Home Blog Page 683

ਆਸਟ੍ਰੇਲੀਆ ‘ਚ ਚਲੀਆਂ ਗੋਲੀਆਂ, ਦੋ ਔਰਤਾਂ ਸਮੇਤ ਤਿੰਨ ਦੀ ਮੌਤ, ਹਮਲਾਵਰ ਫਰਾਰ!

ਆਸਟ੍ਰੇਲੀਆ :- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਛੋਟੇ ਕਸਬੇ ਲੇਕ ਕਾਰਜੇਲਿਗੋ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਅਣਪਛਾਤੇ ਵਿਅਕਤੀ ਵੱਲੋਂ ਅਚਾਨਕ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਸ਼ਾਮ 4:40 ਵਜੇ ਮਿਲੀ ਗੋਲਾਬਾਰੀ ਦੀ ਸੂਚਨਾ
ਪੁਲਿਸ ਮੁਤਾਬਕ ਐਮਰਜੈਂਸੀ ਸੇਵਾਵਾਂ ਨੂੰ ਸ਼ਾਮ ਕਰੀਬ 4 ਵੱਜ ਕੇ 40 ਮਿੰਟ ’ਤੇ ਵਾਕਰ ਸਟਰੀਟ ਅਤੇ ਯੈਲਕਿਨ ਸਟਰੀਟ ਦੇ ਚੌਰਾਹੇ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਪਾਇਆ।

ਦੋ ਔਰਤਾਂ ਅਤੇ ਇਕ ਮਰਦ ਦੀ ਮੌਕੇ ’ਤੇ ਮੌਤ
ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਗੋਲਾਬਾਰੀ ਵਿੱਚ ਦੋ ਔਰਤਾਂ ਅਤੇ ਇਕ ਪੁਰਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚੌਥਾ ਵਿਅਕਤੀ ਗੰਭੀਰ ਪਰ ਸਥਿਰ ਹਾਲਤ ਵਿੱਚ ਇਲਾਜ ਅਧੀਨ ਹੈ।

ਹਮਲਾਵਰ ਹਜੇ ਤੱਕ ਕਾਬੂ ਨਹੀਂ, ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ
ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ, ਜਿਸ ਕਾਰਨ ਪੁਲਿਸ ਨੇ ਇਲਾਕੇ ਦੇ ਵਸਨੀਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਮੌਕੇ ਦੇ ਆਸ-ਪਾਸ ਨਾ ਜਾਣ ਦੀ ਅਪੀਲ ਕੀਤੀ ਹੈ। ਭਾਰੀ ਹਥਿਆਰਾਂ ਨਾਲ ਲੈਸ ਟੈਕਟਿਕਲ ਪੁਲਿਸ ਦਲ ਵੱਲੋਂ ਵੱਡੇ ਪੱਧਰ ’ਤੇ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।

ਘਰੇਲੂ ਹਿੰਸਾ ਨਾਲ ਜੁੜਿਆ ਹੋ ਸਕਦਾ ਹੈ ਮਾਮਲਾ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਗੋਲਾਬਾਰੀ ਨੂੰ ਘਰੇਲੂ ਹਿੰਸਾ ਨਾਲ ਜੁੜਿਆ ਮਾਮਲਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਨੇ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ।

ਕੌਂਸਲ ਦੀ ਗੱਡੀ ’ਚ ਭੱਜਣ ਦੀ ਸੰਭਾਵਨਾ
ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੋਸ਼ੀ ਘਟਨਾ ਸਥਲ ਤੋਂ ਸਥਾਨਕ ਕੌਂਸਲ ਦੀ ਗੱਡੀ ਵਿੱਚ ਸਵਾਰ ਹੋ ਕੇ ਫਰਾਰ ਹੋਇਆ। ਪੁਲਿਸ ਵੱਲੋਂ ਇਸ ਸਬੰਧੀ ਹਰ ਪੱਖ ਤੋਂ ਜਾਂਚ ਜਾਰੀ ਹੈ।

ਛੋਟੇ ਕਸਬੇ ’ਚ ਸਹਿਮਿਆ ਮਾਹੌਲ
ਲਗਭਗ 1,500 ਦੀ ਆਬਾਦੀ ਵਾਲਾ ਲੇਕ ਕਾਰਜੇਲਿਗੋ ਇੱਕ ਸ਼ਾਂਤ ਕਸਬਾ ਮੰਨਿਆ ਜਾਂਦਾ ਹੈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਹਾਦਸਾ ਸਿਡਨੀ ਦੇ ਬੋਂਡੀ ਬੀਚ ’ਚ ਹੋਈ ਹਾਲੀਆ ਘਾਤਕ ਗੋਲਾਬਾਰੀ ਤੋਂ ਕੁਝ ਹੀ ਹਫ਼ਤਿਆਂ ਬਾਅਦ ਵਾਪਰਿਆ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੋਰ ਵਧ ਗਿਆ ਹੈ

ਸਿੱਖ ਰੇਜੀਮੈਂਟ ਲਈ ਪੰਜਾਬ ਦੇ ਨੌਜਵਾਨ ਅੱਗੇ ਆਉਣ – ਭਾਰਤੀ ਫੌਜ ਦੀ ਅਪੀਲ

ਚੰਡੀਗੜ੍ਹ :- ਭਾਰਤੀ ਫੌਜ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਰੇਜੀਮੈਂਟ ਵਿੱਚ ਵੱਡੀ ਗਿਣਤੀ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ ਹੈ। ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਰੇਜੀਮੈਂਟ ਦੀ ਅਸਲ ਤਾਕਤ ਪੰਜਾਬ ਦੀ ਉਹ ਜਵਾਨੀ ਹੈ ਜੋ ਪੀੜ੍ਹੀਆਂ ਤੋਂ ਚੱਲ ਰਹੀ ਯੋਧਾ ਪਰੰਪਰਾ ਨੂੰ ਅੱਗੇ ਵਧਾਉਂਦੀ ਆ ਰਹੀ ਹੈ।

ਮਾਨਵ ਬਲ ਦੀ ਘਾਟ ਕਾਰਨ ਬਟਾਲੀਅਨਾਂ ਪ੍ਰਭਾਵਿਤ
ਫੌਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਲੋੜ ਅਨੁਸਾਰ ਸਿੱਖ ਨੌਜਵਾਨ ਰੇਜੀਮੈਂਟ ਵਿੱਚ ਭਰਤੀ ਨਹੀਂ ਹੋ ਰਹੇ, ਜਿਸ ਕਾਰਨ ਕਈ ਬਟਾਲੀਅਨਾਂ ਵਿੱਚ ਮਾਨਵ ਬਲ ਦੀ ਘਾਟ ਸਾਹਮਣੇ ਆ ਰਹੀ ਹੈ।

ਉੱਚ ਪੱਧਰੀ ਕਾਰਗੁਜ਼ਾਰੀ ਅਜੇ ਵੀ ਬਰਕਰਾਰ
ਰੱਖਿਆ ਵਿਭਾਗ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਮਾਨਵ ਬਲ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਸਿੱਖ ਰੇਜੀਮੈਂਟ ਨੇ ਹਮੇਸ਼ਾ ਉੱਚ ਮਿਆਰ ਕਾਇਮ ਰੱਖਿਆ ਹੈ ਅਤੇ ਭਾਰਤੀ ਫੌਜ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ।

ਸਨਮਾਨਾਂ ਅਤੇ ਅਵਾਰਡਾਂ ਨਾਲ ਸਨਵਰੀ ਵਿਰਾਸਤ
ਫੌਜ ਵੱਲੋਂ ਦੱਸਿਆ ਗਿਆ ਕਿ ਇਕੋ ਸਮੇਂ ਵੱਡੀ ਗਿਣਤੀ ਵਿੱਚ ਸਨਮਾਨ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇਕ ਵਿਲੱਖਣ ਉਪਲਬਧੀ ਹੈ। ਇਸ ਤੋਂ ਪਹਿਲਾਂ ਅਜਿਹਾ ਮੌਕਾ ਜਨਵਰੀ 2015 ਵਿੱਚ ਆਇਆ ਸੀ, ਜਦੋਂ ਰੇਜੀਮੈਂਟ ਦੀਆਂ ਛੇ ਬਟਾਲੀਅਨਾਂ ਨੂੰ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਗਿਆ ਸੀ। ਇਹ ਸਾਰੇ ਅਵਾਰਡ ਸਿੱਖ ਰੇਜੀਮੈਂਟ ਦੀ ਬਹਾਦਰੀ ਅਤੇ ਪੇਸ਼ਾਵਰ ਕਾਬਲੀਅਤ ਨੂੰ ਹੋਰ ਮਜ਼ਬੂਤ ਕਰਦੇ ਹਨ।

ਗੁਰੂ ਸਾਹਿਬਾਨ ਦੀ ਯੋਧਾ ਪਰੰਪਰਾ ਤੋਂ ਪ੍ਰੇਰਣਾ
ਫੌਜ ਨੇ ਕਿਹਾ ਕਿ ਸਿੱਖ ਰੇਜੀਮੈਂਟ ਦੀ ਯੋਧਾ ਵਿਰਾਸਤ ਦੀ ਨੀਂਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਰੱਖੀ ਗਈ ਸੀ, ਜਿਸਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਟੱਲ ਰੂਪ ਦਿੱਤਾ। ਬਹਾਦਰੀ, ਅਨੁਸ਼ਾਸਨ ਅਤੇ ਕੁਰਬਾਨੀ ਦੀ ਇਹ ਸੋਚ ਅੱਜ ਵੀ ਹਰ ਸਿੱਖ ਸੈਨਿਕ ਨੂੰ ਪ੍ਰੇਰਿਤ ਕਰਦੀ ਹੈ।

ਉੱਚ ਅਹੁਦਿਆਂ ਤੱਕ ਪਹੁੰਚੇ ਕਈ ਸੈਨਿਕ
ਬਿਆਨ ਵਿੱਚ ਦੱਸਿਆ ਗਿਆ ਕਿ ਸਿੱਖ ਰੇਜੀਮੈਂਟ ਦੇ ਅਨੇਕ ਸੈਨਿਕ ਆਪਣੀ ਨਿਸ਼ਠਾ ਅਤੇ ਮਿਹਨਤ ਦੇ ਬਲ ’ਤੇ ਜੂਨੀਅਰ ਕਮਿਸ਼ਨਡ ਅਫਸਰ ਅਤੇ ਕਮਿਸ਼ਨਡ ਅਫਸਰ ਵਰਗੇ ਉੱਚ ਅਹੁਦਿਆਂ ਤੱਕ ਪਹੁੰਚੇ ਹਨ, ਜੋ ਰੇਜੀਮੈਂਟ ਦੀ ਲੀਡਰਸ਼ਿਪ ਅਤੇ ਪੇਸ਼ਾਵਰ ਸਮਰੱਥਾ ਦਾ ਪ੍ਰਮਾਣ ਹੈ।

ਫੌਜ ਨਾਲ ਜੁੜਨਾ ਮਾਣ ਅਤੇ ਸੇਵਾ ਦਾ ਮੌਕਾ
ਭਾਰਤੀ ਫੌਜ ਨੇ ਕਿਹਾ ਕਿ ਸਿੱਖ ਰੇਜੀਮੈਂਟ ਵਰਗੀ ਪ੍ਰਸਿੱਧ ਅਤੇ ਇਤਿਹਾਸਕ ਯੂਨਿਟ ਵਿੱਚ ਸੇਵਾ ਕਰਨਾ ਹਰ ਨੌਜਵਾਨ ਲਈ ਮਾਣ ਅਤੇ ਦੇਸ਼ ਸੇਵਾ ਦਾ ਸਭ ਤੋਂ ਵੱਡਾ ਮੌਕਾ ਹੈ।

ਜੰਮੂ ਕਸ਼ਮੀਰ ’ਚ ਫੌਜੀ ਵਾਹਨ ਖੱਡ ‘ਚ ਡਿੱਗਿਆ, 10 ਜਵਾਨ ਸ਼ਹੀਦ

ਡੋਡਾ :- ਜੰਮੂ–ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ। ਭਦਰਵਾਹ–ਚੰਬਾ ਅੰਤਰਰਾਜੀ ਮਾਰਗ ’ਤੇ ਫੌਜ ਦਾ ਇੱਕ ਵਾਹਨ ਅਚਾਨਕ ਬੇਕਾਬੂ ਹੋ ਕੇ ਕਰੀਬ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ, ਜਿਸ ਕਾਰਨ 10 ਫੌਜੀ ਜਵਾਨਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਉੱਚੇ ਪਹਾੜੀ ਇਲਾਕੇ ਵੱਲ ਜਾ ਰਹੀ ਸੀ ਫੌਜੀ ਟੀਮ
ਫੌਜੀ ਅਧਿਕਾਰੀਆਂ ਅਨੁਸਾਰ ਹਾਦਸੇ ਸਮੇਂ ਵਾਹਨ ਵਿੱਚ ਕੁੱਲ 17 ਜਵਾਨ ਸਵਾਰ ਸਨ। ਇਹ ਸਾਰੇ ਸੈਨਿਕ ਇੱਕ ਉੱਚੇ ਪਹਾੜੀ ਖੇਤਰ ਵਿੱਚ ਸਥਿਤ ਅੱਗਲੀ ਚੌਕੀ ਵੱਲ ਡਿਊਟੀ ਲਈ ਜਾ ਰਹੇ ਸਨ ਕਿ ਖੰਨੀ ਟੌਪ ਦੇ ਨੇੜੇ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਛੁੱਟ ਗਿਆ।

ਬਚਾਅ ਕਾਰਵਾਈ ਦੌਰਾਨ ਮਚੀ ਅਫ਼ਰਾ–ਤਫ਼ਰੀ
ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਭਾਰੀ ਪਹਾੜੀ ਇਲਾਕਾ ਹੋਣ ਕਾਰਨ ਰੈਸਕਿਊ ਕਾਰਵਾਈ ਕਾਫ਼ੀ ਮੁਸ਼ਕਿਲ ਰਹੀ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਜ਼ਖ਼ਮੀਆਂ ਨੂੰ ਖੱਡ ਵਿਚੋਂ ਬਾਹਰ ਕੱਢਿਆ ਗਿਆ।

ਤਿੰਨ ਜਵਾਨਾਂ ਨੂੰ ਊਧਮਪੁਰ ਮਿਲਟਰੀ ਹਸਪਤਾਲ ਰੈਫ਼ਰ
ਫੌਜੀ ਸੂਤਰਾਂ ਮੁਤਾਬਕ 11 ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਊਧਮਪੁਰ ਸਥਿਤ ਮਿਲਟਰੀ ਹਸਪਤਾਲ ਭੇਜਿਆ ਗਿਆ ਹੈ। ਬਾਕੀ ਜਵਾਨਾਂ ਦਾ ਇਲਾਜ ਸਥਾਨਕ ਸਿਹਤ ਕੇਂਦਰਾਂ ਵਿੱਚ ਜਾਰੀ ਹੈ।

ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ
ਫੌਜ ਵੱਲੋਂ ਹਾਦਸੇ ਦੀ ਅੰਦਰੂਨੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਪਹਾੜੀ ਮੋੜ ਅਤੇ ਫਿਸਲਣ ਵਾਲੀ ਸੜਕ ਹਾਦਸੇ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ, ਹਾਲਾਂਕਿ ਪੂਰੀ ਤਸਵੀਰ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ।

ਦੇਸ਼ ਭਰ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ
ਇਸ ਦਰਦਨਾਕ ਹਾਦਸੇ ਤੋਂ ਬਾਅਦ ਫੌਜੀ ਹਲਕਿਆਂ ਸਮੇਤ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹੀਦ ਹੋਏ ਜਵਾਨਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਜਤਾਈ ਜਾ ਰਹੀ ਹੈ।

1984 ਕਤਲੇਆਮ ਦੇ ਪੀੜਤਾਂ ਨਾਲ 41 ਸਾਲਾਂ ਬਾਅਦ ਵੀ ਇਨਸਾਫ਼ ਨਾ ਹੋਣਾ ਘੋਰ ਬੇਇਨਸਾਫ਼ੀ : ਐਡਵੋਕੇਟ ਧਾਮੀ

ਨਵੀਂ ਦਿੱਲੀ :- ਦਿੱਲੀ ਵਿੱਚ 1984 ਦੌਰਾਨ ਹੋਏ ਸਿੱਖ ਕਤਲੇਆਮ ਨਾਲ ਸੰਬੰਧਤ ਜਨਕਪੁਰੀ ਅਤੇ ਵਿਕਾਸਪੁਰੀ ਖੇਤਰਾਂ ਦੇ ਮਾਮਲਿਆਂ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਫੈਸਲੇ ਨੇ ਇੱਕ ਵਾਰ ਫਿਰ ਨਿਆਂ ਪ੍ਰਣਾਲੀ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਸ ਫੈਸਲੇ ਨੂੰ ਲੈ ਕੇ ਸਿੱਖ ਸੰਸਥਾਵਾਂ ਅਤੇ ਪੀੜਤ ਪਰਿਵਾਰਾਂ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ।

ਪੀੜਤ ਪਰਿਵਾਰਾਂ ਨੂੰ ਡੂੰਘਾ ਮਨੋਵੈਗਿਆਨਿਕ ਝਟਕਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਉਹਨਾਂ ਪਰਿਵਾਰਾਂ ਲਈ ਗਹਿਰਾ ਮਾਨਸਿਕ ਆਘਾਤ ਹੈ, ਜੋ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਨਸਾਫ਼ ਦੀ ਆਸ ਲਗਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਸੁਣਵਾਈ ਨਾਲ ਨਵੀਂ ਉਮੀਦ ਬਣਦੀ ਰਹੀ, ਪਰ ਇਹ ਫੈਸਲਾ ਉਸ ਉਮੀਦ ਨੂੰ ਤੋੜਨ ਵਾਲਾ ਸਾਬਤ ਹੋਇਆ ਹੈ।

ਨਵੰਬਰ 1984 ਇਤਿਹਾਸ ਦਾ ਕਾਲਾ ਅਧਿਆਇ
ਐਡਵੋਕੇਟ ਧਾਮੀ ਨੇ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਭਾਰਤੀ ਇਤਿਹਾਸ ਦਾ ਸਭ ਤੋਂ ਦਰਦਨਾਕ ਅਧਿਆਇ ਹੈ, ਜਿਸ ਨੂੰ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਸਮੇਂ ਸਰਕਾਰੀ ਸ਼ਹਿ ਹੇਠ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹਜ਼ਾਰਾਂ ਬੇਗੁਨਾਹ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ।

41 ਸਾਲਾਂ ਦੀ ਲੜਾਈ ਅਜੇ ਵੀ ਅਧੂਰੀ
ਉਨ੍ਹਾਂ ਦੱਸਿਆ ਕਿ ਸਿੱਖ ਸੰਸਥਾਵਾਂ ਅਤੇ ਪੀੜਤ ਪਰਿਵਾਰ ਲਗਭਗ 41 ਸਾਲਾਂ ਤੋਂ ਨਿਆਂ ਲਈ ਲੜਾਈ ਲੜ ਰਹੇ ਹਨ। ਇੰਨੀ ਲੰਬੀ ਕਾਨੂੰਨੀ ਜੰਗ ਦੇ ਬਾਵਜੂਦ ਵੀ ਦੋਸ਼ੀਆਂ ਦਾ ਸਜ਼ਾ ਤੋਂ ਬਚ ਨਿਕਲਣਾ ਸਿਰਫ਼ ਪੀੜਤ ਪਰਿਵਾਰਾਂ ਹੀ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਲਈ ਵੀ ਵੱਡੀ ਪੀੜਾ ਬਣਿਆ ਹੋਇਆ ਹੈ।

ਸੱਜਣ ਕੁਮਾਰ ਪਹਿਲਾਂ ਵੀ ਕੱਟ ਰਿਹਾ ਸਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੱਜਣ ਕੁਮਾਰ ਦਿੱਲੀ ਸਿੱਖ ਕਤਲੇਆਮ ਦਾ ਪ੍ਰਮੁੱਖ ਦੋਸ਼ੀ ਹੈ ਅਤੇ ਉਹ ਪਹਿਲਾਂ ਹੀ ਇਕ ਹੋਰ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ। ਇਸ ਦੇ ਬਾਵਜੂਦ ਹੋਰ ਮਾਮਲਿਆਂ ਵਿੱਚ ਉਸ ਦਾ ਬਰੀ ਹੋ ਜਾਣਾ ਦੁਖਦਾਈ ਅਤੇ ਨਿਰਾਸ਼ਾਜਨਕ ਹੈ।

ਇਨਸਾਫ਼ ਲਈ ਸੰਘਰਸ਼ ਜਾਰੀ ਰਹੇਗਾ
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਮਸਲਾ ਸਿਰਫ਼ ਕਾਨੂੰਨ ਦਾ ਨਹੀਂ, ਸਗੋਂ ਇਨਸਾਨੀ ਜ਼ਮੀਰ ਨਾਲ ਜੁੜਿਆ ਸਵਾਲ ਹੈ।

ਅਨੁਸੂਚਿਤ ਜਾਤੀ ਮਾਮਲੇ ’ਚ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ, ਕੀਤਾ ਸਸਪੈਂਡ

ਚੰਡੀਗੜ੍ਹ :- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਇੱਕ ਅਹਿਮ ਮਾਮਲੇ ਦੀ ਸੁਣਵਾਈ ਦੌਰਾਨ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਭਾਗੀ ਕਾਰਵਾਈ ਲਈ ਸਿਫ਼ਾਰਸ਼ ਕੀਤੀ ਗਈ ਹੈ। ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਮਾਮਲੇ ਦੀ ਹੁਣ ਤੱਕ ਦੋ ਵੱਖ-ਵੱਖ ਤਰੀਕਾਂ ’ਤੇ ਕਮਿਸ਼ਨ ਕੋਰਟ ਵਿੱਚ ਸੁਣਵਾਈ ਹੋ ਚੁੱਕੀ ਹੈ।

ਮੁਢਲੀ ਜਾਂਚ ਵਿੱਚ ਹੀ ਦੋਸ਼ੀ ਪਾਈ ਗਈ ਸੀ ਪ੍ਰਿੰਸੀਪਲ
ਚੇਅਰਮੈਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਹੀ ਪ੍ਰਿੰਸੀਪਲ ਰੇਖਾ ਮਹਾਜਨ ਦੀ ਭੂਮਿਕਾ ਸੰਦੇਹਜਨਕ ਪਾਈ ਗਈ ਸੀ। ਇਸ ਤੋਂ ਬਾਅਦ ਕੀਤੀ ਗਈ ਵਿਭਾਗੀ ਜਾਂਚ ਵਿੱਚ ਇਹ ਗੱਲ ਸਪਸ਼ਟ ਹੋ ਗਈ ਕਿ ਸੰਬੰਧਿਤ ਪ੍ਰਿੰਸੀਪਲ ਆਦਤਨ ਦੋਸ਼ੀ ਹੈ। ਜਾਂਚ ਰਿਪੋਰਟ ਦੇ ਆਧਾਰ ’ਤੇ ਕਮਿਸ਼ਨ ਵੱਲੋਂ ਸੰਬੰਧਿਤ ਵਿਭਾਗ ਨੂੰ ਲਿਖਤੀ ਤੌਰ ’ਤੇ ਕਾਰਵਾਈ ਕਰਨ ਲਈ ਆਗਾਹ ਕਰ ਦਿੱਤਾ ਗਿਆ ਹੈ।

ਅਗਲੀਆਂ ਤਰੀਕਾਂ ’ਤੇ ਸੁਣਵਾਈ ਜਾਰੀ ਰਹੇਗੀ
ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਮਾਮਲੇ ਦੀ ਕਾਰਵਾਈ ਇਥੇ ਹੀ ਸਮਾਪਤ ਨਹੀਂ ਹੁੰਦੀ। ਅਗਲੀਆਂ ਤਰੀਕਾਂ ’ਤੇ ਕੇਸ ਦੀ ਸੁਣਵਾਈ ਜਾਰੀ ਰਹੇਗੀ ਅਤੇ ਲੋੜ ਪੈਣ ’ਤੇ ਹੋਰ ਗਵਾਹਾਂ ਅਤੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਐੱਸਸੀ/ਐੱਸਟੀ ਐਕਟ ਅਧੀਨ ਪੁਲਿਸ ਕਾਰਵਾਈ ਲਈ ਨਿਰਦੇਸ਼
ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1989 ਤਹਿਤ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਵਿਭਾਗ ਨੂੰ ਵੀ ਪਾਬੰਦ ਕੀਤਾ ਜਾਵੇਗਾ, ਤਾਂ ਜੋ ਪੀੜਤ ਪੱਖ ਨੂੰ ਨਿਆਂ ਮਿਲ ਸਕੇ।

ਸਮਾਜਿਕ ਸਮਰਸਤਾ ਦੀ ਅਪੀਲ
ਕਮਿਸ਼ਨ ਦੇ ਚੇਅਰਮੈਨ ਨੇ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਨਾਗਰਿਕ ਨੂੰ ਕਾਨੂੰਨੀ ਦਾਇਰੇ ਅੰਦਰ ਰਹਿੰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਜਾਤ, ਧਰਮ ਅਤੇ ਨਸਲ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਭ ਵਰਗਾਂ ਨਾਲ ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ।

ਸੱਜਣ ਕੁਮਾਰ ਦੀ ਬਰੀ ’ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ, ਕਿਹਾ—ਦੇਸ਼ ਵਿੱਚ ਦੋਹਰਾ ਕਾਨੂੰਨ ਲਾਗੂ

ਅੰਮ੍ਰਿਤਸਰ :- ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਦੋ ਮਾਮਲਿਆਂ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸਿਆਸੀ ਤੇ ਧਾਰਮਿਕ ਹਲਕਿਆਂ ਵਿੱਚ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਮਾਮਲੇ ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹਾ ਕਰਦਾ ਹੈ।

“ਇੱਕ ਨਹੀਂ, ਦੋ ਕਾਨੂੰਨ ਚੱਲ ਰਹੇ ਹਨ”
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਤੋਂ ਇਹ ਸਾਫ਼ ਪ੍ਰਤੀਤ ਹੁੰਦਾ ਹੈ ਕਿ ਭਾਰਤ ਵਿੱਚ ਇੱਕ ਨਹੀਂ, ਬਲਕਿ ਦੋ ਕਿਸਮ ਦੇ ਕਾਨੂੰਨ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ 1984 ਵਿੱਚ ਸਿੱਖਾਂ ਦੇ ਕਤਲੇਆਮ ਨਾਲ ਜੁੜੇ ਕਥਿਤ ਦੋਸ਼ੀਆਂ ਨੂੰ ਬਰੀ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਅਜੇ ਵੀ ਬੁਨਿਆਦੀ ਮਨੁੱਖੀ ਅਧਿਕਾਰ ਤੱਕ ਪ੍ਰਾਪਤ ਨਹੀਂ ਹੋ ਰਹੇ।

ਸਿੱਖ ਕੈਦੀਆਂ ਨਾਲ ਭੇਦਭਾਵ ਦਾ ਦੋਸ਼
ਉਨ੍ਹਾਂ ਕਿਹਾ ਕਿ ਕਈ ਸਿੱਖ ਬੰਦੀ, ਜਿਨ੍ਹਾਂ ਨੇ ਆਪਣੀ ਸਜ਼ਾ ਦੀ ਮਿਆਦ ਪੂਰੀ ਕਰ ਲਈ ਹੈ, ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ। ਇੱਥੋਂ ਤੱਕ ਕਿ ਐੱਨ.ਐੱਸ.ਏ. ਵਰਗੇ ਕਾਨੂੰਨਾਂ ਹੇਠ ਡੱਕੇ ਗਏ ਨੌਜਵਾਨਾਂ ਨੂੰ ਪੈਰੋਲ ਜਾਂ ਰਿਹਾਈ ਦੀ ਸਹੂਲਤ ਤੱਕ ਨਹੀਂ ਦਿੱਤੀ ਜਾ ਰਹੀ। ਇਹ ਹਾਲਾਤ ਸਪਸ਼ਟ ਕਰਦੇ ਹਨ ਕਿ ਕਾਨੂੰਨ ਦੀ ਵਿਆਖਿਆ ਸਭ ਲਈ ਇਕਸਾਰ ਨਹੀਂ ਹੈ।

“ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ”
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫ਼ੈਸਲਾ 1984 ਦੇ ਪੀੜਤ ਪਰਿਵਾਰਾਂ ਲਈ ਗਹਿਰਾ ਸਦਮਾ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਉਨ੍ਹਾਂ ਸਿੱਖ ਪਰਿਵਾਰਾਂ ਦੇ ਦਰਦ ਨੂੰ ਦੁਬਾਰਾ ਤਾਜ਼ਾ ਕਰ ਗਿਆ ਹੈ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਬੇਰਹਿਮੀ ਨਾਲ ਗੁਆ ਦਿੱਤਾ ਸੀ। ਉਨ੍ਹਾਂ ਅਨੁਸਾਰ ਇਹ ਨਿਆਂ ਨਹੀਂ, ਬਲਕਿ ਸਿੱਖ ਸਮਾਜ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਰਗਾ ਹੈ।

ਨਿਆਂ ਪ੍ਰਣਾਲੀ ’ਤੇ ਉੱਠੇ ਗੰਭੀਰ ਸਵਾਲ
ਅੰਤ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1984 ਦੇ ਦੰਗਿਆਂ ਨੂੰ ਚਾਰ ਦਹਾਕੇ ਬੀਤ ਜਾਣ ਬਾਵਜੂਦ ਅਜੇ ਤੱਕ ਪੀੜਤਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਨਿਆਂ ਪ੍ਰਣਾਲੀ ਇਸ ਮਾਮਲੇ ਵਿੱਚ ਸੰਵੇਦਨਸ਼ੀਲਤਾ ਦਿਖਾਵੇ ਤਾਂ ਜੋ ਪੀੜਤ ਪਰਿਵਾਰਾਂ ਦਾ ਭਰੋਸਾ ਮੁੜ ਬਹਾਲ ਹੋ ਸਕੇ।

ਅੰਮ੍ਰਿਤਸਰ ਹਵਾਈ ਅੱਡੇ ’ਤੇ ਮੋਰ ਦੀ ਟੈਕਸੀਡਰਮੀ ਸਮੇਤ ਯਾਤਰੀ ਕਾਬੂ, ਅੰਤਰਰਾਸ਼ਟਰੀ ਜੰਗਲੀ ਜੀਵ ਤਸਕਰੀ ਜਾਲ ਦਾ ਪਰਦਾਫਾਸ਼

ਚੰਡੀਗੜ੍ਹ :- ਪੰਜਾਬ ਦੇ ਪ੍ਰਮੁੱਖ ਸ਼ਹਿਰ ਅੰਮ੍ਰਿਤਸਰ ਵਿਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਜੰਗਲੀ ਜੀਵ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਯਾਤਰੀ ਨੂੰ ਮੋਰ ਦੀ ਟੈਕਸੀਡਰਮੀ ਟ੍ਰਾਫੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਸੂਬੇ ਵਿੱਚ ਮੋਰ ਨਾਲ ਸੰਬੰਧਿਤ ਟੈਕਸੀਡਰਮੀ ਤਸਕਰੀ ਦੀ ਪਹਿਲੀ ਦਰਜ ਕੀਤੀ ਘਟਨਾ ਦੱਸੀ ਜਾ ਰਹੀ ਹੈ।

ਕੀ ਹੁੰਦੀ ਹੈ ਟੈਕਸੀਡਰਮੀ ਤਸਕਰੀ
ਟੈਕਸੀਡਰਮੀ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜਿਸ ਅਧੀਨ ਮਰੇ ਹੋਏ ਜਾਨਵਰ ਜਾਂ ਪੰਛੀ ਦੀ ਖਾਲ ਨੂੰ ਸੰਭਾਲ ਕੇ ਉਸਦੀ ਕੁਦਰਤੀ ਆਕ੍ਰਿਤੀ ਬਣਾਈ ਜਾਂਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਹ ਟ੍ਰਾਫੀਆਂ ਮਹਿੰਗੇ ਭਾਵਾਂ ’ਤੇ ਵੇਚੀਆਂ ਜਾਂਦੀਆਂ ਹਨ, ਜਿਸ ਕਾਰਨ ਜੰਗਲੀ ਜੀਵਾਂ ਦੀ ਗੈਰਕਾਨੂੰਨੀ ਸ਼ਿਕਾਰ ਅਤੇ ਤਸਕਰੀ ਨੂੰ ਹੋਤਸ਼ਾਹ ਮਿਲਦਾ ਹੈ। ਭਾਰਤ ਵਿੱਚ ਰਾਸ਼ਟਰੀ ਪੰਛੀ ਮੋਰ ਸਖ਼ਤ ਸੁਰੱਖਿਆ ਹੇਠ ਹੈ ਅਤੇ ਇਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਖਰੀਦ-ਫ਼ਰੋਖ਼ਤ ਕਾਨੂੰਨੀ ਅਪਰਾਧ ਮੰਨੀ ਜਾਂਦੀ ਹੈ।

ਬੈਂਕਾਕ ਤੋਂ ਆਉਂਦਿਆਂ ਖੁਲਿਆ ਰਾਜ਼
ਕਸਟਮ ਅਧਿਕਾਰੀਆਂ ਅਨੁਸਾਰ ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੈਂਕਾਕ ਤੋਂ ਆ ਰਹੀ ਇੱਕ ਅੰਤਰਰਾਸ਼ਟਰੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੀ। ਜਾਂਚ ਦੌਰਾਨ ਇੱਕ ਯਾਤਰੀ ਦੇ ਸਮਾਨ ਵਿੱਚ ਮਰੇ ਹੋਏ ਰਾਸ਼ਟਰੀ ਪੰਛੀ ਮੋਰ ਦੀ ਟੈਕਸੀਡਰਮੀ ਟ੍ਰਾਫੀ ਬਰਾਮਦ ਹੋਈ, ਜਿਸਨੂੰ ਗੁਪਤ ਤਰੀਕੇ ਨਾਲ ਦੇਸ਼ ਅੰਦਰ ਲਿਆਂਦਾ ਜਾ ਰਿਹਾ ਸੀ।

ਗ੍ਰਿਫ਼ਤਾਰ ਵਿਅਕਤੀ ਦੀ ਪਛਾਣ
ਕਸਟਮ ਵਿਭਾਗ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਅਕਬਰ ਅਹਿਮਦ (ਉਮਰ 39 ਸਾਲ) ਵਜੋਂ ਕੀਤੀ ਗਈ ਹੈ। ਉਹ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਕਾਸਮਪੁਰ ਪਿੰਡ ਸਥਿਤ ਪੀਰ ਵਾਲਾ ਮੁਹੱਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

19 ਜਨਵਰੀ ਨੂੰ ਪਹੁੰਚਿਆ ਸੀ ਅੰਮ੍ਰਿਤਸਰ
ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਯਾਤਰੀ 19 ਜਨਵਰੀ ਨੂੰ ਥਾਈ ਲਾਇਨ ਏਅਰ ਦੀ ਉਡਾਣ ਨੰਬਰ 214 ਰਾਹੀਂ ਬੈਂਕਾਕ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਉਡਾਣ ਦੁਪਹਿਰ ਕਰੀਬ 2:45 ਵਜੇ ਹਵਾਈ ਅੱਡੇ ’ਤੇ ਲੈਂਡ ਹੋਈ, ਜਿਸ ਤੋਂ ਬਾਅਦ ਪਹਿਲਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਸਟਮ ਟੀਮ ਨੇ ਉਸਨੂੰ ਨਿਗਰਾਨੀ ਹੇਠ ਲੈ ਕੇ ਜਾਂਚ ਕੀਤੀ।

ਅੰਤਰਰਾਸ਼ਟਰੀ ਤਸਕਰੀ ਜਾਲ ਨਾਲ ਜੋੜ ਕੇ ਜਾਂਚ
ਕਸਟਮ ਅਤੇ ਜੰਗਲੀ ਜੀਵ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਮਾਮਲਾ ਸਿਰਫ਼ ਇੱਕ ਯਾਤਰੀ ਤੱਕ ਸੀਮਿਤ ਨਹੀਂ, ਬਲਕਿ ਇਸ ਦੇ ਪਿੱਛੇ ਇੱਕ ਸੁਚੱਜਾ ਅੰਤਰਰਾਸ਼ਟਰੀ ਵਾਈਲਡਲਾਈਫ ਤਸਕਰੀ ਨੈੱਟਵਰਕ ਸਰਗਰਮ ਹੋ ਸਕਦਾ ਹੈ। ਫਿਲਹਾਲ ਦੋਸ਼ੀ ਨੂੰ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਟ੍ਰਾਫੀ ਕਿੱਥੋਂ ਪ੍ਰਾਪਤ ਕੀਤੀ ਗਈ ਅਤੇ ਇਸਦੀ ਅਗਲੀ ਡਿਲਿਵਰੀ ਕਿੱਥੇ ਹੋਣੀ ਸੀ।

ਕਾਨੂੰਨੀ ਕਾਰਵਾਈ ਜਾਰੀ
ਮਾਮਲੇ ਨੂੰ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਅਤੇ ਕਸਟਮ ਕਾਨੂੰਨਾਂ ਅਧੀਨ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਮਗਰੋਂ ਤਸਕਰੀ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ’ਚ ਸਟੀਲ ਫੈਕਟਰੀ ਭੱਠੀ ਫਟਣ ਨਾਲ 7 ਮਜ਼ਦੂਰਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

ਛੱਤੀਸਗੜ੍ਹ :- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ ਤੋਂ ਇਕ ਦਰਦਨਾਕ ਉਦਯੋਗਿਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵੀਰਵਾਰ ਨੂੰ ਇੱਕ ਨਿੱਜੀ ਸਟੀਲ ਫੈਕਟਰੀ ਵਿੱਚ ਕੋਲੇ ਨਾਲ ਚੱਲਣ ਵਾਲੀ ਭੱਠੀ ਅਚਾਨਕ ਫਟ ਗਈ। ਇਸ ਭਿਆਨਕ ਧਮਾਕੇ ਵਿੱਚ ਘੱਟੋ-ਘੱਟ ਸੱਤ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।

ਰੀਅਲ ਇਸਪਾਤ ਸਟੀਲ ਪਲਾਂਟ ’ਚ ਵਾਪਰਿਆ ਹਾਦਸਾ
ਇਹ ਹਾਦਸਾ ਬਲੌਦਾ ਬਾਜ਼ਾਰ ਦੇ ਬਾਕੁਲਾਹੀ ਖੇਤਰ ਵਿੱਚ ਸਥਿਤ ਰੀਅਲ ਇਸਪਾਤ ਸਟੀਲ ਪਲਾਂਟ ਵਿੱਚ ਵਾਪਰਿਆ। ਜਾਣਕਾਰੀ ਮੁਤਾਬਕ ਪਲਾਂਟ ਅੰਦਰ ਰੋਜ਼ਾਨਾ ਕੰਮਕਾਜ ਦੌਰਾਨ ਕੋਲਾ ਭੱਠੀ ਵਿੱਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ।

ਸਫ਼ਾਈ ਕਰ ਰਹੇ ਮਜ਼ਦੂਰ ਆ ਗਏ ਚਪੇਟ ’ਚ
ਹਾਦਸੇ ਵੇਲੇ ਭੱਠੀ ਦੇ ਨੇੜੇ ਕੁਝ ਮਜ਼ਦੂਰ ਸਫ਼ਾਈ ਦਾ ਕੰਮ ਕਰ ਰਹੇ ਸਨ। ਅਚਾਨਕ ਹੋਏ ਧਮਾਕੇ ਨਾਲ ਭੱਠੀ ਵਿੱਚੋਂ ਤਿੱਖੀ ਗਰਮੀ, ਅੱਗ ਅਤੇ ਸੜਦਾ ਕੋਲਾ ਬਾਹਰ ਵੱਲ ਛਿੱਟੇ ਮਾਰ ਗਿਆ, ਜਿਸ ਨੇ ਨੇੜੇ ਖੜ੍ਹੇ ਮਜ਼ਦੂਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।

ਝੁਲਸਣ ਕਾਰਨ ਮੌਕੇ ’ਤੇ ਹੀ ਗਈਆਂ ਜਾਨਾਂ
ਸੂਤਰਾਂ ਅਨੁਸਾਰ ਧਮਾਕਾ ਇੰਨਾ ਭਿਆਨਕ ਸੀ ਕਿ ਭੱਠੀ ਦੇ ਬਿਲਕੁਲ ਨੇੜੇ ਮੌਜੂਦ ਮਜ਼ਦੂਰਾਂ ਨੂੰ ਬਚਣ ਦਾ ਮੌਕਾ ਤੱਕ ਨਹੀਂ ਮਿਲਿਆ। ਸੱਤ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜ਼ਖ਼ਮੀਆਂ ਦੀ ਗਿਣਤੀ ਬਾਰੇ ਸਪੱਸ਼ਟਤਾ ਨਹੀਂ
ਪ੍ਰਸ਼ਾਸਨ ਵੱਲੋਂ ਅਜੇ ਤੱਕ ਜ਼ਖ਼ਮੀ ਮਜ਼ਦੂਰਾਂ ਦੀ ਸਹੀ ਗਿਣਤੀ ਜਾਰੀ ਨਹੀਂ ਕੀਤੀ ਗਈ। ਹਸਪਤਾਲ ਸੂਤਰਾਂ ਮੁਤਾਬਕ ਕੁਝ ਮਜ਼ਦੂਰ 60 ਤੋਂ 80 ਫੀਸਦੀ ਤੱਕ ਝੁਲਸੇ ਹੋਏ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

ਪਲਾਂਟ ਪ੍ਰਬੰਧਨ ਚੁੱਪ, ਕਾਰਨ ਅਜੇ ਅਣਜਾਣ
ਹਾਦਸੇ ਤੋਂ ਕਈ ਘੰਟੇ ਬੀਤ ਜਾਣ ਬਾਵਜੂਦ ਰੀਅਲ ਇਸਪਾਤ ਸਟੀਲ ਪਲਾਂਟ ਦੇ ਪ੍ਰਬੰਧਨ ਵੱਲੋਂ ਨਾ ਤਾਂ ਧਮਾਕੇ ਦੇ ਕਾਰਨ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਜ਼ਖ਼ਮੀਆਂ ਦੀ ਸਿਹਤ ਸਥਿਤੀ ’ਤੇ ਕੋਈ ਸਪੱਸ਼ਟ ਜਾਣਕਾਰੀ ਦਿੱਤੀ ਗਈ ਹੈ।

ਪੁਲਿਸ ਅਤੇ ਪ੍ਰਸ਼ਾਸਨ ਮੌਕੇ ’ਤੇ ਪਹੁੰਚੇ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਫੈਕਟਰੀ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਭੱਠੀ ਦੀ ਤਕਨੀਕੀ ਜਾਂਚ ਅਤੇ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।

ਲਾਪਰਵਾਹੀ ਦੀ ਜਾਂਚ ਦੇ ਹੁਕਮ
ਪ੍ਰਸ਼ਾਸਨ ਨੇ ਹਾਦਸੇ ਦੀ ਵਿਸਥਾਰਪੂਰਵਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਂਚ ਰਿਪੋਰਟ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਹੈ।

ਮਹਿਲ ਕਲਾਂ ’ਚ ਬੱਸ ਸਟੈਂਡ ਤੇ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ….

ਮਹਿਲ ਕਲਾਂ :- ਕਸਬਾ ਮਹਿਲ ਕਲਾਂ ਵਿੱਚ ਚੋਰੀਆਂ ਦੀਆਂ ਘਟਨਾਵਾਂ ਨੇ ਵਪਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਹੁਣ ਚੋਰ ਹਨੇਰੇ ਦੀ ਓਟ ਲੈਣ ਦੀ ਥਾਂ ਚਿੱਟੇ ਦਿਨ ਹੀ ਵੱਡੀਆਂ ਵਾਰਦਾਤਾਂ ਕਰ ਕੇ ਫਰਾਰ ਹੋ ਰਹੇ ਹਨ। ਬੱਸ ਸਟੈਂਡ ਅਤੇ ਨੇੜਲੇ ਮਾਰਕੀਟ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਸਵੇਰੇ ਸੱਤ ਵਜੇ ਟੁੱਟਿਆ ਦੁਕਾਨ ਦਾ ਸ਼ਟਰ
ਤਾਜ਼ਾ ਮਾਮਲੇ ਅਨੁਸਾਰ ਅੱਜ ਸਵੇਰੇ ਕਰੀਬ 7 ਵਜੇ ਮਹਿਲ ਕਲਾਂ ਬੱਸ ਸਟੈਂਡ ’ਤੇ ਸਥਿਤ ਬੀਐਸ ਗਰੇਵਾਲ ਬੋਰਿੰਗ ਕੰਪਨੀ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਵੱਲੋਂ ਦੁਕਾਨ ਦਾ ਲੋਹੇ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਕੇ ਕੀਮਤੀ ਸਮਾਨ ’ਤੇ ਹੱਥ ਸਾਫ਼ ਕੀਤਾ ਗਿਆ।

ਦੁਕਾਨ ਮਾਲਕ ਨੂੰ ਫੋਨ ਰਾਹੀਂ ਮਿਲੀ ਸੂਚਨਾ
ਦੁਕਾਨ ਮਾਲਕ ਬਲਜਿੰਦਰ ਸਿੰਘ ਬਿੱਟੂ ਧਨੇਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ ਸੱਤ ਵਜੇ ਫੋਨ ਆਇਆ, ਜਿਸ ’ਚ ਦੁਕਾਨ ਵਿੱਚ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਗਈ। ਮੌਕੇ ’ਤੇ ਪਹੁੰਚਣ ’ਤੇ ਵੇਖਿਆ ਕਿ ਸ਼ਟਰ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ।

ਕਰੀਬ ਪੰਜਾਹ ਹਜ਼ਾਰ ਦਾ ਸਮਾਨ ਲੈ ਗਏ ਚੋਰ
ਦੁਕਾਨ ਮਾਲਕ ਮੁਤਾਬਕ ਚੋਰ ਲਗਭਗ 50 ਹਜ਼ਾਰ ਰੁਪਏ ਦਾ ਸਮਾਨ ਅਤੇ 2 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ। ਚੋਰੀ ਹੋਏ ਸਮਾਨ ਵਿੱਚ 10 ਐਮਐਮ ਤਾਂਬੇ ਦੀ ਸਮਸੀ ਵਾਲੀ ਧਾਰ (ਕਰੀਬ 250 ਫੁੱਟ), ਦੋ ਟੁੱਲੂ ਪੰਪ, 7/6 ਤਾਂਬੇ ਦੀ ਤਾਰ ਲਗਭਗ ਡੇਢ ਕੁਇੰਟਲ, ਨਗਦੀ ਅਤੇ ਇੱਕ ਪੁਰਾਣਾ ਖਰਾਬ ਮੋਬਾਇਲ ਫੋਨ ਸ਼ਾਮਲ ਹੈ।

ਚਿੱਟੀ ਕਾਰ ’ਚ ਸਵਾਰ ਹੋ ਕੇ ਆਏ ਚੋਰ
ਦੁਕਾਨ ਮਾਲਕ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਚਿੱਟੇ ਦਿਨ ਸਵੇਰੇ ਹੋਈ ਇਸ ਘਟਨਾ ਨੇ ਇਲਾਕੇ ਦੇ ਵਪਾਰੀਆਂ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਵਪਾਰੀਆਂ ’ਚ ਰੋਸ, ਪੁਲਿਸ ਗਸ਼ਤ ’ਤੇ ਸਵਾਲ
ਬੱਸ ਸਟੈਂਡ ਅਤੇ ਆਸ-ਪਾਸ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਪਰ ਪੁਲਿਸ ਗਸ਼ਤ ਅਤੇ ਸੁਰੱਖਿਆ ਪ੍ਰਬੰਧ ਨਾਕਾਫ਼ੀ ਸਾਬਤ ਹੋ ਰਹੇ ਹਨ। ਵਪਾਰੀਆਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਸਮੇਂ ਹੀ ਨਹੀਂ, ਸਵੇਰੇ ਅਤੇ ਦਿਨ ਦਿਹਾੜੇ ਵੀ ਨਿਯਮਤ ਪੁਲਿਸ ਪੈਟਰੋਲਿੰਗ ਕੀਤੀ ਜਾਵੇ।

ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਹਿਲ ਕਲਾਂ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਜਲਦੀ ਦੋਸ਼ੀ ਕਾਬੂ ਕਰਨ ਦਾ ਦਾਅਵਾ
ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਚੋਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਹਰ ਪੱਖੋਂ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਚੰਡੀਗੜ੍ਹ ਮੇਅਰ ਚੋਣ ’ਚ ਆਪ ਇਕੱਲੀ ਮੈਦਾਨ ’ਚ, ਸਿਆਸੀ ਤਾਪਮਾਨ ਚਰਮ ’ਤੇ

ਚੰਡੀਗੜ੍ਹ :- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਸਿਆਸੀ ਗਲਿਆਰੇ ਵਿੱਚ ਗਰਮਾਹਟ ਤੇਜ਼ ਹੋ ਗਈ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਹ ਚੋਣ ਕਿਸੇ ਵੀ ਪਾਰਟੀ ਨਾਲ ਗਠਜੋੜ ਬਿਨਾਂ ਇਕੱਲੀ ਹੀ ਲੜੇਗੀ। ਇਸ ਐਲਾਨ ਨਾਲ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਚੋਣ ਦਿਲਚਸਪ ਮੋੜ ’ਤੇ ਪਹੁੰਚ ਗਈ ਹੈ।

ਨਾਮਜ਼ਦਗੀਆਂ ਅੱਜ, ਦਿਨ ਭਰ ਰਹੇਗੀ ਗਹਿਮਾ-ਗਹਿਮੀ
ਚੰਡੀਗੜ੍ਹ ਮੇਅਰ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ। ਚੋਣ ਕਮਿਸ਼ਨ ਵੱਲੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇੱਕੋ ਦਿਨ ਸਾਰੇ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰਨਗੇ, ਜਿਸ ਕਾਰਨ ਨਗਰ ਨਿਗਮ ਭਵਨ ਦੇ ਆਲੇ-ਦੁਆਲੇ ਸਿਆਸੀ ਚਲਹਲ ਬਣੀ ਰਹੇਗੀ।

ਜਰਨੈਲ ਸਿੰਘ ਦਾ ਵੱਡਾ ਐਲਾਨ
ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਖੁੱਲ੍ਹੇ ਤੌਰ ’ਤੇ ਐਲਾਨ ਕਰ ਦਿੱਤਾ ਕਿ ਪਾਰਟੀ ਚੰਡੀਗੜ੍ਹ ਮੇਅਰ ਦੀ ਚੋਣ ਇਕੱਲੀ ਹੀ ਲੜੇਗੀ। ਇਸ ਤੋਂ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਆਪ ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਸਕਦਾ ਹੈ, ਪਰ ਹੁਣ ਇਹ ਅਟਕਲਾਂ ਖਤਮ ਹੋ ਚੁੱਕੀਆਂ ਹਨ।

ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਕੀਤਾ
ਕਾਂਗਰਸ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰਾਂ ਦੇ ਨਾਮ ਜਨਤਕ ਕਰ ਚੁੱਕੀ ਹੈ। ਮੇਅਰ ਅਹੁਦੇ ਲਈ ਗੁਰਪ੍ਰੀਤ ਗਾਬੀ, ਸੀਨੀਅਰ ਡਿਪਟੀ ਮੇਅਰ ਲਈ ਸਚਿਨ ਗਾਲਿਬ ਅਤੇ ਡਿਪਟੀ ਮੇਅਰ ਲਈ ਨਿਰਮਲਾ ਦੇਵੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਵੱਲੋਂ ਪੂਰੀ ਤਿਆਰੀ ਨਾਲ ਚੋਣ ਲੜਨ ਦੇ ਸੰਕੇਤ ਦਿੱਤੇ ਜਾ ਰਹੇ ਹਨ।

ਦਲ-ਬਦਲੀ ਦੇ ਡਰ ਕਾਰਨ ਆਪ ਨੇ ਚੁੱਕਿਆ ਵੱਡਾ ਕਦਮ
ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਆਪਣੇ ਕੌਂਸਲਰਾਂ ਦੀ ਦਲ-ਬਦਲੀ ਦਾ ਸ਼ੱਕ ਹੈ। ਇਸ ਕਾਰਨ ਪਾਰਟੀ ਦੇ ਸਾਰੇ 11 ਕੌਂਸਲਰਾਂ ਨੂੰ ਰੋਪੜ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਕਰਵਾਏ ਗਏ ਹਨ। ਸਿਰਫ਼ ਉਹੀ ਕੌਂਸਲਰ ਅੱਜ ਸ਼ਹਿਰ ਲਿਆਂਦੇ ਜਾਣਗੇ ਜੋ ਨਾਮਜ਼ਦਗੀ ਦਾਖਲ ਕਰਨ ਜਾਂ ਪ੍ਰਸਤਾਵਕ ਵਜੋਂ ਹਾਜ਼ਰ ਹੋਣਗੇ। ਚੋਣ ਮੁਕੰਮਲ ਹੋਣ ਤੱਕ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਬਾਹਰ ਹੀ ਰੱਖਣ ਦੀ ਯੋਜਨਾ ਬਣਾਈ ਗਈ ਹੈ।

ਪਹਿਲੀ ਵਾਰ ਹੱਥ ਖੜ੍ਹੇ ਕਰਕੇ ਹੋਵੇਗੀ ਵੋਟਿੰਗ
ਇਸ ਵਾਰ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਪਹਿਲੀ ਵਾਰ ਵੋਟਿੰਗ ਗੁਪਤ ਮਤਦਾਨ ਦੀ ਥਾਂ ਹੱਥ ਖੜ੍ਹੇ ਕਰਕੇ ਕਰਵਾਈ ਜਾਵੇਗੀ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਵੋਟਿੰਗ ਖੁੱਲ੍ਹੇ ਸਦਨ ਵਿੱਚ ਹੋਵੇਗੀ ਜਾਂ ਬੰਦ ਦਰਵਾਜ਼ਿਆਂ ਪਿੱਛੇ।

ਅੰਕੜਿਆਂ ਨੇ ਚੋਣ ਨੂੰ ਬਣਾਇਆ ਰੋਮਾਂਚਕ
ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਦੀ ਵੋਟ ਮੇਅਰ ਚੋਣ ਲਈ ਮਾਨਯੋਗ ਹੈ। ਮੇਅਰ ਬਣਨ ਲਈ ਘੱਟੋ-ਘੱਟ 19 ਵੋਟਾਂ ਦੀ ਲੋੜ ਹੁੰਦੀ ਹੈ। ਮੌਜੂਦਾ ਸਥਿਤੀ ਮੁਤਾਬਕ ਭਾਜਪਾ ਕੋਲ 18 ਕੌਂਸਲਰ ਹਨ, ਆਮ ਆਦਮੀ ਪਾਰਟੀ ਕੋਲ 11 ਅਤੇ ਕਾਂਗਰਸ ਕੋਲ ਛੇ ਕੌਂਸਲਰ ਹਨ। ਸੰਸਦ ਮੈਂਬਰ ਵੀ ਕਾਂਗਰਸ ਨਾਲ ਸਬੰਧਤ ਹੈ। ਜੇਕਰ ਕਾਂਗਰਸ ਅਤੇ ਆਪ ਇਕੱਠੇ ਹੁੰਦੇ ਤਾਂ ਗਿਣਤੀ ਬਰਾਬਰ ਹੋ ਸਕਦੀ ਸੀ, ਪਰ ਆਪ ਦੇ ਇਕੱਲੇ ਚੋਣ ਲੜਨ ਨਾਲ ਸਿਆਸੀ ਗਣਿਤ ਹੋਰ ਵੀ ਪੇਚੀਦਾ ਹੋ ਗਈ ਹੈ।

ਸਭ ਦੀ ਨਜ਼ਰ ਚੋਣੀ ਨਤੀਜੇ ’ਤੇ
ਚੰਡੀਗੜ੍ਹ ਮੇਅਰ ਦੀ ਇਹ ਚੋਣ ਸਿਰਫ਼ ਅਹੁਦੇ ਦੀ ਨਹੀਂ, ਸਗੋਂ ਪਾਰਟੀਆਂ ਦੀ ਸਿਆਸੀ ਤਾਕਤ ਦੀ ਅਸਲ ਕਸੌਟੀ ਮੰਨੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਕੜਿਆਂ ਦੀ ਇਹ ਲੜਾਈ ਅਖ਼ੀਰ ਕਿਸ ਪਾਸੇ ਮੋੜ ਲੈਂਦੀ ਹੈ।