Home Blog Page 567

ਗ੍ਰਹਿ ਗਤੀ ਵਿੱਚ ਵਿਲੱਖਣ ਸੰਯੋਗ, ਆਉਣ ਵਾਲਾ ਹਫ਼ਤਾ ਇਹਨਾਂ ਰਾਸ਼ੀਆਂ ਲਈ ਬਣ ਸਕਦਾ ਹੈ ਲਾਭਦਾਇਕ

ਚੰਡੀਗੜ੍ਹ :- ਜੋਤਿਸ਼ ਵਿਦਿਆ ਨਾਲ ਜੁੜੇ ਮਾਹਿਰਾਂ ਦੇ ਅਨੁਸਾਰ 8 ਤੋਂ 14 ਮਾਰਚ ਤੱਕ ਦਾ ਸਮਾਂ ਗ੍ਰਹਿਆਂ ਦੀ ਚਾਲ ਕਾਰਨ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਬੁਧਾਦਿੱਤਿਆ ਅਤੇ ਮੰਗਲ ਆਦਿੱਤਿਆ ਵਰਗੇ ਰਾਜਯੋਗ ਬਣ ਰਹੇ ਹਨ, ਜਦਕਿ ਮੀਨ ਰਾਸ਼ੀ ਵਿੱਚ ਸ਼ਨੀ ਅਤੇ ਸ਼ੁੱਕਰ ਦੀ ਇਕੱਠੀ ਸਥਿਤੀ ਵੀ ਬਣੀ ਰਹੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਜੋਤਿਸ਼ੀ ਹਾਲਾਤ ਸਾਰੀਆਂ ਬਾਰ੍ਹਾਂ ਰਾਸ਼ੀਆਂ ਦੇ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰਭਾਵ ਛੱਡ ਸਕਦੇ ਹਨ।

ਕੁਝ ਰਾਸ਼ੀਆਂ ਲਈ ਖੁੱਲ੍ਹ ਸਕਦੇ ਹਨ ਤਰੱਕੀ ਦੇ ਰਸਤੇ
ਜੋਤਿਸ਼ੀ ਅਨੁਮਾਨਾਂ ਮੁਤਾਬਕ ਇਸ ਹਫ਼ਤੇ ਖਾਸ ਤੌਰ ‘ਤੇ ਮੇਖ, ਸਿੰਘ, ਕੰਨਿਆ ਅਤੇ ਕੁੰਭ ਰਾਸ਼ੀ ਨਾਲ ਸੰਬੰਧਿਤ ਲੋਕਾਂ ਲਈ ਵਿੱਤੀ ਅਤੇ ਪੇਸ਼ੇਵਰ ਪੱਖੋਂ ਚੰਗੇ ਨਤੀਜੇ ਮਿਲਣ ਦੇ ਸੰਕੇਤ ਹਨ। ਨੌਕਰੀ ਅਤੇ ਕਾਰੋਬਾਰ ਵਿੱਚ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਸਕਦੇ ਹਨ।

ਮੇਖ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਲਈ ਕਰੀਅਰ ਨਾਲ ਜੁੜੀਆਂ ਕੁਝ ਚੰਗੀਆਂ ਖ਼ਬਰਾਂ ਆ ਸਕਦੀਆਂ ਹਨ। ਕੰਮ ਵਿੱਚ ਪ੍ਰਦਰਸ਼ਨ ਬਿਹਤਰ ਹੋਣ ਦੀ ਸੰਭਾਵਨਾ ਹੈ ਅਤੇ ਧਨ ਸੰਬੰਧੀ ਹਾਲਾਤ ਵੀ ਮਜ਼ਬੂਤ ਰਹਿ ਸਕਦੇ ਹਨ।

ਬ੍ਰਿਖ ਰਾਸ਼ੀ
ਦਫ਼ਤਰ ਵਿੱਚ ਕੀਤੀ ਮਿਹਨਤ ਦੀ ਕਦਰ ਹੋ ਸਕਦੀ ਹੈ। ਉੱਚ ਅਧਿਕਾਰੀਆਂ ਵੱਲੋਂ ਤੁਹਾਡੇ ਕੰਮ ਦੀ ਸ਼ਲਾਘਾ ਹੋਣ ਦੇ ਸੰਕੇਤ ਹਨ, ਪਰ ਭਰੋਸੇ ਦੇ ਮਾਮਲੇ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ।

ਮਿਥੁਨ ਰਾਸ਼ੀ
ਲੰਮੇ ਸਮੇਂ ਤੋਂ ਰੁਕਿਆ ਹੋਇਆ ਧਨ ਵਾਪਸ ਮਿਲ ਸਕਦਾ ਹੈ। ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਸਾਵਧਾਨੀ ਰੱਖਣਾ ਬਿਹਤਰ ਰਹੇਗਾ।

ਕਰਕ ਰਾਸ਼ੀ
ਜਾਇਦਾਦ ਨਾਲ ਸੰਬੰਧਿਤ ਮਾਮਲਿਆਂ ਲਈ ਇਹ ਸਮਾਂ ਅਨੁਕੂਲ ਮੰਨਿਆ ਜਾ ਰਿਹਾ ਹੈ। ਸੋਚ-ਵਿਚਾਰ ਨਾਲ ਕੀਤਾ ਨਿਵੇਸ਼ ਭਵਿੱਖ ਵਿੱਚ ਲਾਭਦਾਇਕ ਹੋ ਸਕਦਾ ਹੈ।

ਸਿੰਘ ਰਾਸ਼ੀ
ਕੰਮਕਾਜ ਵਿੱਚ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਜੋ ਤੁਹਾਡੀ ਯੋਗਤਾ ਨੂੰ ਦਰਸਾਉਣ ਦਾ ਮੌਕਾ ਦੇਣਗੀਆਂ। ਆਮਦਨ ਵਧਣ ਦੀ ਸੰਭਾਵਨਾ ਹੈ, ਹਾਲਾਂਕਿ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਰਹੇਗਾ।

ਕੰਨਿਆ ਰਾਸ਼ੀ
ਕਰੀਅਰ ਵਿੱਚ ਅੱਗੇ ਵਧਣ ਦੇ ਮੌਕੇ ਬਣ ਸਕਦੇ ਹਨ। ਨਿੱਜੀ ਜੀਵਨ ਵਿੱਚ ਵੀ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਹੋ ਸਕਦਾ ਹੈ।

ਤੁਲਾ ਰਾਸ਼ੀ
ਪਰਿਵਾਰਕ ਸਹਿਯੋਗ ਮਿਲਣ ਨਾਲ ਕਈ ਕੰਮ ਆਸਾਨੀ ਨਾਲ ਪੂਰੇ ਹੋ ਸਕਦੇ ਹਨ। ਸਿਹਤ ਅਤੇ ਆਰਥਿਕ ਪੱਖ ਦੋਵੇਂ ਹੀ ਸੰਤੁਲਿਤ ਰਹਿਣ ਦੀ ਉਮੀਦ ਹੈ।

ਬ੍ਰਿਸ਼ਚਕ ਰਾਸ਼ੀ
ਕੰਮਕਾਜ ਵਿੱਚ ਅਨੁਸ਼ਾਸਨ ਅਤੇ ਧੀਰਜ ਬਣਾਈ ਰੱਖਣ ਨਾਲ ਲਾਭ ਹੋ ਸਕਦਾ ਹੈ। ਖਰਚਿਆਂ ‘ਤੇ ਨਿਯੰਤਰਣ ਰੱਖਣਾ ਵੀ ਜ਼ਰੂਰੀ ਰਹੇਗਾ।

ਧਨੁ ਰਾਸ਼ੀ
ਦਫ਼ਤਰ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਧਨ ਲਾਭ ਦੇ ਨਾਲ-ਨਾਲ ਕੰਮ ਵਾਲੀ ਥਾਂ ‘ਤੇ ਖੁਸ਼ਗਵਾਰ ਮਾਹੌਲ ਬਣ ਸਕਦਾ ਹੈ।

ਮਕਰ ਰਾਸ਼ੀ
ਧਨ ਸੰਬੰਧੀ ਮਾਮਲਿਆਂ ਵਿੱਚ ਕੁਝ ਉਤਾਰ-ਚੜ੍ਹਾਅ ਰਹਿ ਸਕਦਾ ਹੈ, ਪਰ ਨਿੱਜੀ ਜੀਵਨ ਵਿੱਚ ਸੁਖਦਾਈ ਹਾਲਾਤ ਬਣੇ ਰਹਿਣਗੇ।

ਕੁੰਭ ਰਾਸ਼ੀ
ਕਰੀਅਰ ਦੇ ਮੈਦਾਨ ਵਿੱਚ ਤਰੱਕੀ ਦੇ ਸੰਕੇਤ ਹਨ। ਖ਼ਾਸ ਕਰਕੇ ਗਰਭਵਤੀ ਮਹਿਲਾਵਾਂ ਨੂੰ ਸਫ਼ਰ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਮੀਨ ਰਾਸ਼ੀ
ਵਿੱਤੀ ਹਾਲਾਤਾਂ ਵਿੱਚ ਸੁਧਾਰ ਦੇ ਸੰਕੇਤ ਹਨ ਅਤੇ ਨਵੇਂ ਨਿਵੇਸ਼ ਦੀਆਂ ਸੰਭਾਵਨਾਵਾਂ ਵੀ ਬਣ ਸਕਦੀਆਂ ਹਨ। ਟੀਮ ਦੇ ਸਾਥੀਆਂ ਨਾਲ ਸਹਿਯੋਗੀ ਰਵੱਈਆ ਰੱਖਣਾ ਲਾਭਦਾਇਕ ਰਹੇਗਾ।

ਨੋਟ – ਇਹ ਸਾਰੀ ਜਾਣਕਾਰੀ ਜੋਤਿਸ਼ੀ ਅਨੁਮਾਨਾਂ ‘ਤੇ ਆਧਾਰਿਤ ਹੈ ਅਤੇ ਇਸਨੂੰ ਆਮ ਰੁਝਾਨਾਂ ਵਜੋਂ ਹੀ ਦੇਖਣਾ ਚਾਹੀਦਾ ਹੈ।

ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਚੰਡੀਗੜ੍ਹ :- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਜਾਣਕਾਰੀ ਦੇ ਮਿਲਦੇ ਹੀ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਵਿੱਚ ਤੁਰੰਤ ਹਲਚਲ ਮਚ ਗਈ ਅਤੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਧਮਕੀ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਕਾਫ਼ੀ ਕੜੇ ਕਰ ਦਿੱਤੇ ਗਏ ਹਨ।

ਚੰਡੀਗੜ੍ਹ ਵਿੱਚ ਵਧਾਈ ਗਈ ਸੁਰੱਖਿਆ ਅਤੇ ਚੈਕਿੰਗ
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸ਼ਹਿਰ ਦੇ ਕਈ ਮਹੱਤਵਪੂਰਨ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖਾਸ ਕਰਕੇ ਸੰਵੇਦਨਸ਼ੀਲ ਥਾਵਾਂ ‘ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਸ਼ੱਕੀ ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਆਸ-ਪਾਸ ਦੇ ਖੇਤਰਾਂ ਵਿੱਚ ਵੀ ਪੁਲਿਸ ਵੱਲੋਂ ਤਲਾਸ਼ੀ ਕਾਰਵਾਈ ਕੀਤੀ ਜਾ ਰਹੀ ਹੈ।

ਵਿਧਾਨ ਸਭਾ ਦੇ ਨੇੜੇ ਪੁਲਿਸ ਦੀ ਤੈਨਾਤੀ ਵਧਾਈ
ਅਧਿਕਾਰੀਆਂ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਵਿਧਾਨ ਸਭਾ ਇਲਾਕੇ ਦੇ ਆਲੇ-ਦੁਆਲੇ ਪੁਲਿਸ ਬਲ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਲਾਕੇ ਵਿੱਚ ਆਉਣ-ਜਾਣ ਵਾਲੇ ਵਾਹਨਾਂ ਅਤੇ ਲੋਕਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ।

ਧਮਕੀ ਦੇ ਸਰੋਤ ਦੀ ਜਾਂਚ ਜਾਰੀ
ਫਿਲਹਾਲ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਧਮਕੀ ਦੇ ਪਿੱਛੇ ਕੌਣ ਹੈ ਅਤੇ ਇਹ ਜਾਣਕਾਰੀ ਕਿੱਥੋਂ ਆਈ ਹੈ, ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜਲਦ ਹੀ ਸੱਚਾਈ ਸਾਹਮਣੇ ਆਉਣ ਦੀ ਉਮੀਦ ਹੈ।

ਕੈਨੇਡਾ ਦਾ ਵੱਡਾ ਐਲਾਨ: ਕਰੀਬ 33 ਹਜ਼ਾਰ ਵਿਦੇਸ਼ੀ ਵਰਕਰਾਂ ਨੂੰ ਮਿਲ ਸਕਦਾ ਹੈ ਸਥਾਈ ਨਿਵਾਸੀ ਦਰਜਾ

ਕੈਨੇਡਾ :- ਕੈਨੇਡਾ ਵਿੱਚ ਸਥਾਈ ਨਿਵਾਸ ਹਾਸਲ ਕਰਨ ਦੀ ਉਮੀਦ ਰੱਖਣ ਵਾਲਿਆਂ ਲਈ ਇੱਕ ਮਹੱਤਵਪੂਰਨ ਵਿਕਾਸ ਸਾਹਮਣੇ ਆਇਆ ਹੈ। ਕੈਨੇਡਾ ਸਰਕਾਰ ਵੱਲੋਂ ਕਰੀਬ 33 ਹਜ਼ਾਰ ਵਿਦੇਸ਼ੀ ਕਰਮਚਾਰੀਆਂ ਨੂੰ ਸਥਾਈ ਨਿਵਾਸੀ ਦਰਜਾ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਕਦਮ ਨਾਲ ਉਹ ਭਾਰਤੀ ਕਰਮਚਾਰੀ ਵੀ ਲਾਭ ਪ੍ਰਾਪਤ ਕਰ ਸਕਦੇ ਹਨ ਜੋ ਇਸ ਸਮੇਂ ਕੈਨੇਡਾ ਵਿੱਚ ਵਰਕ ਪਰਮਿਟ ਦੇ ਆਧਾਰ ‘ਤੇ ਕੰਮ ਕਰ ਰਹੇ ਹਨ ਅਤੇ ਭਵਿੱਖ ਵਿੱਚ ਉੱਥੇ ਪੱਕੇ ਤੌਰ ‘ਤੇ ਵੱਸਣਾ ਚਾਹੁੰਦੇ ਹਨ।

ਭਾਰਤੀ ਵਿਦਿਆਰਥੀਆਂ ਲਈ ਵੀ ਖੁੱਲ੍ਹ ਸਕਦੇ ਹਨ ਰਸਤੇ
ਇਹ ਯੋਜਨਾ ਉਹਨਾਂ ਭਾਰਤੀ ਵਿਦਿਆਰਥੀਆਂ ਲਈ ਵੀ ਮੌਕੇ ਪੈਦਾ ਕਰ ਸਕਦੀ ਹੈ ਜੋ ਉੱਚ ਸਿੱਖਿਆ ਲਈ ਕੈਨੇਡਾ ਗਏ ਹੋਏ ਹਨ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ‘ਤੇ ਨੌਕਰੀ ਕਰ ਰਹੇ ਹਨ। ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਗੇ ਡਾਇਬ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਇਸ ਨਾਲ ਜੁੜੀ ਵਿਸਥਾਰਿਤ ਜਾਣਕਾਰੀ ਅਪ੍ਰੈਲ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ।

ਦੋ ਸਾਲ ਤੱਕ ਚੱਲੇਗੀ ਯੋਜਨਾ
ਸਰਕਾਰੀ ਸਰੋਤਾਂ ਮੁਤਾਬਕ ਇਹ ਸਕੀਮ ਦੋ ਸਾਲ ਦੀ ਮਿਆਦ ਲਈ ਲਾਗੂ ਰਹੇਗੀ। ਇਸ ਦਾ ਮਕਸਦ ਉਹਨਾਂ ਵਿਦੇਸ਼ੀ ਕਰਮਚਾਰੀਆਂ ਨੂੰ ਸਥਾਈ ਤੌਰ ‘ਤੇ ਕੈਨੇਡਾ ਵਿੱਚ ਵਸਾਉਣਾ ਹੈ ਜੋ ਉੱਥੇ ਦੀਆਂ ਸਭ ਤੋਂ ਜ਼ਰੂਰੀ ਉਦਯੋਗਿਕ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਸਰਕਾਰ ਖਾਸ ਤੌਰ ‘ਤੇ ਐਸੇ ਵਰਕਰਾਂ ਨੂੰ ਪੇਂਡੂ ਅਤੇ ਘੱਟ ਆਬਾਦੀ ਵਾਲੇ ਇਲਾਕਿਆਂ ਵਿੱਚ ਵਸਾਉਣ ‘ਤੇ ਧਿਆਨ ਦੇ ਰਹੀ ਹੈ ਤਾਂ ਜੋ ਉਥੇ ਦੀ ਮਜ਼ਦੂਰੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

ਅਰਜ਼ੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਜਲਦ
ਹਾਲਾਂਕਿ ਇਸ ਯੋਜਨਾ ਅਧੀਨ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਪੂਰੀ ਪ੍ਰਕਿਰਿਆ ਅਤੇ ਯੋਗਤਾ ਦੀਆਂ ਸ਼ਰਤਾਂ ਹਜੇ ਤੱਕ ਜਨਤਕ ਨਹੀਂ ਕੀਤੀਆਂ ਗਈਆਂ, ਪਰ ਉਮੀਦ ਹੈ ਕਿ ਅਗਲੇ ਮਹੀਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਜਾਰੀ ਕੀਤੀ ਜਾਵੇਗੀ। ਇਸ ਯੋਜਨਾ ਨੂੰ ਅਕਸਰ ‘ਟੀ ਆਰ ਤੋਂ ਪੀ ਆਰ ਰਾਹ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਵਿੱਚ ਅਸਥਾਈ ਨਿਵਾਸੀ ਸ਼ਾਮਲ ਹੁੰਦੇ ਹਨ।

ਕੁਝ ਖੇਤਰਾਂ ਵਿੱਚ ਵਰਕਰਾਂ ਦੀ ਵੱਧ ਮੰਗ
ਮਾਹਿਰਾਂ ਦੇ ਅਨੁਸਾਰ ਕੈਨੇਡਾ ਵਿੱਚ ਇਸ ਸਮੇਂ ਸਿਹਤ ਸੇਵਾਵਾਂ, ਤਕਨੀਕੀ ਖੇਤਰ ਅਤੇ ਵੱਖ-ਵੱਖ ਕੌਸ਼ਲ ਅਧਾਰਿਤ ਧੰਧਿਆਂ ਵਿੱਚ ਕਰਮਚਾਰੀਆਂ ਦੀ ਸਭ ਤੋਂ ਵੱਧ ਲੋੜ ਹੈ। ਜਿਹੜੇ ਲੋਕ ਇਨ੍ਹਾਂ ਖੇਤਰਾਂ ਵਿੱਚ ਤਜਰਬਾ ਰੱਖਦੇ ਹਨ, ਉਨ੍ਹਾਂ ਲਈ ਸਥਾਈ ਨਿਵਾਸ ਹਾਸਲ ਕਰਨ ਦੇ ਮੌਕੇ ਹੋਰ ਵੱਧ ਸਕਦੇ ਹਨ।

ਜ਼ਰੂਰੀ ਦਸਤਾਵੇਜ਼ ਪਹਿਲਾਂ ਤੋਂ ਤਿਆਰ ਕਰਨ ਦੀ ਸਲਾਹ
ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਪਹਿਲਾਂ ਹੀ ਆਪਣੇ ਲੋੜੀਂਦੇ ਦਸਤਾਵੇਜ਼ ਤਿਆਰ ਰੱਖਣ। ਇਨ੍ਹਾਂ ਵਿੱਚ ਭਾਸ਼ਾ ਟੈਸਟ ਦੇ ਨਤੀਜੇ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਪੜ੍ਹਾਈ ਨਾਲ ਸੰਬੰਧਿਤ ਡਿਗਰੀਆਂ ਜਾਂ ਮੁਲਾਂਕਣ ਸਰਟੀਫਿਕੇਟ, ਯਾਤਰਾ ਦਾ ਰਿਕਾਰਡ ਅਤੇ ਨੌਕਰੀ ਨਾਲ ਜੁੜੇ ਦਸਤਾਵੇਜ਼ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਵਰਕ ਪਰਮਿਟ, ਤਨਖ਼ਾਹ ਸਬੰਧੀ ਰਿਕਾਰਡ ਅਤੇ ਨੌਕਰੀ ਦੇ ਕਰਾਰ ਵੀ ਲੋੜੀਂਦੇ ਹੋ ਸਕਦੇ ਹਨ।

ਪਛਾਣ ਸੰਬੰਧੀ ਦਸਤਾਵੇਜ਼ ਵੀ ਹੋ ਸਕਦੇ ਹਨ ਲਾਜ਼ਮੀ
ਅਰਜ਼ੀ ਦੌਰਾਨ ਪਛਾਣ ਸਾਬਤ ਕਰਨ ਲਈ ਪਾਸਪੋਰਟ, ਜਨਮ ਸਰਟੀਫਿਕੇਟ ਅਤੇ ਵਿਆਹ ਨਾਲ ਜੁੜੇ ਕਾਗਜ਼ਾਤ ਵੀ ਮੰਗੇ ਜਾ ਸਕਦੇ ਹਨ। ਪੂਰੀ ਯੋਜਨਾ ਦੀ ਵਿਸਥਾਰਿਤ ਜਾਣਕਾਰੀ ਅਪ੍ਰੈਲ ਮਹੀਨੇ ਵਿੱਚ ਜਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਕੈਨੇਡਾ ਵਿੱਚ ਕੰਮ ਕਰ ਰਹੇ ਕਈ ਵਿਦੇਸ਼ੀ ਕਰਮਚਾਰੀਆਂ ਲਈ ਨਵੇਂ ਰਸਤੇ ਖੁੱਲ੍ਹ ਸਕਦੇ ਹਨ।

ਗਰਮੀ ਨੇ ਮਾਰਚ ਦੇ ਸ਼ੁਰੂ ‘ਚ ਹੀ ਵਧਾਈ ਬਿਜਲੀ ਦੀ ਮੰਗ, 8 ਹਜ਼ਾਰ ਮੈਗਾਵਾਟ ਦੇ ਨੇੜੇ ਪੁੱਜੀ ਖਪਤ

ਪੰਜਾਬ ਤੇ ਚੰਡੀਗੜ੍ਹ ‘ਚ ਗਰਮੀ ਨੇ ਫੜੀ ਰਫ਼ਤਾਰ, ਤਾਪਮਾਨ ਵਧਿਆ, 13 ਮਾਰਚ ਤੱਕ ਮੌਸਮ ਖੁਸ਼ਕ ਰਹਿਣ ਦੇ ਅਸਾਰ

ਗਮਾਡਾ ਦੀ ਈ-ਆਕਸ਼ਨ ਨੂੰ ਮਿਲਿਆ ਭਰਪੂਰ ਸਮਰਥਨ, 3136 ਕਰੋੜ ਤੋਂ ਵੱਧ ਦੀ ਕਮਾਈ

ਚੰਡੀਗੜ੍ਹ :- ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਇਸ ਸਾਲ ਕਰਵਾਈ ਗਈ ਪਹਿਲੀ ਆਨਲਾਈਨ ਨੀਲਾਮੀ ਨੂੰ ਨਿਵੇਸ਼ਕਾਂ ਵੱਲੋਂ ਉਮੀਦ ਤੋਂ ਵੱਧ ਪ੍ਰਤੀਕਿਰਿਆ ਮਿਲੀ ਹੈ। ਸ਼ੁੱਕਰਵਾਰ ਅੱਧੀ ਰਾਤ ਨੂੰ ਇਹ ਪ੍ਰਕਿਰਿਆ ਸਫਲਤਾਪੂਰਵਕ ਮੁਕੰਮਲ ਹੋ ਗਈ, ਜਿਸ ਦੌਰਾਨ ਮੋਹਾਲੀ ਦੀ ਜਾਇਦਾਦ ਵਿੱਚ ਵੱਡੇ ਪੱਧਰ ‘ਤੇ ਪੂੰਜੀ ਲਗਾਈ ਗਈ। ਇਸ ਨੀਲਾਮੀ ਰਾਹੀਂ ਕਈ ਨਿਵੇਸ਼ਕਾਂ ਨੇ ਕਰੋੜਾਂ ਰੁਪਏ ਦੀ ਬੋਲੀ ਲਗਾ ਕੇ ਜਾਇਦਾਦਾਂ ਖਰੀਦਣ ਵਿੱਚ ਦਿਲਚਸਪੀ ਦਿਖਾਈ।

 

ਕੌਮਾਂਤਰੀ ਮਹਿਲਾ ਦਿਵਸ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸੰਦੇਸ਼, ਮਹਿਲਾਵਾਂ ਦੀ ਤਾਕਤ ਨੂੰ ਕੀਤਾ ਨਮਨ

ਚੰਡੀਗੜ੍ਹ :- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਦੇਸ਼ ਅਤੇ ਰਾਜ ਦੀਆਂ ਸਾਰੀਆਂ ਮਹਿਲਾਵਾਂ ਨੂੰ ਵਧਾਈ ਸੰਦੇਸ਼ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਇਹ ਦਿਨ ਸਮਾਜ ਵਿੱਚ ਮਹਿਲਾਵਾਂ ਦੇ ਯੋਗਦਾਨ, ਉਨ੍ਹਾਂ ਦੀ ਹਿੰਮਤ ਅਤੇ ਉਪਲਬਧੀਆਂ ਨੂੰ ਸਲਾਮ ਕਰਨ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਆਪਣੀ ਮਜ਼ਬੂਤ ਇੱਛਾ ਸ਼ਕਤੀ, ਹੌਸਲੇ ਅਤੇ ਅਗਵਾਈ ਰਾਹੀਂ ਹਰ ਰੋਜ਼ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ ਅਤੇ ਉਨ੍ਹਾਂ ਦੀ ਪ੍ਰੇਰਣਾ ਨਾਲ ਸਮਾਜ ਅੱਗੇ ਵੱਧ ਰਿਹਾ ਹੈ।

ਮਹਿਲਾ ਸਸ਼ਕਤੀਕਰਨ ਲਈ ਸਰਕਾਰ ਦੀ ਵਚਨਬੱਧਤਾ
ਵਿੱਤ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਤਰੱਕੀ ਤੋਂ ਬਿਨਾਂ ਸਮਾਜ ਦੀ ਸੰਪੂਰਨ ਉੱਨਤੀ ਸੰਭਵ ਨਹੀਂ। ਉਨ੍ਹਾਂ ਦੱਸਿਆ ਕਿ ਮਹਿਲਾ ਦਿਵਸ ਵਰਗੇ ਮਹੱਤਵਪੂਰਨ ਦਿਨ ‘ਤੇ ਆਪਣਾ ਪੰਜਵਾਂ ਬਜਟ ਪੇਸ਼ ਕਰਨਾ ਉਨ੍ਹਾਂ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਮਹਿਲਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਸਮਾਜ ਵਿੱਚ ਸਮਾਨ ਮੌਕੇ ਪ੍ਰਦਾਨ ਕਰਨ ਦੀ ਸਰਕਾਰ ਦੀ ਪੱਕੀ ਨੀਤੀ ਨੂੰ ਦਰਸਾਉਂਦਾ ਹੈ। ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨ ਕਰਦੀ ਰਹੇਗੀ।

ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਡਰੱਗ ਇੰਸਪੈਕਟਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਐਫ.ਡੀ.ਏ. ਡਰੱਗ ਵਿੰਗ, ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਬਠਿੰਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਰੈਡੀਨੈਕਸ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਟਿਡ ਕੰਪਨੀ, ਬਠਿੰਡਾ ਦਾ ਡਾਇਰੈਕਟਰ ਹੈ ਅਤੇ ਉਸਦੀ ਕੰਪਨੀ ਸਾਲ 2020 ਤੋਂ ਐਲੋਪੈਥਿਕ ਦਵਾਈਆਂ ਬਣਾ ਰਹੀ ਹੈ। ਮੁਲਜ਼ਮ ਡਰੱਗ ਇੰਸਪੈਕਟਰ ਨੇ ਰੇਡ ਤੋਂ ਬਾਅਦ ਉਸਦੀ ਕੰਪਨੀ ਨੂੰ ਸੀਲ ਕਰ ਦਿੱਤਾ ਸੀ। ਇਸ ਸਬੰਧ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਡਰੱਗ ਇੰਸਪੈਕਟਰ ਉਸਦੀ ਕੰਪਨੀ ਤੋਂ ਸੀਲ ਹਟਾਉਣ ਬਦਲੇ ਉਸ ਤੋਂ ਦੋ ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਮੰਗ ਰਿਹਾ ਹੈ।

ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਦੇਣ ਦਾ ਇਰਾਦਾ ਨਾ ਹੋਣ ਕਰਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ, ਬਠਿੰਡਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਡਰੱਗ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਭਗਵੰਤ ਮਾਨ ਸਰਕਾਰ ਵੱਲੋਂ ਪ੍ਰਗਤੀਸ਼ੀਲ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ-2026 ਲਾਂਚ, ਨਿਵੇਸ਼ ਤੇ ਰੁਜ਼ਗਾਰ ਨੂੰ ਮਿਲੇਗੀ ਤਾਕਤ

  • ਚੰਡੀਗੜ੍ਹ: ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ -2026 ਦੀ ਸ਼ੁਰੂਆਤ ਦੇ ਨਾਲ ਪੰਜਾਬ ਨੇ ਅੱਜ ਆਪਣੇ ਉਦਯੋਗਿਕ ਵਿਕਾਸ ਦੇ ਰਾਹ ਨੂੰ ਹੋਰ ਮਜ਼ਬੂਤ ਕਰਨ ਵੱਲ ਕਦਮ ਚੁੱਕਿਆ ਹੈ, ਜੋ ਪੰਜਾਬ ਭਰ ਵਿੱਚ ਉਦਯੋਗਿਕ ਵਿਸਥਾਰ ਵਿੱਚ ਤੇਜ਼ੀ ਲਿਆਉਣ , ਵੱਡੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਉਲੀਕਿਆ ਵਿਆਪਕ ਢਾਂਚਾ ਹੈ। ਇਸ ਨੀਤੀ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਮੌਜੂਦਗੀ ਵਿੱਚ ਕੀਤਾ।

    ਇਸ ਸਮਾਗਮ ਵਿੱਚ ਲਗਭਗ 200 ਪ੍ਰਮੁੱਖ ਉਦਯੋਗਪਤੀਆਂ ਅਤੇ ਕਈ ਖੇਤਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜੋ ਕਿ ਪੰਜਾਬ ਦੇ ਉਦਯੋਗਿਕ ਭਵਿੱਖ ਵਿੱਚ ਮਜ਼ਬੂਤ ਉਦਯੋਗਿਕ ਦਿਲਚਸਪੀ ਅਤੇ ਭਰੋਸੇ ਦਾ ਸਪੱਸ਼ਟ ਸਬੂਤ ਹੈ।

    ਨੀਤੀ ਨੂੰ ਦੇਸ਼ ਦੇ ਸਭ ਤੋਂ ਪ੍ਰਗਤੀਸ਼ੀਲ ਉਦਯੋਗਿਕ ਨੀਤੀ ਢਾਂਚੇ ਵਿੱਚੋਂ ਇੱਕ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ  ਮਿਸਾਲੀ ਪਹਿਲਕਦਮੀ ਨਿਰਮਾਣ, ਸੇਵਾਵਾਂ ਅਤੇ ਉੱਭਰ ਰਹੇ ਤਕਨਾਲੋਜੀ ਖੇਤਰਾਂ ਲਈ ਇੱਕ ਮੋਹਰੀ ਸਥਾਨ ਵਜੋਂ ਪੰਜਾਬ ਦੀ ਸਥਿਤੀ ਨੂੰ ਹੋਰ ਪਕੇਰਾ ਕਰੇਗੀ।

    ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ -2026 ਪੰਜਾਬ ਨੂੰ ਭਾਰਤ ਵਿੱਚ ਸਭ ਤੋਂ ਆਕਰਸ਼ਕ ਨਿਵੇਸ਼ ਸਥਾਨਾਂ ਵਿੱਚੋਂ ਇੱਕ ਬਣਾਉਣ ਦੇ ਉਦੇਸ਼ ਨਾਲ ਪ੍ਰੋਤਸਾਹਨ ਅਤੇ ਸੁਧਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪੇਸ਼ ਕਰਦੀ ਹੈ।

    ਨੀਤੀ ਦੇ ਮੁੱਖ ਨੁਕਤੇ :

     ਵੱਖ-ਵੱਖ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕੋ ਸਮੇਂ ਐਲਾਨੀਆਂ ਗਈਆਂ 24 ਖੇਤਰ-ਵਿਸ਼ੇਸ਼ ਨੀਤੀਆਂ ਵਾਲੀ ਵਿਆਪਕ ਉਦਯੋਗਿਕ ਨੀਤੀ।

     ਨਿਵੇਸ਼ਕ ਆਪਣੀਆਂ ਨਿਵੇਸ਼ ਯੋਜਨਾਵਾਂ ਮੁਤਾਬਿਕ 20 ਵੱਖ-ਵੱਖ ਪ੍ਰੋਤਸਾਹਨਾਂ ਵਿੱਚੋਂ ਆਪਣੇ ਲਈ ਲਾਹੇਵੰਦ ਪ੍ਰੋਤਸਾਹਨ ਪੈਕੇਜ ਚੁਣਨ ਦੀ ਆਜ਼ਾਦੀ।

    ਪੰਜਾਬ ਵਿੱਚ ਯੋਗ ਉਦਯੋਗਾਂ ਲਈ ਪਹਿਲੀ ਵਾਰ ਪੂੰਜੀ ਸਬਸਿਡੀ ਸ਼ੁਰੂ ਕੀਤੀ ਗਈ।

     ਨੀਤੀ  ਤਹਿਤ ਕਈ ਪ੍ਰੋਤਸਾਹਨਾਂ ਦੇ ਸੁਮੇਲ ਰਾਹੀਂ ਸਥਿਰ ਪੂੰਜੀ ਨਿਵੇਸ਼ (ਐਫਸੀਆਈ) ਦੇ 100 ਫੀਸਦੀ ਤੱਕ ਦੇ। ਪ੍ਰੋਤਸਾਹਨ ਉਪਲਬਧ ।

     ਆਧੁਨਿਕੀਕਰਨ ਅਤੇ ਵਿਸਥਾਰ ਪ੍ਰੋਜੈਕਟਾਂ ਨੂੰ ਨੀਤੀਗਤ ਢਾਂਚੇ ਤਹਿਤ ਪ੍ਰੋਤਸਾਹਨਾਂ ਲਈ ਯੋਗ ਬਣਾਇਆ ਗਿਆ।

     ਰੁਜ਼ਗਾਰ ਉਤਪਤੀ ਸਬਸਿਡੀ  ਯੋਗਤਾ ਨੂੰ ਘਟਾ ਕੇ 25 ਕਰੋੜ ਰੁਪਏ ਨਿਵੇਸ਼ ਅਤੇ 50 ਕਾਮਿਆਂ ਤੱਕ ਕਰ ਦਿੱਤਾ ਗਿਆ, ਜਿਸ ਨਾਲ ਵੱਡੀ ਗਿਣਤੀ ਵਿੱਚ ਉਦਯੋਗਾਂ ਲਈ ਪ੍ਰੋਤਸਾਹਨ ਪਹੁੰਚਯੋਗ ਹੋਏ ।

     ਔਰਤਾਂ, ਐਸਸੀ/ਐਸਟੀ, ਦਿਵਿਆਂਗ ਜਨਾਂ, ਆਈਟੀ/ਆਈਟੀਈਜ਼ ਅਤੇ ਜੀਸੀਸੀ ਖੇਤਰਾਂ ਲਈ ਉੱਚ ਰੁਜ਼ਗਾਰ ਪ੍ਰੋਤਸਾਹਨ।

     ਸਰਹੱਦੀ ਅਤੇ ਕੰਢੀ ਖੇਤਰਾਂ ਵਿੱਚ ਸਥਿਤ 9 ਜ਼ੋਰਦਾਰ ਖੇਤਰਾਂ ਅਤੇ ਉਦਯੋਗਾਂ ਲਈ 25 ਫੀਸਦੀ ਵਾਧੂ ਪ੍ਰੋਤਸਾਹਨ।

     ਸਟਾਰਟਅੱਪ ਸੀਡ ਗ੍ਰਾਂਟਾਂ ਵਿੱਚ ਵਾਧੇ ਅਤੇ ਮੋਹਾਲੀ ਵਿੱਚ ਇੱਕ ਸਰਕਾਰੀ ਸਟਾਰਟਅੱਪ ਹੱਬ ਦੀ ਸਥਾਪਨਾ ਨਾਲ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ।

    ਆਈਟੀ/ਆਈਟੀਈਜ਼ ਅਤੇ ਜੀਸੀਸੀ, ਇਲੈਕਟ੍ਰਿਕ ਵਾਹਨ (ਈਵੀ), ਇਲੈਕਟ੍ਰਾਨਿਕਸ ਸਿਸਟਮ ਡਿਜ਼ਾਈਨ ਅਤੇ ਨਿਰਮਾਣ (ਈਐਸਡੀਐਮ), ਸੈਮੀਕੰਡਕਟਰ, ਫਿਲਮ ਨਿਰਮਾਣ ਅਤੇ ਸੈਰ-ਸਪਾਟਾ ਖੇਤਰਾਂ ਲਈ ਸਮਰਪਿਤ  ਨੀਤੀਆਂ ਪੇਸ਼ ਕੀਤੀਆਂ।

     ਪ੍ਰੋਤਸਾਹਨ ਲਈ ਸਥਿਰ ਪੂੰਜੀ ਨਿਵੇਸ਼ ਗਣਨਾ ਵਿੱਚ ਜ਼ਮੀਨ, ਕਿਰਤ ਰਿਹਾਇਸ਼, ਖੋਜ ਅਤੇ ਵਿਕਾਸ ਸਹੂਲਤਾਂ, ਈਟੀਪੀ/ਐਸਟੀਪੀ/ਜ਼ੈਡਐਲਡੀ ਅਤੇ ਵਾਤਾਵਰਣਕ ਬੁਨਿਆਦੀ ਢਾਂਚਾ ਸ਼ਾਮਲ ।

     ਪੰਜਾਬ ਤੋਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਮਾਲ ਅਤੇ ਮਾਰਕੀਟਿੰਗ ਸਬਸਿਡੀ ਸਹਾਇਤਾ ਪੇਸ਼ ਕੀਤੀ ।

     ਮੈਗਾ ਨਿਵੇਸ਼ ਪ੍ਰੋਜੈਕਟਾਂ ਦੀ ਸਹੂਲਤ ਲਈ ਇੱਕ ਅਨੁਕੂਲਿਤ ਪੈਕੇਜ ਕਮੇਟੀ ਸਥਾਪਤ ਕੀਤੀ ।

     ਦੀਰਘਕਾਲੀ ਨੀਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਨਿਵੇਸ਼ਕਾਂ ਨੂੰ 15 ਸਾਲਾਂ ਤੱਕ ਦੀ ਵਧਾਈ ਗਈ ਪ੍ਰੋਤਸਾਹਨ ਮਿਆਦ ਦਾ ਵਿਕਲਪ ਦਿੱਤਾ।

     ਪੰਜਾਬ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਬਿਹਤਰ ਬਣਾਉਣ ਲਈ ਬਿਜਲੀ ਸਪਲਾਈ, ਕਿਰਤ ਨਿਯਮਾਂ ਅਤੇ ਇਮਾਰਤ ਪ੍ਰਵਾਨਗੀਆਂ ਵਿੱਚ ਵੱਡੇ ਸੁਧਾਰ।

    ਇਸ ਮੌਕੇ ਬੋਲਦਿਆਂ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕਿਹਾ, “ਇਹ ਨੀਤੀ ਭਾਰਤ ਅਤੇ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੰਦੀ ਹੈ: ਪੰਜਾਬ ਕਾਰੋਬਾਰ ਲਈ ਖੁੱਲ੍ਹਾ ਹੈ। ਦੇਸ਼ ਦੇ ਸਭ ਤੋਂ ਵਿਆਪਕ ਪ੍ਰੋਤਸਾਹਨ ਢਾਂਚੇ ਦੇ ਨਾਲ, ਅਸੀਂ ਉਦਯੋਗ ਦੇ ਵਿਕਾਸ, ਨਿਵੇਸ਼ ਅਤੇ ਰੁਜ਼ਗਾਰ ਪੈਦਾ ਕਰਨ ਲਈ ਸਹੀ ਵਾਤਾਵਰਣ ਪ੍ਰਣਾਲੀ ਬਣਾ ਰਹੇ ਹਾਂ।”’’

    ਨਵੇਂ ਢਾਂਚੇ ਵਿੱਚ ਦਿੱਤੀ ਜਾ ਰਹੀ  ਲਚਕਤਾ ਬਾਰੇ ਦੱਸਦਿਆਂ ਮੰਤਰੀ ਸੰਜੀਵ ਅਰੋੜਾ ਨੇ ਅੱਗੇ ਕਿਹਾ, “ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੀਤੀ ਤਹਿਤ ਨਿਵੇਸ਼ਕਾਂ ਨੂੰ ਇੰਨੀ ਖੁੱਲ੍ਹ ਅਤੇ ਸ਼ਕਤੀ ਦਿੱਤੀ ਗਈ ਹੈ। ਨਿਵੇਸ਼ਕ ਆਪਣੀ ਲੋੜ ਮੁਤਾਬਿਕ ਉਹ ਪ੍ਰੋਤਸਾਹਨ ਚੁਣ ਸਕਦੇ ਹਨ ਜੋ ਉਹ ਚਾਹੁੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਉਹ ਸਮਾਂ ਮਿਆਦ ਚੁਣਨ ਦੀ ਅਜ਼ਾਦੀ ਹੈ ਜੋ ਉਨ੍ਹਾਂ ਲਈ ਜ਼ਿਆਦਾ ਲਾਹੇਵੰਦ ਹੋਵੇ । ਇਹ ਲਚਕਤਾ ਅਤੇ ਨਿਵੇਸ਼ਕ-ਅਧਾਰਤ ਢਾਂਚਾ ਬੇਮਿਸਾਲ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਧ ਨਿਵੇਸ਼ਕ-ਅਨੁਕੂਲ ਸੂਬਾ ਬਣਨ ਲਈ ਪੰਜਾਬ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”

    ਪੰਜਾਬ ਸਰਕਾਰ ਨੇ ਦੁਹਰਾਇਆ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ, ਪੰਜਾਬ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਲਈ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

    ਸਰਕਾਰ ਨੇ ਘਰੇਲੂ ਅਤੇ ਆਲਮੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਸੰਭਾਵਨਾਵਾਂ ਦੀ ਪੜਚੋਲ ਕਰਨ ਅਤੇ ਪਲਾਕਸ਼ਾ ਯੂਨੀਵਰਸਿਟੀ ਮੋਹਾਲੀ ਵਿਖੇ 13-15 ਮਾਰਚ ,2026 ਨੂੰ  ਹੋਣ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ- 2026 ਵਿੱਚ ਹਿੱਸਾ ਲੈਣ ਲਈ ਵੀ ਸੱਦਾ ਦਿੱਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੱਦਾ: ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਲੜਕੀਆਂ ਬਣਨ ਸਰਗਰਮ ਭਾਈਵਾਲ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੜਕੀਆਂ ਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਬਰਾਬਰ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼ਾਸਨ, ਆਰਥਿਕਤਾ ਅਤੇ ਸਿਆਸਤ ਵਿੱਚ ਔਰਤਾਂ ਦੀ ਭਾਈਵਾਲੀ ਤੋਂ ਬਿਨਾਂ ਸੂਬਾ ਦੇਸ਼ ਦਾ ਮੋਹਰੀ ਨਹੀਂ ਬਣ ਸਕਦਾ।

ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਉਨ੍ਹਾਂ ਰੁਕਾਵਟਾਂ ਨੂੰ ਸ਼ਿੱਦਤ ਨਾਲ ਦੂਰ ਕਰ ਰਹੀ ਹੈ ਜੋ ਔਰਤਾਂ ਨੂੰ ਮੁੱਖ ਖੇਤਰਾਂ ਤੋਂ ਦੂਰ ਰੱਖਦੀਆਂ ਸਨ। ਉਨ੍ਹਾਂ ਨੇ ਸਰਕਾਰੀ ਨੌਕਰੀਆਂ ਲਈ ਮੈਰਿਟ ਤੇ ਯੋਗਤਾ-ਅਧਾਰਿਤ ਭਰਤੀ ਦਾ ਵੀ ਜ਼ਿਕਰ ਕੀਤਾ ਜਿੱਥੇ 63,000 ਤੋਂ ਵੱਧ ਸਰਕਾਰੀ ਨੌਕਰੀਆਂ ਵਿੱਚੋਂ ਜ਼ਿਆਦਾਤਰ ਕੁੜੀਆਂ ਨੂੰ ਮਿਲੀਆਂ ਹਨ। ਮੁੱਖ ਮੰਤਰੀ ਨੇ ਗੈਰ-ਵਾਜਬ ਸ਼ਰਤਾਂ ਨੂੰ ਦੂਰ ਕਰਨ ਤੋਂ ਬਾਅਦ ਔਰਤਾਂ ਲਈ ਅੱਗ ਬੁਝਾਊ ਸੇਵਾਵਾਂ ਵਿੱਚ ਸ਼ਾਮਲ ਹੋਣ ਅਤੇ ਉੱਚ ਪ੍ਰਸ਼ਾਸਨਿਕ ਅਹੁਦਿਆਂ ‘ਤੇ ਮਹਿਲਾ ਅਧਿਕਾਰੀਆਂ ਦੀ ਵਧ ਰਹੀ ਮੌਜੂਦਗੀ ਬਾਰੇ ਵੀ ਵਿਸ਼ੇਸ਼ ਤੌਰ ਉਤੇ ਜ਼ਿਕਰ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੜਕੀਆਂ ਨੂੰ ਰਾਜਨੀਤੀ ਵਿੱਚ ਆਉਣ ਅਤੇ ਫੈਸਲਾ ਲੈਣ ਵਿੱਚ ਸਰਗਰਮ ਭਾਗੀਦਾਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਮਜ਼ਬੂਤ ਲੋਕਤੰਤਰ ਅਤੇ ਪ੍ਰਗਤੀਸ਼ੀਲ ਪੰਜਾਬ ਦਾ ਸੁਪਨਾ ਤਾਂ ਹੀ ਸਾਕਾਰ ਹੋਵੇਗਾ, ਜਦੋਂ ਔਰਤਾਂ ਜਨਤਕ ਨੀਤੀ ਅਤੇ ਲੀਡਰਸ਼ਿਪ ਲਈ ਕੇਂਦਰੀ ਭੂਮਿਕਾ ਨਿਭਾਉਣਗੀਆਂ।ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਕੁੜੀਆਂ ਅੱਜ ਸਾਰੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਸੂਬੇ ਦੇ ਮੁਖੀ ਹੋਣ ਦੇ ਨਾਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੁੜੀਆਂ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਉਚਾਈਆਂ ਛੂਹ ਰਹੀਆਂ ਹਨ। ਮੈਂ ਉਨ੍ਹਾਂ ਨੂੰ ਸ਼ਾਨਦਾਰ ਅਤੇ ਖੁਸ਼ਹਾਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਲਈ ਮੁਕਾਮ ਹਾਸਲ ਕਰਨਗੀਆਂ। ਅੱਜ ਦੀਆਂ ਕੁੜੀਆਂ ਖੁਸ਼ਕਿਸਮਤ ਹਨ ਕਿਉਂਕਿ ਉਨ੍ਹਾਂ ਨੂੰ ਬੁਲੰਦੀਆਂ ਛੂਹਣ ਲਈ ਢੁਕਵਾਂ ਮਾਹੌਲ ਮਿਲ ਰਿਹਾ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬਾ ਭਰ ਵਿੱਚ ਔਰਤਾਂ ਨੂੰ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਵੱਧ ਤੋਂ ਵੱਧ ਮੌਕੇ ਦੇ ਕੇ ਸਮਰੱਥ ਬਣਾਉਣ ਲਈ ਠੋਸ ਯਤਨ ਕੀਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਨੇ ਕਈ ਮਹਿਲਾ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਿਯੁਕਤ ਕੀਤਾ ਹੈ। ਕਈ ਮਹਿਲਾ ਅਧਿਕਾਰੀਆਂ ਨੂੰ ਏ.ਡੀ.ਸੀ. ਵੀ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਕਦੇ ਵੀ ਕਿਸੇ ਹੋਰ ਸਰਕਾਰ ਨੇ ਇਨ੍ਹਾਂ ਵੱਕਾਰੀ ਅਹੁਦਿਆਂ ‘ਤੇ ਔਰਤਾਂ ਨੂੰ ਜ਼ਿੰਮੇਵਾਰੀ ਦੇਣ ਦੀ ਖੇਚਲ ਨਹੀਂ ਕੀਤੀ।”

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਉੱਚ ਅਹੁਦਿਆਂ ‘ਤੇ ਸਮਾਜ ਦੀ ਸੇਵਾ ਕਰਦੇ ਹੋਏ ਮਹਿਲਾ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਸਮਰਪਣ ਤੇ ਯੋਗਤਾ ਨਾਲ ਨਿਭਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਅਧਿਕਾਰੀ ਇਨ੍ਹਾਂ ਅਹੁਦਿਆਂ ‘ਤੇ ਰਹਿੰਦਿਆਂ ਸੂਝ-ਬੂਝ ਤੇ ਸੂਖਮਤਾ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ ਜਿਸ ਕਾਰਨ ਸਮਾਜ ਨੂੰ ਬਹੁਤ ਲਾਭ ਹੋ ਰਿਹਾ ਹੈ। ਮਹਿਲਾ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੇ ਜ਼ਿਲ੍ਹਿਆਂ ਵਿੱਚ ਭਰੂਣ ਹੱਤਿਆ ਦਰ ਸਭ ਤੋਂ ਘੱਟ ਹੈ, ਜਿਸ ਨਾਲ ਮਨ ਨੂੰ ਸਕੂਨ ਮਿਲਦਾ ਹੈ। ਇਸੇ ਤਰ੍ਹਾਂ ਇਹ ਅਧਿਕਾਰੀ ਸਮਾਜ ਵਿੱਚ ਪ੍ਰਚਲਿਤ ਹੋਰ ਸਮਾਜਿਕ ਬੁਰਾਈਆਂ ਨੂੰ ਰੋਕਣ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ।”

ਪੰਜਾਬ ਸਰਕਾਰ ਦੀ ਪਾਰਦਰਸ਼ੀ ਭਰਤੀ ਮੁਹਿੰਮ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਨੌਜਵਾਨਾਂ ਨੂੰ 63,000 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ, “ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਕਰੀਆਂ ਕੁੜੀਆਂ ਨੂੰ ਮਿਲੀਆਂ ਹਨ। ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ, ਕਿਸੇ ਸਰਕਾਰ ਨੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਦੇ, ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ ਰਿਕਾਰਡ ਗਿਣਤੀ ਵਿੱਚ ਨੌਕਰੀਆਂ ਦਿੱਤੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਇਹ ਕੁੜੀਆਂ ਆਪੋ-ਆਪਣੇ ਵਿਭਾਗਾਂ ਵਿੱਚ ਸੇਵਾ ਨਿਭਾਉਂਦੇ ਹੋਏ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣਗੀਆਂ।”

ਨੌਜਵਾਨ ਕੁੜੀਆਂ ਨੂੰ ਵੱਡੇ ਸੁਪਨੇ ਦੇਖਣ ਲਈ ਉਤਸ਼ਾਹਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਉਨ੍ਹਾਂ ਮਿਸਾਲਾਂ ਨਾਲ ਭਰਿਆ ਪਿਆ ਹੈ ਜਿੱਥੇ ਨਿਮਰ ਪਿਛੋਕੜ ਵਾਲੇ ਲੋਕਾਂ ਨੇ ਸਖ਼ਤ ਮਿਹਨਤ ਤੇ ਸਮਰਪਣ ਭਾਵਨਾ ਨਾਲ ਅਸਾਧਾਰਨ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ, “ਲੜਕੀਆਂ ਨੂੰ ਦੁਨੀਆ ਭਰ ਵਿੱਚ ਆਪਣੀ ਯੋਗਤਾ ਸਾਬਤ ਕਰਨ ਲਈ ਅਜਿਹੀਆਂ ਮਿਸਾਲਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਇਸ ਨੇਕ ਉਪਰਾਲੇ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹਾਇਤਾ ਕਰੇਗੀ।”

ਮੁੱਖ ਮੰਤਰੀ ਨੇ ਕਿਹਾ ਕਿ ਵਿਭਿੰਨਤਾ, ਸਮਾਜ ਨੂੰ ਉਸੇ ਤਰ੍ਹਾਂ ਮਜ਼ਬੂਤ ਬਣਾਉਂਦੀ ਹੈ ਜਿਵੇਂ ਵੱਖ-ਵੱਖ ਫੁੱਲ ਇਕ ਗੁਲਦਸਤੇ ਨੂੰ ਸਜਾਉਂਦੇ ਹਨ। ਉਨ੍ਹਾਂ ਕਿਹਾ, “ਇਕ ਗੁਲਦਸਤੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਹਨ ਅਤੇ ਇਸੇ ਕਰਕੇ ਲੋਕ ਇਸ ਤੋਂ ਆਕਰਸ਼ਤ ਹੁੰਦੇ ਹਨ। ਇਸੇ ਤਰ੍ਹਾਂ, ਜਦੋਂ ਹਰ ਕੋਈ ਆਪਣੀ ਪ੍ਰਤਿਭਾ ਤੇ ਸਮਰਪਣ ਨਾਲ ਸਮਾਜ ਵਿੱਚ ਯੋਗਦਾਨ ਪਾਉਂਦਾ ਹੈ, ਤਾਂ ਇਸ ਨਾਲ ਵਿਵਸਥਾ ਨੂੰ ਮਜ਼ਬੂਤੀ ਮਿਲਦੀ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਦੇਸ਼ ਦੇ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ, “ਪੰਜਾਬ ਨਾ ਸਿਰਫ਼ ਦੇਸ਼ ਦਾ ਅੰਨਦਾਤਾ ਹੈ, ਸਗੋਂ ਦੇਸ਼ ਦੀ ਖੜਗਭੁਜਾ ਵੀ ਹੈ। ਪੰਜਾਬ ਦੇ ਲੋਕ ਦੁਨੀਆ ਭਰ ਵਿੱਚ ਆਪਣੀ ਹਿੰਮਤ, ਮਿਹਨਤ ਅਤੇ ਉੱਦਮੀ ਭਾਵਨਾ ਲਈ ਜਾਣੇ ਜਾਂਦੇ ਹਨ। ਇਹ ਪਵਿੱਤਰ ਧਰਤੀ ਮਹਾਨ ਗੁਰੂਆਂ, ਸੰਤਾਂ-ਮਹਾਪੁਰਸ਼ਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਜ਼ੁਲਮ ਤੇ ਬੇਇਨਸਾਫ਼ੀ ਦਾ ਵਿਰੋਧ ਕਰਨ ਦਾ ਰਾਹ ਦਿਖਾਇਆ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੈ ਅਤੇ ਇਹ ਵਿਸ਼ਵ ਪੱਧਰ ‘ਤੇ ਆਪਣੀ ਨਿੱਘੀ ਮਹਿਮਾਨਨਿਵਾਜ਼ੀ ਲਈ ਜਾਣਿਆ ਜਾਂਦਾ ਹੈ।”  

ਔਰਤਾਂ ਨੂੰ ਸਿਆਸਤ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ  ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਤਬਦੀਲੀ ਲਿਆਉਣ ਲਈ ਉਨ੍ਹਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕੁੜੀਆਂ ਪਹਿਲਾਂ ਹੀ ਕਈ ਖੇਤਰਾਂ ਵਿੱਚ ਮੁੰਡਿਆਂ ਨੂੰ ਪਛਾੜ ਚੁੱਕੀਆਂ ਹਨ ਪਰ ਸਿਆਸਤ ਅਜੇ ਵੀ ਅਪਵਾਦ ਹੈ। ਇਸ ਖੇਤਰ ਨੂੰ ਲੰਬੇ ਸਮੇਂ ਤੋਂ ਪੁਰਸ਼ਾਂ ਦਾ ਖੇਤਰ ਮੰਨਿਆ ਜਾਂਦਾ ਰਿਹਾ ਹੈ, ਪਰ ਸਮਾਂ ਆ ਗਿਆ ਹੈ ਕਿ ਔਰਤਾਂ ਇੱਥੇ ਵੀ ਆਪਣਾ ਮੁਕਾਮ ਬਣਾਉਣ।”

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ, ਮੁੱਖ ਮੰਤਰੀ ਨੇ ਔਰਤਾਂ ਦੇ ਦ੍ਰਿੜ ਇਰਾਦੇ ਨੂੰ ਸਲਾਮ ਕੀਤਾ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕਿਸੇ ਵੀ ਦੇਸ਼ ਜਾਂ ਸਮਾਜ ਦਾ ਇਤਿਹਾਸ ਔਰਤਾਂ ਦੀ ਭੂਮਿਕਾ ਨੂੰ ਸਵੀਕਾਰ ਕੀਤੇ ਬਿਨਾਂ ਅਧੂਰਾ ਹੈ। ਔਰਤਾਂ ਨੇ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਨੂੰ ਸੁਰੱਖਿਅਤ ਕਰਨ ਵਿੱਚ, ਸਗੋਂ ਇਸ ਦੇ ਵਿਕਾਸ ਅਤੇ ਤਰੱਕੀ ਵਿੱਚ ਵੀ ਬੇਮਿਸਾਲ ਯੋਗਦਾਨ ਪਾਇਆ ਹੈ।”

ਮਹਾਨ ਸਿੱਖ ਫਿਲਾਸਫੀ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਫਿਲਾਸਫੀ ਔਰਤਾਂ ਨੂੰ ਬਹੁਤ ਸਤਿਕਾਰ ਅਤੇ ਮਾਣ ਦਿੰਦੀ ਹੈ। ਉਨ੍ਹਾਂ ਕਿਹਾ, “ਮਹਾਨ ਸਿੱਖ ਸਿਧਾਂਤ ਔਰਤਾਂ ਲਈ ਮਾਣ, ਸਤਿਕਾਰ ਅਤੇ ਬਰਾਬਰੀ ‘ਤੇ ਜ਼ੋਰ ਦਿੰਦੇ ਹਨ। ਜੇਕਰ ਔਰਤਾਂ ਨੂੰ ਸਹੀ ਮੌਕੇ ਦਿੱਤੇ ਜਾਣ ਤਾਂ ਉਹ ਕਿਸੇ ਵੀ ਤਰ੍ਹਾਂ ਪੁਰਸ਼ਾਂ ਨਾਲੋਂ ਘੱਟ ਨਹੀਂ ਹਨ। ਘਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਿਆਣਪ ਨਾਲ ਨਿਭਾਉਣ ਦੇ ਨਾਲ-ਨਾਲ, ਔਰਤਾਂ ਰਾਸ਼ਟਰ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ ਅਤੇ ਦੇਸ਼ ਨੂੰ ਤਰੱਕੀ ਵੱਲ ਲੈ ਜਾ ਰਹੀਆਂ ਹਨ।”

ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਮਹਿਲਾਵਾਂ ਨੂੰ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਲਈ ਸਨਮਾਨਿਤ ਵੀ ਕੀਤਾ, ਜਿਨ੍ਹਾਂ ਵਿੱਚ ਹਾਲ ਹੀ ਵਿੱਚ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਪਾਸ ਕਰਨ ਵਾਲੀਆਂ ਕੁੜੀਆਂ ਵੀ ਸ਼ਾਮਲ ਸਨ।ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ।