Home Blog Page 465

ਪੰਜਾਬ ‘ਚ ਵੱਡੀ ਕਾਰਵਾਈ, ਆਈ.ਐਸ.ਆਈ. ਨਾਲ ਜੁੜਿਆ ਅੱਤਵਾਦੀ ਮਾਡਿਊਲ ਬੇਨਕਾਬ

ਅੰਮ੍ਰਿਤਸਰ :- ਪੰਜਾਬ ਪੁਲਿਸ ਨੂੰ ਅੱਤਵਾਦ ਵਿਰੋਧੀ ਮੋਰਚੇ ‘ਤੇ ਮਹੱਤਵਪੂਰਨ ਕਾਮਯਾਬੀ ਮਿਲੀ ਹੈ। ਡੀ.ਜੀ.ਪੀ. ਪੰਜਾਬ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਪਾਕਿਸਤਾਨ ਦੀ ਆਈ.ਐਸ.ਆਈ. ਦੀ ਹਿਮਾਇਤ ਨਾਲ ਚੱਲ ਰਹੇ ਸਰਹੱਦ ਪਾਰ ਅੱਤਵਾਦੀ ਜਾਲ ਨੂੰ ਬੇਨਕਾਬ ਕੀਤਾ ਹੈ। ਇਸ ਦੌਰਾਨ ਸਾਂਝੀ ਕਾਰਵਾਈ ਕਰਦਿਆਂ ਇਕ ਸੰਦੇਹੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ

ਐਸ.ਐਸ.ਓ.ਸੀ. ਅੰਮ੍ਰਿਤਸਰ ਅਤੇ ਮੋਹਾਲੀ ਦੀਆਂ ਟੀਮਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਗ੍ਰਿਫ਼ਤਾਰ ਦੋਸ਼ੀ ਕੋਲੋਂ 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਿਸ ਇਸਨੂੰ ਇੱਕ ਸੰਭਾਵਿਤ ਵੱਡੀ ਸਾਜ਼ਿਸ਼ ਨਾਲ ਜੋੜ ਕੇ ਦੇਖ ਰਹੀ ਹੈ।

ਵਿਦੇਸ਼ੀ ਹੈਂਡਲਰਾਂ ਨਾਲ ਸੰਪਰਕ, ਚੰਡੀਗੜ੍ਹ ਹਮਲੇ ਨਾਲ ਲਿੰਕ

ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਵਿਦੇਸ਼ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ। ਉਸਦੇ ਸੰਬੰਧ ਉਸ ਅੱਤਵਾਦੀ ਮਾਡਿਊਲ ਨਾਲ ਵੀ ਜੁੜੇ ਮਿਲੇ ਹਨ, ਜੋ ਚੰਡੀਗੜ੍ਹ ਵਿੱਚ ਗ੍ਰਨੇਡ ਹਮਲੇ ਦੀ ਸਾਜ਼ਿਸ਼ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।

ਮਾਮਲਾ ਦਰਜ, ਹੋਰ ਸਾਥੀਆਂ ਦੀ ਭਾਲ ਜਾਰੀ

ਇਸ ਮਾਮਲੇ ਸਬੰਧੀ ਪੁਲਿਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਹੁਣ ਮਾਡਿਊਲ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਤਫ਼ਤੀਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ।

ਪੰਜਾਬ ‘ਚ ਗਰਮੀ ਦੇ ਨਾਲ ਫਿਰ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ

ਚੰਡੀਗੜ੍ਹ :- ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਅਸਰ ਵਧਦਾ ਜਾ ਰਿਹਾ ਹੈ ਅਤੇ ਤਾਪਮਾਨ ਆਮ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਬੁੱਧਵਾਰ ਨਾਲ ਤੁਲਨਾ ਕਰਨ ‘ਤੇ ਤਾਪਮਾਨ ਵਿੱਚ ਲਗਭਗ 1.3 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਮੌਸਮੀ ਔਸਤ ਤੋਂ ਕਰੀਬ 2.6 ਡਿਗਰੀ ਵੱਧ ਰਿਹਾ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 38.3 ਡਿਗਰੀ ਸੈਲਸੀਅਸ ਪਟਿਆਲਾ ਵਿੱਚ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ 36.8 ਡਿਗਰੀ ਤਾਪਮਾਨ ਰਿਹਾ।

ਪੱਛਮੀ ਗੜਬੜੀ ਕਾਰਨ ਮੌਸਮ ‘ਚ ਆਵੇਗੀ ਤਬਦੀਲੀ

ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਗੜਬੜੀ ਦੇ ਪਹਾੜੀ ਖੇਤਰਾਂ ਵਿੱਚ ਸਰਗਰਮ ਹੋਣ ਨਾਲ ਮੌਸਮ ‘ਚ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਇਸ ਦੇ ਪ੍ਰਭਾਵ ਨਾਲ ਟ੍ਰੈਫ਼ ਬਣਨ ਕਾਰਨ ਅਸਮਾਨ ‘ਚ ਬੱਦਲ ਛਾਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਰਫ਼ਤਾਰ ਵੀ ਵਧ ਸਕਦੀ ਹੈ।

ਅੱਜ ਸ਼ਾਮ ਤੱਕ ਕੁਝ ਇਲਾਕਿਆਂ ‘ਚ ਮੀਂਹ ਦੇ ਆਸਾਰ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਸਮੇਤ ਕੁਝ ਉੱਤਰੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਵੀ ਮੀਂਹ ਦੇ ਛਿੱਟੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਦਿਨ ਦੇ ਸਮੇਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਸਾਰੇ ਜ਼ਿਲ੍ਹਿਆਂ ‘ਚ ਖੁਸ਼ਕ ਮੌਸਮ, ਗਰਮੀ ਦਾ ਅਹਿਸਾਸ ਵਧਿਆ

ਪਿਛਲੇ ਦਿਨਾਂ ਦੌਰਾਨ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਿਹਾ ਅਤੇ ਕਿਤੇ ਵੀ ਬਾਰਿਸ਼ ਦਰਜ ਨਹੀਂ ਹੋਈ। ਇਸ ਕਾਰਨ ਗਰਮੀ ਦਾ ਅਸਰ ਸਪੱਸ਼ਟ ਤੌਰ ‘ਤੇ ਮਹਿਸੂਸ ਕੀਤਾ ਗਿਆ। ਲੁਧਿਆਣਾ, ਫਰੀਦਕੋਟ, ਫਾਜ਼ਿਲਕਾ ਅਤੇ ਹੋਰ ਸ਼ਹਿਰਾਂ ਵਿੱਚ ਵੀ ਤਾਪਮਾਨ ਲਗਾਤਾਰ ਵਧ ਰਿਹਾ ਹੈ।

ਅਗਲੇ ਦਿਨਾਂ ‘ਚ ਹੋਰ ਵਾਧੇ ਦੀ ਸੰਭਾਵਨਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ 16 ਅਤੇ 17 ਅਪ੍ਰੈਲ ਦੌਰਾਨ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਇਸ ਦੇ ਨਾਲ ਹੀ ਅਗਲੇ ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਤੱਕ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ।

ਅੰਮ੍ਰਿਤਸਰ ‘ਚ ਦਿਨ ਦਿਹਾੜੇ ਗੋਲੀਆਂ ਦੀ ਬਰਸਾਤ, ਮਨਜੀਤ ਸਿੰਘ ਦੀ ਮੌਕੇ ‘ਤੇ ਮੌਤ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ ਦਿਨ ਦਿਹਾੜੇ ਵਾਪਰੀ ਗੋਲੀਬਾਰੀ ਦੀ ਘਟਨਾ ਨੇ ਸਥਾਨਕ ਲੋਕਾਂ ਵਿੱਚ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ, ਜਿਸ ਦੀ ਗੋਲੀਆਂ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਮੁੱਢਲੀ ਜਾਂਚ ਵਿੱਚ ਇਸ ਹਮਲੇ ਦੇ ਪਿੱਛੇ ਪੁਰਾਣੀ ਦੁਸ਼ਮਣੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਗੱਡੀ ਵਿੱਚ ਬੈਠੇ ਹੋਏ ਹੀ ਕੀਤਾ ਹਮਲਾ

ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਆਪਣੀ ਕਾਰ ਵਿੱਚ ਬੈਠਾ ਹੋਇਆ ਸੀ, ਜਦੋਂ ਮੋਟਰਸਾਈਕਲਾਂ ‘ਤੇ ਆਏ ਹਮਲਾਵਰ ਅਚਾਨਕ ਮੌਕੇ ‘ਤੇ ਪਹੁੰਚ ਗਏ। ਬਿਨਾਂ ਕਿਸੇ ਚੇਤਾਵਨੀ ਦੇ ਉਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੌਰਾਨ ਕੁੱਲ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਤਿੰਨ ਮਨਜੀਤ ਸਿੰਘ ਨੂੰ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ।

6 ਤੋਂ 8 ਹਮਲਾਵਰ, ਤਿੰਨ ਮੋਟਰਸਾਈਕਲਾਂ ‘ਤੇ ਆਏ

ਸੂਤਰਾਂ ਅਨੁਸਾਰ ਹਮਲਾਵਰਾਂ ਦੀ ਗਿਣਤੀ ਕਰੀਬ 6 ਤੋਂ 8 ਦੱਸੀ ਜਾ ਰਹੀ ਹੈ, ਜੋ ਤਿੰਨ ਵੱਖ-ਵੱਖ ਮੋਟਰਸਾਈਕਲਾਂ ‘ਤੇ ਸਵਾਰ ਸਨ। ਇਨ੍ਹਾਂ ਵਿੱਚ ਦੋ ਬੁਲੇਟ ਅਤੇ ਇਕ ਸਪਲੈਂਡਰ ਸ਼ਾਮਲ ਸੀ। ਹਮਲੇ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਕੁਝ ਮੁਲਜ਼ਮਾਂ ਦੀ ਪਛਾਣ, ਪੁਲਿਸ ਵੱਲੋਂ ਨਾਕਾਬੰਦੀ

ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕੁਝ ਹਮਲਾਵਰਾਂ ਦੀ ਪਛਾਣ ਹੋ ਗਈ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਸਰਗੁਰ ਸਾਹਿਬ ਸਿੰਘ, ਹਰਪਾਲ ਸਿੰਘ, ਰਣਧੀਰ ਸਿੰਘ ਅਤੇ ਜਗਬੀਰ ਸਿੰਘ ਸ਼ਾਮਲ ਹਨ, ਜਦਕਿ ਕੁਝ ਹੋਰ ਅਣਪਛਾਤੇ ਵੀ ਜਾਂਚ ਦੇ ਘੇਰੇ ਵਿੱਚ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਪੁਲਿਸ ਦਾ ਦਾਅਵਾ, ਜਲਦ ਹੋਣਗੀਆਂ ਗ੍ਰਿਫਤਾਰੀਆਂ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਅਖੰਡ ਕੀਰਤਨੀ ਜੱਥੇ ਵੱਲੋਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਬੇਮਿਆਦੀ ਤੌਰ ‘ਤੇ ਕੀਤਾ ਗਿਆ ਬਾਹਰ

ਅੰਮ੍ਰਿਤਸਰ :- ਅੰਮ੍ਰਿਤਸਰ ਨਾਲ ਸੰਬੰਧਿਤ ਇਕ ਮਹੱਤਵਪੂਰਨ ਧਾਰਮਿਕ ਮਾਮਲੇ ਵਿੱਚ ਅਖੰਡ ਕੀਰਤਨੀ ਜੱਥਾ (ਰਜਿ.) ਦੀ 31 ਮੈਂਬਰੀ ਵਿਸ਼ਵ ਕਮੇਟੀ ਨੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਉਨ੍ਹਾਂ ਨੂੰ ਅਣਨਿਰਧਾਰਿਤ ਸਮੇਂ ਲਈ ਜੱਥੇ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿੱਚ ਸਰਕਾਰੀ ਮਤਾ ਜਾਰੀ ਕਰਕੇ ਸੰਗਤ ਨੂੰ ਅਗਾਹ ਕੀਤਾ ਗਿਆ ਹੈ।

ਪੰਚਾਂ ਦੇ ਹੁਕਮ ਦੀ ਉਲੰਘਣਾ ਤੇ ਸਮਾਗਮ ਦੌਰਾਨ ਵਿਵਾਦ

ਜੱਥੇ ਦੇ ਬਿਆਨ ਅਨੁਸਾਰ ਭਾਈ ਕਾਨਪੁਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਚਾਂ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਇਸ ਤੋਂ ਇਲਾਵਾ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਅੰਮ੍ਰਿਤਸਰ ਵਿੱਚ ਚੱਲ ਰਹੇ ਅਖੰਡ ਕੀਰਤਨ ਸਮਾਗਮ ਦੌਰਾਨ ਉਨ੍ਹਾਂ ਨੇ ਸਟੇਜ ਪ੍ਰਬੰਧਕਾਂ ਦੀ ਆਗਿਆ ਬਿਨਾਂ ਸਟੇਜ ‘ਤੇ ਆ ਕੇ ਕੀਰਤਨ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਮਰਿਆਦਾ ਨੂੰ ਭੰਗ ਹੋਣ ਦਾ ਦੋਸ਼ ਲਗਾਇਆ ਗਿਆ ਹੈ।

ਸਤਿਕਾਰ ਨੂੰ ਠੇਸ ਪਹੁੰਚਣ ਦੇ ਗੰਭੀਰ ਇਲਜ਼ਾਮ

ਜੱਥੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਕਤ ਘਟਨਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਠੇਸ ਪਹੁੰਚੀ ਹੈ, ਜੋ ਬਹੁਤ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ। ਬਿਆਨ ਵਿੱਚ ਭਾਈ ਕਾਨਪੁਰੀ ਦੀ ਕਾਰਗੁਜ਼ਾਰੀ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਦੇ ਵਿਵਹਾਰ ‘ਤੇ ਸਵਾਲ ਚੁੱਕੇ ਗਏ ਹਨ।

ਸੰਗਤ ਨੂੰ ਦੂਰੀ ਬਣਾਈ ਰੱਖਣ ਦੀ ਅਪੀਲ

ਅਖੰਡ ਕੀਰਤਨੀ ਜੱਥੇ ਨੇ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਜੱਥੇ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨਾਲ ਸੰਪਰਕ ਤੋਂ ਗੁਰੇਜ਼ ਕਰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ।

ਭਾਈ ਕਾਨਪੁਰੀ ਵੱਲੋਂ ਮਾਫ਼ੀ ਦੀ ਅਪੀਲ, ਗਲਤਫਹਿਮੀ ਦੱਸੀ ਵਜ੍ਹਾ

ਇਸ ਕਾਰਵਾਈ ਤੋਂ ਬਾਅਦ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇਕ ਵੀਡੀਓ ਰਾਹੀਂ ਸੰਗਤ ਅੱਗੇ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਨ ਦਾ ਕੋਈ ਮਨਸੂਬਾ ਨਹੀਂ ਸੀ ਅਤੇ ਪੂਰੀ ਘਟਨਾ ਗਲਤਫਹਿਮੀਆਂ ਕਾਰਨ ਵਾਪਰੀ। ਉਨ੍ਹਾਂ ਨੇ ਜੱਥੇ ਦੇ ਫੈਸਲੇ ਨੂੰ ਸਵੀਕਾਰ ਕਰਦਿਆਂ ਨਿਮਰਤਾ ਪ੍ਰਗਟ ਕੀਤੀ ਹੈ।

ਧਾਰਮਿਕ ਵਰਗਾਂ ਵਿੱਚ ਚਰਚਾ ਤੇਜ਼

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਧਾਰਮਿਕ ਮੰਡਲੀਆਂ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ ਅਤੇ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।

ਦੁਬਈ ‘ਚ ਤਰਨਤਾਰਨ ਦੇ ਨੌਜਵਾਨ ਦੀ ਅਚਾਨਕ ਮੌਤ, 15 ਦਿਨ ਪਹਿਲਾਂ ਗਿਆ ਸੀ ਪ੍ਰਦੀਪ ਸਿੰਘ

ਤਰਨਤਾਰਨ :- ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਇਕ ਨੌਜਵਾਨ ਦੀ ਦੁਬਈ ਵਿੱਚ ਅਚਾਨਕ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ, ਜੋ ਕੁਝ ਸਮਾਂ ਪਹਿਲਾਂ ਹੀ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਗਿਆ ਸੀ, ਉੱਥੇ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।

ਮਜ਼ਦੂਰ ਪਰਿਵਾਰ ਨਾਲ ਸੰਬੰਧਤ, ਘਰ ਦੀ ਹਾਲਤ ਸੁਧਾਰਨ ਦਾ ਸੀ ਸੁਪਨਾ

ਪ੍ਰਦੀਪ ਸਿੰਘ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਸੀ ਅਤੇ ਘਰੇਲੂ ਹਾਲਾਤ ਬਿਹਤਰ ਕਰਨ ਲਈ ਲਗਭਗ 15 ਦਿਨ ਪਹਿਲਾਂ ਹੀ ਦੁਬਈ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਵਿਦੇਸ਼ ਵਿੱਚ ਕਮਾ ਕੇ ਘਰ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰੇਗਾ, ਪਰ ਕਿਸਮਤ ਨੇ ਕੁਝ ਹੋਰ ਹੀ ਮੰਜ਼ੂਰ ਕੀਤਾ।

ਕੰਪਨੀ ਵੱਲੋਂ ਆਈ ਫੋਨ ਕਾਲ ਨੇ ਤੋੜ ਦਿੱਤਾ ਪਰਿਵਾਰ

ਮ੍ਰਿਤਕ ਦੇ ਪਿਤਾ ਨੂੰ ਕੰਪਨੀ ਵੱਲੋਂ ਫੋਨ ਰਾਹੀਂ ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਹਿਲਾਂ ਵੀ ਝੱਲ ਚੁੱਕਾ ਪਰਿਵਾਰ ਵੱਡੇ ਦੁੱਖ

ਇਸ ਮਾਮਲੇ ਬਾਰੇ ਸਥਾਨਕ ਸਾਬਕਾ ਪੰਚ ਕਰਮਜੀਤ ਸਿੰਘ ਢੋਲਣ ਨੇ ਦੱਸਿਆ ਕਿ ਪ੍ਰਦੀਪ ਦੇ ਪਰਿਵਾਰ ਨੇ ਪਹਿਲਾਂ ਹੀ ਕਈ ਦੁੱਖ ਸਹੇ ਹਨ ਅਤੇ ਉਸ ਦੇ ਦੋ ਭਰਾਵਾਂ ਦੀ ਮੌਤ ਵੀ ਪਹਿਲਾਂ ਹੋ ਚੁੱਕੀ ਹੈ। ਹੁਣ ਇਸ ਨਵੇਂ ਸਦਮੇ ਨੇ ਪਰਿਵਾਰ ਨੂੰ ਅੰਦਰੋਂ ਝੰਜੋੜ ਦਿੱਤਾ ਹੈ।

ਪਿੱਛੇ ਛੱਡ ਗਿਆ ਰੋਂਦਾ-ਵਿਲਕਦਾ ਪਰਿਵਾਰ

ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਇਕ ਭੈਣ ਅਤੇ ਦਾਦਾ-ਦਾਦੀ ਨੂੰ ਛੱਡ ਗਿਆ ਹੈ, ਜੋ ਇਸ ਅਚਾਨਕ ਵਾਪਰੀ ਘਟਨਾ ਨਾਲ ਗਹਿਰੇ ਸਦਮੇ ਵਿੱਚ ਹਨ। ਇਲਾਕੇ ਵਿੱਚ ਵੀ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਮਿਲੀਆਂ ਧਮਕੀਆਂ, ਸੁਰੱਖਿਆ ਏਜੰਸੀਆਂ ਅਲਰਟ ‘ਤੇ

ਚੰਡੀਗੜ੍ਹ :- ਚੰਡੀਗੜ੍ਹ ਦੇ ਕਈ ਸਕੂਲਾਂ ਵਿੱਚ ਵੀਰਵਾਰ ਸਵੇਰੇ ਅਚਾਨਕ ਹਲਚਲ ਮਚ ਗਈ, ਜਦੋਂ ਧਮਕੀ ਭਰੀਆਂ ਈਮੇਲਾਂ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਪ੍ਰਬੰਧਕਾਂ ਵੱਲੋਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਫੌਰੀ ਕਾਰਵਾਈ ਕਰਦਿਆਂ ਸੰਬੰਧਤ ਸਕੂਲਾਂ ‘ਚ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਬੰਬ ਨਿਰੋਧਕ ਦਸਤਾ ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਤੈਨਾਤ

ਸੂਚਨਾ ਮਿਲਣ ਉਪਰੰਤ ਬੰਬ ਨਿਰੋਧਕ ਦਸਤੇ, ਫਾਇਰ ਬ੍ਰਿਗੇਡ ਅਤੇ ਪੁਲੀਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਤੈਨਾਤ ਕੀਤੀਆਂ ਗਈਆਂ। ਹਰ ਸੰਦੇਹਜਨਕ ਕੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ, ਤਾਂ ਜੋ ਕਿਸੇ ਵੀ ਖਤਰੇ ਨੂੰ ਟਾਲਿਆ ਜਾ ਸਕੇ।

ਕੋਈ ਸ਼ੱਕੀ ਵਸਤੂ ਨਾ ਮਿਲੀ, ਇਮਾਰਤਾਂ ਨੂੰ ਸੁਰੱਖਿਅਤ ਕਰਾਰ

ਤਲਾਸ਼ੀ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੰਦੇਹਜਨਕ ਚੀਜ਼ ਬਰਾਮਦ ਨਹੀਂ ਹੋਈ। ਜਾਂਚ ਤੋਂ ਬਾਅਦ ਜਿਨ੍ਹਾਂ ਥਾਵਾਂ ਦੀ ਚੈਕਿੰਗ ਕੀਤੀ ਗਈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਮਾਪਿਆਂ ਅਤੇ ਵਿਦਿਆਰਥੀਆਂ ਨੇ ਕੁਝ ਹੱਦ ਤੱਕ ਰਾਹਤ ਮਹਿਸੂਸ ਕੀਤੀ।

ਈਮੇਲਾਂ ‘ਚ ਡਰ ਫੈਲਾਉਣ ਵਾਲਾ ਸਮੱਗਰੀ, ਅਫਵਾਹ ਦੀ ਸੰਭਾਵਨਾ

ਸੂਤਰਾਂ ਅਨੁਸਾਰ, ਮਿਲੀਆਂ ਈਮੇਲਾਂ ਵਿੱਚ ਅਜਿਹਾ ਸਮੱਗਰੀ ਦਰਜ ਸੀ ਜੋ ਲੋਕਾਂ ਵਿੱਚ ਘਬਰਾਹਟ ਪੈਦਾ ਕਰਨ ਦੇ ਉਦੇਸ਼ ਨਾਲ ਲਿਖੀ ਗਈ ਸੀ। ਪ੍ਰਾਰੰਭਿਕ ਜਾਂਚ ਦੇ ਆਧਾਰ ‘ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਸਿਰਫ਼ ਡਰ ਫੈਲਾਉਣ ਦੀ ਕੋਸ਼ਿਸ਼ ਹੋ ਸਕਦੀ ਹੈ।

7 ਅਪਰੈਲ ਨੂੰ ਵੀ ਮਿਲੀਆਂ ਸਨ ਇਸੇ ਤਰ੍ਹਾਂ ਦੀਆਂ ਧਮਕੀਆਂ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਅਪਰੈਲ ਨੂੰ ਵੀ ਸ਼ਹਿਰ ਦੇ ਕਈ ਪ੍ਰਸਿੱਧ ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਮੇਲਾਂ ਮਿਲੀਆਂ ਸਨ। ਉਸ ਵੇਲੇ ਵੀ ਜਾਂਚ ਦੌਰਾਨ ਕੋਈ ਖਤਰਨਾਕ ਚੀਜ਼ ਨਹੀਂ ਮਿਲੀ ਸੀ ਅਤੇ ਮਾਮਲਾ ਅਫਵਾਹ ਹੀ ਨਿਕਲਿਆ ਸੀ। ਇਸ ਵਾਰ ਵੀ ਪੁਲੀਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀਆਂ ਹਰਕਤਾਂ ਦੇ ਪਿੱਛੇ ਸ਼ਾਮਲ ਤੱਤਾਂ ਤੱਕ ਪਹੁੰਚਿਆ ਜਾ ਸਕੇ।

ਅੱਜ ਬਟਾਲਾ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਜਨ ਸਭਾ, ਵਿਕਾਸ ਐਲਾਨਾਂ ਦੀ ਸੰਭਾਵਨਾ

ਬਟਾਲਾ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਦੌਰੇ ‘ਤੇ ਪਹੁੰਚ ਰਹੇ ਹਨ, ਜਿੱਥੇ ਉਹ ਇਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਨਗੇ। ਦੌਰੇ ਦੌਰਾਨ ਇਲਾਕੇ ਲਈ ਨਵੀਆਂ ਵਿਕਾਸ ਯੋਜਨਾਵਾਂ ਦਾ ਐਲਾਨ ਹੋਣ ਦੀ ਉਮੀਦ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਵੀ ਮੌਜੂਦ ਰਹਿਣਗੇ। ਜ਼ਿਕਰਯੋਗ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਲਗਾਤਾਰ ਮੈਦਾਨ ‘ਚ ਸਰਗਰਮ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ‘ਚ ਦੌਰੇ ਕਰਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਂਦੇ ਨਜ਼ਰ ਆ ਰਹੇ ਹਨ।

ਆਂਧਰਾ ਪ੍ਰਦੇਸ਼ ‘ਚ ਸਵੇਰੇ ਭਿਆਨਕ ਸੜਕ ਹਾਦਸਾ, ਬੋਲੈਰੋ-ਲਾਰੀ ਟੱਕਰ ‘ਚ 8 ਯਾਤਰੀਆਂ ਦੀ ਮੌਤ

ਅੱਜ ਸੰਸਦ ‘ਚ ਮਹਿਲਾ ਰਾਖਵਾਂਕਰਨ ਸੋਧ ਬਿੱਲ ਪੇਸ਼ ਕੀਤੇ ਜਾਣਗੇ, ਔਰਤਾਂ ਲਈ 33 ਫੀਸਦੀ ਹਿੱਸੇਦਾਰੀ ਦਾ ਪ੍ਰਸਤਾਵ

ਨਵੀਂ ਦਿੱਲੀ :- ਦੇਸ਼ ਦੀ ਰਾਜਨੀਤੀ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵੱਲ ਅੱਜ ਸੰਸਦ ਵਿੱਚ ਮਹੱਤਵਪੂਰਨ ਕਦਮ ਚੁੱਕਿਆ ਜਾਣਾ ਹੈ। ਮਹਿਲਾ ਰਾਖਵਾਂਕਰਨ ਨਾਲ ਸੰਬੰਧਿਤ ਤਿੰਨ ਅਹਿਮ ਸੋਧ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਮਕਸਦ ਲਈ ਤਿੰਨ ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ, ਜਿਸ ਦੌਰਾਨ ਇਸ ਮਸਲੇ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਵੇਗਾ।

ਸੀਟਾਂ ਦੀ ਗਿਣਤੀ ਵਧਾਉਣ ਦਾ ਪ੍ਰਸਤਾਵ, ਵੱਡੀ ਹੱਦਬੰਦੀ ਦੀ ਤਿਆਰੀ

ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਵਿੱਚ ਲੋਕ ਸਭਾ ਦੀ ਮੌਜੂਦਾ ਸੀਟਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਕਰਨ ਦੀ ਯੋਜਨਾ ਸ਼ਾਮਲ ਹੈ। ਸੁਝਾਅ ਅਨੁਸਾਰ, ਇਹ ਗਿਣਤੀ 543 ਤੋਂ ਵਧਾ ਕੇ 850 ਤੱਕ ਕੀਤੀ ਜਾ ਸਕਦੀ ਹੈ। ਇਸ ਵਿੱਚੋਂ 815 ਸੀਟਾਂ ਰਾਜਾਂ ਲਈ ਅਤੇ 35 ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਹੋਣਗੀਆਂ। ਨਵੀਂ ਬਣਤਰ ਨੂੰ ਲਾਗੂ ਕਰਨ ਲਈ ਦੇਸ਼ ਭਰ ਵਿੱਚ ਹੱਦਬੰਦੀ ਦੀ ਪ੍ਰਕਿਰਿਆ ਵੀ ਕੀਤੀ ਜਾਵੇਗੀ।

ਔਰਤਾਂ ਲਈ ਵੱਖਰੀ ਹਿੱਸੇਦਾਰੀ, 273 ਸੀਟਾਂ ਰਾਖਵੀਆਂ ਕਰਨ ਦੀ ਯੋਜਨਾ

ਇਨ੍ਹਾਂ ਸੋਧਾਂ ਦੇ ਤਹਿਤ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਦੀ ਪੇਸ਼ਕਸ਼ ਹੈ। ਨਵੀਂ ਗਿਣਤੀ ਦੇ ਅਧਾਰ ‘ਤੇ ਕਰੀਬ 273 ਸੀਟਾਂ ਔਰਤਾਂ ਲਈ ਨਿਰਧਾਰਤ ਕੀਤੀਆਂ ਜਾਣਗੀਆਂ। ਇਹ ਪ੍ਰਬੰਧ 2029 ਤੋਂ ਲਾਗੂ ਕਰਨ ਦੀ ਯੋਜਨਾ ਹੈ, ਜਿਸ ਨਾਲ ਰਾਜਨੀਤਿਕ ਪ੍ਰਣਾਲੀ ਵਿੱਚ ਲਿੰਗ ਸਮਾਨਤਾ ਨੂੰ ਮਜ਼ਬੂਤੀ ਮਿਲੇਗੀ।

ਤਿੰਨ ਦਿਨ ਤੱਕ ਗਰਮ ਰਹੇਗੀ ਚਰਚਾ, ਦੋਹਾਂ ਸਦਨਾਂ ‘ਚ ਲੰਬਾ ਸਮਾਂ ਨਿਰਧਾਰਤ

ਇਨ੍ਹਾਂ ਬਿੱਲਾਂ ‘ਤੇ 16, 17 ਅਤੇ 18 ਅਪ੍ਰੈਲ ਨੂੰ ਵਿਸਥਾਰ ਨਾਲ ਚਰਚਾ ਹੋਵੇਗੀ। ਲੋਕ ਸਭਾ ਵਿੱਚ ਪਹਿਲੇ ਦੋ ਦਿਨਾਂ ਦੌਰਾਨ ਲਗਭਗ 18 ਘੰਟਿਆਂ ਦੀ ਚਰਚਾ ਰੱਖੀ ਗਈ ਹੈ, ਜਦਕਿ ਰਾਜ ਸਭਾ ਵਿੱਚ ਵੀ ਕਰੀਬ 10 ਘੰਟਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਸਰਕਾਰ ਅਤੇ ਵਿਰੋਧੀ ਪੱਖ ਦੋਵੇਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੇ ਹਨ।

ਬਿੱਲ ਪਾਸ ਕਰਨ ਲਈ ਦੋ ਤਿਹਾਈ ਬਹੁਮਤ ਲਾਜ਼ਮੀ

ਇਹ ਸੰਵਿਧਾਨਕ ਸੋਧ ਬਿੱਲ ਹੋਣ ਕਰਕੇ ਇਨ੍ਹਾਂ ਨੂੰ ਪਾਸ ਕਰਨ ਲਈ ਸੰਸਦ ਵਿੱਚ ਦੋ ਤਿਹਾਈ ਬਹੁਮਤ ਦੀ ਲੋੜ ਪਵੇਗੀ। ਇਸ ਕਾਰਨ ਸਾਰੇ ਰਾਜਨੀਤਿਕ ਦਲ ਆਪਣੇ ਸੰਸਦ ਮੈਂਬਰਾਂ ਨੂੰ ਹਾਜ਼ਰ ਰਹਿਣ ਦੇ ਨਿਰਦੇਸ਼ ਦੇ ਰਹੇ ਹਨ, ਤਾਂ ਜੋ ਵੋਟਿੰਗ ਦੌਰਾਨ ਕਿਸੇ ਤਰ੍ਹਾਂ ਦੀ ਘਾਟ ਨਾ ਰਹੇ।

ਕੰਚਨ ਭਾਬੀ ਕਤਲ ਕੇਸ ‘ਚ ਅੰਮ੍ਰਿਤਪਾਲ ਮਹਿਰੋਂ ਜੂਡੀਸ਼ੀਅਲ ਹਿਰਾਸਤ ‘ਚ, 29 ਅਪ੍ਰੈਲ ਤੱਕ ਜੇਲ ਭੇਜਣ ਦੇ ਹੁਕਮ

ਚੰਡੀਗੜ੍ਹ :- ਕੰਚਨ ਕੁਮਾਰੀ ਉਰਫ਼ ਕੰਚਨ ਭਾਬੀ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋਂ ਨੂੰ ਅਦਾਲਤ ਵੱਲੋਂ 29 ਅਪ੍ਰੈਲ 2026 ਤੱਕ ਜੂਡੀਸ਼ੀਅਲ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਸਨੂੰ ਕੇਂਦਰੀ ਜੇਲ ਬਠਿੰਡਾ ਸ਼ਿਫ਼ਟ ਕਰ ਦਿੱਤਾ ਗਿਆ।

ਵਿਦੇਸ਼ ਭੱਜਣ ਤੋਂ ਬਾਅਦ ਪੁਲਿਸ ਨੇ ਕੀਤਾ ਕਾਬੂ
ਪੁਲਿਸ ਸੂਤਰਾਂ ਅਨੁਸਾਰ ਵਾਰਦਾਤ ਤੋਂ ਬਾਅਦ ਅੰਮ੍ਰਿਤਪਾਲ ਮਹਿਰੋਂ ਦੇਸ਼ ਛੱਡ ਕੇ ਯੂਏਈ ਭੱਜ ਗਿਆ ਸੀ। ਪੰਜਾਬ ਪੁਲਿਸ ਵੱਲੋਂ ਉਸਨੂੰ 10 ਅਪ੍ਰੈਲ ਨੂੰ ਵਾਪਸ ਲਿਆ ਕੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੇ ਉਸਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਗਿਆ।

ਪੁੱਛਗਿੱਛ ਪੂਰੀ, ਆਵਾਜ਼ ਸੈਂਪਲ ਲਈ ਅਰਜ਼ੀ
ਥਾਣਾ ਕੈਂਟ ਦੇ ਐਸਐਚਓ ਐਸਆਈ ਰਘਬੀਰ ਸਿੰਘ ਮੰਗੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਨਾਲ ਪੁੱਛਗਿੱਛ ਦੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਇਸਦੇ ਨਾਲ ਹੀ ਆਵਾਜ਼ ਦੇ ਨਮੂਨੇ ਪ੍ਰਾਪਤ ਕਰਨ ਲਈ ਅਦਾਲਤ ਵਿੱਚ ਅਰਜ਼ੀ ਵੀ ਦਿੱਤੀ ਗਈ ਹੈ, ਜਿਸ ‘ਤੇ ਸੁਣਵਾਈ ਨਿਰਧਾਰਿਤ ਸਮੇਂ ਤੱਕ ਰੱਖੀ ਗਈ।

ਮੈਡੀਕਲ ਜਾਂਚ ਵੀ ਕਰਵਾਈ ਗਈ
ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਦੇ ਤਹਿਤ ਅੰਮ੍ਰਿਤਪਾਲ ਮਹਿਰੋਂ ਦਾ ਸਿਵਲ ਹਸਪਤਾਲ ਬਠਿੰਡਾ ਵਿੱਚ ਮੈਡੀਕਲ ਵੀ ਕਰਵਾਇਆ ਗਿਆ, ਤਾਂ ਜੋ ਅਗਲੇ ਪੜਾਅ ਦੀ ਕਾਰਵਾਈ ਵਿੱਚ ਕੋਈ ਕਮੀ ਨਾ ਰਹੇ।

ਬਚਾਅ ਪੱਖ ਨੇ ਰਿਮਾਂਡ ‘ਤੇ ਉਠਾਏ ਸਵਾਲ
ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਪੁਲਿਸ ਆਪਣੀ ਜਾਂਚ ਪੂਰੀ ਕਰ ਚੁੱਕੀ ਹੈ ਅਤੇ ਹੋਰ ਰਿਮਾਂਡ ਦੀ ਲੋੜ ਨਹੀਂ ਸੀ। ਹਾਲਾਂਕਿ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 14 ਦਿਨਾਂ ਦੀ ਜੂਡੀਸ਼ੀਅਲ ਹਿਰਾਸਤ ਮਨਜ਼ੂਰ ਕਰਦਿਆਂ 29 ਅਪ੍ਰੈਲ ਨੂੰ ਅਗਲੀ ਪੇਸ਼ੀ ਨਿਰਧਾਰਿਤ ਕੀਤੀ ਹੈ।

ਮਾਮਲਾ ਅਜੇ ਵੀ ਚਰਚਾ ‘ਚ, ਅਗਲੀ ਸੁਣਵਾਈ ‘ਤੇ ਨਜ਼ਰਾਂ
ਇਹ ਸੰਵੇਦਨਸ਼ੀਲ ਮਾਮਲਾ ਅਜੇ ਵੀ ਲੋਕਾਂ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਅਗਲੇ ਦਿਨਾਂ ‘ਚ ਅਦਾਲਤੀ ਕਾਰਵਾਈ ਦੇ ਨਤੀਜੇ ‘ਤੇ ਸਭ ਦੀ ਨਿਗਾਹ ਟਿਕੀ ਹੋਈ ਹੈ, ਜਿੱਥੇ ਮਾਮਲੇ ਨਾਲ ਜੁੜੀਆਂ ਹੋਰ ਪੱਖਾਂ ਵੀ ਸਾਹਮਣੇ ਆ ਸਕਦੀਆਂ ਹਨ।