Home Blog Page 666

ਚੰਡੀਗੜ੍ਹ ਮੇਅਰ ਚੋਣ ‘ਚ ਭਾਜਪਾ ਦੀ ਵੱਡੀ ਜਿੱਤ, ਸੌਰਭ ਜੋਸ਼ੀ ਬਣੇ 29ਵੇਂ ਮੇਅਰ

ਚੰਡੀਗੜ੍ਹ :- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ ਵਿੱਚ ਇਸ ਵਾਰ ਭਾਜਪਾ ਨੇ ਸਪਸ਼ਟ ਬਹੂਮਤ ਨਾਲ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਉਮੀਦਵਾਰ ਸੌਰਭ ਜੋਸ਼ੀ ਨੇ 18 ਵੋਟਾਂ ਨਾਲ ਮੇਅਰ ਦੀ ਕੁਰਸੀ ਆਪਣੇ ਨਾਂ ਕਰ ਲਈ। ਕਾਂਗਰਸ ਉਮੀਦਵਾਰ ਨੂੰ 7 ਵੋਟ ਮਿਲੇ ਜਦਕਿ ਆਮ ਆਦਮੀ ਪਾਰਟੀ ਦੇ ਹਿੱਸੇ 11 ਵੋਟ ਆਏ।

ਸੀਕ੍ਰੇਟ ਬੈਲਟ ਦੀ ਥਾਂ ਹੱਥ ਖੜੇ ਕਰ ਕੇ ਹੋਇਆ ਚੋਣ ਪ੍ਰਕਿਰਿਆ
ਇਸ ਵਾਰ ਮੇਅਰ ਚੋਣ ਸੀਕ੍ਰੇਟ ਬੈਲਟ ਦੀ ਬਜਾਏ ਪਾਰਸ਼ਦਾਂ ਵੱਲੋਂ ਹੱਥ ਖੜੇ ਕਰ ਕੇ ਕਰਵਾਈ ਗਈ। ਇਹ ਪਹਿਲੀ ਵਾਰ ਸੀ ਜਦੋਂ ਤਿੰਨੋ ਸਿਆਸੀ ਪਾਰਟੀਆਂ—ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ—ਨੇ ਅਲੱਗ-ਅਲੱਗ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ। ਪਿਛਲੇ ਦੋ ਮੇਅਰ ਚੋਣਾਂ ਦੌਰਾਨ ਕਾਂਗਰਸ ਅਤੇ ਆਪ ਦਾ ਗਠਜੋੜ ਬਣਿਆ ਹੋਇਆ ਸੀ।

ਵੋਟਿੰਗ ਤੋਂ ਪਹਿਲਾਂ ਹੀ ਮਿਲਣ ਲੱਗੀਆਂ ਵਧਾਈਆਂ
ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਜਪਾ ਪਾਰਸ਼ਦ ਸੌਰਭ ਜੋਸ਼ੀ ਨੂੰ ਵਧਾਈਆਂ ਮਿਲਣ ਲੱਗ ਪਈਆਂ ਸਨ, ਜਿਸ ਨਾਲ ਨਤੀਜਿਆਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਚੱਲਦੀ ਰਹੀ।

ਜਿੱਤ ਮਗਰੋਂ ਭਾਵੁਕ ਹੋਏ ਨਵੇਂ ਮੇਅਰ
ਮੇਅਰ ਚੁਣੇ ਜਾਣ ਤੋਂ ਬਾਅਦ ਸੌਰਭ ਜੋਸ਼ੀ ਭਾਵੁਕ ਨਜ਼ਰ ਆਏ। ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾਂ ਇਹੀ ਸਿੱਖਿਆ ਦਿੰਦੇ ਰਹੇ ਕਿ ਸਹੀ ਰਸਤੇ ‘ਤੇ ਚੱਲੋਗੇ ਤਾਂ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਵਾਰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਵੱਲੋਂ ਮਿਲੇ ਪੂਰੇ ਸਹਿਯੋਗ ਨੇ ਉਨ੍ਹਾਂ ਨੂੰ ਇਸ ਮਕਾਮ ਤੱਕ ਪਹੁੰਚਾਇਆ।

ਹੁਣ ਸਿਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਵੋਟਿੰਗ
ਮੇਅਰ ਚੋਣ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੀ ਵੋਟਿੰਗ ਕਰਵਾਈ ਜਾਵੇਗੀ, ਜਿਸ ‘ਤੇ ਸਿਆਸੀ ਧਿਰਾਂ ਦੀ ਨਜ਼ਰ ਟਿਕੀ ਹੋਈ ਹੈ।

ਅੰਮ੍ਰਿਤਸਰ – ਗੈਂਗਸਟਰ ਜਗਤਾਰ ਬਾਕਸਰ ਮੁੜ ਗ੍ਰਿਫ਼ਤਾਰ, 40 ਤੋਂ ਵੱਧ ਅਪਰਾਧਿਕ ਮਾਮਲੇ….

ਅੰਮ੍ਰਿਤਸਰ :-  ਪੁਲਿਸ ਨੇ ਇਕ ਵਾਰ ਫਿਰ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਜਗਤਾਰ ਬਾਕਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਦੇ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 40 ਤੋਂ 45 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਈ ਕੇਸ ਅਜੇ ਵੀ ਅਦਾਲਤਾਂ ਵਿੱਚ ਲੰਬਿਤ ਚੱਲ ਰਹੇ ਹਨ।

ਗੰਭੀਰ ਧਾਰਾਵਾਂ ਹੇਠ ਦਰਜ ਹਨ ਕੇਸ
ਪੁਲਿਸ ਰਿਕਾਰਡ ਅਨੁਸਾਰ ਜਗਤਾਰ ਬਾਕਸਰ ਉੱਤੇ ਲੁੱਟ, ਜਾਨਲੇਵਾ ਹਮਲਾ, ਧਮਕੀਆਂ, ਗੈਰਕਾਨੂੰਨੀ ਹਥਿਆਰ ਰੱਖਣ ਸਮੇਤ ਕਈ ਗੰਭੀਰ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ।

ਲੰਬੇ ਸਮੇਂ ਤੋਂ ਪੁਲਿਸ ਦੀ ਨਿਗਰਾਨੀ ਹੇਠ ਸੀ ਮੁਲਜ਼ਮ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਗਤਾਰ ਬਾਕਸਰ ਕਾਫ਼ੀ ਸਮੇਂ ਤੋਂ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਵਿੱਚ ਸੀ। ਉਸ ਦੀਆਂ ਸਰਗਰਮੀਆਂ ਬਾਰੇ ਲਗਾਤਾਰ ਗੁਪਤ ਸੂਚਨਾਵਾਂ ਮਿਲ ਰਹੀਆਂ ਸਨ। ਪੱਕੀ ਜਾਣਕਾਰੀ ਮਿਲਣ ਉਪਰੰਤ ਖ਼ਾਸ ਟੀਮ ਬਣਾਈ ਗਈ, ਜਿਸ ਨੇ ਸੁਚੱਜੀ ਯੋਜਨਾ ਤਹਿਤ ਕਾਰਵਾਈ ਕਰਦਿਆਂ ਉਸਨੂੰ ਕਾਬੂ ਕਰ ਲਿਆ।

ਹੋਰ ਜ਼ਿਲ੍ਹਿਆਂ ਵਿੱਚ ਵੀ ਰਹੇ ਹਨ ਅਪਰਾਧਿਕ ਮਾਮਲੇ
ਪੁਲਿਸ ਮੁਤਾਬਕ ਗੈਂਗਸਟਰ ਜਗਤਾਰ ਬਾਕਸਰ ਦੇ ਖ਼ਿਲਾਫ਼ ਅੰਮ੍ਰਿਤਸਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ ਕੇਸ ਦਰਜ ਰਹੇ ਹਨ। ਹੁਣ ਪੁਲਿਸ ਉਸਦੇ ਪੁਰਾਣੇ ਅਪਰਾਧਿਕ ਰਿਕਾਰਡ ਨੂੰ ਮੁੜ ਖੰਗਾਲ ਰਹੀ ਹੈ ਤਾਂ ਜੋ ਉਸ ਦੇ ਸਾਰੇ ਨੈੱਟਵਰਕ ਦੀ ਪੂਰੀ ਤਸਵੀਰ ਸਾਹਮਣੇ ਆ ਸਕੇ।

ਅਦਾਲਤ ਵਿੱਚ ਪੇਸ਼ੀ ਤੇ ਰਿਮਾਂਡ ਦੀ ਤਿਆਰੀ
ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਿਮਾਂਡ ਦੌਰਾਨ ਉਸ ਤੋਂ ਪੁਰਾਣੇ ਕੇਸਾਂ, ਫ਼ਰਾਰ ਸਾਥੀਆਂ ਅਤੇ ਅੰਡਰਵਰਲਡ ਨਾਲ ਜੁੜੇ ਸੰਪਰਕਾਂ ਬਾਰੇ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ।

ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ, ਜੋ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ’ਤੇ ਨੱਥ ਪਾਉਣ ਵਿੱਚ ਮਦਦਗਾਰ ਸਾਬਤ ਹੋਣਗੇ।

ਹਿਮਾਚਲ ਪ੍ਰਦੇਸ਼ ਨੂੰ ਨਾਬਾਰਡ ਵੱਲੋਂ 45,809 ਕਰੋੜ ਰੁਪਏ ਦਾ ਕਰਜ਼ਾ ਦੇਣ ਦੀ ਤਿਆਰੀ, ਸਟੇਟ ਫੋਕਸ ਪੇਪਰ ਜਾਰੀ

ਹਿਮਾਚਲ ਪ੍ਰਦੇਸ਼ :- ਰਾਸ਼ਟਰੀ ਖੇਤੀਬਾੜੀ ਅਤੇ ਪਿੰਡ ਵਿਕਾਸ ਬੈਂਕ (ਨਾਬਾਰਡ) ਨੇ ਅਗਲੇ ਵਿੱਤੀ ਸਾਲ ਲਈ ਹਿਮਾਚਲ ਪ੍ਰਦੇਸ਼ ਨੂੰ ਵੱਡੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਨਾਬਾਰਡ ਵੱਲੋਂ ਰਾਜ ਨੂੰ ਕੁੱਲ 45,809 ਕਰੋੜ ਰੁਪਏ ਦਾ ਕਰਜ਼ਾ ਉਪਲਬਧ ਕਰਵਾਉਣ ਦੀ ਤਿਆਰੀ ਕੀਤੀ ਗਈ ਹੈ।

ਸ਼ਿਮਲਾ ਵਿੱਚ ਮੁੱਖ ਸਕੱਤਰ ਸੰਜੇ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਸਟੇਟ ਕਰੈਡਿਟ ਸੈਮੀਨਾਰ ਦੌਰਾਨ ਨਾਬਾਰਡ ਨੇ ਇਸ ਸਬੰਧੀ ਸਟੇਟ ਫੋਕਸ ਪੇਪਰ ਜਾਰੀ ਕੀਤਾ। ਇਸ ਪੇਪਰ ਵਿੱਚ ਰਾਜ ਦੀ ਆਰਥਿਕ ਸਮਰਥਾ ਅਤੇ ਖੇਤਰਵਾਰ ਕਰਜ਼ੇ ਦੀ ਸੰਭਾਵਨਾ ਨੂੰ ਦਰਸਾਇਆ ਗਿਆ ਹੈ।

ਐਮਐਸਐਮਈ ਤੇ ਖੇਤੀ ਖੇਤਰ ਲਈ ਹਜ਼ਾਰਾਂ ਕਰੋੜ ਦਾ ਪ੍ਰਬੰਧ, ਪਿੰਡ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ

ਨਾਬਾਰਡ ਮੁਤਾਬਕ ਐਮਐਸਐਮਈ ਖੇਤਰ ਲਈ 23,827.72 ਕਰੋੜ ਰੁਪਏ ਦੀ ਕਰਜ਼ਾ ਸਮਰਥਾ ਅੰਕਿਤ ਕੀਤੀ ਗਈ ਹੈ, ਜਦਕਿ ਖੇਤੀਬਾੜੀ ਅਤੇ ਇਸ ਨਾਲ ਜੁੜੇ ਸਹਾਇਕ ਖੇਤਰਾਂ ਲਈ 18,194.90 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਗਭਗ 3 ਹਜ਼ਾਰ ਕਰੋੜ ਰੁਪਏ ਪਿੰਡਾਂ ਦੇ ਆਧਾਰਭੂਤ ਢਾਂਚੇ ਦੇ ਵਿਕਾਸ ਲਈ ਦਿੱਤੇ ਜਾਣਗੇ।

ਸੈਮੀਨਾਰ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਇਸ ਵੱਡੀ ਵਿੱਤੀ ਸਹਾਇਤਾ ਨਾਲ ਹਿਮਾਚਲ ਪ੍ਰਦੇਸ਼ ਵਿੱਚ ਖੇਤੀ, ਪਿੰਡ ਵਿਕਾਸ, ਰੋਜ਼ਗਾਰ ਸਿਰਜਣਾ ਅਤੇ ਛੋਟੇ ਉਦਯੋਗਾਂ ਨੂੰ ਨਵੀਂ ਰਫ਼ਤਾਰ ਮਿਲੇਗੀ। ਨਾਬਾਰਡ ਦਾ ਇਹ ਕਦਮ ਰਾਜ ਦੀ ਪਿੰਡ ਆਧਾਰਿਤ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਪੈਲ ਮੰਨੀ ਜਾ ਰਹੀ ਹੈ।

ਸੋਨੇ-ਚਾਂਦੀ ਨੇ ਤੋੜੇ ਸਾਰੇ ਰਿਕਾਰਡ, ਮਹਿੰਗਾਈ ਨੇ ਗਹਿਣਾ ਖਰੀਦਣ ਵਾਲਿਆਂ ਦੀ ਜੇਬ ‘ਤੇ ਮਾਰ ਮਾਰੀ

ਨਵੀਂ ਦਿੱਲੀ :-:ਦੇਸ਼ ਭਰ ਦੇ ਬੁੱਲਿਅਨ ਬਾਜ਼ਾਰ ਵਿੱਚ ਪਿਛਲੇ ਕਈ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਉੱਪਰ ਵਧਦੀਆਂ ਜਾ ਰਹੀਆਂ ਹਨ। ਇਸ ਅਚਾਨਕ ਤੇ ਤੇਜ਼ ਵਾਧੇ ਕਾਰਨ ਆਮ ਖਰੀਦਦਾਰਾਂ ਦੀ ਚਿੰਤਾ ਵਧ ਗਈ ਹੈ, ਕਿਉਂਕਿ ਗਹਿਣੇ ਖਰੀਦਣਾ ਹੁਣ ਹੋਰ ਮਹਿੰਗਾ ਸਾਬਤ ਹੋ ਰਿਹਾ ਹੈ।

ਕਾਰੋਬਾਰ ਸ਼ੁਰੂ ਹੁੰਦੇ ਹੀ ਕੀਮਤਾਂ ਨੇ ਛੂਹਿਆ ਨਵਾਂ ਅਸਮਾਨ
ਮੰਗਲਵਾਰ ਸਵੇਰੇ ਜਿਵੇਂ ਹੀ ਮਲਟੀ ਕਮੋਡਿਟੀ ਐਕਸਚੇਂਜ ‘ਤੇ ਵਪਾਰ ਦੀ ਸ਼ੁਰੂਆਤ ਹੋਈ, ਦੋਵੇਂ ਕੀਮਤੀ ਧਾਤਾਂ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਦਰਜੇ ‘ਤੇ ਪਹੁੰਚ ਗਈਆਂ। ਖਾਸ ਕਰਕੇ ਚਾਂਦੀ ਦੀ ਕੀਮਤ ਨੇ ਇਤਿਹਾਸਕ ਪੱਧਰ ਨੂੰ ਛੂਹ ਕੇ ਬਾਜ਼ਾਰ ਨੂੰ ਹੈਰਾਨ ਕਰ ਦਿੱਤਾ।

ਚਾਂਦੀ 4 ਲੱਖ ਤੋਂ ਪਾਰ, ਇਕ ਦਿਨ ‘ਚ ਵੱਡੀ ਛਾਲ
MCX ‘ਤੇ ਚਾਂਦੀ ਦੀ ਕੀਮਤ ਸਵੇਰੇ ਕਾਰੋਬਾਰ ਦੌਰਾਨ 4 ਲੱਖ 6 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਇੱਕ ਹੀ ਦਿਨ ਵਿੱਚ ਲਗਭਗ 20 ਹਜ਼ਾਰ ਰੁਪਏ ਦਾ ਉਛਾਲ ਦਰਜ ਕੀਤਾ ਗਿਆ, ਜੋ ਤਕਰੀਬਨ 4 ਫੀਸਦੀ ਤੋਂ ਵੱਧ ਵਾਧੇ ਨੂੰ ਦਰਸਾਉਂਦਾ ਹੈ। ਇਸ ਨਾਲ ਚਾਂਦੀ ਨੇ ਹੁਣ ਤੱਕ ਦਾ ਸਾਰਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।

ਸੋਨੇ ਦੀ ਕੀਮਤ ‘ਚ ਵੀ ਜ਼ਬਰਦਸਤ ਉਛਾਲ
ਚਾਂਦੀ ਦੇ ਨਾਲ-ਨਾਲ ਸੋਨੇ ਨੇ ਵੀ ਤੇਜ਼ੀ ਦਿਖਾਈ ਹੈ। MCX ‘ਤੇ 10 ਗ੍ਰਾਮ ਸੋਨਾ ਕਰੀਬ 5 ਹਜ਼ਾਰ ਰੁਪਏ ਮਹਿੰਗਾ ਹੋ ਗਿਆ। ਕਾਰੋਬਾਰ ਦੌਰਾਨ ਸੋਨਾ ਲਗਭਗ 7 ਹਜ਼ਾਰ 800 ਰੁਪਏ ਤੋਂ ਵੱਧ ਦੇ ਉਛਾਲ ਨਾਲ 1 ਲੱਖ 73 ਹਜ਼ਾਰ 601 ਰੁਪਏ ਦੇ ਪੱਧਰ ‘ਤੇ ਵਪਾਰ ਕਰਦਾ ਨਜ਼ਰ ਆਇਆ।

ਖਰੀਦਦਾਰਾਂ ਲਈ ਵਧੀ ਮੁਸ਼ਕਲ
ਕੀਮਤਾਂ ਵਿੱਚ ਆ ਰਹੇ ਲਗਾਤਾਰ ਵਾਧੇ ਨੇ ਵਿਆਹ ਸਮਾਰੋਹਾਂ ਅਤੇ ਤਿਉਹਾਰਾਂ ਲਈ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬਾਜ਼ਾਰ ਨਾਲ ਜੁੜੇ ਮਾਹਿਰਾਂ ਮੁਤਾਬਕ ਅੰਤਰਰਾਸ਼ਟਰੀ ਮਾਰਕੀਟਾਂ ‘ਚ ਚੜ੍ਹਾਅ, ਡਾਲਰ ਦੀ ਹਲਚਲ ਅਤੇ ਨਿਵੇਸ਼ਕਾਂ ਦੀ ਵਧਦੀ ਰੁਚੀ ਇਸ ਤੇਜ਼ੀ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ।

ਬਾਜ਼ਾਰ ਦੀ ਨਜ਼ਰ ਅਗਲੇ ਰੁਝਾਨਾਂ ‘ਤੇ ਟਿਕੀ
ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਨਵੇਂ ਰਿਕਾਰਡ ਬਣਾਉਣ ਨਾਲ ਬੁੱਲਿਅਨ ਮਾਰਕੀਟ ‘ਚ ਚਰਚਾ ਤੇਜ਼ ਕਰ ਦਿੱਤੀ ਹੈ। ਹੁਣ ਹਰ ਕਿਸੇ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਕੀ ਇਹ ਤੇਜ਼ੀ ਅੱਗੇ ਵੀ ਜਾਰੀ ਰਹੇਗੀ ਜਾਂ ਆਉਣ ਵਾਲੇ ਦਿਨਾਂ ‘ਚ ਕੀਮਤਾਂ ‘ਚ ਕੁਝ ਰਾਹਤ ਮਿਲੇਗੀ।

ਫਗਵਾੜਾ ਨੇੜੇ ਪਿੰਡ ਪਾਂਸ਼ਟਾ ‘ਚ 11 ਸਾਲਾ ਬੱਚੇ ਦੀ ਮੌਤ, ਜਨਮਦਿਨ ਦੀ ਖੁਸ਼ੀ ਮਾਤਮ ‘ਚ ਬਦਲੀ

ਫਗਵਾੜਾ :- ਫਗਵਾੜਾ ਦੇ ਪਿੰਡ ਪਾਂਸ਼ਟਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 11 ਸਾਲਾ ਬੱਚੇ ਦੀ ਮੌਤ ਨਾਲ ਪੂਰਾ ਪਿੰਡ ਗਹਿਰੇ ਸਦਮੇ ਵਿੱਚ ਡੁੱਬ ਗਿਆ ਹੈ। ਇਹ ਦਰਦਨਾਕ ਵਾਕਿਆ ਉਸ ਸਮੇਂ ਵਾਪਰਿਆ, ਜਦੋਂ ਘਰ ਵਿੱਚ ਵੱਡੇ ਭਰਾ ਦੇ ਜਨਮਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਘਰ ਅੰਦਰ ਮੌਜੂਦ ਸੀ ਪੂਰਾ ਪਰਿਵਾਰ
ਮਿਲੀ ਜਾਣਕਾਰੀ ਅਨੁਸਾਰ ਬੱਚਾ ਆਪਣੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਘਰ ਵਿੱਚ ਹੀ ਸੀ। ਇਸ ਦੌਰਾਨ ਉਸ ਨੇ ਘਰ ਵਿੱਚ ਡੋਰ ਲੈਣ ਦੀ ਜ਼ਿੱਦ ਕੀਤੀ। ਪਿਤਾ ਵੱਲੋਂ ਸਮਝਾਉਣ ਉਪਰੰਤ ਉਸਨੂੰ ਪੜ੍ਹਾਈ ਕਰਨ ਲਈ ਕਮਰੇ ਵਿੱਚ ਭੇਜ ਦਿੱਤਾ ਗਿਆ।

ਦੇਰ ਤੱਕ ਆਵਾਜ਼ ਨਾ ਆਉਣ ‘ਤੇ ਟੁੱਟਿਆ ਦਰਵਾਜ਼ਾ
ਕਾਫ਼ੀ ਸਮਾਂ ਲੰਘ ਜਾਣ ਦੇ ਬਾਵਜੂਦ ਜਦੋਂ ਕਮਰੇ ਵਿੱਚੋਂ ਕੋਈ ਹਰਕਤ ਜਾਂ ਆਵਾਜ਼ ਨਹੀਂ ਆਈ ਤਾਂ ਪਰਿਵਾਰ ਨੂੰ ਚਿੰਤਾ ਹੋਈ। ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਉਸਨੂੰ ਤੋੜ ਕੇ ਅੰਦਰ ਦਾਖ਼ਲ ਹੋਇਆ ਗਿਆ, ਜਿੱਥੇ ਬੱਚਾ ਪਰਦਿਆਂ ਦੇ ਪਾਈਪ ਨਾਲ ਲਟਕਿਆ ਹੋਇਆ ਮਿਲਿਆ।

ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਕੀਤੀ ਕਾਰਵਾਈ
ਚੌਕੀ ਪਾਂਸ਼ਟਾ ਦੇ ਇੰਚਾਰਜ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚਾ ਜਰਨੈਲ ਸਿੰਘ ਦਾ ਛੋਟਾ ਪੁੱਤਰ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਧਾਰਾ 194 ਬੀਐਨਐਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਲਾਸ਼ ਵਾਰਸਾਂ ਨੂੰ ਸੌਂਪੀ
ਪੁਲਿਸ ਵੱਲੋਂ ਲੋੜੀਂਦੀ ਜਾਂਚ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ।

ਪਿੰਡ ‘ਚ ਸੋਗ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਇਸ ਹਾਦਸੇ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਪਲ ਭਰ ਵਿੱਚ ਮਾਤਮ ਵਿੱਚ ਬਦਲ ਗਿਆ। ਪਰਿਵਾਰਕ ਮੈਂਬਰ ਗਹਿਰੇ ਦੁੱਖ ਵਿੱਚ ਹਨ, ਜਦਕਿ ਪਿੰਡ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਅੰਮ੍ਰਿਤਸਰ ’ਚ ਡਰੋਨ ਰਾਹੀਂ ਆਈ 200 ਕਰੋੜ ਤੋਂ ਵੱਧ ਦੀ ਹੈਰੋਇਨ ਫੜੀ, ਗ੍ਰਨੇਡ ਤੇ ਪਿਸਤੌਲ ਵੀ ਬਰਾਮਦ

ਅੰਮ੍ਰਿਤਸਰ :- ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੂੰ ਨਸ਼ਾ ਅਤੇ ਹਥਿਆਰ ਤਸਕਰੀ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 200 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਹੈਰੋਇਨ ਦੇ ਨਾਲ ਚਾਰ ਹੈਂਡ ਗ੍ਰਨੇਡ, ਇੱਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੂਰੀ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ।

ਕਾਲੇ ਪੈਕਟਾਂ ’ਚ ਆਈ 40 ਕਿਲੋ ਤੋਂ ਵੱਧ ਹੈਰੋਇਨ
ਪੁਲਿਸ ਅਨੁਸਾਰ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਕਾਲੇ ਪੈਕਟਾਂ ਵਿੱਚ 40 ਕਿਲੋ ਤੋਂ ਵੱਧ ਹੈਰੋਇਨ ਭੇਜੀ ਗਈ ਸੀ। ਇਸਦੇ ਨਾਲ ਹੀ ਚਾਰ ਹੈਂਡ ਗ੍ਰਨੇਡ, ਇੱਕ ਪਿਸਤੌਲ ਅਤੇ ਕੁੱਝ ਜ਼ਿੰਦਾ ਕਾਰਤੂਸ ਵੀ ਇਸ ਖੇਪ ਵਿੱਚ ਸ਼ਾਮਲ ਸਨ।

ਪਿੰਡ ਓਠੀਆਂ ਨੇੜੇ ਸੁੱਟੀ ਗਈ ਖੇਪ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਸਾਰਾ ਸਮਾਨ ਪਿੰਡ ਓਠੀਆਂ ਦੇ ਨੇੜਲੇ ਇਲਾਕੇ ਵਿੱਚ ਸੁੱਟਿਆ ਗਿਆ ਸੀ। ਦੇਰ ਰਾਤ ਕੁੱਝ ਨੌਜਵਾਨ ਮੋਟਰਸਾਈਕਲ ’ਤੇ ਇਹ ਖੇਪ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

ਸੜਕ ਕੰਮ ਦੌਰਾਨ ਖੁਲ੍ਹੀ ਤਸਕਰੀ ਦੀ ਪਰਤ
ਉਸ ਸਮੇਂ ਪਿੰਡ ਵਿੱਚ ਰਾਤ ਨੂੰ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਜਦੋਂ ਉੱਥੇ ਮੌਜੂਦ ਕਰਮਚਾਰੀਆਂ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਤਾਂ ਉਹ ਘਬਰਾਹਟ ਵਿੱਚ ਮੋਟਰਸਾਈਕਲ ਅਤੇ ਸਮਾਨ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਹਾਲਾਤ ਸ਼ੱਕੀ ਲੱਗਣ ’ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪੁਲਿਸ ਪਹੁੰਚੀ ਤਾਂ ਨਿਕਲੀ ਵੱਡੀ ਖੇਪ
ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਮੋਟਰਸਾਈਕਲ ਸਮੇਤ ਛੱਡੇ ਗਏ ਬੈਗਾਂ ਦੀ ਤਲਾਸ਼ੀ ਲਈ। ਜਾਂਚ ਦੌਰਾਨ ਭਾਰੀ ਮਾਤਰਾ ਵਿੱਚ ਹੈਰੋਇਨ, ਚਾਰ ਗ੍ਰਨੇਡ, ਇੱਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਮਿਲੇ। ਇਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ।

ਇਲਾਕੇ ’ਚ ਦਹਿਸ਼ਤ, ਸੁਰੱਖਿਆ ਏਜੰਸੀਆਂ ਅਲਰਟ
ਗ੍ਰਨੇਡ ਅਤੇ ਹਥਿਆਰ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਦੀ ਗਹਿਰੀ ਤਲਾਸ਼ੀ ਲੈ ਕੇ ਹਰੇਕ ਗਤੀਵਿਧੀ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਸੋਨੀਆ ਮਾਨ ਨੇ ਮੌਕੇ ’ਤੇ ਪਹੁੰਚ ਕੇ ਲਿਆ ਜਾਇਜ਼ਾ
ਘਟਨਾ ਦੀ ਜਾਣਕਾਰੀ ਮਿਲਣ ’ਤੇ ਦੇਰ ਰਾਤ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਸੋਨੀਆ ਮਾਨ ਵੀ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ।

‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਸਖ਼ਤ ਕਾਰਵਾਈ
ਸੋਨੀਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਡਰੋਨ ਨੈਟਵਰਕ ਤੇ ਤਸਕਰੀ ਰੂਟ ਦੀ ਜਾਂਚ ਜਾਰੀ
ਪੁਲਿਸ ਹੁਣ ਡਰੋਨ ਨੈਟਵਰਕ, ਸਰਹੱਦ ਪਾਰ ਤਸਕਰੀ ਦੇ ਰੂਟ ਅਤੇ ਇਸ ਗਿਰੋਹ ਨਾਲ ਜੁੜੇ ਲੋਕਾਂ ਦੀ ਪਛਾਣ ਕਰਨ ਵਿੱਚ ਜੁੱਟੀ ਹੋਈ ਹੈ। ਅਧਿਕਾਰੀਆਂ ਮੁਤਾਬਕ ਇਹ ਬਰਾਮਦਗੀ ਸਰਹੱਦੀ ਇਲਾਕੇ ਵਿੱਚ ਨਸ਼ਾ ਅਤੇ ਹਥਿਆਰ ਤਸਕਰੀ ਖ਼ਿਲਾਫ਼ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।

Breaking – ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਧਮਕੀ, ਅਹਾਤਾ ਖਾਲੀ ਕਰਵਾ ਕੇ ਤਲਾਸ਼ੀ ਜਾਰੀ

ਚੰਡੀਗੜ੍ਹ :- ਸੈਕਟਰ-1 ਸਥਿਤ ਪੰਜਾਬ ਸਿਵਲ ਸਕੱਤਰੇਤ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਧਮਕੀ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਸਿਵਲ ਸਕੱਤਰੇਤ ਦੇ ਪੂਰੇ ਅਹਾਤੇ ਨੂੰ ਖਾਲੀ ਕਰਵਾ ਦਿੱਤਾ ਗਿਆ।

ਸਵੇਰੇ ਦਫ਼ਤਰ ਪਹੁੰਚੇ ਕਰਮਚਾਰੀਆਂ ਨੂੰ ਤੁਰੰਤ ਬਾਹਰ ਕੱਢਿਆ
ਸਵੇਰੇ ਕਰੀਬ 9 ਵਜੇ ਆਪਣੇ ਦਫ਼ਤਰੀ ਕੰਮ ਲਈ ਪਹੁੰਚੇ ਆਈਏਐਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਬਾਹਰ ਕੱਢ ਦਿੱਤਾ ਗਿਆ। ਕਿਸੇ ਵੀ ਸੰਭਾਵਿਤ ਖ਼ਤਰੇ ਤੋਂ ਬਚਾਅ ਲਈ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।

ਸੀ.ਆਰ.ਪੀ.ਐਫ਼. ਵੱਲੋਂ ਸਿਵਲ ਸਕੱਤਰੇਤ ਦੀ ਘੇਰਾਬੰਦੀ
ਧਮਕੀ ਮਿਲਣ ਤੋਂ ਬਾਅਦ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੇ ਸਕੱਤਰੇਤ ਦੇ ਚਾਰੋਂ ਪਾਸੇ ਮੋਰਚਾ ਸੰਭਾਲ ਲਿਆ। ਮੁੱਖ ਦਾਖ਼ਲਾ ਦਰਵਾਜ਼ਿਆਂ ’ਤੇ ਸਖ਼ਤ ਪਹਿਰਾ ਲਗਾਇਆ ਗਿਆ ਅਤੇ ਆਮ ਲੋਕਾਂ ਦੀ ਆਵਾਜਾਈ ’ਤੇ ਤੁਰੰਤ ਰੋਕ ਲਗਾ ਦਿੱਤੀ ਗਈ।

ਬੰਬ ਸਕੂਏਡ ਅਤੇ ਸੁਰੱਖਿਆ ਏਜੰਸੀਆਂ ਤਾਇਨਾਤ
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਬੰਬ ਸਕੂਏਡ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਸਕੱਤਰੇਤ ਦੇ ਹਰ ਫਲੋਰ, ਦਫ਼ਤਰ, ਕੌਰੀਡੋਰ ਅਤੇ ਪਾਰਕਿੰਗ ਏਰੀਆ ਦੀ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਿਸੇ ਵੀ ਸ਼ੱਕੀ ਵਸਤੂ ਨੂੰ ਲੈ ਕੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।

ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੁੱਟੀ
ਪੰਜਾਬ ਸਿਵਲ ਸਕੱਤਰੇਤ ਦੇ ਪ੍ਰਬੰਧਕੀ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬੰਬ ਧਮਕੀ ਦੇ ਚੱਲਦਿਆਂ ਅੱਜ ਲਈ ਸਾਰੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਅਗਲੇ ਹੁਕਮਾਂ ਤੱਕ ਕਿਸੇ ਨੂੰ ਵੀ ਦਫ਼ਤਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਈਮੇਲ ਦੀ ਜਾਂਚ ’ਚ ਜੁਟੀਆਂ ਜਾਂਚ ਏਜੰਸੀਆਂ
ਧਮਕੀ ਭੇਜਣ ਵਾਲੀ ਈਮੇਲ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਇਬਰ ਸੈੱਲ ਵੱਲੋਂ ਈਮੇਲ ਦੀ ਆਈਪੀ ਐਡਰੈੱਸ, ਸਰਵਰ ਲੋਕੇਸ਼ਨ ਅਤੇ ਭੇਜਣ ਵਾਲੇ ਦੇ ਸਰਾਗ ਖੰਗਾਲੇ ਜਾ ਰਹੇ ਹਨ।

ਹਾਲਾਤ ਪੂਰੀ ਤਰ੍ਹਾਂ ਸੁਰੱਖਿਆ ਏਜੰਸੀਆਂ ਦੇ ਕਾਬੂ ’ਚ
ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੁਣ ਤੱਕ ਕਿਸੇ ਵੀ ਸ਼ੱਕੀ ਸਮੱਗਰੀ ਦੀ ਪੁਸ਼ਟੀ ਨਹੀਂ ਹੋਈ। ਤਲਾਸ਼ੀ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੇ ਕਦਮ ਬਾਰੇ ਫੈਸਲਾ ਲਿਆ ਜਾਵੇਗਾ।

ਸਿਵਲ ਸਕੱਤਰੇਤ ਨੂੰ ਮਿਲੀ ਇਸ ਧਮਕੀ ਨੇ ਇੱਕ ਵਾਰ ਫਿਰ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

ਅਮਰੀਕਾ ’ਚ ਕੜਾਕੇ ਦੀ ਠੰਢ ਦਾ ਕਹਿਰ, 50 ਤੋਂ ਵੱਧ ਮੌਤਾਂ!

ਅਮਰੀਕਾ :- ਅਮਰੀਕਾ ਦੇ ਪੂਰਬੀ ਹਿੱਸੇ ਵਿੱਚ ਕੁਦਰਤ ਨੇ ਭਿਆਨਕ ਰੂਪ ਧਾਰ ਲਿਆ ਹੈ। ਲਗਾਤਾਰ ਆ ਰਹੇ ਬਰਫ਼ੀਲੇ ਤੂਫ਼ਾਨ ਅਤੇ ਅਸਹਿਨਸ਼ੀਲ ਠੰਢ ਕਾਰਨ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਠੰਢੀ ਲਹਿਰ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਲੰਬੀ ਅਤੇ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਟੈਕਸਾਸ ’ਚ ਤਿੰਨ ਮਾਸੂਮ ਭਰਾਵਾਂ ਦੀ ਦਰਦਨਾਕ ਮੌਤ
ਠੰਢ ਦੇ ਇਸ ਕਹਿਰ ਵਿਚ ਟੈਕਸਾਸ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜਮੀ ਹੋਈ ਝੀਲ ਦੀ ਸਤ੍ਹਾ ਅਚਾਨਕ ਟੁੱਟ ਗਈ, ਜਿਸ ਕਾਰਨ 6, 8 ਅਤੇ 9 ਸਾਲ ਦੇ ਤਿੰਨ ਸਕੇ ਭਰਾ ਬਰਫ਼ੀਲੇ ਪਾਣੀ ਵਿੱਚ ਡੁੱਬ ਗਏ। ਬਚਾਅ ਟੀਮਾਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਇਸੇ ਤਰ੍ਹਾਂ ਵਰਜੀਨੀਆ ਸੂਬੇ ਵਿੱਚ ਵੀ ਇੱਕ ਬੱਚੇ ਦੀ ਤਾਲਾਬ ਵਿੱਚ ਡਿੱਗਣ ਨਾਲ ਜਾਨ ਚਲੇ ਜਾਣ ਦੀ ਪੁਸ਼ਟੀ ਹੋਈ ਹੈ।

ਹਾਈਵੇਅ ਬਰਫ਼ ਦੀ ਚਾਦਰ ਹੇਠ, ਸੈਂਕੜੇ ਵਾਹਨ ਫਸੇ
ਮਿਸਿਸਿਪੀ ਸੂਬੇ ਵਿੱਚ ਭਾਰੀ ਬਰਫ਼ਬਾਰੀ ਨੇ ਆਵਾਜਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਇੰਟਰਸਟੇਟ–55 ਹਾਈਵੇਅ ਬਰਫ਼ ਦੀ ਮੋਟੀ ਪਰਤ ਨਾਲ ਢੱਕ ਗਿਆ, ਜਿਸ ਕਾਰਨ ਸੈਂਕੜੇ ਵਾਹਨ ਘੰਟਿਆਂ ਤੱਕ ਰਸਤੇ ਵਿੱਚ ਹੀ ਫਸੇ ਰਹੇ। ਗਵਰਨਰ ਟੇਟ ਰੀਵਜ਼ ਮੁਤਾਬਕ ਫਸੇ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਟੋ–ਟ੍ਰੱਕਾਂ ਅਤੇ ਡਰੋਨ ਤਾਇਨਾਤ ਕੀਤੇ ਗਏ ਹਨ।

ਲੱਖਾਂ ਘਰ ਹਨੇਰੇ ’ਚ, ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ
ਕੜਾਕੇ ਦੀ ਠੰਢ ਕਾਰਨ ਮਿਸਿਸਿਪੀ ਅਤੇ ਟੈਨਿਸੀ ਵਿੱਚ ਬਿਜਲੀ ਪ੍ਰਣਾਲੀ ਵੀ ਡਿੱਗ ਗਈ ਹੈ। ਦੋਵੇਂ ਰਾਜਾਂ ਵਿੱਚ ਕਰੀਬ 3.8 ਲੱਖ ਘਰ ਅਤੇ ਵਪਾਰਕ ਸਥਾਨ ਬਿਜਲੀ ਤੋਂ ਵੰਜੇ ਹੋ ਗਏ ਹਨ। ਨੈਸ਼ਵਿਲ ਸ਼ਹਿਰ ਵਿੱਚ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।

ਜ਼ਹਿਰੀਲੀ ਗੈਸ ਬਣੀ ਨਵੀਂ ਮੁਸੀਬਤ
ਬਿਜਲੀ ਨਾ ਹੋਣ ਕਾਰਨ ਲੋਕ ਘਰ ਗਰਮ ਕਰਨ ਲਈ ਜਨਰੇਟਰਾਂ ਅਤੇ ਗੈਸ ਹੀਟਰਾਂ ਦਾ ਸਹਾਰਾ ਲੈ ਰਹੇ ਹਨ। ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਫੈਲਣ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਨੈਸ਼ਵਿਲ ਦੇ ਇੱਕ ਹਸਪਤਾਲ ਵਿੱਚ ਹੁਣ ਤੱਕ 48 ਬੱਚਿਆਂ ਨੂੰ ਇਸ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਦਾਖ਼ਲ ਕਰਵਾਇਆ ਗਿਆ ਹੈ।

ਹੋਰ ਭਿਆਨਕ ਹੋ ਸਕਦੇ ਹਨ ਆਉਣ ਵਾਲੇ ਦਿਨ
ਅਮਰੀਕੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਵੀਕੈਂਡ ਦੌਰਾਨ ਆਰਕਟਿਕ ਖੇਤਰ ਤੋਂ ਆ ਰਹੀਆਂ ਬਰਫ਼ੀਲੀਆਂ ਹਵਾਵਾਂ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੀ ਚਪੇਟ ਵਿੱਚ ਲੈ ਲੈਣਗੀਆਂ। ਇਸ ਵਾਰ ਠੰਢ ਦਾ ਅਸਰ ਦੱਖਣੀ ਰਾਜ ਫਲੋਰਿਡਾ ਦੇ ਮਿਆਮੀ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ। ਕਈ ਸੂਬਿਆਂ ਵਿੱਚ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਪ੍ਰਸ਼ਾਸਨ ਵੱਲੋਂ ਸਖ਼ਤ ਅਪੀਲ
ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ, ਸਫ਼ਰ ਤੋਂ ਪਰਹੇਜ਼ ਕਰਨ ਅਤੇ ਹੀਟਰਾਂ ਦੀ ਵਰਤੋਂ ਦੌਰਾਨ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਅਮਰੀਕਾ ਇਸ ਵੇਲੇ ਭਿਆਨਕ ਸਰਦੀ ਦੇ ਸਭ ਤੋਂ ਖ਼ਤਰਨਾਕ ਦੌਰ ਵਿੱਚ ਦਾਖ਼ਲ ਹੋ ਚੁੱਕਾ ਹੈ।

ਕੋਲੰਬੀਆ ’ਚ ਜਹਾਜ਼ ਹਾਦਸਾ, 15 ਸਵਾਰਾਂ ਦੀ ਮੌਤ ਦੀ ਪੁਸ਼ਟੀ

ਕੋਲੰਬੀਆ :- ਕੋਲੰਬੀਆ ਵਿੱਚ ਬੁੱਧਵਾਰ ਤੋਂ ਲਾਪਤਾ ਹੋਇਆ ਬੀਚਕ੍ਰਾਫਟ 1900 ਜਹਾਜ਼ ਆਖ਼ਿਰਕਾਰ ਹਾਦਸਾਗ੍ਰਸਤ ਹਾਲਤ ਵਿੱਚ ਮਿਲ ਗਿਆ ਹੈ। ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਸਵਾਰ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਬਚ ਸਕੀ। ਜਹਾਜ਼ ਵਿੱਚ ਕੁੱਲ 15 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ 13 ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।

ਵੈਨੇਜ਼ੁਏਲਾ ਸਰਹੱਦ ਨੇੜੇ ਲੱਭਿਆ ਮਲਬਾ
ਵਪਾਰਕ ਜਹਾਜ਼ ਕੋਲੰਬੀਆ ਅਤੇ ਵੈਨੇਜ਼ੁਏਲਾ ਦੀ ਸਰਹੱਦ ਨਾਲ ਲੱਗਦੇ ਕੈਟੁੰਬੋ ਖੇਤਰ ਵਿੱਚ ਲਾਪਤਾ ਹੋਇਆ ਸੀ। ਬਾਅਦ ਵਿੱਚ ਬਚਾਅ ਟੀਮਾਂ ਨੇ ਇਸ ਦਾ ਮਲਬਾ ਪਹਾੜੀ ਅਤੇ ਘਣੇ ਜੰਗਲਾਂ ਵਾਲੇ ਇਲਾਕੇ ਤੋਂ ਬਰਾਮਦ ਕੀਤਾ। ਇਹ ਖੇਤਰ ਮਾੜੇ ਮੌਸਮ ਅਤੇ ਉੱਚੀਆਂ ਪਹਾੜੀਆਂ ਕਾਰਨ ਹਮੇਸ਼ਾ ਹੀ ਹਵਾਈ ਉਡਾਣਾਂ ਲਈ ਚੁਣੌਤੀਪੂਰਨ ਮੰਨਿਆ ਜਾਂਦਾ ਹੈ।

ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਟੁੱਟਿਆ ਸੰਪਰਕ
ਫਲਾਈਟ NSE 8849 ਨੇ ਬੁੱਧਵਾਰ ਸਵੇਰੇ 11 ਵਜੇ 42 ਮਿੰਟ ’ਤੇ ਕੁਕੁਟਾ ਸ਼ਹਿਰ ਤੋਂ ਉਡਾਣ ਭਰੀ ਸੀ। ਲੈਂਡਿੰਗ ਤੋਂ ਲਗਭਗ 11 ਮਿੰਟ ਪਹਿਲਾਂ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਅਚਾਨਕ ਟੁੱਟ ਗਿਆ, ਜਿਸ ਤੋਂ ਬਾਅਦ ਤੁਰੰਤ ਖੋਜ ਮੁਹਿੰਮ ਸ਼ੁਰੂ ਕੀਤੀ ਗਈ।

ਖੋਜ ਕਾਰਜ ਦੌਰਾਨ ਭਾਰੀ ਮੁਸ਼ਕਲਾਂ
ਕੋਲੰਬੀਆ ਦੀ ਏਅਰੋਸਪੇਸ ਫੋਰਸ ਅਤੇ ਸਿਵਲ ਏਵੀਏਸ਼ਨ ਅਥਾਰਟੀ ਵੱਲੋਂ ਹੈਲੀਕਾਪਟਰਾਂ ਅਤੇ ਜ਼ਮੀਨੀ ਟੀਮਾਂ ਰਾਹੀਂ ਖੋਜ ਚਲਾਈ ਗਈ। ਪਰ ਮਾੜੇ ਮੌਸਮ, ਸੰਘਣੇ ਜੰਗਲ ਅਤੇ ਪਹਾੜੀ ਰਸਤੇ ਹੋਣ ਕਾਰਨ ਬਚਾਅ ਕਾਰਜ ਕਾਫ਼ੀ ਔਖਾ ਸਾਬਤ ਹੋਇਆ।

ਸੰਸਦ ਮੈਂਬਰ ਅਤੇ ਚੋਣੀ ਉਮੀਦਵਾਰ ਵੀ ਸਨ ਸਵਾਰ
ਹਾਦਸੇ ਵਿੱਚ ਕੋਲੰਬੀਆ ਦੇ ਚੈਂਬਰ ਆਫ਼ ਡਿਪਟੀਜ਼ ਦੇ ਮੈਂਬਰ ਡਾਇਓਜੇਨਸ ਕੁਇੰਟੇਰੋ ਅਤੇ ਆਉਣ ਵਾਲੀਆਂ ਚੋਣਾਂ ਲਈ ਉਮੀਦਵਾਰ ਕਾਰਲੋਸ ਸਾਲਸੇਡੋ ਦੀ ਵੀ ਮੌਤ ਹੋ ਗਈ ਹੈ। ਇਸ ਖ਼ਬਰ ਨਾਲ ਦੇਸ਼ ਦੀ ਸਿਆਸਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਸੰਸਦ ਮੈਂਬਰਾਂ ਵੱਲੋਂ ਦੁੱਖ ਪ੍ਰਗਟ
ਸਥਾਨਕ ਸੰਸਦ ਮੈਂਬਰ ਵਿਲਮਰ ਕੈਰੀਲੋ ਨੇ ਕਿਹਾ ਕਿ ਜਹਾਜ਼ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੂਰਾ ਸੰਸਦ ਭਾਰੀ ਸਦਮੇ ਵਿੱਚ ਹੈ। ਉਨ੍ਹਾਂ ਆਖਿਆ ਕਿ ਡਾਇਓਜੇਨਸ ਕੁਇੰਟੇਰੋ ਅਤੇ ਕਾਰਲੋਸ ਸਾਲਸੇਡੋ ਲੋਕਾਂ ਨਾਲ ਜੁੜੇ ਹੋਏ ਨੇਤਾ ਸਨ, ਜਿਨ੍ਹਾਂ ਦੀ ਕਮੀ ਲੰਮੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ।

ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ
ਕੋਲੰਬੀਆ ਦੀ ਸਿਵਲ ਏਵੀਏਸ਼ਨ ਏਜੰਸੀ ਦੇ ਜਾਂਚ ਅਧਿਕਾਰੀ ਮਲਬੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਜਾਂ ਮਾੜੇ ਮੌਸਮ ਨੇ ਇਸ ਵਿੱਚ ਭੂਮਿਕਾ ਨਿਭਾਈ।

ਰਿਸ਼ਤੇਦਾਰਾਂ ਲਈ ਹੈਲਪਲਾਈਨ ਜਾਰੀ
ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 601-919-3333 ਜਾਰੀ ਕੀਤਾ ਗਿਆ ਹੈ, ਤਾਂ ਜੋ ਜਾਣਕਾਰੀ ਅਤੇ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾ ਸਕੇ।

ਪੰਜਾਬ ’ਚ ਮੁੜ ਵਧੀ ਠੰਢ, ਸੰਘਣੀ ਧੁੰਦ ਤੇ ਸੀਤ ਲਹਿਰ ਲਈ ਪੀਲਾ ਅਲਰਟ ਜਾਰੀ

ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਇਕ ਵਾਰ ਫਿਰ ਸਰਦ ਮੌਸਮ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਪਿਛਲੇ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਠੰਢ ਮੁੜ ਵਧ ਗਈ ਹੈ। ਮੌਸਮ ਵਿਭਾਗ ਵੱਲੋਂ ਵੀਰਵਾਰ ਲਈ ਸੰਘਣੀ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਤਾਪਮਾਨ ਵਧਿਆ ਪਰ ਆਮ ਤੋਂ ਹੇਠਾਂ ਹੀ ਕਾਇਮ
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਵੱਧ ਤੋਂ ਵੱਧ ਤਾਪਮਾਨ ਵਿੱਚ 3.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਹੀ ਬਣਿਆ ਹੋਇਆ ਹੈ। ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਅੰਮ੍ਰਿਤਸਰ ਵਿੱਚ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਠੰਢ ਨੇ ਲੋਕਾਂ ਦੀ ਮੁਸ਼ਕਲ ਵਧਾ ਦਿੱਤੀ ਹੈ।

ਬੁੱਧਵਾਰ ਨੂੰ ਧੁੰਦ ਨੇ ਕੀਤਾ ਜਨਜੀਵਨ ਪ੍ਰਭਾਵਿਤ
ਬੁੱਧਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਵੱਡੇ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਸਵੇਰੇ ਸਮੇਂ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਚੰਡੀਗੜ੍ਹ ਵਿੱਚ ਵਿਜ਼ੀਬਿਲਟੀ ਸਿਰਫ਼ 40 ਮੀਟਰ ਦਰਜ ਕੀਤੀ ਗਈ, ਜਦਕਿ ਬਠਿੰਡਾ ਵਿੱਚ 50 ਮੀਟਰ, ਫਰੀਦਕੋਟ ਵਿੱਚ 150 ਮੀਟਰ ਅਤੇ ਲੁਧਿਆਣਾ ਵਿੱਚ 190 ਮੀਟਰ ਤੱਕ ਦ੍ਰਿਸ਼ਟੀ ਰਹੀ। ਘੱਟ ਦ੍ਰਿਸ਼ਟੀ ਕਾਰਨ ਸੜਕਾਂ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅੰਮ੍ਰਿਤਸਰ ਤੇ ਫਰੀਦਕੋਟ ’ਚ ਸੀਤ ਲਹਿਰ ਦਾ ਅਸਰ
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਸੀਤ ਲਹਿਰ ਦਾ ਪ੍ਰਭਾਵ ਸਪਸ਼ਟ ਤੌਰ ’ਤੇ ਵੇਖਿਆ ਗਿਆ ਹੈ। ਸਵੇਰੇ ਅਤੇ ਰਾਤ ਦੇ ਸਮੇਂ ਠੰਢ ਕਾਫ਼ੀ ਤੇਜ਼ ਰਹੀ, ਜਿਸ ਨਾਲ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਨਜ਼ਰ ਆਏ।

31 ਜਨਵਰੀ ਤੋਂ ਮੌਸਮ ਬਦਲਣ ਦੇ ਆਸਾਰ
ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ 31 ਜਨਵਰੀ ਤੋਂ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ। 1 ਫਰਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ 31 ਜਨਵਰੀ ਅਤੇ 3 ਫਰਵਰੀ ਨੂੰ ਕੁਝ ਅਲੱਗ-ਥਲੱਗ ਥਾਵਾਂ ’ਤੇ ਹਲਕੀ ਵਰਖਾ ਹੋ ਸਕਦੀ ਹੈ, ਜਦਕਿ 2 ਫਰਵਰੀ ਨੂੰ ਵੀ ਰਾਜ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਉਮੀਦ ਬਣੀ ਹੋਈ ਹੈ।

ਅਗਲੇ ਦਿਨਾਂ ’ਚ ਰਾਤ ਦਾ ਤਾਪਮਾਨ ਹੋਵੇਗਾ ਹੋਰ ਘੱਟ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਆ ਸਕਦੀ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਤਾਪਮਾਨ ਵਿੱਚ 3 ਤੋਂ 5 ਡਿਗਰੀ ਦਾ ਵਾਧਾ ਦਰਜ ਹੋਣ ਦੀ ਸੰਭਾਵਨਾ ਹੈ।

ਕਈ ਜ਼ਿਲ੍ਹਿਆਂ ਲਈ ਧੁੰਦ ਤੇ ਸੀਤ ਲਹਿਰ ਦੀ ਚੇਤਾਵਨੀ
ਮੌਸਮ ਵਿਭਾਗ ਮੁਤਾਬਕ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਕੁਝ ਥਾਵਾਂ ’ਤੇ ਤੇਜ਼ ਸੀਤ ਲਹਿਰ ਚੱਲ ਸਕਦੀ ਹੈ। ਇਸਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਠੰਢ, ਧੁੰਦ ਅਤੇ ਆਉਣ ਵਾਲੀ ਬਾਰਿਸ਼ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਲੋੜ ਪੈਣ ’ਤੇ ਹੀ ਸਫ਼ਰ ਕਰਨ ਦੀ ਸਲਾਹ ਦਿੱਤੀ ਹੈ।