Home Blog Page 699

ਵਿਆਹ ਤੋਂ ਦੋ ਸਾਲਾਂ ’ਚ ਹੀ ਟੁੱਟਿਆ ਰਿਸ਼ਤਾ, ਅਦਾਕਾਰਾ ਮੈਂਡੀ ਤੱਖਰ ਨੇ ਪਤੀ ਸ਼ੇਖਰ ਕੌਸ਼ਲ ਤੋਂ ਲਿਆ ਤਲਾਕ

ਚੰਡੀਗੜ੍ਹ :- ਪੰਜਾਬੀ ਸਿਨੇਮਾ ਦੀ ਜਾਣੀ-ਮਾਣੀ ਅਦਾਕਾਰਾ ਮੈਂਡੀ ਤੱਖਰ ਇਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਵਿਆਹ ਤੋਂ ਲਗਭਗ ਦੋ ਸਾਲ ਬਾਅਦ ਉਸਦਾ ਵਿਆਹਿਕ ਰਿਸ਼ਤਾ ਖ਼ਤਮ ਹੋ ਗਿਆ ਹੈ। ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਸ਼ੁੱਕਰਵਾਰ ਨੂੰ ਮੈਂਡੀ ਤੱਖਰ ਅਤੇ ਉਸਦੇ ਪਤੀ ਸ਼ੇਖਰ ਕੌਸ਼ਲ ਵਿਚਕਾਰ ਆਪਸੀ ਸਹਿਮਤੀ ਨਾਲ ਦਾਇਰ ਤਲਾਕ ਦੀ ਅਰਜ਼ੀ ਮਨਜ਼ੂਰ ਕਰਦਿਆਂ ਦੋਹਾਂ ਨੂੰ ਕਾਨੂੰਨੀ ਤੌਰ ’ਤੇ ਵੱਖ ਕਰਨ ਦਾ ਹੁਕਮ ਜਾਰੀ ਕਰ ਦਿੱਤਾ।

ਪਹਿਲੀ ਅਰਜ਼ੀ ਮਨਜ਼ੂਰ, ਸ਼ਰਤਾਂ ਗੁਪਤ

ਅਦਾਲਤ ਵੱਲੋਂ ਜੋੜੇ ਦੀ ਪਹਿਲੀ ਆਪਸੀ ਸਹਿਮਤੀ ਵਾਲੀ ਅਰਜ਼ੀ ਕਬੂਲ ਕੀਤੀ ਗਈ, ਜਿਸ ਤੋਂ ਬਾਅਦ ਤਲਾਕ ਦੀ ਕਾਰਵਾਈ ਪੂਰੀ ਹੋਈ। ਸ਼ੇਖਰ ਕੌਸ਼ਲ ਦੇ ਵਕੀਲ ਨੇ ਤਲਾਕ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਹਾਂ ਧਿਰਾਂ ਵਿਚਕਾਰ ਤੈਅ ਹੋਈਆਂ ਸ਼ਰਤਾਂ ਨੂੰ ਗੁਪਤ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਫ਼ੈਸਲਾ ਬਿਨਾਂ ਕਿਸੇ ਤਕਰਾਰ ਦੇ ਦੋਸਤਾਨਾ ਮਾਹੌਲ ਵਿੱਚ ਲਿਆ ਗਿਆ।

ਪਿਛਲੇ ਸਾਲ ਤੋਂ ਵੱਖਰੇ ਰਹਿ ਰਹੇ ਸਨ

ਮੈਂਡੀ ਤੱਖਰ ਅਤੇ ਸ਼ੇਖਰ ਕੌਸ਼ਲ ਦਾ ਵਿਆਹ 2024 ਵਿੱਚ ਹੋਇਆ ਸੀ, ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਹਾਂ ਦੇ ਰਾਹ ਵੱਖ ਹੋ ਗਏ। ਜਾਣਕਾਰੀ ਅਨੁਸਾਰ ਪਿਛਲੇ ਇੱਕ ਸਾਲ ਤੋਂ ਦੋਵੇਂ ਵੱਖ-ਵੱਖ ਰਹਿ ਰਹੇ ਸਨ, ਜਿਸ ਤੋਂ ਬਾਅਦ ਆਪਸੀ ਸਹਿਮਤੀ ਨਾਲ ਤਲਾਕ ਲਈ ਅਦਾਲਤ ਦਾ ਰੁਖ਼ ਕੀਤਾ ਗਿਆ।

ਪੰਜਾਬੀ ਸਿਨੇਮਾ ’ਚ ਮਜ਼ਬੂਤ ਪਹਿਚਾਣ

ਮੈਂਡੀ ਤੱਖਰ ਨੇ ਸਾਲ 2009 ਵਿੱਚ ਪੰਜਾਬੀ ਸੁਪਰਸਟਾਰ ਬੱਬੂ ਮਾਨ ਦੀ ਫ਼ਿਲਮ ਏਕਮ – ਸਨ ਆਫ਼ ਸੋਲ ਨਾਲ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਰਾਹੀਂ ਉਸਨੇ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਅਤੇ ਉਸ ਤੋਂ ਬਾਅਦ ਉਸਦਾ ਕਰੀਅਰ ਲਗਾਤਾਰ ਉਚਾਈਆਂ ਵੱਲ ਵਧਦਾ ਗਿਆ।

ਹਿੱਟ ਫ਼ਿਲਮਾਂ ਨਾਲ ਬਣਾਇਆ ਦਰਸ਼ਕਾਂ ’ਚ ਸਥਾਨ

ਮੈਂਡੀ ਤੱਖਰ ਕਈ ਸਫ਼ਲ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹੀ ਹੈ, ਜਿਨ੍ਹਾਂ ਵਿੱਚ ਸਰਦਾਰ ਜੀ, ਮਿਰਜ਼ਾ – ਦਾ ਅਨਟੋਲਡ ਸਟੋਰੀ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਅਰਦਾਸ ਅਤੇ ਰੱਬ ਦਾ ਰੇਡੀਓ ਸ਼ਾਮਲ ਹਨ। ਉਸਦੀ ਅਦਾਕਾਰੀ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਖ਼ਾਸ ਤੌਰ ’ਤੇ ਸਿਰਾਹਿਆ ਗਿਆ।

ਵੱਡੇ ਸਿਤਾਰਿਆਂ ਨਾਲ ਕੀਤਾਂ ਕੰਮ

ਫ਼ਿਲਮ ਸਰਦਾਰ ਜੀ ਵਿੱਚ ਦਿਲਜੀਤ ਦੁਸਾਂਝ ਨਾਲ ਮੈਂਡੀ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਤੋਂ ਇਲਾਵਾ ਉਹ ਬੱਬੂ ਮਾਨ, ਦਿਲਜੀਤ ਦੁਸਾਂਝ ਅਤੇ ਸਿੱਧੂ ਮੂਸੇਵਾਲਾ ਵਰਗੇ ਵੱਡੇ ਨਾਮਾਂ ਨਾਲ ਵੀ ਸਕ੍ਰੀਨ ਸਾਂਝੀ ਕਰ ਚੁੱਕੀ ਹੈ। ਸਾਲ 2021 ਦੀ ਫ਼ਿਲਮ ਯੈੱਸ, ਆਈ ਐਮ ਏ ਸਟੂਡੈਂਟ ਵਿੱਚ ਮੈਂਡੀ ਨੇ ਸਿੱਧੂ ਮੂਸੇਵਾਲਾ ਦੇ ਕਿਰਦਾਰ ਦੀ ਪ੍ਰੇਮਿਕਾ ਦਾ ਰੋਲ ਨਿਭਾ ਕੇ ਦਰਸ਼ਕਾਂ ’ਤੇ ਗਹਿਰੀ ਛਾਪ ਛੱਡੀ ਸੀ।

ਨਿੱਜੀ ਜ਼ਿੰਦਗੀ ਤੋਂ ਇਲਾਵਾ ਕਰੀਅਰ ’ਤੇ ਨਜ਼ਰ

ਤਲਾਕ ਦੀ ਖ਼ਬਰਾਂ ਵਿਚਕਾਰ ਵੀ ਮੈਂਡੀ ਤੱਖਰ ਆਪਣੇ ਕੰਮ ਨੂੰ ਲੈ ਕੇ ਗੰਭੀਰ ਮੰਨੀ ਜਾਂਦੀ ਹੈ। ਫ਼ਿਲਮੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਨਿੱਜੀ ਜ਼ਿੰਦਗੀ ਦੇ ਇਸ ਮੋੜ ਤੋਂ ਬਾਅਦ ਉਹ ਆਪਣੇ ਅਦਾਕਾਰੀ ਕਰੀਅਰ ’ਤੇ ਪੂਰਾ ਧਿਆਨ ਕੇਂਦ੍ਰਿਤ ਕਰੇਗੀ।

ਲੁਧਿਆਣਾ ਨਗਰ ਨਿਗਮ ’ਤੇ NGT–PPCB ਦੀ ਸਖ਼ਤੀ, ਕੂੜਾ ਪ੍ਰਬੰਧਨ ’ਚ ਲਾਪਰਵਾਹੀ ਲਈ ਡੇਢ ਕਰੋੜ ਤੋਂ ਵੱਧ ਜੁਰਮਾਨਾ

ਲੁਧਿਆਣਾ :- ਲੁਧਿਆਣਾ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਨੂੰ ਲੈ ਕੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਗੰਭੀਰ ਮੰਨਦਿਆਂ ਨਗਰ ਨਿਗਮ ਲੁਧਿਆਣਾ ’ਤੇ ₹1.54 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਮੁਤਾਬਕ ਸ਼ਹਿਰ ਵਿੱਚ ਕੂੜੇ ਦੀ ਗਲਤ ਸੰਭਾਲ ਅਤੇ ਨਿਯਮਾਂ ਦੀ ਉਲੰਘਣਾ ਕਾਰਨ ਹਵਾ, ਪਾਣੀ ਅਤੇ ਆਸ-ਪਾਸ ਦੇ ਮਾਹੌਲ ’ਤੇ ਬੁਰਾ ਅਸਰ ਪਿਆ ਹੈ, ਜਿਸ ਦੀ ਭਰਪਾਈ ਲਈ ਨਿਗਮ ਤੋਂ ਰਕਮ ਵਸੂਲਣ ਦਾ ਫ਼ੈਸਲਾ ਕੀਤਾ ਗਿਆ।

ਐਨਜੀਟੀ ਵਿੱਚ ਸੁਣਵਾਈ ਦੌਰਾਨ ਮੰਗੀ ਗਈ ਰਿਪੋਰਟ

ਇਸ ਮਾਮਲੇ ਦੀ ਅੱਜ ਹੋਈ ਸੁਣਵਾਈ ਦੌਰਾਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਰਿਪੋਰਟ ਤਲਬ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਪੀਪੀਸੀਬੀ ਵੱਲੋਂ ਨਗਰ ਨਿਗਮ ਲੁਧਿਆਣਾ ’ਤੇ ਜੁਰਮਾਨਾ ਲਗਾਉਣ ਦੀ ਕਾਰਵਾਈ ਅਮਲ ਵਿੱਚ ਲਿਆਈ ਜਾ ਚੁੱਕੀ ਸੀ, ਜਿਸਨੂੰ ਟ੍ਰਿਬਿਊਨਲ ਅੱਗੇ ਦਰਜ ਕੀਤਾ ਗਿਆ।

ਜੁਰਮਾਨੇ ਦੀ ਰਕਮ ’ਤੇ ਪਟੀਸ਼ਨਕਰਤਾ ਨਾਰਾਜ਼

ਭਾਵੇਂ ਨਗਰ ਨਿਗਮ ’ਤੇ ਵੱਡਾ ਆਰਥਿਕ ਜੁਰਮਾਨਾ ਲਾਇਆ ਗਿਆ ਹੈ, ਪਰ ਐਨਜੀਟੀ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਇੰਜੀਨੀਅਰ ਕਪਿਲ ਅਰੋੜਾ ਅਤੇ ਕੁਲਦੀਪ ਸਿੰਘ ਖਹਿਰਾ ਇਸ ਰਕਮ ਨੂੰ ਅਪਰਿਆਪਤ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿਗਮ ਦੀ ਲੰਬੇ ਸਮੇਂ ਦੀ ਲਾਪਰਵਾਹੀ ਨਾਲ ਹੋਏ ਵਾਤਾਵਰਣੀ ਨੁਕਸਾਨ ਦੇ ਮੁਕਾਬਲੇ ਇਹ ਜੁਰਮਾਨਾ ਘੱਟ ਹੈ।

ਕੂੜਾ ਪ੍ਰਬੰਧਨ ਤੇ ਸਾੜਨ ਦੇ ਮਾਮਲੇ ਨੇ ਚੁੱਕਿਆ ਵਿਵਾਦ

ਪਟੀਸ਼ਨਕਰਤਾਵਾਂ ਵੱਲੋਂ ਸ਼ਹਿਰ ਵਿੱਚ ਕੂੜੇ ਦੀ ਢੁਕਵੇਂ ਢੰਗ ਨਾਲ ਸੰਭਾਲ ਨਾ ਹੋਣ ਅਤੇ ਕੂੜਾ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਐਨਜੀਟੀ ਦਾ ਦਰਵਾਜ਼ਾ ਖਟਖਟਾਇਆ ਗਿਆ ਸੀ। ਟ੍ਰਿਬਿਊਨਲ ਨੇ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਤੋਂ ਰਿਪੋਰਟ ਮੰਗੀ, ਪਰ ਉਸ ਤੋਂ ਸੰਤੁਸ਼ਟ ਨਾ ਹੋਣ ’ਤੇ ਕੋਰਟ ਕਮਿਸ਼ਨਰ ਰਾਹੀਂ ਮੌਕੇ ਦੀ ਜਾਂਚ ਕਰਵਾਈ ਗਈ।

ਜੁਰਮਾਨੇ ਦੀ ਮਿਆਦ ’ਤੇ ਵੀ ਸਵਾਲ

ਕੋਰਟ ਕਮਿਸ਼ਨਰ ਦੀ ਰਿਪੋਰਟ ਤੋਂ ਬਾਅਦ ਐਨਜੀਟੀ ਨੇ ਪੀਪੀਸੀਬੀ ਤੋਂ ਕਾਰਵਾਈ ਰਿਪੋਰਟ ਮੰਗੀ, ਜਿਸ ਉਪਰੰਤ ਨਗਰ ਨਿਗਮ ’ਤੇ ਜੁਰਮਾਨਾ ਲਗਾਇਆ ਗਿਆ। ਇੰਜੀਨੀਅਰ ਕਪਿਲ ਅਰੋੜਾ ਦਾ ਕਹਿਣਾ ਹੈ ਕਿ ਪੀਪੀਸੀਬੀ ਨੇ ਜੁਰਮਾਨਾ ਉਸ ਤਾਰੀਖ ਤੋਂ ਲਗਾਇਆ ਹੈ ਜਦੋਂ ਕੋਰਟ ਕਮਿਸ਼ਨਰ ਨੇ ਲੁਧਿਆਣਾ ਦਾ ਦੌਰਾ ਕੀਤਾ ਸੀ, ਜਦਕਿ ਇਹ ਜੁਰਮਾਨਾ ਸ਼ਿਕਾਇਤ ਦਰਜ ਹੋਣ ਦੇ ਦਿਨ ਤੋਂ ਲਾਗੂ ਹੋਣਾ ਚਾਹੀਦਾ ਸੀ।

20 ਜਨਵਰੀ ਨੂੰ ਮੁੜ ਸੁਣਵਾਈ

ਇਸ ਮਾਮਲੇ ਦੀ ਅਗਲੀ ਸੁਣਵਾਈ 20 ਜਨਵਰੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਹੋਵੇਗੀ। ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਪਣੀ ਕਾਰਵਾਈ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨੀ ਪਵੇਗੀ। ਪਟੀਸ਼ਨਕਰਤਾ ਕਪਿਲ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਉਹ ਉਸੇ ਦਿਨ ਜੁਰਮਾਨੇ ਦੀ ਰਕਮ ਵਧਾਉਣ ਲਈ ਵੀ ਅਰਜ਼ੀ ਦੇਣਗੇ, ਤਾਂ ਜੋ ਨਗਰ ਨਿਗਮ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾ ਸਕੇ।

ਪੰਜਾਬ BJP ਦਾ ਸਿਆਸੀ ਘੇਰਾ ਵਧਿਆ, ਚਾਰ ਵੱਡੇ ਚਿਹਰੇ ਸ਼ਾਮਲ; ਮਾਲਵਾ ’ਤੇ ਕੇਂਦ੍ਰਿਤ ਰਣਨੀਤੀ ਸਾਫ਼

ਚੰਡੀਗੜ੍ਹ :- ਪੰਜਾਬ ਦੀ ਸਿਆਸਤ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਜ਼ੀ ਨਾਲ ਰੁਖ਼ ਬਦਲਦੀ ਨਜ਼ਰ ਆ ਰਹੀ ਹੈ। ਭਾਜਪਾ ਨੇ ਅੱਜ ਆਪਣੀ ਸਿਆਸੀ ਤਾਕਤ ਨੂੰ ਹੋਰ ਵਧਾਉਂਦਿਆਂ ਚਾਰ ਮੁੱਖ ਨੇਤਾਵਾਂ ਨੂੰ ਪਾਰਟੀ ਨਾਲ ਜੋੜ ਲਿਆ, ਜਿਸ ਨਾਲ ਖ਼ਾਸ ਕਰਕੇ ਮਾਲਵਾ ਖੇਤਰ ਨੂੰ ਲੈ ਕੇ ਪਾਰਟੀ ਦੀ ਤਿਆਰੀ ਸਪਸ਼ਟ ਹੋ ਗਈ ਹੈ।

ਹਰਿਆਣਾ ਦੇ ਮੁੱਖ ਮੰਤਰੀ ਦੀ ਮੌਜੂਦਗੀ ’ਚ ਸ਼ਾਮੂਲੀਅਤ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਹਾਜ਼ਰੀ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਬਰਾੜ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਓਂਕਾਰ ਸਿੱਧੂ ਅਤੇ ਸ਼ਿਰੋਮਣੀ ਅਕਾਲੀ ਦਲ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ ਸੀਨੀਅਰ ਆਗੂ ਚਰਨਜੀਤ ਬਰਾੜ ਨੇ ਵੀ ਭਾਜਪਾ ਦਾ ਦਾਮਨ ਫੜਿਆ।

ਪਰਿਵਾਰਕ ਸਿਆਸਤ ਦੀ ਗੂੰਜ ਵੀ ਨਾਲ

ਜਗਮੀਤ ਬਰਾੜ ਦੇ ਭਰਾ ਰਿਪਜੀਤ ਸਿੰਘ ਬਰਾੜ, ਜੋ ਪਹਿਲਾਂ ਕੋਟਕਪੂਰਾ ਤੋਂ ਵਿਧਾਇਕ ਰਹਿ ਚੁੱਕੇ ਹਨ, ਨੇ ਵੀ ਅੱਜ ਭਾਜਪਾ ਵਿੱਚ ਦਾਖ਼ਲਾ ਲਿਆ। ਜਗਮੀਤ ਬਰਾੜ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੌੜ ਮੰਡੀ ਤੋਂ ਮੈਦਾਨ ’ਚ ਉਤਰੇ ਸਨ, ਜਿਸ ਕਾਰਨ ਮਾਲਵਾ ਵਿੱਚ ਉਨ੍ਹਾਂ ਦੀ ਪਹਿਚਾਣ ਮਜ਼ਬੂਤ ਮੰਨੀ ਜਾਂਦੀ ਹੈ।

ਸੁਨੀਲ ਜਾਖੜ ਦੇ ਬਿਆਨ

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਪਰਿਵਾਰ ਦਾ ਅੱਜ ਵਿਸਥਾਰ ਹੋਇਆ ਹੈ ਅਤੇ ਸ਼ਾਮਿਲ ਹੋਏ ਸਾਰੇ ਆਗੂ ਆਪਣੇ ਆਪ ਵਿੱਚ ਜਾਣੀ-ਪਛਾਣੀ ਸਖ਼ਸ਼ੀਅਤ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਅਸੁਰੱਖਿਆ ਅਤੇ ਅਣਛਿਜ਼ਤ ਹਾਲਾਤਾਂ ਕਾਰਨ ਲੋਕ ਨਵੀਂ ਉਮੀਦ ਨਾਲ ਭਾਜਪਾ ਵੱਲ ਤੱਕ ਰਹੇ ਹਨ, ਜੋ ਅੱਜ ਦੇ ਸ਼ਾਮਿਲ ਹੋਣ ਵਾਲੇ ਆਗੂਆਂ ਰਾਹੀਂ ਸਪਸ਼ਟ ਦਿਸਦਾ ਹੈ।

“ਇਹ ਲੋਕਾਂ ਦੀ ਆਵਾਜ਼ ਹੈ”

ਜਾਖੜ ਨੇ ਦਾਅਵਾ ਕੀਤਾ ਕਿ ਵੱਡੇ ਸਿਆਸੀ ਚਿਹਰਿਆਂ ਦਾ ਭਾਜਪਾ ਵੱਲ ਆਉਣਾ ਪੰਜਾਬ ਦੇ ਬਦਲਦੇ ਮਾਹੌਲ ਦਾ ਸੰਕੇਤ ਹੈ। ਉਨ੍ਹਾਂ ਮੁਤਾਬਕ ਲੋਕਾਂ ਦੀ ਉਮੀਦਾਂ ਹੁਣ ਭਾਜਪਾ ਨਾਲ ਜੁੜ ਰਹੀਆਂ ਹਨ ਅਤੇ ਇਹ ਸ਼ਾਮਿਲੀਅਤ ਉਸੇ ਆਵਾਜ਼ ਦੀ ਤਰਜਮਾਨੀ ਹੈ।

ਪਰਣੀਤ ਕੌਰ ਦਾ ਦਾਅਵਾ

ਸਾਬਕਾ ਸੰਸਦ ਮੈਂਬਰ ਮਹਾਰਾਣੀ ਪਰਣੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਇਕ ਨਵੇਂ ਮੋੜ ’ਤੇ ਖੜੀ ਹੈ। ਉਨ੍ਹਾਂ ਅਨੁਸਾਰ 2027 ਤੋਂ ਪਹਿਲਾਂ ਸੂਬੇ ਵਿੱਚ ਵੱਡਾ ਸਿਆਸੀ ਬਦਲਾਅ ਵੇਖਣ ਨੂੰ ਮਿਲੇਗਾ ਅਤੇ ਭਾਜਪਾ ਸਰਕਾਰ ਬਣਾਉਣ ਵੱਲ ਅੱਗੇ ਵਧ ਰਹੀ ਹੈ।

ਰਵਨੀਤ ਬਿੱਟੂ ਦੀ ਚੋਣੀ ਰਣਨੀਤੀ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਨਸ਼ਾ, ਗੈਂਗਸਟਰਵਾਦ ਅਤੇ ਰੋਜ਼ਗਾਰ ਵਰਗੇ ਮੁੱਦਿਆਂ ’ਤੇ ਲੋਕਾਂ ਨੂੰ ਹੁਣ ਭਾਜਪਾ ਹੀ ਮਜ਼ਬੂਤ ਵਿਕਲਪ ਲੱਗ ਰਹੀ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, ਭਾਜਪਾ ਦੀ ਸਰਕਾਰ ਬਣਨ ਨਾਲ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ।

ਮਾਲਵਾ ਖੇਤਰ ’ਤੇ ਸਿੱਧਾ ਧਿਆਨ

ਭਾਜਪਾ ਵੱਲੋਂ ਕੀਤੀ ਗਈ ਇਹ ਸ਼ਾਮਿਲੀਅਤ ਸਾਫ਼ ਤੌਰ ’ਤੇ ਮਾਲਵਾ ਖੇਤਰ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਜਗਮੀਤ ਬਰਾੜ, ਰਿਪਜੀਤ ਬਰਾੜ ਅਤੇ ਚਰਨਜੀਤ ਬਰਾੜ ਤਿੰਨੇ ਹੀ ਮੁਕਤਸਰ ਇਲਾਕੇ ਨਾਲ ਸਬੰਧਤ ਹਨ। ਪੰਜਾਬ ਦੀਆਂ 117 ਵਿੱਚੋਂ 69 ਸੀਟਾਂ ਮਾਲਵਾ ਵਿੱਚ ਹਨ ਅਤੇ ਸਰਕਾਰ ਬਣਾਉਣ ਦੀ ਕੁੰਜੀ ਇਥੇ ਹੀ ਮੰਨੀ ਜਾਂਦੀ ਹੈ। ਇਸੇ ਕਾਰਨ ਭਾਜਪਾ ਇਲਾਕੇ ਵਿੱਚ ਆਪਣੀ ਸਿਆਸੀ ਜੜਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Breaking – ਰਾਸ਼ਟਰਪਤੀ ਮੁਰਮੂ ਦਾ ਜਲੰਧਰ ਦੌਰਾ ਰੱਦ!

ਜਲੰਧਰ :- ਮੌਸਮ ਦੀ ਖਰਾਬੀ ਨੇ ਅੱਜ ਵੱਡੇ ਸਰਕਾਰੀ ਕਾਰਜਕ੍ਰਮ ‘ਤੇ ਅਸਰ ਪਾ ਦਿੱਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਜਲੰਧਰ ਦੌਰਾ ਰੱਦ ਕਰ ਦਿੱਤਾ ਗਿਆ, ਕਿਉਂਕਿ ਅੰਮ੍ਰਿਤਸਰ ਤੋਂ ਉਡਾਣ ਭਰਨ ਵਾਲੀ ਉਨ੍ਹਾਂ ਦੀ ਫਲਾਈਟ ਖਰਾਬ ਮੌਸਮ ਕਾਰਨ ਟੇਕਆਫ਼ ਨਹੀਂ ਕਰ ਸਕੀ। ਰਾਸ਼ਟਰਪਤੀ ਨੂੰ ਜਲੰਧਰ ਸਥਿਤ ਐਨਆਈਟੀ ਦੇ ਦੀਕਸ਼ਾਂਤ ਸਮਾਰੋਹ ਵਿੱਚ ਸ਼ਿਰਕਤ ਕਰਨੀ ਸੀ।

ਸੰਘਣਾ ਕੋਹਰਾ ਤੇ ਸ਼ੀਤ ਲਹਿਰ ਬਣੀ ਵਜ੍ਹਾ

ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਤੋਂ ਜਲੰਧਰ ਤੱਕ ਘਣੇ ਕੋਹਰੇ ਅਤੇ ਸ਼ੀਤ ਲਹਿਰ ਦੇ ਚੱਲਦੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਸੁਰੱਖਿਆ ਅਤੇ ਸੁਰੱਖਿਅਤ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਦੌਰਾ ਅੱਗੇ ਲਈ ਟਾਲਿਆ ਗਿਆ।

ਚੰਡੀਗੜ੍ਹ ਮੌਸਮ ਕੇਂਦਰ ਵੱਲੋਂ ਆਰੇਂਜ ਅਲਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਤੀਖੀ ਠੰਢ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਘਣਾ ਕੋਹਰਾ ਅਤੇ ਤੇਜ਼ ਠੰਢੀ ਹਵਾ ਸੂਬੇ ਦੇ ਕਈ ਹਿੱਸਿਆਂ ਵਿੱਚ ਜਾਰੀ ਰਹੀ, ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋਇਆ।

ਤਾਪਮਾਨ ਜ਼ੀਰੋ ਦੇ ਨੇੜੇ

ਇਸ ਮੌਸਮੀ ਸੀਜ਼ਨ ਵਿੱਚ ਦੂਜੀ ਵਾਰ ਤਾਪਮਾਨ ਮੁੜ ਜ਼ੀਰੋ ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ। ਅੱਜ ਘੱਟੋ-ਘੱਟ ਤਾਪਮਾਨ ਵਿੱਚ ਕਰੀਬ 0.3 ਡਿਗਰੀ ਦੀ ਹੋਰ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਘੱਟ ਤਾਪਮਾਨ ਸ਼ਹੀਦ ਭਗਤ ਸਿੰਘ ਨਗਰ ਵਿੱਚ 0.9 ਡਿਗਰੀ ਰਿਹਾ। ਹੋਸ਼ਿਆਰਪੁਰ ਅਤੇ ਬਠਿੰਡਾ ਵਿੱਚ ਤਾਪਮਾਨ 3 ਡਿਗਰੀ, ਅੰਮ੍ਰਿਤਸਰ ਵਿੱਚ 3.2 ਡਿਗਰੀ ਅਤੇ ਚੰਡੀਗੜ੍ਹ ਵਿੱਚ 5.3 ਡਿਗਰੀ ਦਰਜ ਕੀਤਾ ਗਿਆ।

ਸਕੂਲਾਂ ਦੇ ਸਮੇਂ ‘ਚ ਬਦਲਾਅ

ਕੜਾਕੇ ਦੀ ਠੰਢ ਨੂੰ ਵੇਖਦਿਆਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਸਕੂਲ ਸਵੇਰੇ 9 ਵਜੇ ਦੀ ਬਜਾਏ 10 ਵਜੇ ਖੁੱਲਣਗੇ, ਤਾਂ ਜੋ ਬੱਚਿਆਂ ਨੂੰ ਠੰਢ ਤੋਂ ਕੁਝ ਰਾਹਤ ਮਿਲ ਸਕੇ।

ਅੱਗੇ ਮੌਸਮ ‘ਚ ਬਦਲਾਅ ਦੇ ਆਸਾਰ

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸ਼ਨੀਵਾਰ ਤੋਂ ਅਗਲੇ ਚਾਰ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਤਿੰਨ ਤੋਂ ਪੰਜ ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ 18 ਤਾਰੀਖ ਤੋਂ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਬਣ ਰਹੀ ਹੈ, ਜਿਸ ਨਾਲ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ।

ਪੰਜਾਬ ਦੀ ਸਿਆਸਤ ‘ਚ ਅੱਜ ਵੱਡੀ ਹਲਚਲ, ਭਾਜਪਾ ‘ਚ ਪੰਜ ਅਹਿਮ ਚਿਹਰਿਆਂ ਦੀ ਸ਼ਮੂਲੀਅਤ ਦੇ ਸੰਕੇਤ!

ਚੰਡੀਗੜ੍ਹ :- ਚੰਡੀਗੜ੍ਹ ਤੋਂ ਮਿਲ ਰਹੀਆਂ ਸਿਆਸੀ ਜਾਣਕਾਰੀਆਂ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਵੱਡੀ ਸਿਆਸੀ ਮਜ਼ਬੂਤੀ ਮਿਲ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੱਜ ਦੇਰ ਨਾਲ ਪੰਜ ਪ੍ਰਸਿੱਧ ਸਿਆਸੀ ਚਿਹਰੇ ਅਧਿਕਾਰਿਕ ਤੌਰ ‘ਤੇ ਭਾਜਪਾ ਦਾ ਦਾਮਨ ਫੜ ਸਕਦੇ ਹਨ, ਜਿਸ ਨਾਲ ਰਾਜ ਦੀ ਸਿਆਸਤ ‘ਚ ਨਵੀਂ ਗਤੀ ਆਉਣ ਦੀ ਉਮੀਦ ਹੈ।

ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਵੀ ਕਤਾਰ ‘ਚ

ਜਾਣਕਾਰੀ ਅਨੁਸਾਰ ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ਵਿੱਚ ਇੱਕ ਸਾਬਕਾ ਸੰਸਦ ਮੈਂਬਰ, ਇੱਕ ਸਾਬਕਾ ਵਿਧਾਇਕ ਅਤੇ ਦੋ ਉਹ ਆਗੂ ਵੀ ਸ਼ਾਮਲ ਹਨ, ਜੋ ਪਹਿਲਾਂ ਪੰਜਾਬ ਦੇ ਸੀਨੀਅਰ ਨੇਤਾਵਾਂ ਦੇ ਓਐੱਸਡੀ ਵਜੋਂ ਸੇਵਾ ਨਿਭਾ ਚੁੱਕੇ ਹਨ। ਹਾਲਾਂਕਿ ਪਾਰਟੀ ਵੱਲੋਂ ਅਜੇ ਤੱਕ ਅਧਿਕਾਰਿਕ ਤੌਰ ‘ਤੇ ਕਿਸੇ ਦਾ ਨਾਮ ਜਾਹਿਰ ਨਹੀਂ ਕੀਤਾ ਗਿਆ।

ਹਰਿਆਣਾ ਦੇ ਮੁੱਖ ਮੰਤਰੀ ਦੀ ਮੌਜੂਦਗੀ ‘ਚ ਹੋਵੇਗੀ ਸ਼ਮੂਲੀਅਤ

ਇਹ ਸਿਆਸੀ ਦਾਖ਼ਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿੱਚ ਹੋਣ ਦੀ ਸੰਭਾਵਨਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੈਣੀ ਦੀ ਮੌਜੂਦਗੀ ਭਾਜਪਾ ਵੱਲੋਂ ਪੰਜਾਬ ‘ਚ ਆਪਣੀ ਪਕੜ ਮਜ਼ਬੂਤ ਕਰਨ ਦੇ ਇਰਾਦੇ ਨੂੰ ਸਾਫ਼ ਦਰਸਾਉਂਦੀ ਹੈ।

ਆਉਣ ਵਾਲੀਆਂ ਚੁਣੌਤੀਆਂ ਤੋਂ ਪਹਿਲਾਂ ਸੰਗਠਨ ‘ਤੇ ਧਿਆਨ

ਪਾਰਟੀ ਦੇ ਅੰਦਰੂਨੀ ਹਲਕਿਆਂ ਮੁਤਾਬਕ ਇਹ ਸ਼ਮੂਲੀਅਤਾਂ ਭਾਜਪਾ ਦੇ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹਨ। ਆਉਣ ਵਾਲੇ ਸਮੇਂ ਵਿੱਚ ਸਿਆਸੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਪਾਰਟੀ ਤਜਰਬੇਕਾਰ ਅਤੇ ਜਾਣੇ-ਮਾਣੇ ਚਿਹਰਿਆਂ ਨੂੰ ਆਪਣੇ ਨਾਲ ਜੋੜ ਰਹੀ ਹੈ।

ਸਿਆਸੀ ਸਮੀਕਰਨਾਂ ‘ਚ ਆ ਸਕਦਾ ਹੈ ਬਦਲਾਅ

ਜਿਨ੍ਹਾਂ ਆਗੂਆਂ ਦੇ ਭਾਜਪਾ ‘ਚ ਜਾਣ ਦੀ ਚਰਚਾ ਹੈ, ਉਹ ਪਹਿਲਾਂ ਹੀ ਪੰਜਾਬ ਦੀ ਸਿਆਸਤ ਵਿੱਚ ਪ੍ਰਭਾਵਸ਼ਾਲੀ ਰਹੇ ਹਨ। ਉਨ੍ਹਾਂ ਦੀ ਸ਼ਮੂਲੀਅਤ ਨਾਲ ਕਈ ਹਲਕਿਆਂ ਵਿੱਚ ਸਿਆਸੀ ਸਮੀਕਰਨ ਬਦਲਣ ਅਤੇ ਭਾਜਪਾ ਦੀ ਪਹੁੰਚ ਨੂੰ ਨਵਾਂ ਜ਼ੋਰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦੇਰ ਨਾਲ ਹੋ ਸਕਦਾ ਹੈ ਅਧਿਕਾਰਿਕ ਐਲਾਨ

ਭਾਜਪਾ ਵੱਲੋਂ ਦਿਨ ਦੇ ਅੰਤ ਤੱਕ ਅਧਿਕਾਰਿਕ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ ਨਵੇਂ ਸ਼ਾਮਲ ਹੋਣ ਵਾਲੇ ਆਗੂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਨਾਲ ਜੁੜਨ ਦੇ ਕਾਰਣ ਅਤੇ ਅੱਗੇ ਦੀ ਰਣਨੀਤੀ ਵੀ ਸਾਂਝੀ ਕਰ ਸਕਦੇ ਹਨ।

ਫਾਇਰਮੈਨ ਭਰਤੀ ‘ਚ ਮਹਿਲਾਵਾਂ ਲਈ ਰਾਖਵੀਆਂ ਸੀਟਾਂ ਪੁਰਸ਼ਾਂ ਨੂੰ ਦੇਣ ਦੇ ਹੁਕਮ!

ਚੰਡੀਗੜ੍ਹ :- ਪੰਜਾਬ ਵਿੱਚ ਫਾਇਰਮੈਨ ਭਰਤੀ ਪ੍ਰਕਿਰਿਆ ਦੌਰਾਨ ਇੱਕ ਐਸਾ ਤੱਥ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ਾਸਨਿਕ ਹਲਕਿਆਂ ਤੋਂ ਲੈ ਕੇ ਕਾਨੂੰਨੀ ਮੰਚ ਤੱਕ ਚਰਚਾ ਛੇੜ ਦਿੱਤੀ ਹੈ। ਮਹਿਲਾਵਾਂ ਲਈ ਨਿਰਧਾਰਤ ਕੀਤੀਆਂ ਗਈਆਂ ਸੈਂਕੜਿਆਂ ਅਸਾਮੀਆਂ ‘ਤੇ ਇੱਕ ਵੀ ਉਮੀਦਵਾਰ ਯੋਗ ਨਾ ਠਹਿਰ ਸਕੀ, ਜਿਸ ਤੋਂ ਬਾਅਦ ਮਾਮਲਾ ਹਾਈਕੋਰਟ ਤੱਕ ਪਹੁੰਚਿਆ।

461 ਮਹਿਲਾ ਅਸਾਮੀਆਂ ਰਹੀਆਂ ਖਾਲੀ

ਫਾਇਰਮੈਨ ਦੀ ਭਰਤੀ ਲਈ ਮਹਿਲਾਵਾਂ ਵਾਸਤੇ ਰੱਖੀਆਂ ਗਈਆਂ 461 ਅਸਾਮੀਆਂ ‘ਤੇ ਕਿਸੇ ਵੀ ਮਹਿਲਾ ਉਮੀਦਵਾਰ ਨੇ ਲੋੜੀਂਦੇ ਮਾਪਦੰਡ ਪੂਰੇ ਨਹੀਂ ਕੀਤੇ। ਇਸ ਕਾਰਨ ਇਹ ਸਾਰੀਆਂ ਅਸਾਮੀਆਂ ਲੰਮੇ ਸਮੇਂ ਤੱਕ ਖਾਲੀ ਰਹਿ ਗਈਆਂ, ਜਿਸ ਨਾਲ ਭਰਤੀ ਪ੍ਰਕਿਰਿਆ ‘ਤੇ ਸਵਾਲ ਉੱਠਣ ਲੱਗੇ।

2023 ਵਿੱਚ ਸ਼ੁਰੂ ਹੋਈ ਸੀ ਭਰਤੀ

ਇਹ ਭਰਤੀ 28 ਜਨਵਰੀ 2023 ਨੂੰ ਜਾਰੀ ਕੀਤੇ ਗਏ ਇਸ਼ਤਿਹਾਰ ਨੰਬਰ 1 ਤਹਿਤ ਸ਼ੁਰੂ ਕੀਤੀ ਗਈ ਸੀ। ਇਸ ਅਧੀਨ ਪੰਜਾਬ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਪੰਚਾਇਤਾਂ ਵਿੱਚ ਫਾਇਰਮੈਨ ਅਤੇ ਡਰਾਈਵਰ-ਆਪਰੇਟਰ ਦੀਆਂ ਕੁੱਲ 991 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਕਰੀਬ ਅੱਧੀਆਂ, ਯਾਨੀ 461 ਅਸਾਮੀਆਂ ਮਹਿਲਾਵਾਂ ਲਈ ਰਾਖਵੀਆਂ ਗਈਆਂ ਸਨ।

ਸਰੀਰਕ ਟੈਸਟ ‘ਚ ਕੋਈ ਵੀ ਮਹਿਲਾ ਕਾਮਯਾਬ ਨਾ ਹੋ ਸਕੀ

ਭਰਤੀ ਦੌਰਾਨ 1,875 ਮਹਿਲਾ ਉਮੀਦਵਾਰਾਂ ਨੇ ਸਰੀਰਕ ਯੋਗਤਾ ਟੈਸਟ ਲਈ ਹਾਜ਼ਰੀ ਭਰੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਨਿਰਧਾਰਤ ਮਾਪਦੰਡਾਂ ‘ਤੇ ਕੋਈ ਵੀ ਉਮੀਦਵਾਰ ਖਰਾ ਨਹੀਂ ਉਤਰ ਸਕੀ। ਇਸ ਨਾਲ ਮਹਿਲਾ ਕੋਟੇ ਦੀ ਭਰਤੀ ਅਟਕ ਗਈ।

ਹਾਈਕੋਰਟ ਦਾ ਫੈਸਲਾ, ਪੁਰਸ਼ ਉਮੀਦਵਾਰਾਂ ਨੂੰ ਮਿਲਣਗੀਆਂ ਸੀਟਾਂ

ਜਦੋਂ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਆਇਆ, ਤਾਂ ਅਦਾਲਤ ਨੇ ਸਾਰੇ ਪੱਖਾਂ ਨੂੰ ਵੇਖਦੇ ਹੋਏ ਫੈਸਲਾ ਸੁਣਾਇਆ। ਹਾਈਕੋਰਟ ਨੇ ਹੁਕਮ ਦਿੱਤਾ ਕਿ ਮਹਿਲਾਵਾਂ ਲਈ ਰਾਖਵੀਆਂ ਗਈਆਂ 461 ਖਾਲੀ ਅਸਾਮੀਆਂ ਹੁਣ ਪੁਰਸ਼ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਜਾ ਸਕਦੀਆਂ ਹਨ, ਤਾਂ ਜੋ ਭਰਤੀ ਪ੍ਰਕਿਰਿਆ ਅੱਗੇ ਵਧ ਸਕੇ।

ਭਰਤੀ ਨੀਤੀ ‘ਤੇ ਮੁੜ ਚਰਚਾ ਦੀ ਸੰਭਾਵਨਾ

ਇਸ ਫੈਸਲੇ ਤੋਂ ਬਾਅਦ ਰਾਜ ਵਿੱਚ ਫਾਇਰਮੈਨ ਭਰਤੀ ਦੀ ਨੀਤੀ, ਖ਼ਾਸ ਕਰਕੇ ਸਰੀਰਕ ਮਾਪਦੰਡਾਂ ਨੂੰ ਲੈ ਕੇ ਨਵੀਂ ਬਹਿਸ ਛਿੜਨ ਦੀ ਸੰਭਾਵਨਾ ਹੈ। ਕਈ ਹਲਕਿਆਂ ਵਿੱਚ ਇਹ ਵੀ ਸਵਾਲ ਉਠ ਰਹੇ ਹਨ ਕਿ ਭਵਿੱਖ ਵਿੱਚ ਮਹਿਲਾਵਾਂ ਲਈ ਮਾਪਦੰਡਾਂ ‘ਚ ਕੋਈ ਬਦਲਾਅ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।

ਗੁਰੂ ਨਾਨਕ ਹਸਪਤਾਲ ਤੋਂ ਗੈਂਗਸਟਰ ਫ਼ਰਾਰ, ਪੁਲਿਸ ਸੁਰੱਖਿਆ ‘ਤੇ ਵੱਡੇ ਸਵਾਲ!

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਉਸ ਵੇਲੇ ਹਲਚਲ ਮਚ ਗਈ, ਜਦੋਂ ਗੁਰੂ ਨਾਨਕ ਹਸਪਤਾਲ ਤੋਂ ਇੱਕ ਜ਼ਖ਼ਮੀ ਗੈਂਗਸਟਰ ਦੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਐਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਗੈਂਗਸਟਰ ਮਨੀ ਪ੍ਰਿੰਸ ਇਲਾਜ਼ ਦੌਰਾਨ ਮੌਕਾ ਮਿਲਦੇ ਹੀ ਹਸਪਤਾਲ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ।

ਐਨਕਾਊਂਟਰ ‘ਚ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚਿਆ ਸੀ

ਪੁਲਿਸ ਅਨੁਸਾਰ ਮਨੀ ਪ੍ਰਿੰਸ ਨੂੰ ਲੋਪੋਕੇ ਥਾਣੇ ਦੀ ਪੁਲਿਸ ਨੇ ਇੱਕ ਮੁਟਭੇੜ ਦੌਰਾਨ ਕਾਬੂ ਕੀਤਾ ਸੀ। ਕਾਰਵਾਈ ਦੌਰਾਨ ਉਸ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਕਾਰਨ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਥੇ ਇਲਾਜ਼ ਦੌਰਾਨ ਹੀ ਉਹ ਪੁਲਿਸ ਨਿਗਰਾਨੀ ਤੋਂ ਬਚ ਕੇ ਫ਼ਰਾਰ ਹੋ ਗਿਆ।

ਤਰਨਤਾਰਨ ਤੇ ਅੰਮ੍ਰਿਤਸਰ ‘ਚ ਕਈ ਕੇਸ ਦਰਜ

ਗੈਂਗਸਟਰ ਮਨੀ ਪ੍ਰਿੰਸ ਖ਼ਿਲਾਫ਼ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਦੱਸੇ ਜਾਂਦੇ ਹਨ। ਉਸ ਦਾ ਨਾਮ ਨਸ਼ਾ ਤਸਕਰੀ, ਫਿਰੌਤੀ ਅਤੇ ਹਥਿਆਰਾਂ ਨਾਲ ਜੁੜੀਆਂ ਵਾਰਦਾਤਾਂ ਨਾਲ ਜੋੜਿਆ ਜਾਂਦਾ ਰਿਹਾ ਹੈ।

ਨਸ਼ਾ ਮਾਮਲੇ ਤੋਂ ਖੁੱਲੀ ਗੈਂਗ ਦੀ ਪਰਤ

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 11 ਜਨਵਰੀ 2026 ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਕੰਬੋਹ ਦੇ ਅਧੀਨ ਇੱਕ ਨੌਜਵਾਨ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਤਲਾਸ਼ੀ ਦੌਰਾਨ 60 ਗ੍ਰਾਮ ਹੈਰੋਇਨ, ਲਗਭਗ 90 ਹਜ਼ਾਰ ਰੁਪਏ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਹੋਈ ਸੀ। ਪੁੱਛਗਿੱਛ ਵਿੱਚ ਮਨੀ ਪ੍ਰਿੰਸ ਅਤੇ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨ ਦੇ ਨਾਮ ਸਾਹਮਣੇ ਆਏ।

ਵਿਦੇਸ਼ ਬੈਠ ਕੇ ਚਲਾਈ ਜਾ ਰਹੀ ਸੀ ਗੈਂਗ

ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਮਨੀ ਪ੍ਰਿੰਸ ਰਾਹੀਂ ਪੰਜਾਬ ਵਿੱਚ ਤਸਕਰੀ ਅਤੇ ਫਿਰੌਤੀ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦਿਵਾਉਂਦਾ ਸੀ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਖਾਸ ਸੂਚਨਾ ਮਿਲੀ ਸੀ।

ਰੋਪੜ ‘ਚ ਨਾਕਾਬੰਦੀ ਦੌਰਾਨ ਹੋਇਆ ਮੁੱਠਭੇੜ

ਡੀਐਸਪੀ ਡੀ ਨਾਗਰਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਰੋਪੜ ਇਲਾਕੇ ਵਿੱਚ ਨਾਕਾਬੰਦੀ ਕੀਤੀ। ਜਦੋਂ ਮਨੀ ਪ੍ਰਿੰਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਨੇ ਪੁਲਿਸ ਵੱਲ ਤਿੰਨ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ, ਜਿਸ ਦੌਰਾਨ ਮਨੀ ਪ੍ਰਿੰਸ ਦੇ ਪੈਰ ਵਿੱਚ ਗੋਲੀ ਲੱਗੀ।

ਹਥਿਆਰ ਤੇ ਕਾਰ ਬਰਾਮਦ, ਪਰ ਫ਼ਰਾਰੀ ਨੇ ਵਧਾਏ ਸਵਾਲ

ਮੁੱਠਭੇੜ ਵਾਲੀ ਥਾਂ ਤੋਂ ਇੱਕ ਪਿਸਟਲ ਅਤੇ ਕਾਰ ਬਰਾਮਦ ਕੀਤੀ ਗਈ ਸੀ। ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚੇ ਮਨੀ ਪ੍ਰਿੰਸ ਦੀ ਫ਼ਰਾਰੀ ਨੇ ਹੁਣ ਪੁਲਿਸ ਪ੍ਰਬੰਧਾਂ ਅਤੇ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਪੁਲਿਸ ਵੱਲੋਂ ਫ਼ਰਾਰ ਗੈਂਗਸਟਰ ਦੀ ਤਲਾਸ਼ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਅੰਦਰੂਨੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ।

ਪੰਜਾਬ ‘ਚ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੁਕਤਸਰ ਤੇ ਗੁਰਦਾਸਪੁਰ ‘ਚ ਦਫ਼ਤਰ ਖਾਲੀ ਕਰਵਾਏ

ਚੰਡੀਗੜ੍ਹ :- ਪੰਜਾਬ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਮੁਕਤਸਰ ਅਤੇ ਗੁਰਦਾਸਪੁਰ ਦੇ ਡੀਸੀ ਦਫ਼ਤਰਾਂ ਨੂੰ ਖਾਲੀ ਕਰਵਾ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ।

ਸਵੇਰੇ ਈ-ਮੇਲ ਰਾਹੀਂ ਮਿਲੀ ਧਮਕੀ

ਪੁਲਿਸ ਅਧਿਕਾਰੀਆਂ ਮੁਤਾਬਕ ਸਵੇਰੇ ਕਰੀਬ ਸਾਢੇ ਨੌਂ ਵਜੇ ਇਕ ਸ਼ੱਕੀ ਈ-ਮੇਲ ਸਾਹਮਣੇ ਆਈ, ਜਿਸ ਵਿੱਚ ਦਫ਼ਤਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਸੀ। ਇਸ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਬਿਨਾਂ ਦੇਰੀ ਕੀਤੇ ਸੁਰੱਖਿਆ ਪ੍ਰੋਟੋਕੋਲ ਲਾਗੂ ਕਰ ਦਿੱਤਾ।

ਭਾਰੀ ਪੁਲਿਸ ਫੋਰਸ, ਡੌਗ ਸਕੁਆਡ ਤੈਨਾਤ

ਧਮਕੀ ਦੇ ਬਾਅਦ ਦੋਵੇਂ ਡੀਸੀ ਦਫ਼ਤਰਾਂ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ। ਡੌਗ ਸਕੁਆਡ ਅਤੇ ਬੰਬ ਨਿਪਟਾਰਾ ਟੀਮਾਂ ਵੱਲੋਂ ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਸਮੇਂ ਰਹਿੰਦਿਆਂ ਟਾਲਿਆ ਜਾ ਸਕੇ।

ISKP ਦੇ ਨਾਂ ‘ਤੇ ਭੇਜੀ ਗਈ ਮੇਲ

ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਧਮਕੀ ਵਾਲੀ ਈ-ਮੇਲ ਇੱਕ ਪਾਕਿਸਤਾਨੀ ਆਤੰਕੀ ਸੰਗਠਨ ISKP ਦੇ ਨਾਂ ਨਾਲ ਭੇਜੀ ਗਈ ਹੈ। ਹਾਲਾਂਕਿ, ਅਧਿਕਾਰੀਆਂ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਜਾਂ ਟਿੱਪਣੀ ਨਹੀਂ ਕੀਤੀ ਗਈ।

ਪਹਿਲਾਂ ਵੀ ਆ ਚੁੱਕੀਆਂ ਹਨ ਐਸੀਆਂ ਧਮਕੀਆਂ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਇਲਾਵਾ ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਅਦਾਲਤੀ ਕੰਪਲੈਕਸਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਚੇਤਾਵਨੀਆਂ ਵੀ ਸਾਹਮਣੇ ਆਈਆਂ ਸਨ, ਪਰ ਹਰ ਵਾਰ ਜਾਂਚ ਦੌਰਾਨ ਕੋਈ ਵੀ ਵਿਸਫੋਟਕ ਸਮੱਗਰੀ ਨਹੀਂ ਮਿਲੀ।

ਜਾਂਚ ਤੋਂ ਬਾਅਦ ਹੀ ਅਧਿਕਾਰਿਕ ਬਿਆਨ

ਪੁਲਿਸ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਇਸ ਮਾਮਲੇ ‘ਤੇ ਅਧਿਕਾਰਿਕ ਤੌਰ ‘ਤੇ ਕੁਝ ਕਿਹਾ ਜਾਵੇਗਾ। ਫਿਲਹਾਲ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ ਹਨ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਚੰਡੀਗੜ੍ਹ ਦੀ ਸਿਆਸਤ ‘ਚ ਅਚਾਨਕ ਹਲਚਲ, ਭਾਜਪਾ ਵੱਲ ਵਧੇ ਦੋ ਅਹਿਮ ਚਿਹਰੇ

ਚੰਡੀਗੜ੍ਹ :- ਚੰਡੀਗੜ੍ਹ ਤੋਂ ਪੰਜਾਬ ਦੀ ਸਿਆਸਤ ਨਾਲ ਜੁੜੀ ਇਕ ਅਹਿਮ ਤਰੱਕੀ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਸਿਆਸੀ ਮਜ਼ਬੂਤੀ ਮਿਲਣ ਦੀ ਸੰਭਾਵਨਾ ਬਣ ਗਈ ਹੈ। ਰਾਜ ਦੀ ਮੌਜੂਦਾ ਸਿਆਸੀ ਹਵਾ ਵਿੱਚ ਇਹ ਘਟਨਾ ਕਈ ਅਰਥਾਂ ‘ਚ ਅਹਿਮ ਮੰਨੀ ਜਾ ਰਹੀ ਹੈ।

ਮੁੱਖ ਮੰਤਰੀ ਦੇ ਸਾਬਕਾ ਓਐੱਸਡੀ ਦਾ ਭਾਜਪਾ ਵੱਲ ਰੁਖ਼

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਦੇ ਨਜ਼ਦੀਕੀ ਤੌਰ ‘ਤੇ ਕੰਮ ਕਰ ਚੁੱਕੇ ਸਾਬਕਾ ਓਐੱਸਡੀ ਓਂਕਾਰ ਸਿੰਘ ਅੱਜ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਪਹੁੰਚ ਗਏ ਹਨ। ਸੂਤਰਾਂ ਮੁਤਾਬਕ ਉਹ ਅੱਜ ਹੀ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲੈਣ ਜਾ ਰਹੇ ਹਨ, ਜਿਸ ਨਾਲ ਸੂਬੇ ਦੀ ਸਿਆਸਤ ਵਿੱਚ ਨਵਾਂ ਚਰਚਾ ਚੱਕਰ ਸ਼ੁਰੂ ਹੋ ਗਿਆ ਹੈ।

ਅਕਾਲੀ ਦਲ (ਪੁਨਰਸੁਰਜੀਤ) ਤੋਂ ਵੀ ਵੱਡਾ ਦਾਖ਼ਲਾ

ਇਸ ਸਿਆਸੀ ਘਟਨਾ ਨੂੰ ਹੋਰ ਵਜ਼ਨ ਉਸ ਸਮੇਂ ਮਿਲਦਾ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਤਜਰਬੇਕਾਰ ਆਗੂ ਚਰਨਜੀਤ ਸਿੰਘ ਬਰਾੜ ਵੀ ਭਾਜਪਾ ‘ਚ ਸ਼ਾਮਲ ਹੋਣ ਦੀ ਤਿਆਰੀ ‘ਚ ਹਨ। ਬਰਾੜ ਦਾ ਇਹ ਕਦਮ ਅਕਾਲੀ ਸਿਆਸਤ ਲਈ ਵੀ ਮਹੱਤਵਪੂਰਣ ਝਟਕਾ ਮੰਨਿਆ ਜਾ ਰਿਹਾ ਹੈ।

ਭਾਜਪਾ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ‘ਚ ਸ਼ਮੂਲੀਅਤ

ਦੋਵੇਂ ਆਗੂਆਂ ਦੀ ਭਾਜਪਾ ‘ਚ ਸ਼ਮੂਲੀਅਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਇਸ ਦੌਰਾਨ ਪਾਰਟੀ ਵੱਲੋਂ ਸੂਬੇ ਵਿੱਚ ਆਪਣੀ ਸਿਆਸੀ ਪਕੜ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ ਜਾ ਸਕਦਾ ਹੈ।

ਸਿਆਸੀ ਹਲਕਿਆਂ ‘ਚ ਅਟਕਲਾਂ ਤੇਜ਼

ਇਨ੍ਹਾਂ ਦਾਖ਼ਲਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਨਵੇਂ ਗਠਜੋੜਾਂ ਅਤੇ ਅਗਲੇ ਚੋਣੀ ਸਮੀਕਰਨਾਂ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਸਿਆਸੀ ਵਿਸ਼ਲੇਸ਼ਕਾਂ ਦੀ ਨਜ਼ਰ ਹੁਣ ਇਸ ਗੱਲ ‘ਤੇ ਟਿਕੀ ਹੈ ਕਿ ਭਾਜਪਾ ਇਸ ਤਾਜ਼ਾ ਸਿਆਸੀ ਤਾਕਤ ਨੂੰ ਆਉਣ ਵਾਲੇ ਦਿਨਾਂ ‘ਚ ਕਿਵੇਂ ਭੁਨਾਉਂਦੀ ਹੈ।

ਮੁੰਬਈ ਦੀ ਸਿਆਸਤ ਅੱਜ ਨਤੀਜਿਆਂ ਦੇ ਰੁਖ਼ ‘ਤੇ, 29 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

ਮੁੰਬਈ :- ਮੁੰਬਈ ਵਿੱਚ ਮਹਾਰਾਸ਼ਟਰ ਦੀ ਸਥਾਨਕ ਸਿਆਸਤ ਦਾ ਧਿਆਨ ਅੱਜ ਨਗਰ ਨਿਗਮ ਚੋਣਾਂ ਦੇ ਨਤੀਜਿਆਂ ‘ਤੇ ਟਿਕਿਆ ਹੋਇਆ ਹੈ। ਰਾਜ ਦੀਆਂ 29 ਨਗਰ ਨਿਗਮਾਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਆਰੰਭ ਹੋ ਚੁੱਕੀ ਹੈ। ਇਹ ਚੋਣਾਂ ਵੀਰਵਾਰ ਨੂੰ ਕਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਕੜੀ ਸੁਰੱਖਿਆ ਹੇਠ ਬ੍ਰਿਹਨਮੁੰਬਈ ਨਗਰ ਨਿਗਮ ਦੇ ਵਿਖਰੋਲੀ ਅਤੇ ਕਾਂਦੀਵਾਲੀ ਸਥਿਤ ਗੋਦਾਮਾਂ ਵਿੱਚ ਰੱਖਿਆ ਗਿਆ ਸੀ।

ਬੀਐਮਸੀ ਚੋਣਾਂ ‘ਚ ਕਈ ਦਾਅਵੇਦਾਰ ਮੈਦਾਨ ‘ਚ

ਦੇਸ਼ ਦੀ ਸਭ ਤੋਂ ਧਨਾਢ ਨਗਰ ਨਿਗਮ ਮੰਨੀ ਜਾਂਦੀ ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ ਦੀਆਂ 227 ਸੀਟਾਂ ਲਈ ਤਕਰੀਬਨ 1,700 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਬੀਐਮਸੀ ‘ਤੇ ਕਬਜ਼ੇ ਦੀ ਇਹ ਲੜਾਈ ਸਿਆਸੀ ਤੌਰ ‘ਤੇ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਸਦਾ ਅਸਰ ਰਾਜ ਦੀ ਅਗਲੀ ਸਿਆਸਤ ‘ਤੇ ਵੀ ਪੈ ਸਕਦਾ ਹੈ।

ਮਹਾਯੁਤੀ ਅਤੇ ਠਾਕਰੇ ਗੱਠਜੋੜ ਵਿਚਕਾਰ ਸਖ਼ਤ ਮੁਕਾਬਲਾ

ਚੋਣੀ ਨਤੀਜਿਆਂ ਨੂੰ ਲੈ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮਹਾਯੁਤੀ ਅਤੇ ਊਧਵ ਠਾਕਰੇ ਤੇ ਰਾਜ ਠਾਕਰੇ ਦੀ ਸਾਂਝੀ ਰਣਨੀਤੀ ਵਿਚਕਾਰ ਟੱਕਰ ਬਹੁਤ ਨਜ਼ਦੀਕੀ ਰਹੇਗੀ। ਵੋਟਰਾਂ ਨੇ 29 ਨਗਰ ਨਿਗਮਾਂ ਦੇ ਕੁੱਲ 893 ਵਾਰਡਾਂ ਵਿੱਚ 2,869 ਸੀਟਾਂ ਲਈ ਆਪਣਾ ਫ਼ੈਸਲਾ ਈਵੀਐਮ ਰਾਹੀਂ ਦਿੱਤਾ ਹੈ।

ਗਿਣਤੀ ਲਈ ਵੱਡੇ ਪੱਧਰ ‘ਤੇ ਪ੍ਰਬੰਧ

ਵੋਟਾਂ ਦੀ ਗਿਣਤੀ ਲਈ ਰਾਜ ਭਰ ਵਿੱਚ 23 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਹਰ ਕੇਂਦਰ ‘ਤੇ ਦੋ ਵਾਰਡਾਂ ਦੀਆਂ ਵੋਟਾਂ ਇੱਕੋ ਸਮੇਂ ਗਿਣੀਆਂ ਜਾ ਰਹੀਆਂ ਹਨ। ਇਸ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ 23 ਰਿਟਰਨਿੰਗ ਅਫਸਰ ਤਾਇਨਾਤ ਹਨ।

ਹਜ਼ਾਰਾਂ ਅਧਿਕਾਰੀ ਕਰਮਚਾਰੀ ਤੈਨਾਤ

ਬੀਐਮਸੀ ਕਮਿਸ਼ਨਰ ਭੂਸ਼ਣ ਗਗਰਾਨੀ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗਿਣਤੀ ਦੀ ਕਾਰਵਾਈ ਲਈ 2,299 ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਡਿਊਟੀ ‘ਤੇ ਲਗਾਏ ਗਏ ਹਨ ਤਾਂ ਜੋ ਨਤੀਜੇ ਪਾਰਦਰਸ਼ੀ ਅਤੇ ਸ਼ਾਂਤੀਪੂਰਕ ਢੰਗ ਨਾਲ ਸਾਹਮਣੇ ਆ ਸਕਣ।

ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ਦੀ ਨਜ਼ਰ ਅੱਜ ਇਨ੍ਹਾਂ ਨਤੀਜਿਆਂ ‘ਤੇ ਟਿਕੀ ਹੋਈ ਹੈ, ਕਿਉਂਕਿ ਇਹ ਫ਼ੈਸਲੇ ਸਥਾਨਕ ਸਰਕਾਰਾਂ ਦੀ ਦਿਸ਼ਾ ਦੇ ਨਾਲ-ਨਾਲ ਰਾਜ ਦੀ ਸਿਆਸੀ ਤਸਵੀਰ ਨੂੰ ਵੀ ਨਵਾਂ ਰੁਖ਼ ਦੇ ਸਕਦੇ ਹਨ।