Home Blog Page 356

ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ

ਚੰਡੀਗੜ੍ਹ: 25 ਮਈ : ਪੰਜਾਬ ਰਾਜ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਕਤ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਪੰਜਾਬ ਰਾਜ ਵਿੱਚ ਪ੍ਰੀ ਮੈਪਿੰਗ ਦੌਰਾਨ 84 ਫ਼ੀਸਦ ਤੋਂ ਵੱਧ ਵੋਟਰਾਂ ਦੀ ਮੈਪਿੰਗ ਸਫਲਤਾ ਪੂਰਵਕ ਨੇਪਰੇ ਚੜ੍ਹ ਚੁੱਕੀ ਹੈ। ਪ੍ਰੀ ਮੈਪਿੰਗ ਦੌਰਾਨ ਪੰਜਾਬ ਰਾਜ ਵਿੱਚ ਸਾਲ 2003 ਵਿੱਚ ਹੋਈ ਐਸ.ਆਈ.ਆਰ. ਨੂੰ ਆਧਾਰ ਬਣਾ ਕੇ ਮੌਜੂਦਾ ਵੋਟਰ ਸੂਚੀਆਂ ਨਾਲ ਮਿਲਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰਾਂ ਦੀ ਪ੍ਰੀ ਮੈਪਿੰਗ ਨਹੀਂ ਹੁੰਦੀ ਤਾਂ ਉਸ ਵੋਟਰ ਨੂੰ ਬੀ.ਐਲ.ਓ. ਵਲੋਂ ਦਿੱਤੇ ਗਏ ਗਣਨਾ ਫ਼ਾਰਮ ਨੂੰ ਭਰ ਕੇ ਮੁੜ ਬੀ.ਐਲ. ਓ. ਕੋਲ ਜਮ੍ਹਾਂ ਕਰਵਾਉਣਾ ਹੋਵੇਗਾ ਜਿਸ ਉਪਰੰਤ ਸਬੰਧਤ ਵੋਟਰ ਦਾ ਨਾਮ ਡ੍ਰਾਫਟ ਰੋਲ ਵਿਚ ਜੋੜ ਦਿੱਤਾ ਜਾਵੇਗਾ। ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਪੰਜਾਬ ਰਾਜ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਐਸ.ਆਈ.ਆਰ. ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਬੀ.ਐਲ.ਓ. ਨਾਲ ਵੱਧ ਤੋਂ ਵੱਧ ਸਹਿਯੋਗ ਕਰਨ।

ਈਦ ਮੌਕੇ ਪੰਜਾਬ ਸਰਕਾਰ ਨੇ ਬਦਲੀ ਛੁੱਟੀ ਦੀ ਤਰੀਕ, ਹੁਣ 27 ਦੀ ਥਾਂ 28 ਮਈ ਨੂੰ ਰਹਿਣਗੇ ਸਕੂਲ ਤੇ ਦਫ਼ਤਰ ਬੰਦ!

ਚੰਡੀਗੜ੍ਹ :- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ 27 ਮਈ ਲਈ ਐਲਾਨੀ ਗਈ ਸਰਕਾਰੀ ਛੁੱਟੀ ਦੀ ਤਰੀਕ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਨਵੇਂ ਸਰਕਾਰੀ ਹੁਕਮਾਂ ਅਨੁਸਾਰ ਹੁਣ ਇਹ ਛੁੱਟੀ 28 ਮਈ ਨੂੰ ਮਨਾਈ ਜਾਵੇਗੀ।

ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਲਿਆ ਗਿਆ ਕਦਮ

ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਭਾਰਤ ਸਰਕਾਰ ਵੱਲੋਂ ਈਦ-ਉਲ-ਜ਼ੁਹਾ (ਬਕਰੀਦ) ਦੀ ਛੁੱਟੀ ਸਬੰਧੀ ਤਰੀਕ ਵਿੱਚ ਸੋਧ ਕੀਤੀ ਗਈ ਸੀ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀ ਆਪਣੇ ਪਹਿਲਾਂ ਦੇ ਹੁਕਮਾਂ ਵਿੱਚ ਤਬਦੀਲੀ ਕਰਦਿਆਂ 27 ਮਈ ਦੀ ਥਾਂ 28 ਮਈ ਨੂੰ ਛੁੱਟੀ ਘੋਸ਼ਿਤ ਕਰਨ ਦਾ ਫੈਸਲਾ ਕੀਤਾ ਹੈ।

ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ‘ਚ ਰਹੇਗੀ ਛੁੱਟੀ

ਨਵੇਂ ਆਦੇਸ਼ਾਂ ਅਨੁਸਾਰ 28 ਮਈ ਨੂੰ ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਇਸਦੇ ਨਾਲ ਹੀ ਸੂਬੇ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਪੂਰੀ ਛੁੱਟੀ ਰਹੇਗੀ।

ਲੋਕਾਂ ਨੂੰ ਨਵੇਂ ਹੁਕਮਾਂ ਅਨੁਸਾਰ ਯੋਜਨਾਬੰਦੀ ਕਰਨ ਦੀ ਅਪੀਲ

ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦਫ਼ਤਰੀ ਅਤੇ ਸਿੱਖਿਆ ਸੰਬੰਧੀ ਕੰਮ ਨਵੀਂ ਤਰੀਕ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਪਟਾਉਣ, ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਕਪਿਲ ਸ਼ਰਮਾ ਦੀ ਭੈਣ ਦੇ ਘਰ ਬਾਹਰ ਗੋਲੀਬਾਰੀ ਦੀ ਚਰਚਾ ਨਾਲ ਹੜਕੰਪ, ਪੁਲਿਸ ਨੇ ਅਫਵਾਹਾਂ ਤੋਂ ਬਚਨ ਦੀ ਕੀਤੀ ਅਪੀਲ

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੀ ਭੈਣ ਦੇ ਘਰ ਦੇ ਬਾਹਰ ਕਥਿਤ ਗੋਲੀਬਾਰੀ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ। ਸੂਤਰਾਂ ਮੁਤਾਬਕ ਘਟਨਾ ਤੋਂ ਪਹਿਲਾਂ ਫਿਰੌਤੀ ਮੰਗੇ ਜਾਣ ਦੀ ਵੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ।

ਸੀਸੀਟੀਵੀ ਫੁਟੇਜ ਕਬਜ਼ੇ ‘ਚ, ਪਰਿਵਾਰ ਵੱਲੋਂ ਚੁੱਪੀ

ਜਾਣਕਾਰੀ ਅਨੁਸਾਰ ਦਿਨ-ਦਿਹਾੜੇ ਹੋਈ ਇਸ ਕਥਿਤ ਘਟਨਾ ਤੋਂ ਬਾਅਦ ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ। ਘਰ ਦੇ ਮੈਂਬਰਾਂ ਅਤੇ ਕਰਮਚਾਰੀਆਂ ਵੱਲੋਂ ਵੀ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਪੁਲਿਸ ਜਾਂਚ ਟੀਮਾਂ ਵੱਖ-ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕਰ ਰਹੀਆਂ ਹਨ।

ਕੈਨੇਡਾ ਵਾਲੇ ਕੈਫੇ ‘ਤੇ ਵੀ ਹੋ ਚੁੱਕੀਆਂ ਹਨ ਫਾਇਰਿੰਗ ਦੀਆਂ ਘਟਨਾਵਾਂ

ਇਸ ਮਾਮਲੇ ਨੇ ਇਸ ਲਈ ਵੀ ਧਿਆਨ ਖਿੱਚਿਆ ਹੈ ਕਿਉਂਕਿ ਕਪਿਲ ਸ਼ਰਮਾ ਨੂੰ ਪਹਿਲਾਂ ਵੀ ਧਮਕੀਆਂ ਮਿਲਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ। ਬੀਤੇ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਥਿਤ ਉਨ੍ਹਾਂ ਦੇ ‘ਕੈਪਸ ਕੈਫੇ’ ‘ਤੇ ਵੀ ਕਈ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਸਨ।

ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ

ਉੱਧਰ, ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੁਝ ਲੋਕ ਬਿਨਾਂ ਪੁਸ਼ਟੀ ਵਾਲੀਆਂ ਖ਼ਬਰਾਂ ਫੈਲਾ ਰਹੇ ਹਨ ਅਤੇ ਨਾਗਰਿਕ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ।

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਹੋਈਆਂ ਘਟਨਾਵਾਂ ਤੋਂ ਬਾਅਦ ਵੀ ਕਪਿਲ ਸ਼ਰਮਾ ਨੇ ਜਨਤਕ ਤੌਰ ‘ਤੇ ਕਿਹਾ ਸੀ ਕਿ ਉਹ ਅਜਿਹੀਆਂ ਧਮਕੀਆਂ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਂਦੇ ਰਹਿਣਗੇ। ਇਸੇ ਕੜੀ ਤਹਿਤ ਉਨ੍ਹਾਂ ਨੇ ਬਾਅਦ ਵਿੱਚ ਦੁਬਈ ਵਿੱਚ ਵੀ ਆਪਣੇ ਕੈਫੇ ਦੀ ਸ਼ੁਰੂਆਤ ਕੀਤੀ ਸੀ।

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਧਾਲੀਵਾਲ ਦਾ ਕੇਂਦਰ ਤੇ ਨਿਸ਼ਾਨਾ

ਅੰਮ੍ਰਿਤਸਰ :- ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਅੰਮ੍ਰਿਤਸਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਈਂਧਨ ਦੀ ਮਹਿੰਗਾਈ ਕਾਰਨ ਆਮ ਲੋਕਾਂ ਅਤੇ ਕਿਸਾਨਾਂ ‘ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ।

“ਡੀਜ਼ਲ ਮਹਿੰਗਾ ਹੋਣ ਨਾਲ ਖੇਤੀ ਦੀ ਲਾਗਤ ਵਧੇਗੀ”

ਧਾਲੀਵਾਲ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਸਿੱਧਾ ਅਸਰ ਖੇਤੀਬਾੜੀ ‘ਤੇ ਪਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਪਹਿਲਾਂ ਹੀ ਵਧ ਰਹੀਆਂ ਲਾਗਤਾਂ ਨਾਲ ਜੂਝ ਰਹੇ ਹਨ ਅਤੇ ਹੁਣ ਈਂਧਨ ਮਹਿੰਗਾ ਹੋਣ ਨਾਲ ਖੇਤੀ ਹੋਰ ਮਹਿੰਗੀ ਹੋ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸੀਮਿਤ ਵਾਧਾ ਹੋਇਆ ਹੈ, ਜਦਕਿ ਖੇਤੀ ਨਾਲ ਜੁੜੇ ਖਰਚੇ ਲਗਾਤਾਰ ਵਧ ਰਹੇ ਹਨ।

ਰੋਜ਼ਮਰਾ ਦੀਆਂ ਚੀਜ਼ਾਂ ਹੋ ਸਕਦੀਆਂ ਹਨ ਮਹਿੰਗੀਆਂ

ਆਪ ਆਗੂ ਨੇ ਦਾਅਵਾ ਕੀਤਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਆਵਾਜਾਈ ਦਾ ਖਰਚਾ ਵਧੇਗਾ, ਜਿਸ ਦਾ ਅਸਰ ਸਬਜ਼ੀਆਂ, ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਕੀਮਤਾਂ ‘ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਅਸਰ ਮੱਧ ਵਰਗ ਅਤੇ ਆਮ ਪਰਿਵਾਰਾਂ ‘ਤੇ ਪਵੇਗਾ।

ਚੋਣਾਂ ਦੌਰਾਨ ਵੋਟਰਾਂ ਨੂੰ ਕੀਤੀ ਅਪੀਲ

ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਸੰਦਰਭ ਵਿੱਚ ਧਾਲੀਵਾਲ ਨੇ ਲੋਕਾਂ ਨੂੰ ਸੋਚ-ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਅਤੇ ਈਂਧਨ ਦੀਆਂ ਕੀਮਤਾਂ ਲੋਕਾਂ ਲਈ ਵੱਡਾ ਮੁੱਦਾ ਬਣ ਚੁੱਕੀਆਂ ਹਨ ਅਤੇ ਜਨਤਾ ਆਪਣੇ ਵੋਟ ਰਾਹੀਂ ਇਸ ‘ਤੇ ਆਪਣੀ ਰਾਇ ਜਤਾ ਸਕਦੀ ਹੈ।

ਵੈਟ ਅਤੇ ਟੈਕਸਾਂ ਨੂੰ ਲੈ ਕੇ ਵੀ ਚੁੱਕੇ ਮੁੱਦੇ

ਇੱਕ ਸਵਾਲ ਦੇ ਜਵਾਬ ਵਿੱਚ ਧਾਲੀਵਾਲ ਨੇ ਕਿਹਾ ਕਿ ਜਦੋਂ ਸੂਬਿਆਂ ਦੇ ਵੈਟ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੇਂਦਰ ਵੱਲੋਂ ਲਗਾਏ ਗਏ ਟੈਕਸਾਂ ਬਾਰੇ ਵੀ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਈਂਧਨ ਦੀਆਂ ਕੀਮਤਾਂ ‘ਤੇ ਕਈ ਤਰ੍ਹਾਂ ਦੇ ਟੈਕਸਾਂ ਦਾ ਅਸਰ ਪੈਂਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਵਾਧੂ ਖਰਚਾ ਝੱਲਣਾ ਪੈਂਦਾ ਹੈ।

ਕਾਨੂੰਨ-ਵਿਵਸਥਾ ‘ਤੇ ਵੀ ਦਿੱਤਾ ਬਿਆਨ

ਪੰਜਾਬ ਵਿੱਚ ਕਾਨੂੰਨ-ਵਿਵਸਥਾ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਹਰੇਕ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ। ਮਜੀਠਾ ਵਿੱਚ ਏਐਸਆਈ ਦੇ ਕਤਲ ਸਬੰਧੀ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਬਿਜਲੀ ਅਤੇ ਸ਼ਹਿਰੀ ਸਹੂਲਤਾਂ ਬਾਰੇ ਵੀ ਕੀਤਾ ਦਾਅਵਾ

ਧਾਲੀਵਾਲ ਨੇ ਕਿਹਾ ਕਿ ਜੇ ਕਿਸੇ ਖੇਤਰ ਵਿੱਚ ਪਾਣੀ ਜਾਂ ਬਿਜਲੀ ਨਾਲ ਸਬੰਧਤ ਸਮੱਸਿਆ ਆਉਂਦੀ ਹੈ ਤਾਂ ਸਰਕਾਰ ਵੱਲੋਂ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਬਿਜਲੀ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਗਏ ਹਨ।

ਇੰਸ਼ੋਰੈਂਸ ਦੇ ਬਹਾਨੇ ਖੰਨਾ ‘ਚ ਨੌਜਵਾਨ ਨਾਲ ਲੁੱਟ, ਚੱਲਦੀ ਕਾਰ ‘ਚੋਂ ਛਾਲ ਮਾਰ ਕੇ ਬਚਾਈ ਜਾਨ

ਖੰਨਾ :- ਖੰਨਾ ਵਿੱਚ ਦਿਨ ਦਿਹਾੜੇ ਫਿਲਮੀ ਅੰਦਾਜ਼ ਵਿੱਚ ਲੁੱਟਖੋਹ ਦੀ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੰਸ਼ੋਰੈਂਸ ਕਰਵਾਉਣ ਦੇ ਨਾਂ ‘ਤੇ ਬੁਲਾਏ ਗਏ ਇੱਕ ਨੌਜਵਾਨ ਨੂੰ ਬਦਮਾਸ਼ਾਂ ਨੇ ਕਾਰ ਵਿੱਚ ਬਿਠਾ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਸੋਨੇ ਦੀ ਚੇਨ ਖੋਹ ਲਈ। ਆਪਣੀ ਜਾਨ ਬਚਾਉਣ ਲਈ ਨੌਜਵਾਨ ਨੂੰ ਚੱਲਦੀ ਕਾਰ ਵਿੱਚੋਂ ਛਾਲ ਮਾਰਨੀ ਪਈ। ਘਟਨਾ ਦੀਆਂ ਤਸਵੀਰਾਂ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈਆਂ ਹਨ।

ਫੋਨ ਕਰਕੇ ਖਾਟੂ ਧਾਮ ਕੋਲ ਬੁਲਾਇਆ ਗਿਆ ਸੀ ਨੌਜਵਾਨ

ਜ਼ਖ਼ਮੀ ਨੌਜਵਾਨ ਨਿਤਿਸ਼ ਗੋਇਲ ਨੇ ਦੱਸਿਆ ਕਿ ਉਹ ਇੱਕ ਇੰਸ਼ੋਰੈਂਸ ਕੰਪਨੀ ਵਿੱਚ ਏਜੰਟ ਵਜੋਂ ਕੰਮ ਕਰਦਾ ਹੈ। ਉਸ ਨੂੰ ਇੱਕ ਵਿਅਕਤੀ ਵੱਲੋਂ ਗੱਡੀ ਦੀ ਇੰਸ਼ੋਰੈਂਸ ਕਰਵਾਉਣ ਦੇ ਬਹਾਨੇ ਸਮਰਾਲਾ ਰੋਡ ਸਥਿਤ ਖਾਟੂ ਧਾਮ ਨੇੜੇ ਬੁਲਾਇਆ ਗਿਆ ਸੀ। ਉਹ ਆਪਣੀ ਬਾਈਕ ‘ਤੇ ਉੱਥੇ ਪਹੁੰਚਿਆ, ਜਿੱਥੇ ਇੱਕ ਕਾਰ ਵਿੱਚ ਸਵਾਰ ਦੋ ਨੌਜਵਾਨ ਉਸ ਕੋਲ ਆਏ।

ਨਿਤਿਸ਼ ਮੁਤਾਬਕ ਦੋਸ਼ੀਆਂ ਨੇ ਗੱਲਬਾਤ ਦੌਰਾਨ ਉਸ ਨੂੰ ਕਾਰ ਦੀ ਅੱਗੇ ਵਾਲੀ ਸੀਟ ‘ਤੇ ਬਿਠਾ ਲਿਆ ਅਤੇ ਕੁਝ ਦੂਰੀ ‘ਤੇ ਲੈ ਜਾ ਕੇ ਅਚਾਨਕ ਹਮਲਾ ਕਰ ਦਿੱਤਾ।

ਹੱਥੋਪਾਈ ਦੌਰਾਨ ਖੁੱਲ੍ਹੀ ਖਿੜਕੀ, ਨੌਜਵਾਨ ਨੇ ਮਾਰੀ ਛਾਲ

ਪੀੜਤ ਨੇ ਦੱਸਿਆ ਕਿ ਬਦਮਾਸ਼ਾਂ ਨੇ ਪਹਿਲਾਂ ਉਸ ਦੇ ਗਲੇ ਵਿੱਚੋਂ ਚੇਨ ਖੋਹੀ ਅਤੇ ਫਿਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਰੌਲਾ ਪਾ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੱਥੋਪਾਈ ਵਿੱਚ ਉਸ ਦੀ ਲੱਤ ਸਟੇਅਰਿੰਗ ਨਾਲ ਟਕਰਾ ਗਈ, ਜਿਸ ਕਾਰਨ ਕਾਰ ਦਾ ਸੰਤੁਲਨ ਹਿਲ ਗਿਆ ਅਤੇ ਖਿੜਕੀ ਖੁੱਲ੍ਹ ਗਈ।

ਮੌਕਾ ਮਿਲਦਿਆਂ ਹੀ ਨਿਤਿਸ਼ ਨੇ ਚੱਲਦੀ ਕਾਰ ਵਿੱਚੋਂ ਛਾਲ ਮਾਰ ਦਿੱਤੀ। ਸੜਕ ‘ਤੇ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਪਰ ਇਸ ਤਰ੍ਹਾਂ ਉਸ ਦੀ ਜਾਨ ਬਚ ਗਈ।

ਰਾਹਗੀਰਾਂ ਨੇ ਪਹੁੰਚਾਇਆ ਹਸਪਤਾਲ

ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀ ਨੌਜਵਾਨ ਦੀ ਮਦਦ ਕੀਤੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਨਿਤਿਸ਼ ਦੀ ਭੈਣ ਅਤੇ ਮਹਿਲਾ ਵਕੀਲ ਰਿਤਿਕਾ ਗੋਇਲ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਸ ਦੇ ਭਰਾ ਦਾ ਗਲਾ ਘੁੱਟ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਲਿਸ ਤੋਂ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

ਸਦਰ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਸੰਦੀਪ ਕੁਮਾਰ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ। ਫੁਟੇਜ ਵਿੱਚ ਸ਼ੱਕੀ ਕਾਰ ਨਜ਼ਰ ਆ ਰਹੀ ਹੈ, ਹਾਲਾਂਕਿ ਉਸ ਦਾ ਨੰਬਰ ਸਪਸ਼ਟ ਨਹੀਂ ਦਿਖ ਰਿਹਾ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਸਮਾਣਾ ਦੇ ਪਿੰਡ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਨਸ਼ੇ ਦਾ ਟੀਕਾ ਲਗਾਉਣ ਦੇ ਲਗਾਏ ਦੋਸ਼

ਸਮਾਣਾ :- ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨੇੜਲੇ ਪਿੰਡ ਮਰੋੜੀ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਸਲਵਿੰਦਰ ਸਿੰਘ ਉਰਫ਼ ਕਾਲਾ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਘਟਨਾ ਤੋਂ ਬਾਅਦ ਘਰ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਘਰੋਂ ਬੁਲਾ ਕੇ ਆਪਣੇ ਨਾਲ ਲੈ ਗਏ ਪਿੰਡ ਦੇ ਨੌਜਵਾਨ

ਪਰਿਵਾਰਕ ਮੈਂਬਰਾਂ ਮੁਤਾਬਕ ਸਲਵਿੰਦਰ ਸ਼ਾਮ ਸਮੇਂ ਕੰਮ ਤੋਂ ਘਰ ਵਾਪਸ ਆਇਆ ਸੀ। ਇਸ ਦੌਰਾਨ ਪਿੰਡ ਦੇ ਹੀ ਦੋ ਨੌਜਵਾਨ ਉਸਨੂੰ ਬਾਹਰ ਬੁਲਾਉਣ ਆਏ। ਪਰਿਵਾਰ ਨੇ ਉਸਨੂੰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਉਸਨੂੰ ਆਪਣੇ ਨਾਲ ਲੈ ਗਏ।

ਰਾਤ ਦੇਰ ਤੱਕ ਜਦੋਂ ਸਲਵਿੰਦਰ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੂੰ ਚਿੰਤਾ ਹੋਈ ਅਤੇ ਉਸਦੀ ਭਾਲ ਸ਼ੁਰੂ ਕੀਤੀ ਗਈ। ਖੋਜ ਦੌਰਾਨ ਉਹ ਪਿੰਡ ਦੇ ਹੀ ਇੱਕ ਘਰ ਵਿੱਚ ਬੇਹੋਸ਼ ਹਾਲਤ ਵਿੱਚ ਮਿਲਿਆ। ਪਰਿਵਾਰ ਉਸਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਭੈਣਾਂ ਨੇ ਲਗਾਏ ਗੰਭੀਰ ਦੋਸ਼

ਮ੍ਰਿਤਕ ਦੀਆਂ ਭੈਣਾਂ ਕਰਮਜੀਤ ਕੌਰ ਅਤੇ ਸਰਬਜੀਤ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਰਾ ਨੂੰ ਨਸ਼ੇ ਦਾ ਟੀਕਾ ਲਗਾਇਆ ਗਿਆ, ਜਿਸ ਕਾਰਨ ਉਸਦੀ ਮੌਤ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨਾਲ ਸਲਵਿੰਦਰ ਗਿਆ ਸੀ, ਉਹ ਪਿੰਡ ਵਿੱਚ ਨਸ਼ਾ ਵੇਚਣ ਨਾਲ ਜੁੜੇ ਹੋਏ ਹਨ।

ਪਰਿਵਾਰ ਨੇ ਇਹ ਵੀ ਕਿਹਾ ਕਿ ਸਲਵਿੰਦਰ ਕਦੇ-ਕਦੇ ਸ਼ਰਾਬ ਪੀਂਦਾ ਸੀ, ਪਰ ਉਹ ਨਸ਼ੇ ਦਾ ਆਦੀ ਨਹੀਂ ਸੀ। ਮ੍ਰਿਤਕ ਦਾ ਮੋਟਰਸਾਈਕਲ ਵੀ ਕਥਿਤ ਦੋਸ਼ੀਆਂ ਦੇ ਘਰ ਕੋਲੋਂ ਮਿਲਣ ਕਾਰਨ ਪਰਿਵਾਰ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਹੈ।

ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਕੀਤਾ ਦਰਜ

ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ‘ਤੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਰਿਪੋਰਟਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ

ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਵੀ ਇਸ ਘਟਨਾ ‘ਤੇ ਚਿੰਤਾ ਜਤਾਉਂਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੜੇ ਕਦਮ ਚੁੱਕਣ ਦੀ ਮੰਗ ਕੀਤੀ ਹੈ।

ਅੰਮ੍ਰਿਤਸਰ ‘ਚ ਸ਼ਰਾਬ ਮੁੜ ਮਹਿੰਗੀ, ਇਕ ਮਹੀਨੇ ਬਾਅਦ ਖ਼ਤਮ ਹੋਈ ‘ਰੇਟ ਵਾਰ’

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੀ ਸ਼ਰਾਬ ਦੀਆਂ ਘੱਟ ਕੀਮਤਾਂ ਵਾਲੀ ਹੋੜ ਹੁਣ ਖ਼ਤਮ ਹੋ ਗਈ ਹੈ। ਸ਼ਰਾਬ ਕਾਰੋਬਾਰ ਨਾਲ ਜੁੜੇ ਗਰੁੱਪਾਂ ਵਿਚਾਲੇ ਬਣੀ ਨਵੀਂ ਸਹਿਮਤੀ ਤੋਂ ਬਾਅਦ ਸ਼ਹਿਰ ਵਿੱਚ ਸ਼ਰਾਬ ਦੀਆਂ ਕੀਮਤਾਂ ਮੁੜ ਵਧ ਗਈਆਂ ਹਨ। ਜਾਣਕਾਰੀ ਮੁਤਾਬਕ ਕਈ ਬ੍ਰਾਂਡਾਂ ਦੇ ਰੇਟਾਂ ਵਿੱਚ 30 ਤੋਂ 40 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਖਪਤਕਾਰਾਂ ‘ਤੇ ਸਿੱਧਾ ਅਸਰ ਪਿਆ ਹੈ।

ਮੁਕਾਬਲੇ ਕਾਰਨ ਪਹਿਲਾਂ ਘੱਟੇ ਸਨ ਰੇਟ

ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਸ਼ਰਾਬ ਦੇ ਕੁੱਲ 12 ਗਰੁੱਪ ਹਨ, ਜਿਨ੍ਹਾਂ ਦਾ ਸੰਚਾਲਨ ਕੁਝ ਵੱਡੇ ਠੇਕੇਦਾਰਾਂ ਦੇ ਹੱਥ ਵਿੱਚ ਹੈ। ਕਰੀਬ ਇਕ ਮਹੀਨਾ ਪਹਿਲਾਂ ਇਨ੍ਹਾਂ ਗਰੁੱਪਾਂ ਵਿਚਾਲੇ ਤਾਲਮੇਲ ਘਟਣ ਕਾਰਨ ਬਾਜ਼ਾਰ ਵਿੱਚ ਭਾਰੀ ਮੁਕਾਬਲਾ ਬਣ ਗਿਆ ਸੀ। ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਕਈ ਠੇਕਿਆਂ ‘ਤੇ ਸ਼ਰਾਬ ਦੇ ਰੇਟ ਕਾਫ਼ੀ ਘਟਾ ਦਿੱਤੇ ਗਏ ਸਨ।

ਇਸ ਦੌਰਾਨ ਲੋਕਾਂ ਨੂੰ ਕਈ ਬ੍ਰਾਂਡ ਘੱਟ ਕੀਮਤਾਂ ‘ਤੇ ਮਿਲੇ ਅਤੇ ਵੱਡੀ ਗਿਣਤੀ ਵਿੱਚ ਖਰੀਦਦਾਰੀ ਵੀ ਹੋਈ। ਹਾਲਾਂਕਿ ਕਾਰੋਬਾਰੀਆਂ ਨੂੰ ਇਸ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰਨਾ ਪਿਆ।

ਨਵੇਂ ਸਮਝੌਤੇ ਤੋਂ ਬਾਅਦ ਪੁਰਾਣੇ ਰੇਟ ਮੁੜ ਲਾਗੂ

ਬੀਤੇ ਕੁਝ ਦਿਨਾਂ ਦੌਰਾਨ ਸ਼ਰਾਬ ਕਾਰੋਬਾਰ ਨਾਲ ਜੁੜੇ ਧਿਰਾਂ ਵਿਚਾਲੇ ਮੁੜ ਸਹਿਮਤੀ ਬਣ ਗਈ, ਜਿਸ ਤੋਂ ਬਾਅਦ ਕੀਮਤਾਂ ਫਿਰ ਪੁਰਾਣੇ ਪੱਧਰ ‘ਤੇ ਪਹੁੰਚ ਗਈਆਂ। ਸੂਤਰਾਂ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਆਬਕਾਰੀ ਵਿਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਵੀ ਵਿਚੋਲਗੀ ਕੀਤੀ ਗਈ, ਜਿਸ ਨਾਲ ਬਾਜ਼ਾਰ ਵਿੱਚ ਸਥਿਤੀ ਸਥਿਰ ਹੋਈ।

ਖਪਤਕਾਰਾਂ ਨੂੰ ਮਹਿੰਗਾਈ ਦਾ ਅਸਰ ਮਹਿਸੂਸ

ਕੀਮਤਾਂ ਵਧਣ ਤੋਂ ਬਾਅਦ ਖਪਤਕਾਰਾਂ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਨੂੰ ਘੱਟ ਕੀਮਤਾਂ ‘ਤੇ ਬ੍ਰਾਂਡਿਡ ਸ਼ਰਾਬ ਮਿਲ ਰਹੀ ਸੀ, ਪਰ ਹੁਣ ਰੇਟ ਵਧਣ ਕਾਰਨ ਖਰਚਾ ਕਾਫ਼ੀ ਵੱਧ ਗਿਆ ਹੈ।

ਕਾਰੋਬਾਰ ਅਤੇ ਰੈਵੇਨਿਊ ਨਾਲ ਜੁੜਿਆ ਮਾਮਲਾ

ਕਾਰੋਬਾਰ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੂਰਾ ਮਾਮਲਾ ਬਾਜ਼ਾਰ ਹਿੱਸੇਦਾਰੀ, ਮੁਨਾਫ਼ੇ ਅਤੇ ਸਰਕਾਰੀ ਰੈਵੇਨਿਊ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦੇ ਅਨੁਸਾਰ ਲੰਬੇ ਸਮੇਂ ਤੱਕ ਘੱਟ ਕੀਮਤਾਂ ਰਹਿਣ ਨਾਲ ਕਾਰੋਬਾਰ ਅਤੇ ਆਮਦਨ ਦੋਵੇਂ ਪ੍ਰਭਾਵਿਤ ਹੋ ਸਕਦੇ ਸਨ।

ਫਿਲਹਾਲ ਮਹਿੰਗੇ ਰੇਟਾਂ ਤੋਂ ਰਾਹਤ ਦੀ ਉਮੀਦ ਘੱਟ

ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਅੰਮ੍ਰਿਤਸਰ ਵਿੱਚ ਸ਼ਰਾਬ ਦੀਆਂ ਕੀਮਤਾਂ ਹੁਣ ਕੁਝ ਸਮੇਂ ਲਈ ਇਨ੍ਹਾਂ ਹੀ ਰੇਟਾਂ ‘ਤੇ ਬਣੀਆਂ ਰਹਿ ਸਕਦੀਆਂ ਹਨ। ਇਸ ਕਾਰਨ ਖਪਤਕਾਰਾਂ ਨੂੰ ਪਹਿਲਾਂ ਵਾਲੀ ਸਸਤੀ ਦਰਾਂ ਦੀ ਰਾਹਤ ਫਿਲਹਾਲ ਮਿਲਦੀ ਨਜ਼ਰ ਨਹੀਂ ਆ ਰਹੀ।

ਅਕਾਲ ਤਖ਼ਤ ਵੱਲੋਂ ਉਠਾਏ ਮਾਮਲੇ ਸਬੰਧੀ ਸਪੀਕਰ ਸੰਧਵਾਂ ਨੇ ਸਰਕਾਰ ਨੂੰ ਭੇਜਿਆ ਪੱਤਰ

ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਸਬੰਧੀ ਆਪਣਾ ਜਵਾਬ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਕਾਲ ਤਖ਼ਤ ਵੱਲੋਂ ਭੇਜੇ ਗਏ ਪੱਤਰ, ਜਿਸ ਵਿੱਚ ਕੁਝ ਇਤਰਾਜ਼ਯੋਗ ਮੱਦਾਂ ਦਾ ਜ਼ਿਕਰ ਕੀਤਾ ਗਿਆ ਸੀ, ਨੂੰ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਲਈ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ।

15 ਦਿਨਾਂ ਦੀ ਮਿਆਦ 26 ਮਈ ਨੂੰ ਹੋਵੇਗੀ ਪੂਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਇਹ ਮਿਆਦ 26 ਮਈ ਨੂੰ ਪੂਰੀ ਹੋਣ ਜਾ ਰਹੀ ਹੈ। ਇਸ ਦੌਰਾਨ ਸਰਕਾਰ ਵੱਲੋਂ ਮਾਮਲੇ ਦਾ ਅਧਿਐਨ ਅਤੇ ਅਗਲੀ ਪ੍ਰਕਿਰਿਆ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

8 ਮਈ ਨੂੰ ਸਪੀਕਰ ਨੂੰ ਕੀਤਾ ਗਿਆ ਸੀ ਤਲਬ

ਜ਼ਿਕਰਯੋਗ ਹੈ ਕਿ 8 ਮਈ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ ਸੀ। ਉੱਥੇ ਉਨ੍ਹਾਂ ਨੂੰ ਕੁਝ ਮੱਦਾਂ ਬਾਰੇ ਜਾਣੂ ਕਰਵਾਇਆ ਗਿਆ, ਜਿਨ੍ਹਾਂ ਸਬੰਧੀ ਸੋਧ ਜਾਂ ਹਟਾਉਣ ਦੀ ਗੱਲ ਆਖੀ ਗਈ ਸੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਇਸ ਮਾਮਲੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਲੋੜੀਂਦੇ ਕਦਮਾਂ ‘ਤੇ ਵਿਚਾਰ ਕਰ ਸਕਦੀ ਹੈ।

ਆਗਰਾ ‘ਚ ਜ਼ਿਪਲਾਈਨ ਟੁੱਟਣ ਨਾਲ 16 ਸਾਲਾ ਨੌਜਵਾਨ ਦੀ ਮੌਤ, ਮਨੋਰੰਜਨ ਪਾਰਕ ਦੀ ਸੁਰੱਖਿਆ ‘ਤੇ ਉੱਠੇ ਸਵਾਲ

ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਐਤਵਾਰ ਸ਼ਾਮ ਇੱਕ ਦਰਦਨਾਕ ਹਾਦਸੇ ਨੇ ਖੁਸ਼ੀਆਂ ਨੂੰ ਸੋਗ ਵਿੱਚ ਬਦਲ ਦਿੱਤਾ। ਮਨੋਰੰਜਨ ਲਈ ਪਰਿਵਾਰ ਨਾਲ ਪਹੁੰਚੇ 16 ਸਾਲਾ ਨੌਜਵਾਨ ਦੀ ਜ਼ਿਪਲਾਈਨ ਸਵਾਰੀ ਦੌਰਾਨ ਕੇਬਲ ਟੁੱਟਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪ੍ਰਸ਼ਾਸਨ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।

45 ਫੁੱਟ ਉਚਾਈ ਤੋਂ ਡਿੱਗਿਆ ਨੌਜਵਾਨ

ਮ੍ਰਿਤਕ ਦੀ ਪਛਾਣ ਕੁਨਾਲ ਅਗਰਵਾਲ ਵਜੋਂ ਹੋਈ ਹੈ, ਜੋ ਫਿਰੋਜ਼ਾਬਾਦ ਦੇ ਇੱਕ ਚੂੜੀ ਕਾਰੋਬਾਰੀ ਦਾ ਪੁੱਤਰ ਸੀ। ਜਾਣਕਾਰੀ ਮੁਤਾਬਕ ਕੁਨਾਲ ਆਪਣੇ ਪਰਿਵਾਰ ਨਾਲ ਆਗਰਾ ਦੇ ਤਾਜਗੰਜ ਇਲਾਕੇ ਸਥਿਤ ਐਡਵੈਂਚਰ ਪਾਰਕ ਵਿੱਚ ਗਿਆ ਹੋਇਆ ਸੀ। ਜਦੋਂ ਉਹ ਜ਼ਿਪਲਾਈਨ ਰਾਈਡ ਦਾ ਆਨੰਦ ਲੈ ਰਿਹਾ ਸੀ ਤਾਂ ਅਚਾਨਕ ਕੇਬਲ ਟੁੱਟ ਗਈ ਅਤੇ ਉਹ ਕਰੀਬ 45 ਫੁੱਟ ਦੀ ਉਚਾਈ ਤੋਂ ਹੇਠਾਂ ਆ ਡਿੱਗਿਆ।

ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਤੋੜਿਆ ਦਮ

ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਜ਼ਖ਼ਮੀ ਕੁਨਾਲ ਨੂੰ ਤੁਰੰਤ ਸਰੋਜਨੀ ਨਾਇਡੂ ਮੈਡੀਕਲ ਕਾਲਜ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਲਾਪਰਵਾਹੀ ਦੇ ਦੋਸ਼ਾਂ ਹੇਠ ਜਾਂਚ ਸ਼ੁਰੂ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿੱਚ ਐਡਵੈਂਚਰ ਗਤੀਵਿਧੀਆਂ ਚਲਾਉਣ ਵਾਲੀ ਨਿੱਜੀ ਕੰਪਨੀ ਦੀ ਲਾਪਰਵਾਹੀ ਦੀ ਸੰਭਾਵਨਾ ਸਾਹਮਣੇ ਆ ਰਹੀ ਹੈ।

ਐਡਵੈਂਚਰ ਗਤੀਵਿਧੀਆਂ ‘ਤੇ ਤੁਰੰਤ ਰੋਕ

ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਮਨੋਰੰਜਨ ਕੇਂਦਰ ਵਿੱਚ ਚੱਲ ਰਹੀਆਂ ਸਾਰੀਆਂ ਐਡਵੈਂਚਰ ਗਤੀਵਿਧੀਆਂ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸੁਰੱਖਿਆ ਮਾਪਦੰਡਾਂ, ਮਸ਼ੀਨਾਂ ਦੀ ਸੰਭਾਲ ਅਤੇ ਸਟਾਫ ਦੀ ਜ਼ਿੰਮੇਵਾਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੁਰੱਖਿਆ ਪ੍ਰਬੰਧਾਂ ‘ਤੇ ਖੜ੍ਹੇ ਹੋਏ ਵੱਡੇ ਸਵਾਲ

ਇਸ ਹਾਦਸੇ ਤੋਂ ਬਾਅਦ ਐਡਵੈਂਚਰ ਪਾਰਕਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਥਾਵਾਂ ‘ਤੇ ਨਿਯਮਤ ਜਾਂਚ ਅਤੇ ਸਖ਼ਤ ਸੁਰੱਖਿਆ ਨਿਯਮ ਲਾਗੂ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਪੰਜਾਬ ਦੀਆਂ ਤਿੰਨ ਮਾਣਯੋਗ ਹਸਤੀਆਂ ਹੋਣਗੀਆਂ ਪਦਮ ਸ਼੍ਰੀ ਨਾਲ ਸਨਮਾਨਿਤ, ਚੰਡੀਗੜ੍ਹ ਦੇ ‘ਸਫ਼ਾਈ ਯੋਧੇ’ ਨੂੰ ਵੀ ਮਿਲੇਗਾ ਰਾਸ਼ਟਰੀ ਸਨਮਾਨ

ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀ ਅੱਜ ਪੰਜਾਬ ਦੀਆਂ ਤਿੰਨ ਮਸ਼ਹੂਰ ਹਸਤੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਹਾਕੀ ਕੋਚ Baldev Singh, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ Harmanpreet Kaur ਅਤੇ ਅਧਿਆਤਮਿਕ ਆਗੂ Sant Niranjan Das ਸ਼ਾਮਲ ਹਨ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਇਨ੍ਹਾਂ ਨਾਮਾਂ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ ਅਧਿਕਾਰਿਕ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

ਹਾਕੀ ਨੂੰ ਨਵੀਆਂ ਉਚਾਈਆਂ ‘ਤੇ ਲੈ ਗਏ ਬਲਦੇਵ ਸਿੰਘ

ਤਜਰਬੇਕਾਰ ਹਾਕੀ ਕੋਚ ਬਲਦੇਵ ਸਿੰਘ ਨੇ ਦੇਸ਼ ਨੂੰ ਕਈ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਹਨ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਮਹਿਲਾ ਹਾਕੀ ਨੂੰ ਉਭਾਰਨ ਲਈ ਵੱਡਾ ਯੋਗਦਾਨ ਪਾਇਆ ਅਤੇ ਇੱਕ ਪ੍ਰਸਿੱਧ ਮਹਿਲਾ ਹਾਕੀ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਵੀ ਕੀਤੀ। ਉਨ੍ਹਾਂ ਦੀ ਕੋਚਿੰਗ ਹੇਠ ਕਈ ਖਿਡਾਰੀਆਂ ਨੇ ਦੇਸ਼ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ।

ਹਰਮਨਪ੍ਰੀਤ ਕੌਰ ਨੇ ਮਹਿਲਾ ਕ੍ਰਿਕਟ ਨੂੰ ਦਿੱਤੀ ਨਵੀਂ ਪਹਿਚਾਣ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਕ੍ਰਿਕਟ ਨੂੰ ਨਵੀਂ ਪਛਾਣ ਦਿਵਾਈ। ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ। ਉਨ੍ਹਾਂ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਕਈ ਮਹੱਤਵਪੂਰਨ ਟੂਰਨਾਮੈਂਟਾਂ ਵਿੱਚ ਯਾਦਗਾਰ ਪ੍ਰਦਰਸ਼ਨ ਕੀਤਾ।

ਸੰਤ ਨਿਰੰਜਨ ਦਾਸ ਦੀ ਸਮਾਜ ਸੇਵਾ ਨੂੰ ਮਿਲੀ ਪਛਾਣ

ਸੰਤ ਨਿਰੰਜਨ ਦਾਸ ਨੇ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕਈ ਮਹੱਤਵਪੂਰਨ ਉਪਰਾਲੇ ਕੀਤੇ। ਉਨ੍ਹਾਂ ਵੱਲੋਂ ਸਰਵਣ ਦਾਸ ਚੈਰੀਟੇਬਲ ਆਈ ਹਸਪਤਾਲ ਅਤੇ ਸਰਵਣ ਦਾਸ ਮਾਡਲ ਸਕੂਲ ਦੀ ਸਥਾਪਨਾ ਕੀਤੀ ਗਈ। ਉਹ ਹਮੇਸ਼ਾ ਲੋਕਾਂ ਨੂੰ ਡਰ ਅਤੇ ਗਰੀਬੀ ਤੋਂ ਮੁਕਤ ਜੀਵਨ ਜਿਊਣ ਦਾ ਸੰਦੇਸ਼ ਦਿੰਦੇ ਰਹੇ ਹਨ।

ਚੰਡੀਗੜ੍ਹ ਦੇ ‘ਸਫ਼ਾਈ ਯੋਧੇ’ ਇੰਦਰਜੀਤ ਸਿੰਘ ਸਿੱਧੂ ਨੂੰ ਵੀ ਮਿਲੇਗਾ ਪਦਮ ਸ਼੍ਰੀ

Inderjit Singh Sidhu ਨੂੰ ਵੀ ਅੱਜ ਪਦਮ ਸ਼੍ਰੀ ਸਨਮਾਨ ਨਾਲ ਨਿਵਾਜਿਆ ਜਾਵੇਗਾ। 88 ਸਾਲਾ ਸੇਵਾਮੁਕਤ ਡੀਆਈਜੀ ਪਿਛਲੇ ਕਈ ਸਾਲਾਂ ਤੋਂ ਹਰ ਸਵੇਰੇ ਖੁਦ ਸੜਕਾਂ ਅਤੇ ਗਲੀਆਂ ਦੀ ਸਫ਼ਾਈ ਕਰਕੇ ਲੋਕਾਂ ਨੂੰ ਸਫ਼ਾਈ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦੀ ਇਹ ਮੁਹਿੰਮ ਉਸ ਵੇਲੇ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸੀ ਜਦੋਂ ਉਨ੍ਹਾਂ ਦੀ ਸਫ਼ਾਈ ਕਰਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।

ਸਮਾਜ ਸੇਵਾ ਨੂੰ ਬਣਾਇਆ ਜੀਵਨ ਦਾ ਮਕਸਦ

ਪੰਜਾਬ ਪੁਲਿਸ ਤੋਂ 1996 ਵਿੱਚ ਸੇਵਾਮੁਕਤ ਹੋਏ ਇੰਦਰਜੀਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਸਮੇਤ ਕਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਆਪਣੀ ਪਤਨੀ ਦੇ ਦੇਹਾਂਤ ਅਤੇ ਪੁੱਤਰ ਦੇ ਵਿਦੇਸ਼ ਵੱਸ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਸਮਾਜ ਸੇਵਾ ਦਾ ਰਾਹ ਨਹੀਂ ਛੱਡਿਆ। ਉਹ ਕਹਿੰਦੇ ਹਨ ਕਿ ਜਦੋਂ ਤੱਕ ਸਰੀਰ ਸਾਥ ਦੇਵੇਗਾ, ਉਹ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਦੇ ਰਹਿਣਗੇ।