦਰਜ
ਤਾਪਮਾਨ ਦੇ ਆਕੜਿਆਂ ‘ਤੇ ਨਜ਼ਰ ਮਾਰੀਏ ਤਾਂ ਹੁਸ਼ਿਆਰਪੁਰ ‘ਚ ਸੂਬੇ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਜੂਦਾ ਸੀਜ਼ਨ ਦੌਰਾਨ ਇਹ ਪਹਿਲੀ ਵਾਰ ਹੈ ਕਿ ਪਾਰਾ ਇੰਨਾ ਹੇਠਾਂ ਗਿਆ ਹੈ। ਦੂਜੇ ਪਾਸੇ, ਲੁਧਿਆਣਾ ‘ਚ ਵੱਧ ਤੋਂ ਵੱਧ ਤਾਪਮਾਨ 16.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਅਲਰਟ ਜਾਰੀ, ਲੋਕਾਂ ਨੂੰ ਸਾਵਧਾਨੀ ਦੀ ਅਪੀਲ
ਮੌਸਮ ਵਿਭਾਗ ਵੱਲੋਂ 19 ਜ਼ਿਲ੍ਹਿਆਂ ਲਈ ਸਵੇਰੇ ਸੰਘਣੀ ਧੁੰਦ ਸਬੰਧੀ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਅੱਠ ਜ਼ਿਲ੍ਹਿਆਂ ‘ਚ ਕੋਲਡ ਵੇਵ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 17 ਜਨਵਰੀ ਤੱਕ ਮੌਸਮ ਦੀ ਇਹ ਸਥਿਤੀ ਜਾਰੀ ਰਹਿ ਸਕਦੀ ਹੈ। ਇਸ ਲਈ ਡਰਾਈਵਰਾਂ ਅਤੇ ਸਵੇਰੇ ਸਫ਼ਰ ਕਰਨ ਵਾਲਿਆਂ ਨੂੰ ਖਾਸ ਸਾਵਧਾਨੀ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।

ਮਿਸ਼ਨ ਪ੍ਰਗਤੀ ਨਾਲ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ, ਨੌਜਵਾਨਾਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਤਿਆਰ ਕਰ ਰਹੀ ਮਾਨ ਸਰਕਾਰ

 ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਉਦੇਸ਼ ਨੌਕਰੀ ਲੱਭਣ ਵਾਲਿਆਂ ਨੂੰ ਨੌਕਰੀ ਦੇਣ ਵਾਲਿਆਂ ਵਿੱਚ ਬਦਲਣਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ: ਨੌਜਵਾਨਾਂ ਨੂੰ ਕਰੀਅਰ ਬਣਾਉਣ ਲਈ ਤਿਆਰ ਕਰਨ ਉੱਤੇ ਪੰਜਾਬ ਸਰਕਾਰ ਵੱਲੋਂ ਹੋਰ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਬਠਿੰਡਾ ਦੀ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਮਿਸ਼ਨ ਪ੍ਰਗਤੀ ਅਧੀਨ ਦਾਖ਼ਲ ਹੋਏ ਉਮੀਦਵਾਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਵਿੱਚ ਨੌਕਰੀ ਲੱਭਣ ਵਾਲਿਆਂ ਨੂੰ ਨੌਕਰੀ ਦੇਣ ਵਾਲਿਆਂ ਵਿੱਚ ਬਦਲਣ ਲਈ ਵਿਆਪਕ ਯਤਨਾਂ ਦੇ ਹਿੱਸੇ ਵਜੋਂ ਐਸ.ਐਸ.ਬੀ., ਪੁਲਿਸ ਅਤੇ ਹਥਿਆਰਬੰਦ ਬਲਾਂ ਸਮੇਤ ਹੋਰ ਭਰਤੀ ਪ੍ਰੀਖਿਆਵਾਂ ਲਈ ਪੇਂਡੂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਅਕਾਦਮਿਕ ਅਤੇ ਸਰੀਰਕ ਸਿਖਲਾਈ ਪ੍ਰਦਾਨ ਕਰਨ ਦੇ ਯਤਨ ਕੀਤੇ ਗਏ ਹਨ।

ਬਠਿੰਡਾ ਦੀ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਮਿਸ਼ਨ ਪ੍ਰਗਤੀ ਤਹਿਤ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਠੰਢ ਦੇ ਬਾਵਜੂਦ ਇਕੱਠੇ ਹੋਏ ਲੋਕਾਂ ਦਾ ਸਵਾਗਤ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਪੰਜਾਬ ਦੇ ਬੱਚਿਆਂ ਲਈ ਇੱਕ ਸੁਨਹਿਰੀ ਭਵਿੱਖ ਦੀ ਸ਼ੁਰੂਆਤ ਦੱਸਿਆ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਨੇ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਮਿਸ਼ਨ ਪ੍ਰਗਤੀ ਤਹਿਤ ਇਹ ਕੋਚਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿੱਥੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਹੋਣਹਾਰ ਵਿਦਿਆਰਥੀਆਂ ਖਾਸ ਕਰਕੇ ਪੇਂਡੂ ਖੇਤਰਾਂ ਦੇ, ਜਿਨ੍ਹਾਂ ਦੀ ਗੁਣਵੱਤਾ ਅਤੇ ਕਿਫਾਇਤੀ ਕੋਚਿੰਗ ਸਹੂਲਤਾਂ ਤੱਕ ਪਹੁੰਚ ਨਹੀਂ ਹੈ, ਨੂੰ ਸਹੂਲਤ ਦੇਣਾ ਹੈ।”

ਇਸ ਪਹਿਲਕਦਮੀ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਬੈਚ ਵਿੱਚ 40 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ “ਅਕਾਦਮਿਕ ਕੋਚਿੰਗ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਰੀਰਕ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿਣ। ਇਹ ਸਰੀਰਕ ਸਿਖਲਾਈ ਪੰਜਾਬ ਪੁਲਿਸ ਅਤੇ ਸੀ-ਪਾਈਟ ਦੇ ਤਜਰਬੇਕਾਰ ਇੰਸਟ੍ਰਕਟਰ ਟ੍ਰੇਨਰਾਂ ਦੁਆਰਾ ਸੀ-ਪਾਈਟ ਮੈਦਾਨ ਵਿੱਚ ਦਿੱਤੀ ਜਾ ਰਹੀ ਹੈ। ਇਸ ਸਿਖਲਾਈ ਰਾਹੀਂ, ਵਿਦਿਆਰਥੀਆਂ ਨੂੰ ਐਸ.ਐਸ.ਬੀ., ਪੰਜਾਬ ਪੁਲਿਸ, ਸੀ.ਪੀ.ਓ., ਹਥਿਆਰਬੰਦ ਸੈਨਾਵਾਂ ਅਤੇ ਹੋਰ ਕੇਂਦਰੀ ਅਤੇ ਰਾਜ ਪੱਧਰੀ ਭਰਤੀ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ।’’

ਮੁਕਾਬਲੇ ਵਾਲੇ ਮਾਹੌਲ ਵਿੱਚ ਉਮੀਦਵਾਰਾਂ ਨੂੰ ਦਰਪੇਸ਼ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜ਼ਰੂਰੀ ਅਧਿਐਨ ਸਮੱਗਰੀ ਅਤੇ ਮਹਿੰਗੀਆਂ ਕਿਤਾਬਾਂ ਅਕਸਰ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਰਹਿੰਦੀਆਂ ਹਨ। ਉਨ੍ਹਾਂ ਆਖਿਆ “ਵਿਦਿਆਰਥੀਆਂ ਨੂੰ ਲਾਇਬ੍ਰੇਰੀ ਮੈਂਬਰਾਂ ਵਜੋਂ ਚੁਣਿਆ ਜਾਵੇਗਾ ਅਤੇ ਲੋੜੀਂਦੀਆਂ ਕਿਤਾਬਾਂ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ ਮੌਜੂਦਾ ਬੁਨਿਆਦੀ ਢਾਂਚੇ ਅਤੇ ਸਰੋਤਾਂ ਦੀ ਵਰਤੋਂ ਕਰਕੇ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਮਹੱਤਵਪੂਰਨ ਵਿੱਤੀ ਬੱਚਤ ਹੁੰਦੀ ਹੈ।’’

ਇਸ ਢਾਂਚੇ ਦਾ ਵਰਣਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰੋਗਰਾਮ ਇੱਕ ਅਧਿਆਪਕ-ਮਾਰਗ ਦਰਸ਼ਕ ਮਾਡਲ ਦੀ ਪਾਲਣਾ ਕਰਦਾ ਹੈ, ਜਿਸ ਵਿੱਚ ਫੈਕਲਟੀ ਮੈਂਬਰ ਖੁਦ ਉਮੀਦਵਾਰ ਹੁੰਦੇ ਹਨ, ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਹਨ। ਮੁੱਖ ਮੰਤਰੀ ਨੇ ਕਿਹਾ “ਇਹ ਪਹਿਲਕਦਮੀ ‘ਨੌਜਵਾਨਾਂ ਦੀ ਮਦਦ ਕਰਨ ਵਾਲੇ’ ਮਾਡਲ ਵਜੋਂ ਉੱਭਰੀ ਹੈ ਅਤੇ ਇਸ ਨੂੰ ਸਿੱਖਿਆ ਸ਼ਾਸਤਰੀਆਂ, ਯੂਨੀਵਰਸਿਟੀਆਂ, ਪੁਲਿਸ, ਅਥਲੀਟਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਵਿਦਿਆਰਥੀਆਂ ਅਤੇ ਸਮਾਜ ਦੇ ਹਰ ਵਰਗ ਦਾ ਸਮਰਥਨ ਪ੍ਰਾਪਤ ਹੈ। ਇਸ ਸਮੂਹਿਕ ਭਾਗੀਦਾਰੀ ਨੇ ਪ੍ਰੋਗਰਾਮ ਨੂੰ ਇੱਕ ਭਾਈਚਾਰਾ-ਸੰਚਾਲਿਤ ਅਤੇ ਸਹਿਯੋਗੀ ਮਾਡਲ ਵਿੱਚ ਬਦਲ ਦਿੱਤਾ ਹੈ।’’

ਮਿਸ਼ਨ ਪ੍ਰਗਤੀ ਦੇ ਮਾਰਗਦਰਸ਼ਕ ਫਲਸਫੇ ਨੂੰ ਉਜਾਗਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ “ਕੋਈ ਵੀ ਪਿੱਛੇ ਨਾ ਰਹੇ” ਦੇ ਸਿਧਾਂਤ ‘ਤੇ ਅਧਾਰਤ ਹੈ ਅਤੇ ਨੌਜਵਾਨ ਸ਼ਕਤੀਕਰਨ, ਬਰਾਬਰ ਵਿਦਿਅਕ ਮੌਕਿਆਂ ਅਤੇ ਸਰਕਾਰੀ ਸੇਵਾਵਾਂ ਵਿੱਚ ਬਠਿੰਡਾ ਦੇ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਵਧਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਜ਼ਰ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋਵੇਗਾ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਇਸ ਦੇ ਲੋਕਾਂ ਦੀ ਖ਼ੁਸ਼ਹਾਲੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਸੂਬਾ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਾ ਕੇ ਉਨ੍ਹਾਂ ਦੀ ਕਿਸਮਤ ਨੂੰ ਬਦਲਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ “ਪੰਜਾਬ ਸਿੱਖਿਆ ਕ੍ਰਾਂਤੀ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ ਅਤੇ ਇਹ ਕ੍ਰਾਂਤੀ ਵਿਦਿਆਰਥੀਆਂ ਨੂੰ ਭਵਿੱਖਮੁਖੀ ਮੁਕਾਬਲਿਆਂ ਲਈ ਤਿਆਰ ਕਰਕੇ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਯੋਗ ਬਣਾ ਕੇ ਨਤੀਜੇ ਦੇ ਰਹੀ ਹੈ। ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਬੇਮਿਸਾਲ ਕਦਮ ਚੁੱਕੇ ਗਏ ਹਨ, ਜਦੋਂ ਕਿ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਚੈਨਲਾਈਜ਼ ਕਰਨ ਲਈ ਸਮਾਨਾਂਤਰ ਯਤਨ ਕੀਤੇ ਜਾ ਰਹੇ ਹਨ।’’

ਮਿਸਾਲ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਰਨਵੇਅ ਇੱਕ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ਦੇ ਯੋਗ ਬਣਾਉਂਦਾ ਹੈ, ਉਸੇ ਤਰ੍ਹਾਂ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਉਸਾਰੂ ਮਾਹੌਲ ਪੈਦਾ ਕਰ ਰਹੀ ਹੈ। ਅਤੀਤ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਇੱਕ ਸਮੇਂ ਗਲਤ ਨੀਤੀਆਂ ਨੇ ਗਰੀਬ ਬੱਚਿਆਂ ਨੂੰ ਉਨ੍ਹਾਂ ਦੇ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਸੀ ਪਰ ਹੁਣ ਇਹ ਯਕੀਨੀ ਬਣਾਉਣ ਲਈ ਦ੍ਰਿੜ੍ਹ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਬੱਚੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਣ ਅਤੇ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਛੂਹ ਸਕਣ।

ਮੁੱਖ ਮੰਤਰੀ ਭਗਵੰਤ ਮਾਨ 19 ਜਨਵਰੀ ਨੂੰ ਅੰਮ੍ਰਿਤਸਰ ਦੌਰੇ ਤੇ, ਅਜਨਾਲਾ ਹਲਕੇ ਦੇ ਸਰਕਾਰੀ ਕਾਲਜ ਦਾ ਰੱਖਣਗੇ ਨੀਂਹ ਪੱਥਰ

ਅੰਮ੍ਰਿਤਸਰ :- ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰਾਂ ਵਿੱਚ ਉੱਚ ਸਿੱਖਿਆ ਦੇ ਵਿਸਥਾਰ ਦੀ ਦਿਸ਼ਾ ਵਿੱਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ 19 ਜਨਵਰੀ ਨੂੰ ਅਜਨਾਲਾ ਹਲਕੇ ਦੇ ਪਿੰਡ ਬਿਕਰਾਓਰ ਵਿੱਚ ਨਵੇਂ ਸਰਕਾਰੀ ਕਾਲਜ ਦਾ ਸ਼ਿਲਾਨਿਆਸ ਕਰਨਗੇ। ਇਸ ਪ੍ਰਾਜੈਕਟ ਨੂੰ ਇਲਾਕੇ ਲਈ ਸਿੱਖਿਆਕ ਤੌਰ ’ਤੇ ਵੱਡੀ ਰਹਿਮਤ ਮੰਨਿਆ ਜਾ ਰਿਹਾ ਹੈ।

ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਤੇਜ਼
ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਹੈ। ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਪ੍ਰੋਗਰਾਮ ਸਥਾਨ ਦਾ ਦੌਰਾ ਕਰਕੇ ਸੁਰੱਖਿਆ, ਟ੍ਰੈਫ਼ਿਕ ਅਤੇ ਪ੍ਰਬੰਧਕੀ ਇੰਤਜ਼ਾਮਾਂ ਦੀ ਗਹਿਰਾਈ ਨਾਲ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਸਮਾਗਮ ਦੌਰਾਨ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਨਾ ਆਵੇ।

ਚੋਣੀ ਵਾਅਦਾ ਹੁਣ ਬਣਿਆ ਹਕੀਕਤ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਕਾਲਜ ਅਜਨਾਲਾ ਖੇਤਰ ਲਈ ਇਕ ਇਤਿਹਾਸਕ ਉਪਹਾਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਮੇਂ ਅਜਨਾਲਾ ਵਾਸੀਆਂ ਨਾਲ ਉੱਚ ਸਿੱਖਿਆ ਸੰਸਥਾ ਖੋਲ੍ਹਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਹੁਣ ਮੌਜੂਦਾ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ।

ਸਰਹੱਦੀ ਵਿਦਿਆਰਥੀਆਂ ਲਈ ਨਵਾਂ ਮੌਕਾ
ਧਾਲੀਵਾਲ ਨੇ ਕਿਹਾ ਕਿ ਕਾਲਜ ਬਣਨ ਨਾਲ ਸਰਹੱਦੀ ਇਲਾਕੇ ਦੇ ਵਿਦਿਆਰਥੀਆਂ ਨੂੰ ਹੁਣ ਉੱਚ ਸਿੱਖਿਆ ਲਈ ਦੂਰ-ਦੂਰ ਨਹੀਂ ਜਾਣਾ ਪਵੇਗਾ। ਘਰ ਦੇ ਨੇੜੇ ਪੜ੍ਹਾਈ ਦੀ ਸੁਵਿਧਾ ਮਿਲਣ ਨਾਲ ਨੌਜਵਾਨ ਆਪਣਾ ਭਵਿੱਖ ਸੰਵਾਰ ਸਕਣਗੇ ਅਤੇ ਅੱਗੇ ਚਲ ਕੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।

ਗੁਰਦਾਸਪੁਰ – ਖੇਤਾਂ ਵੱਲ ਜਾਂਦੀ ਮਜ਼ਦੂਰ ਔਰਤ ‘ਤੇ ਅਵਾਰਾ ਕੁੱਤਿਆਂ ਦਾ ਜਾਨਲੇਵਾ ਹਮਲਾ, ਗੰਭੀਰ ਜਖਮੀ!

ਗੁਰਦਾਸਪੁਰ :- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਲੋਵਾਲ ਵਿੱਚ ਅਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਨੇ ਇੱਕ ਵਾਰ ਫਿਰ ਲੋਕਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸਵੇਰੇ ਤੜਕੇ ਖੇਤਾਂ ਵੱਲ ਜਾ ਰਹੀ ਇੱਕ ਖੇਤ ਮਜ਼ਦੂਰ ਔਰਤ ‘ਤੇ ਅਚਾਨਕ ਅਵਾਰਾ ਕੁੱਤਿਆਂ ਦੇ ਟੋਲੇ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਘਰ ‘ਚ ਸ਼ੌਚਾਲੇ ਦੀ ਸਹੂਲਤ ਨਾ ਹੋਣਾ ਬਣਿਆ ਵੱਡੀ ਵਜ੍ਹਾ
ਜਾਣਕਾਰੀ ਮੁਤਾਬਕ ਪਿੰਡ ਵਾਸੀ ਰਾਜੂ ਦੀ ਪਤਨੀ ਰੇਖਾ, ਜੋ ਖੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ, ਰੋਜ਼ਾਨਾ ਦੀ ਤਰ੍ਹਾਂ ਸਵੇਰੇ ਪਖਾਨੇ ਲਈ ਖੇਤਾਂ ਵੱਲ ਗਈ ਸੀ। ਘਰ ਵਿੱਚ ਸ਼ੌਚਾਲੇ ਦੀ ਸਹੂਲਤ ਨਾ ਹੋਣ ਕਾਰਨ ਉਸਨੂੰ ਇਹ ਖ਼ਤਰਾ ਮੋਲ ਲੈਣਾ ਪਿਆ, ਜੋ ਇਸ ਵਾਰ ਜਾਨਲੇਵਾ ਸਾਬਤ ਹੋ ਸਕਦਾ ਸੀ।

ਭੱਜਣ ਦੀ ਕੋਸ਼ਿਸ਼ ਨਾਕਾਮ, ਕੁੱਤਿਆਂ ਨੇ ਘੇਰ ਕੇ ਵੱਢਿਆ
ਰਸਤੇ ਵਿੱਚ ਅਚਾਨਕ ਕੁਝ ਅਵਾਰਾ ਕੁੱਤੇ ਉਸ ‘ਤੇ ਝਪਟ ਪਏ। ਜਦੋਂ ਰੇਖਾ ਨੇ ਆਪਣੀ ਜਾਨ ਬਚਾਉਣ ਲਈ ਦੌੜ ਲਗਾਈ ਤਾਂ ਆਲੇ-ਦੁਆਲੇ ਮੌਜੂਦ ਹੋਰ ਕੁੱਤੇ ਵੀ ਇਕੱਠੇ ਹੋ ਗਏ। ਕੁੱਤਿਆਂ ਨੇ ਉਸਨੂੰ ਘੇਰ ਕੇ ਬੇਰਹਮੀ ਨਾਲ ਵੱਢਣਾ ਸ਼ੁਰੂ ਕਰ ਦਿੱਤਾ। ਹਮਲੇ ਦੌਰਾਨ ਉਸਦੇ ਸਿਰ, ਬਾਂਹਾਂ, ਲੱਤਾਂ ਅਤੇ ਪਿੱਠ ‘ਤੇ ਡੂੰਘੇ ਜ਼ਖ਼ਮ ਆਏ।

ਚੀਕਾਂ ਸੁਣ ਕੇ ਲੋਕਾਂ ਨੇ ਬਚਾਈ ਜਾਨ
ਰੇਖਾ ਦੀਆਂ ਚੀਕਾਂ ਸੁਣ ਕੇ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰ ਅਤੇ ਪਿੰਡ ਵਾਸੀ ਦੌੜ ਕੇ ਮੌਕੇ ‘ਤੇ ਪਹੁੰਚੇ। ਬੜੀ ਮੁਸ਼ਕਲ ਨਾਲ ਕੁੱਤਿਆਂ ਨੂੰ ਭਜਾ ਕੇ ਉਸਨੂੰ ਬਚਾਇਆ ਗਿਆ। ਜ਼ਖ਼ਮਾਂ ਕਾਰਨ ਉਸਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ।

ਨਿੱਜੀ ਹਸਪਤਾਲ ‘ਚ ਦਾਖ਼ਲ, ਹਾਲਤ ਗੰਭੀਰ
ਘਟਨਾ ਤੋਂ ਬਾਅਦ ਰੇਖਾ ਨੂੰ ਪਹਿਲਾਂ ਪਿੰਡ ਦੇ ਇੱਕ ਡਾਕਟਰ ਕੋਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਡਾਕਟਰ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਉਸਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਜਾਰੀ ਹੈ।

ਪਿੰਡ ਵਾਸੀਆਂ ‘ਚ ਡਰ, ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ
ਇਸ ਘਟਨਾ ਤੋਂ ਬਾਅਦ ਪਿੰਡ ਆਲੋਵਾਲ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਅਤੇ ਨੇੜਲੇ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ‘ਤੇ ਤੁਰੰਤ ਕਾਬੂ ਪਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਇਸ ਤਰ੍ਹਾਂ ਦੇ ਦਰਦਨਾਕ ਹਾਦਸੇ ਦਾ ਸਾਹਮਣਾ ਨਾ ਕਰਨਾ ਪਵੇ।

ਅੰਗੀਠੀ ਬਣੀ ਮੌਤ ਦਾ ਕਾਰਨ ਤਰਨ ਤਾਰਨ ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ!

ਤਰਨ ਤਾਰਨ :- ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਨੀਂਦ ਵਿੱਚ ਹੀ ਦਮ ਘੁੱਟਣ ਕਾਰਨ ਮੌਤ ਹੋ ਗਈ। ਠੰਡ ਤੋਂ ਬਚਾਅ ਲਈ ਪਰਿਵਾਰ ਵੱਲੋਂ ਕਮਰੇ ਅੰਦਰ ਅੱਗ ਜਲਾਈ ਗਈ ਸੀ, ਜਿਸ ਨਾਲ ਨਿਕਲਣ ਵਾਲੀ ਜ਼ਹਿਰੀਲੀ ਗੈਸ ਨੇ ਜਾਨਲੇਵਾ ਰੂਪ ਧਾਰ ਲਿਆ।

ਸੋਏ ਹੋਏ ਲੋਕਾਂ ਨੂੰ ਖ਼ਤਰੇ ਦਾ ਅਹਿਸਾਸ ਹੀ ਨਾ ਹੋ ਸਕਿਆ
ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇੱਕੋ ਕਮਰੇ ਵਿੱਚ ਸੌ ਰਹੇ ਸਨ। ਅੱਗ ਤੋਂ ਨਿਕਲੀ ਕਾਰਬਨ ਮੋਨੋਆਕਸਾਈਡ ਵਰਗੀ ਜ਼ਹਿਰੀਲੀ ਗੈਸ ਹੌਲੀ-ਹੌਲੀ ਕਮਰੇ ਵਿੱਚ ਫੈਲ ਗਈ, ਪਰ ਨੀਂਦ ਵਿੱਚ ਹੋਣ ਕਾਰਨ ਕਿਸੇ ਨੂੰ ਵੀ ਖ਼ਤਰੇ ਦਾ ਅਹਿਸਾਸ ਨਹੀਂ ਹੋਇਆ। ਨਤੀਜੇ ਵਜੋਂ ਤਿੰਨ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

10 ਸਾਲਾ ਬੱਚਾ ਨਾਜ਼ੁਕ ਹਾਲਤ ‘ਚ ਬਚਾਇਆ ਗਿਆ
ਇਸ ਹਾਦਸੇ ਦੌਰਾਨ ਪਰਿਵਾਰ ਦਾ ਇੱਕ 10 ਸਾਲਾ ਬੱਚਾ ਗੰਭੀਰ ਹਾਲਤ ਵਿੱਚ ਮਿਲਿਆ, ਜਿਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਜਾਰੀ ਹੈ।

ਪਿੰਡ ‘ਚ ਛਾਇਆ ਸੋਗ ਦਾ ਮਾਹੌਲ
ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਪਿੰਡ ਅਲੀਪੁਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਥਾਨਕ ਲੋਕਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਠੰਡ ਦੇ ਮੌਸਮ ਵਿੱਚ ਕਮਰੇ ਅੰਦਰ ਅੱਗ ਜਾਂ ਅੰਗੀਠੀ ਵਰਤਣ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਕਿਸਾਨਾਂ ਵੱਲੋਂ ਵੱਡਾ ਐਲਾਨ, 12 ਜਨਵਰੀ ਨੂੰ ਟੋਲ ਪਲਾਜੇ ਕੀਤੇ ਜਾਣਗੇ ਫ੍ਰੀ, ਦੇਖੋ ਖ਼ਬਰ….

ਚੰਡੀਗੜ੍ਹ :- ਬਿਜਲੀ, ਟੋਲ ਅਤੇ ਪ੍ਰਸ਼ਾਸਕੀ ਮਸਲਿਆਂ ਨੂੰ ਲੈ ਕੇ ਕਿਸਾਨ ਅੰਦੋਲਨ ਇੱਕ ਵਾਰ ਫਿਰ ਤੇਜ਼ ਹੋਣ ਦੇ ਆਸਾਰ ਬਣ ਗਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾ (ਬਲਾਕ ਰਾਜਪੁਰਾ) ਦੀ ਬੈਠਕ ਦੌਰਾਨ ਆਉਣ ਵਾਲੇ ਦਿਨਾਂ ਲਈ ਲਗਾਤਾਰ ਕਾਰਵਾਈਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਕਿਸਾਨੀ ਸਰਗਰਮੀਆਂ ਚਰਚਾ ਦਾ ਕੇਂਦਰ ਬਣ ਗਈਆਂ ਹਨ।

12 ਜਨਵਰੀ ਨੂੰ ਟੋਲ ਪਲਾਜ਼ੇ ਖੁੱਲ੍ਹੇ ਛੱਡਣ ਦਾ ਫੈਸਲਾ

ਮੀਟਿੰਗ ਦੌਰਾਨ ਜਥੇਬੰਦੀ ਨੇ ਫੈਸਲਾ ਕੀਤਾ ਕਿ 12 ਜਨਵਰੀ ਨੂੰ ਚਾਰ ਘੰਟਿਆਂ ਲਈ ਟੋਲ ਪਲਾਜ਼ਿਆਂ ‘ਤੇ ਵਸੂਲੀ ਰੋਕੀ ਜਾਵੇਗੀ। ਇਸ ਕਦਮ ਨੂੰ ਕਿਸਾਨਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਦਬਾਅ ਬਣਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।

ਲੋਹੜੀ ਮੌਕੇ ਬਿਜਲੀ ਬਿਲਾਂ ਖ਼ਿਲਾਫ਼ ਰੋਸ

13 ਜਨਵਰੀ ਨੂੰ ਲੋਹੜੀ ਦੇ ਤਿਉਹਾਰ ਦੌਰਾਨ ਕਿਸਾਨ ਬਿਜਲੀ ਬਿਲ 2025 ਦੀਆਂ ਕਾਪੀਆਂ ਸਾੜ ਕੇ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜਤਾਉਣਗੇ। ਜਥੇਬੰਦੀ ਦਾ ਕਹਿਣਾ ਹੈ ਕਿ ਮਹਿੰਗੇ ਬਿਲ ਕਿਸਾਨਾਂ ਲਈ ਅਸਹਿਨਸ਼ੀਲ ਹੋ ਚੁੱਕੇ ਹਨ।

21–22 ਜਨਵਰੀ ਨੂੰ ਚਿਪ ਮੀਟਰ ਉਤਾਰ ਮੁਹਿੰਮ

ਦੂਜੇ ਗੇੜ ਤਹਿਤ 21 ਅਤੇ 22 ਜਨਵਰੀ ਨੂੰ ਚਿਪ ਵਾਲੇ ਬਿਜਲੀ ਮੀਟਰ ਉਤਾਰ ਕੇ ਸਬ-ਡਿਵਿਜ਼ਨ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਦਮ ਸਰਕਾਰ ਨੂੰ ਸਿੱਧਾ ਸੁਨੇਹਾ ਦੇਣ ਲਈ ਚੁੱਕਿਆ ਜਾ ਰਿਹਾ ਹੈ।

ਪੁਰਾਣੇ ਸ਼ਨਾਖਤੀ ਕਾਰਡ ਰੱਦ, ਨਵਾਂ ਸਿਸਟਮ ਲਾਗੂ

ਮੀਟਿੰਗ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਥੇਬੰਦੀ ਦੇ ਸਾਰੇ ਪੁਰਾਣੇ ਸ਼ਨਾਖਤੀ ਕਾਰਡ ਅਮਾਨਯ ਕਰ ਦਿੱਤੇ ਗਏ ਹਨ। ਹੁਣ ਨਵੇਂ ਕਾਰਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ‘ਤੇ ਸੂਬਾ ਪ੍ਰਧਾਨ ਦੇ ਦਸਤਖ਼ਤ ਅਤੇ ਸਕੈਨ ਕੀਤੀ ਤਸਵੀਰ ਹੋਵੇਗੀ, ਤਾਂ ਜੋ ਜਾਅਲੀ ਕਾਰਡਾਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਸਕੇ।

ਜਾਅਲੀ ਕਾਰਡ ਵਰਤਣ ‘ਤੇ ਕਾਰਵਾਈ ਦੀ ਚੇਤਾਵਨੀ

ਜਥੇਬੰਦੀ ਨੇ ਮੈਂਬਰਾਂ ਨੂੰ ਆਪਣੇ ਇਲਾਕਾਈ ਆਗੂਆਂ ਨਾਲ ਸੰਪਰਕ ਕਰਕੇ ਨਵੇਂ ਕਾਰਡ ਬਣਵਾਉਣ ਦੀ ਅਪੀਲ ਕੀਤੀ ਹੈ। ਨਾਲ ਹੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਪੁਰਾਣਾ ਜਾਂ ਨਕਲੀ ਕਾਰਡ ਵਰਤਦਾ ਮਿਲਿਆ, ਤਾਂ ਉਸ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।

ਵੱਡੀ ਗਿਣਤੀ ਵਿੱਚ ਕਿਸਾਨ ਰਹੇ ਮੌਜੂਦ

ਇਸ ਮੀਟਿੰਗ ਵਿੱਚ ਗੁਰਦੇਵ ਸਿੰਘ ਰਾਜਪੁਰਾ, ਗੁਰਵਿੰਦਰ ਸਿੰਘ ਰਾਮਪੁਰ ਖੁਰਦ, ਗੁਰਦੀਪ ਸਿੰਘ ਖਿਜ਼ਰਗੜ ਕਨੌੜ, ਭਗਵਾਨ ਦਾਸ ਪਵਰੀ, ਮੇਵਾ ਸਿੰਘ ਕਨੌੜ, ਖੇਮ ਸਿੰਘ ਰਾਮਪੁਰ, ਹਰੀ ਕਿਰਸਨ ਤਖ਼ਤੂ ਮਾਜਰਾ ਸਮੇਤ ਕਈ ਪਿੰਡਾਂ ਤੋਂ ਕਿਸਾਨ ਸ਼ਾਮਲ ਹੋਏ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਹੁਣ 16 ਜਨਵਰੀ ਨੂੰ ਹੋਵੇਗੀ!

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮਹੱਤਵਪੂਰਨ ਇਕੱਤਰਤਾ ਹੁਣ 16 ਜਨਵਰੀ ਨੂੰ ਸਵੇਰੇ 11 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਕੀਤੀ ਜਾਵੇਗੀ। ਇਹ ਬੈਠਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗੀ।

12 ਜਨਵਰੀ ਦੀ ਤਰੀਕ ਬਦਲਕੇ 16 ਜਨਵਰੀ ਹੋਈ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਇਹ ਮੀਟਿੰਗ ਪਹਿਲਾਂ 12 ਜਨਵਰੀ ਲਈ ਨਿਰਧਾਰਤ ਕੀਤੀ ਗਈ ਸੀ, ਪਰ ਕੁਝ ਅਟਲ ਕਾਰਨਾਂ ਕਰਕੇ ਇਸ ਦੀ ਤਾਰੀਖ਼ ਵਿੱਚ ਤਬਦੀਲੀ ਕਰਨੀ ਪਈ ਹੈ।

ਉਨ੍ਹਾਂ ਦੱਸਿਆ ਕਿ ਨਵੀਂ ਤਾਰੀਖ਼ ਮੁਤਾਬਕ ਹੋਣ ਵਾਲੀ ਇਸ ਬੈਠਕ ਵਿੱਚ ਪਹਿਲਾਂ ਤੋਂ ਤਿਆਰ ਕੀਤੇ ਗਏ ਏਜੰਡੇ ਅਨੁਸਾਰ ਰੁਟੀਨ ਅਤੇ ਪ੍ਰਸ਼ਾਸਕੀ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਸਬੰਧ ਵਿੱਚ ਅੰਤ੍ਰਿੰਗ ਕਮੇਟੀ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਧਿਕਾਰਿਕ ਤੌਰ ‘ਤੇ ਅਗਾਂਹ ਕਰ ਦਿੱਤਾ ਗਿਆ ਹੈ।