Home Blog Page 206

ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਇੰਕੀ ਮਾਰਕ ਗ੍ਰਿਫ਼ਤਾਰ, ਘਰੋਂ 439 ਹਥਿਆਰ ਤੇ 3 ਲੱਖ ਡਾਲਰ ਨਕਦ ਬਰਾਮਦ

ਕੈਨੇਡਾ :- ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਹਥਿਆਰਾਂ ਨਾਲ ਜੁੜੇ ਇੱਕ ਵੱਡੇ ਮਾਮਲੇ ਦਾ ਪਰਦਾਫ਼ਾਸ਼ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਨੇ ਸਾਬਕਾ ਸੰਸਦ ਮੈਂਬਰ ਇੰਕੀ ਮਾਰਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 78 ਸਾਲਾ ਮਾਰਕ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਹਥਿਆਰਾਂ ਨੂੰ ਨਿਯਮਾਂ ਦੇ ਉਲਟ ਰੱਖਣ ਅਤੇ ਹੋਰ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਉਨ੍ਹਾਂ ਦੇ ਡੌਫਿਨ ਸਥਿਤ ਘਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਨਕਦੀ ਬਰਾਮਦ ਕੀਤੀ ਗਈ।

ਛਾਪੇ ਦੌਰਾਨ 439 ਹਥਿਆਰ ਅਤੇ ਐਂਟੀਕ ਤੋਪ ਮਿਲੀ

ਆਰਸੀਐੱਮਪੀ ਅਧਿਕਾਰੀਆਂ ਮੁਤਾਬਕ 7 ਜੁਲਾਈ ਨੂੰ ਅਦਾਲਤੀ ਤਲਾਸ਼ੀ ਵਾਰੰਟ ਦੇ ਆਧਾਰ ‘ਤੇ ਇੰਕੀ ਮਾਰਕ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ 439 ਰਾਈਫਲਾਂ, ਸ਼ਾਟਗਨ ਅਤੇ ਹੈਂਡਗਨ ਤੋਂ ਇਲਾਵਾ ਇੱਕ ਪੁਰਾਤਨ ਐਂਟੀਕ ਤੋਪ ਅਤੇ ਤਿੰਨ ਲੱਖ ਕੈਨੇਡੀਅਨ ਡਾਲਰ ਨਕਦ ਜ਼ਬਤ ਕੀਤੇ ਗਏ। ਹਥਿਆਰਾਂ ਦੀ ਵੱਡੀ ਗਿਣਤੀ ਕਾਰਨ ਉਨ੍ਹਾਂ ਦੀ ਗਿਣਤੀ, ਜਾਂਚ ਅਤੇ ਵਰਗੀਕਰਨ ਲਈ ਮਾਹਿਰ ਟੀਮਾਂ ਨੂੰ ਕਈ ਦਿਨ ਲੱਗੇ।

ਤਸਕਰੀ ਅਤੇ ਗੈਰ-ਕਾਨੂੰਨੀ ਸਟੋਰੇਜ ਦੇ ਦੋਸ਼

ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘੱਟੋ-ਘੱਟ ਤਿੰਨ ਹਥਿਆਰ ਗੈਰ-ਕਾਨੂੰਨੀ ਢੰਗ ਨਾਲ ਵੇਚੇ ਗਏ ਸਨ, ਜਦਕਿ ਇੱਕ ਹਥਿਆਰ ਦਾ ਸੀਰੀਅਲ ਨੰਬਰ ਵੀ ਮਿਟਾਇਆ ਗਿਆ ਸੀ। ਇਸ ਤੋਂ ਇਲਾਵਾ ਸੈਂਕੜੇ ਹਥਿਆਰ ਕੈਨੇਡਾ ਦੇ ਕਾਨੂੰਨਾਂ ਅਨੁਸਾਰ ਲਾਜ਼ਮੀ ਸੁਰੱਖਿਆ ਪ੍ਰਬੰਧਾਂ ਤੋਂ ਬਿਨਾਂ ਘਰ ਵਿੱਚ ਰੱਖੇ ਹੋਏ ਸਨ।

12 ਅਪਰਾਧਿਕ ਮਾਮਲੇ ਦਰਜ

ਇੰਕੀ ਮਾਰਕ ਖ਼ਿਲਾਫ਼ ਪੁਲਿਸ ਨੇ ਕੁੱਲ 12 ਅਪਰਾਧਿਕ ਦੋਸ਼ ਦਰਜ ਕੀਤੇ ਹਨ। ਇਨ੍ਹਾਂ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਅਸੁਰੱਖਿਅਤ ਢੰਗ ਨਾਲ ਹਥਿਆਰ ਰੱਖਣਾ, ਬਿਨਾਂ ਅਧਿਕਾਰ ਪਾਬੰਦੀਸ਼ੁਦਾ ਹਥਿਆਰ ਅਤੇ ਉਪਕਰਨ ਆਪਣੇ ਕਬਜ਼ੇ ਵਿੱਚ ਰੱਖਣਾ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਜੁੜੀ ਜਾਇਦਾਦ ਅਤੇ ਨਕਦੀ ਆਪਣੇ ਕੋਲ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।

ਅਮਰੀਕੀ ਜਾਂਚ ਤੋਂ ਮਿਲਿਆ ਸੀ ਅਹਿਮ ਸੁਰਾਗ

ਪੁਲਿਸ ਅਨੁਸਾਰ ਇਸ ਮਾਮਲੇ ਦੀ ਸ਼ੁਰੂਆਤ ਮਾਰਚ ਮਹੀਨੇ ਵਿੱਚ ਅਮਰੀਕਾ ਵਿੱਚ ਸਾਹਮਣੇ ਆਏ ਇੱਕ ਹਥਿਆਰ ਤਸਕਰੀ ਮਾਮਲੇ ਤੋਂ ਹੋਈ ਸੀ। ਉਸ ਜਾਂਚ ਦੌਰਾਨ ਅਮਰੀਕੀ ਏਜੰਸੀਆਂ ਨੂੰ ਕੁਝ ਅਜਿਹੇ ਹਥਿਆਰਾਂ ਬਾਰੇ ਜਾਣਕਾਰੀ ਮਿਲੀ, ਜਿਨ੍ਹਾਂ ਦੀ ਖ਼ਰੀਦ ਇੰਕੀ ਮਾਰਕ ਦੇ ਨਾਮ ‘ਤੇ ਹੋਈ ਸੀ, ਪਰ ਕਾਨੂੰਨੀ ਤੌਰ ‘ਤੇ ਉਨ੍ਹਾਂ ਦੀ ਮਾਲਕੀ ਤਬਦੀਲ ਨਹੀਂ ਕੀਤੀ ਗਈ ਸੀ। ਇਸ ਸੁਰਾਗ ਤੋਂ ਬਾਅਦ ਕੈਨੇਡਾ ਦੀ ਨੈਸ਼ਨਲ ਵੇਪਨਜ਼ ਐਨਫੋਰਸਮੈਂਟ ਸਪੋਰਟ ਟੀਮ ਨੇ ਜਾਂਚ ਅੱਗੇ ਵਧਾਈ ਅਤੇ ਇਹ ਵੱਡੀ ਕਾਰਵਾਈ ਕੀਤੀ।

ਮੈਨੀਟੋਬਾ ਦੀ ਸਿਆਸਤ ਦਾ ਜਾਣਿਆ-ਪਛਾਣਿਆ ਚਿਹਰਾ

ਇੰਕੀ ਮਾਰਕ ਮੈਨੀਟੋਬਾ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੱਕ ਸਰਗਰਮ ਰਹੇ ਹਨ। ਉਹ 1994 ਤੋਂ 1997 ਤੱਕ ਡੌਫਿਨ ਦੇ ਮੇਅਰ ਰਹੇ, ਜਦਕਿ 1997 ਤੋਂ 2010 ਤੱਕ ਡੌਫਿਨ-ਸਵਾਨ ਰਿਵਰ ਹਲਕੇ ਤੋਂ ਸੰਸਦ ਮੈਂਬਰ ਵਜੋਂ ਚੁਣੇ ਜਾਂਦੇ ਰਹੇ। ਆਪਣੇ ਰਾਜਨੀਤਿਕ ਜੀਵਨ ਦੌਰਾਨ ਉਹ ਰਿਫਾਰਮ ਪਾਰਟੀ, ਕੈਨੇਡੀਅਨ ਅਲਾਇੰਸ ਅਤੇ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਰਹੇ।

ਪੁਰਾਣਾ ਬਿਆਨ ਵੀ ਮੁੜ ਚਰਚਾ ਵਿੱਚ

ਇੰਕੀ ਮਾਰਕ ਨੇ ਸਾਲ 2012 ਵਿੱਚ ਕੈਨੇਡਾ ਦੇ ਹਥਿਆਰ ਕਾਨੂੰਨਾਂ ਵਿੱਚ ਢਿੱਲ ਦੇਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਬਿਆਨ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ।

ਜਾਂਚ ਜਾਰੀ, ਹੋਰ ਦੋਸ਼ ਵੀ ਜੁੜ ਸਕਦੇ ਹਨ

ਪੁਲਿਸ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਹਥਿਆਰਾਂ ਨਾਲ ਸਬੰਧਤ ਲਾਇਸੈਂਸ, ਰਿਕਾਰਡ ਅਤੇ ਮਾਲਕੀ ਦਸਤਾਵੇਜ਼ਾਂ ਦੀ ਜਾਂਚ ਅਜੇ ਜਾਰੀ ਹੈ। ਜਾਂਚ ਦੌਰਾਨ ਜੇਕਰ ਹੋਰ ਸਬੂਤ ਸਾਹਮਣੇ ਆਉਂਦੇ ਹਨ ਤਾਂ ਇੰਕੀ ਮਾਰਕ ਖ਼ਿਲਾਫ਼ ਹੋਰ ਦੋਸ਼ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਫਿਲਹਾਲ ਅਦਾਲਤ ਨੇ ਉਨ੍ਹਾਂ ਨੂੰ ਸਖ਼ਤ ਸ਼ਰਤਾਂ ਨਾਲ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਡੌਫਿਨ ਅਦਾਲਤ ਵਿੱਚ ਹੋਵੇਗੀ।

ਕੈਨੇਡਾ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਮਾਮਲਾ

ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਸਾਬਕਾ ਸੰਸਦ ਮੈਂਬਰ ਖ਼ਿਲਾਫ਼ ਹਥਿਆਰਾਂ ਨਾਲ ਸੰਬੰਧਿਤ ਇੰਨੇ ਗੰਭੀਰ ਦੋਸ਼ਾਂ ਵਾਲਾ ਇਹ ਕੈਨੇਡਾ ਦੇ ਸਭ ਤੋਂ ਵੱਡੇ ਮਾਮਲਿਆਂ ਵਿੱਚੋਂ ਇੱਕ ਹੈ। ਇਸ ਘਟਨਾ ਨੇ ਦੇਸ਼ ਵਿੱਚ ਹਥਿਆਰਾਂ ਦੀ ਨਿਗਰਾਨੀ, ਕਾਨੂੰਨਾਂ ਦੀ ਪਾਲਣਾ ਅਤੇ ਜਨਤਕ ਅਹੁਦੇ ਸੰਭਾਲ ਚੁੱਕੇ ਵਿਅਕਤੀਆਂ ਦੀ ਜਵਾਬਦੇਹੀ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।

ਤਲਵੰਡੀ ਸਾਬੋ ‘ਚ ਅੱਧੀ ਰਾਤ ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ, ਦੋ ਧੀਆਂ ਗੰਭੀਰ ਜ਼ਖ਼ਮੀ

ਬਠਿੰਡਾ :- ਬਠਿੰਡਾ ਜ਼ਿਲ੍ਹੇ ਦੇ ਸਬ-ਡਿਵੀਜ਼ਨ ਤਲਵੰਡੀ ਸਾਬੋ ਅਧੀਨ ਇੱਕ ਪਿੰਡ ਵਿੱਚ ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ। ਇੱਕ ਕੱਚੇ ਮਕਾਨ ਦੀ ਛੱਤ ਅਚਾਨਕ ਢਹਿ ਜਾਣ ਕਾਰਨ ਮਾਂ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਰਿਵਾਰ ਦੀਆਂ ਦੋ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਘਟਨਾ ਤੋਂ ਬਾਅਦ ਪਿੰਡ ਵਿੱਚ ਗਮ ਦਾ ਮਾਹੌਲ ਹੈ।

ਸੁੱਤੇ ਪਰਿਵਾਰ ‘ਤੇ ਆ ਡਿੱਗੀ ਛੱਤ

ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਉਸ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਕਮਰੇ ਵਿੱਚ ਸੁੱਤੇ ਹੋਏ ਸਨ ਕਿ ਅਚਾਨਕ ਮਕਾਨ ਦੀ ਛੱਤ ਭਰਭਰਾ ਕੇ ਉਨ੍ਹਾਂ ਉੱਪਰ ਆ ਡਿੱਗੀ। ਛੱਤ ਡਿੱਗਣ ਦੀ ਉੱਚੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਸ਼ੁਰੂ ਕੀਤਾ।

ਮਾਂ ਅਤੇ 14 ਸਾਲਾ ਪੁੱਤਰ ਨੇ ਤੋੜਿਆ ਦਮ

ਹਾਦਸੇ ਵਿੱਚ 40 ਸਾਲਾ ਵੀਰਪਾਲ ਕੌਰ ਅਤੇ ਉਸ ਦੇ 14 ਸਾਲਾ ਪੁੱਤਰ ਅਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਜਾਨ ਜਾ ਚੁੱਕੀ ਸੀ।

ਦੋਵੇਂ ਧੀਆਂ ਐਮਜ਼ ਬਠਿੰਡਾ ‘ਚ ਦਾਖਲ

ਹਾਦਸੇ ਵਿੱਚ ਪਰਿਵਾਰ ਦੀਆਂ ਦੋ ਧੀਆਂ ਵੀ ਗੰਭੀਰ ਜ਼ਖ਼ਮੀ ਹੋਈਆਂ। ਸੰਨਮਪ੍ਰੀਤ ਕੌਰ ਦੀ ਲੱਤ ਟੁੱਟ ਗਈ ਹੈ, ਜਦਕਿ ਖੁਸ਼ਪ੍ਰੀਤ ਕੌਰ ਦੀ ਬਾਂਹ ਵਿੱਚ ਗੰਭੀਰ ਸੱਟ ਲੱਗੀ ਹੈ। ਦੋਵਾਂ ਨੂੰ ਤੁਰੰਤ ਇਲਾਜ ਲਈ ਐਮਜ਼ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

ਮੇਧਾਵੀ ਵਿਦਿਆਰਥਣ ਹੈ ਸੰਨਮਪ੍ਰੀਤ ਕੌਰ

ਜ਼ਖ਼ਮੀ ਸੰਨਮਪ੍ਰੀਤ ਕੌਰ ਪੜ੍ਹਾਈ ਵਿੱਚ ਬੇਹੱਦ ਹੋਣਹਾਰ ਦੱਸੀ ਜਾ ਰਹੀ ਹੈ। ਉਹ ਲਗਾਤਾਰ ਨੌਂ ਸਾਲ ਆਪਣੀ ਕਲਾਸ ਵਿੱਚ ਪਹਿਲਾ ਸਥਾਨ ਹਾਸਲ ਕਰਦੀ ਰਹੀ ਹੈ। ਹਾਲ ਹੀ ਵਿੱਚ ਉਸ ਨੇ ਬਾਰ੍ਹਵੀਂ ਜਮਾਤ 95 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਸੀ। ਹਾਦਸੇ ਨੇ ਉਸ ਦੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਨੂੰ ਵੀ ਗਹਿਰਾ ਸਦਮਾ ਦਿੱਤਾ ਹੈ।

ਪ੍ਰਾਈਵੇਟ ਸੀਵਰੇਜ ਪਲਾਂਟ ‘ਚ ਕਰਦਾ ਹੈ ਨੌਕਰੀ ਪਰਿਵਾਰ ਦਾ ਮੁਖੀ

ਮ੍ਰਿਤਕ ਮਹਿਲਾ ਦੇ ਪਤੀ ਧਰਮ ਸਿੰਘ ਉਰਫ਼ ਕਾਲਾ ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸੀਵਰੇਜ ਪਲਾਂਟ ਵਿੱਚ ਡਿਊਟੀ ਕਰਦੇ ਹਨ। ਇੱਕ ਹੀ ਪਲ ਵਿੱਚ ਪਤਨੀ ਅਤੇ ਪੁੱਤਰ ਨੂੰ ਗੁਆਉਣ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਜਦਕਿ ਪਿੰਡ ਵਾਸੀ ਵੀ ਇਸ ਦੁਖਦਾਈ ਘਟਨਾ ਨਾਲ ਸਦਮੇ ਵਿੱਚ ਹਨ।

ਪੰਜਾਬ ‘ਚ ਮਾਨਸੂਨ ਦੀ ਰਫ਼ਤਾਰ ਮੱਠੀ, ਅੱਜ 18 ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਦੀ ਸੰਭਾਵਨਾ

ਚੰਡੀਗੜ੍ਹ :- ਪੰਜਾਬ ਵਿੱਚ ਇਸ ਵਾਰ ਮਾਨਸੂਨ ਲਗਾਤਾਰ ਇੱਕੋ ਜਿਹਾ ਅਸਰ ਨਹੀਂ ਦਿਖਾ ਰਿਹਾ। ਕਦੇ ਤੇਜ਼ ਮੀਂਹ ਅਤੇ ਕਦੇ ਲੰਬੇ ਸੁੱਕੇ ਅੰਤਰਾਲ ਕਾਰਨ ਮੌਸਮ ਵਿੱਚ ਵਾਰ-ਵਾਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਪ੍ਰੀ-ਮਾਨਸੂਨ ਦੌਰਾਨ ਘੱਟ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਜੁਲਾਈ ਮਹੀਨੇ ਵਿੱਚ ਲਗਾਤਾਰ ਮੀਂਹ ਦੀ ਉਮੀਦ ਸੀ, ਪਰ ਮੌਜੂਦਾ ਹਾਲਾਤਾਂ ਵਿੱਚ ਮਾਨਸੂਨ ਰੁਕ-ਰੁਕ ਕੇ ਸਰਗਰਮ ਹੋ ਰਿਹਾ ਹੈ।

ਤਾਪਮਾਨ ਅਤੇ ਹੁੰਮਸ ਨੇ ਵਧਾਈ ਪਰੇਸ਼ਾਨੀ

ਮੀਂਹ ਦੀ ਰਫ਼ਤਾਰ ਮੱਠੀ ਪੈਣ ਕਾਰਨ ਸੂਬੇ ਵਿੱਚ ਇੱਕ ਵਾਰ ਫਿਰ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਵਾ ਵਿੱਚ ਨਮੀ ਵਧਣ ਕਾਰਨ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇਸ ਦਾ ਅਸਰ ਆਮ ਜਨਜੀਵਨ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮਾਂ ‘ਤੇ ਵੀ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ ਕਰੀਬ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਤਾਪਮਾਨ ਅਜੇ ਵੀ ਆਮ ਪੱਧਰ ਦੇ ਨੇੜੇ ਹੈ।

ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ

ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੂਪਨਗਰ, ਮੋਹਾਲੀ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਸਮੇਤ ਕੁੱਲ 18 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਜਾਂ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਫਿਲਹਾਲ ਕਿਸੇ ਵੀ ਜ਼ਿਲ੍ਹੇ ਲਈ ਭਾਰੀ ਮੀਂਹ ਜਾਂ ਗਰਜ-ਚਮਕ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।

ਅਗਲੇ ਤਿੰਨ ਦਿਨ ਮੀਂਹ ਦਾ ਦਾਇਰਾ ਰਹੇਗਾ ਸੀਮਤ

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 15 ਜੁਲਾਈ ਨੂੰ ਮੀਂਹ ਦੀ ਸਰਗਰਮੀ ਹੋਰ ਘੱਟ ਸਕਦੀ ਹੈ ਅਤੇ ਮੁੱਖ ਤੌਰ ‘ਤੇ ਉੱਤਰ-ਪੂਰਬੀ ਜ਼ਿਲ੍ਹਿਆਂ ਵਿੱਚ ਹੀ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ। 16 ਅਤੇ 17 ਜੁਲਾਈ ਦੌਰਾਨ ਵੀ ਮੌਸਮ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ 17 ਜੁਲਾਈ ਨੂੰ ਕੁਝ ਹੋਰ ਇਲਾਕਿਆਂ ਵਿੱਚ ਮੀਂਹ ਦੀ ਗਤੀਵਿਧੀ ਵਧ ਸਕਦੀ ਹੈ।

18-19 ਜੁਲਾਈ ਨੂੰ ਮਿਲ ਸਕਦੀ ਹੈ ਗਰਮੀ ਤੋਂ ਰਾਹਤ

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 18 ਅਤੇ 19 ਜੁਲਾਈ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਗਰਜ-ਚਮਕ ਨਾਲ ਦਰਮਿਆਨੇ ਤੋਂ ਚੰਗੇ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ। ਜੇਕਰ ਇਹ ਅਨੁਮਾਨ ਸਹੀ ਰਹਿੰਦਾ ਹੈ ਤਾਂ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਹੁੰਮਸ ਅਤੇ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਹੋਰਮੁਜ਼ ਜਲਡਮਰੂ ‘ਚ ਮਿਜ਼ਾਈਲ ਹਮਲੇ, ਯੂਏਈ ਦੇ ਦੋ ਟੈਂਕਰ ਨਿਸ਼ਾਨੇ ਤੇ; ਇਕ ਭਾਰਤੀ ਦੀ ਮੌਤ!

ਨਵੀਂ ਦਿੱਲੀ :- ਰਣਨੀਤਕ ਪੱਖੋਂ ਬੇਹੱਦ ਅਹਿਮ ਹੋਰਮੁਜ਼ ਜਲਡਮਰੂ ਵਿੱਚ ਈਰਾਨ ਅਤੇ ਅਮਰੀਕਾ ਦਰਮਿਆਨ ਵਧ ਰਹੇ ਟਕਰਾਅ ਨੇ ਹੁਣ ਸਮੁੰਦਰੀ ਸੁਰੱਖਿਆ ਲਈ ਵੀ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਓਮਾਨ ਦੇ ਖੇਤਰੀ ਸਮੁੰਦਰੀ ਇਲਾਕੇ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਸੰਬੰਧਿਤ ਦੋ ਤੇਲ ਟੈਂਕਰਾਂ ‘ਤੇ ਮਿਜ਼ਾਈਲ ਹਮਲਾ ਹੋਣ ਨਾਲ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਚਾਲਕ ਦਲ ਦੇ ਮੈਂਬਰ ਜ਼ਖ਼ਮੀ ਹੋਏ ਹਨ। ਇਸ ਘਟਨਾ ਮਗਰੋਂ ਪੂਰੇ ਖਾੜੀ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ।

‘ਮੋਮਬਾਸਾ’ ਅਤੇ ‘ਬਾਹੀਆ’ ਟੈਂਕਰ ਬਣੇ ਨਿਸ਼ਾਨਾ

ਯੂਏਈ ਦੇ ਰੱਖਿਆ ਮੰਤਰਾਲੇ ਅਨੁਸਾਰ ਹਮਲਾ ‘ਮੋਮਬਾਸਾ’ ਅਤੇ ‘ਬਾਹੀਆ’ ਨਾਮਕ ਦੋ ਟੈਂਕਰਾਂ ‘ਤੇ ਕੀਤਾ ਗਿਆ। ‘ਮੋਮਬਾਸਾ’ ‘ਤੇ ਸਵਾਰ ਇੱਕ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਕੇ ‘ਤੇ ਮੌਤ ਹੋ ਗਈ। ਜ਼ਖ਼ਮੀਆਂ ਵਿੱਚ ਛੇ ਭਾਰਤੀ ਅਤੇ ਦੋ ਯੂਕਰੇਨੀ ਨਾਗਰਿਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਜਹਾਜ਼ਾਂ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ

ਮਿਜ਼ਾਈਲ ਹਮਲੇ ਤੋਂ ਬਾਅਦ ਦੋਵਾਂ ਟੈਂਕਰਾਂ ਵਿੱਚ ਅੱਗ ਭੜਕ ਉੱਠੀ, ਜਿਸ ਕਾਰਨ ਜਹਾਜ਼ਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹਾਲਾਂਕਿ ਰਾਹਤ ਅਤੇ ਬਚਾਅ ਟੀਮਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾ ਲਿਆ, ਜਿਸ ਨਾਲ ਹੋਰ ਵੱਡਾ ਹਾਦਸਾ ਟਲ ਗਿਆ।

ਯੂਏਈ ਨੇ ਘਟਨਾ ਨੂੰ ਦੱਸਿਆ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ

ਯੂਏਈ ਸਰਕਾਰ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਆਪਣੇ ਸਮੁੰਦਰੀ ਖੇਤਰ, ਨਾਗਰਿਕਾਂ ਅਤੇ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਲਈ ਹਰ ਲੋੜੀਂਦਾ ਕਦਮ ਚੁੱਕਣ ਦਾ ਅਧਿਕਾਰ ਰੱਖਦਾ ਹੈ। ਹਾਲਾਤਾਂ ਨੂੰ ਦੇਖਦਿਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

ਈਰਾਨ ਦਾ ਦਾਅਵਾ, ਉਲੰਘਣਾ ਕਰਨ ਵਾਲੇ ਜਹਾਜ਼ਾਂ ਨੂੰ ਬਣਾਇਆ ਨਿਸ਼ਾਨਾ

ਦੂਜੇ ਪਾਸੇ ਈਰਾਨ ਦੀ ਅਰਧ-ਸਰਕਾਰੀ ਸਮਾਚਾਰ ਏਜੰਸੀ ਤਸਨੀਮ ਨੇ ਦਾਅਵਾ ਕੀਤਾ ਹੈ ਕਿ ਉਸ ਦੀਆਂ ਫੌਜਾਂ ਨੇ ਹੋਰਮੁਜ਼ ਜਲਡਮਰੂ ਵਿੱਚ ਕਈ ਅਜਿਹੇ ਜਹਾਜ਼ਾਂ ਖ਼ਿਲਾਫ਼ ਕਾਰਵਾਈ ਕੀਤੀ, ਜਿਨ੍ਹਾਂ ਨੂੰ ਉਸ ਨੇ “ਉਲੰਘਣਾ ਕਰਨ ਵਾਲੇ ਜਹਾਜ਼” ਕਰਾਰ ਦਿੱਤਾ। ਉੱਧਰ ਸਰਕਾਰੀ ਪ੍ਰਸਾਰਕ ਆਈਆਰਆਈਬੀ ਨੇ ਇੱਕ ਫੌਜੀ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਈਰਾਨੀ ਜਲ ਸੈਨਾ ਨੇ ਆਪਣੇ ਨਿਸ਼ਾਨੇ ਵਜੋਂ ਅਮਰੀਕਾ ਨਾਲ ਸੰਬੰਧਿਤ ਜਹਾਜ਼ਾਂ ਵੱਲ ਕਰੂਜ਼ ਮਿਜ਼ਾਈਲਾਂ ਦਾਗੀਆਂ।

ਅਮਰੀਕਾ-ਈਰਾਨ ਟਕਰਾਅ ਨੇ ਵਧਾਇਆ ਸੰਕਟ

ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ ਵੱਲੋਂ ਹਾਲ ਹੀ ਵਿੱਚ ਈਰਾਨ ਨਾਲ ਸੰਬੰਧਿਤ ਟਿਕਾਣਿਆਂ ‘ਤੇ ਹਵਾਈ ਕਾਰਵਾਈ ਕੀਤੀ ਗਈ ਸੀ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਜਹਾਜ਼ਾਂ ‘ਤੇ ਨਾਕਾਬੰਦੀ ਦਾ ਐਲਾਨ ਕਰਦਿਆਂ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਦੇ ਨਾਂ ‘ਤੇ ਨਵੀਂ ਨੀਤੀ ਦਾ ਵੀ ਐਲਾਨ ਕੀਤਾ। ਅਮਰੀਕੀ ਪ੍ਰਸ਼ਾਸਨ ਮੁਤਾਬਕ ਇਹ ਪਾਬੰਦੀਆਂ ਈਰਾਨੀ ਬੰਦਰਗਾਹਾਂ ਨਾਲ ਜੁੜੀ ਸਮੁੰਦਰੀ ਆਵਾਜਾਈ ‘ਤੇ ਲਾਗੂ ਹੋ ਚੁੱਕੀਆਂ ਹਨ।

ਵਿਸ਼ਵ ਤੇਲ ਸਪਲਾਈ ‘ਤੇ ਵੀ ਵਧਿਆ ਖ਼ਤਰਾ

ਹੋਰਮੁਜ਼ ਜਲਡਮਰੂ ਦੁਨੀਆ ਦੇ ਸਭ ਤੋਂ ਅਹਿਮ ਤੇਲ ਆਵਾਜਾਈ ਮਾਰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤਾਜ਼ਾ ਹਮਲੇ ਅਤੇ ਅਮਰੀਕਾ-ਈਰਾਨ ਵਿਚਾਲੇ ਵਧਦੇ ਟਕਰਾਅ ਨੇ ਇਸ ਰਸਤੇ ਦੀ ਸੁਰੱਖਿਆ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਇਸ ਦਾ ਸਿੱਧਾ ਅਸਰ ਕੌਮਾਂਤਰੀ ਤੇਲ ਸਪਲਾਈ ਅਤੇ ਵਿਸ਼ਵ ਬਾਜ਼ਾਰਾਂ ‘ਤੇ ਪੈ ਸਕਦਾ ਹੈ।

ਬਟਾਲਾ ਨੇੜੇ ਜ਼ਮੀਨੀ ਰੰਜਿਸ਼ ਨੇ ਧਾਰਿਆ ਖੂਨੀ ਰੂਪ, ਸਾਂਢੂ ਦਾ ਘਰ ‘ਚ ਵੜ ਕੇ ਕਤਲ

ਬਟਾਲਾ :- ਬਟਾਲਾ ਦੇ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਮੰਨਣ ਵਿੱਚ ਪੁਰਾਣੀ ਜ਼ਮੀਨੀ ਰੰਜਿਸ਼ ਇੱਕ ਵਿਅਕਤੀ ਦੀ ਜਾਨ ਲੈ ਗਈ। ਸਾਂਝੀ ਪਰਿਵਾਰਕ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਇੱਕ ਵਿਅਕਤੀ ‘ਤੇ ਉਸ ਦੇ ਸਾਂਢੂ ਅਤੇ ਹੋਰ ਸਾਥੀਆਂ ਵੱਲੋਂ ਘਰ ਅੰਦਰ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਹੈ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਤਾ ਅਤੇ ਧੀ ਵੀ ਜ਼ਖ਼ਮੀ ਹੋਈਆਂ ਹਨ।

ਰਾਜ਼ੀਨਾਮੇ ਮਗਰੋਂ ਵੀ ਨਹੀਂ ਮੁੱਕਿਆ ਵਿਵਾਦ

ਪੁਲਿਸ ਅਤੇ ਪਰਿਵਾਰਕ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪਿੰਡ ਮੰਨਣ ਦੇ ਰਹਿਣ ਵਾਲੇ ਦਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦਾ ਆਪਣੇ ਸਾਂਢੂ ਅਤੇ ਸ਼ਰੀਕੇ ਵਿੱਚ ਚਾਚੇ ਦੇ ਪੁੱਤਰ ਰਾਜ ਸਿੰਘ ਨਾਲ ਸਾਂਝੀ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਝਗੜਾ ਵੀ ਹੋਇਆ ਸੀ, ਜਿਸ ਨੂੰ ਪਿੰਡ ਦੇ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਨੇ ਦਖ਼ਲ ਦੇ ਕੇ ਸੁਲਝਾ ਦਿੱਤਾ ਸੀ। ਇਸ ਦੇ ਬਾਵਜੂਦ ਦੋਵਾਂ ਪਰਿਵਾਰਾਂ ਵਿਚਾਲੇ ਤਣਾਅ ਖ਼ਤਮ ਨਹੀਂ ਹੋਇਆ।

ਘਰ ਅੰਦਰ ਦਾਖ਼ਲ ਹੋ ਕੇ ਕੀਤਾ ਹਮਲਾ

ਦੋਸ਼ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਾਜ ਸਿੰਘ ਆਪਣੇ ਕੁਝ ਸਾਥੀਆਂ ਨਾਲ ਦਵਿੰਦਰ ਸਿੰਘ ਦੇ ਘਰ ਪਹੁੰਚਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਇੰਨਾ ਜ਼ਬਰਦਸਤ ਸੀ ਕਿ ਦਵਿੰਦਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਗੁਰਦੁਆਰੇ ਤੋਂ ਪਰਤੀ ਪਤਨੀ ਨੇ ਦੇਖਿਆ ਖੂਨੀ ਮੰਜ਼ਰ

ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਨੇ ਦੱਸਿਆ ਕਿ ਘਟਨਾ ਸਮੇਂ ਉਹ ਗੁਰਦੁਆਰੇ ਮੱਥਾ ਟੇਕਣ ਗਈ ਹੋਈ ਸੀ। ਇਸ ਦੌਰਾਨ ਉਸ ਦੀ ਧੀ ਨੇ ਫ਼ੋਨ ਕਰਕੇ ਦੱਸਿਆ ਕਿ ਘਰ ਵਿੱਚ ਪਿਤਾ ‘ਤੇ ਹਮਲਾ ਹੋਇਆ ਹੈ। ਜਦੋਂ ਉਹ ਵਾਪਸ ਘਰ ਪਹੁੰਚੀ ਤਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਹਮਲੇ ਵਿੱਚ ਰਾਜ ਸਿੰਘ, ਉਸ ਦੀ ਪਤਨੀ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦਵਿੰਦਰ ਸਿੰਘ ‘ਤੇ ਲਗਾਤਾਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ।

ਮਾਂ ਅਤੇ ਧੀ ਵੀ ਹੋਈਆਂ ਜ਼ਖ਼ਮੀ

ਪੀੜਤ ਪਰਿਵਾਰ ਅਨੁਸਾਰ ਹਮਲੇ ਦੌਰਾਨ ਦਵਿੰਦਰ ਸਿੰਘ ਦੀ ਮਾਤਾ ਕੁਲਵੰਤ ਕੌਰ ਅਤੇ ਧੀ ਮਨਪ੍ਰੀਤ ਕੌਰ ਨੂੰ ਵੀ ਸੱਟਾਂ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਸੱਤ ਮੁਲਜ਼ਮਾਂ ਖ਼ਿਲਾਫ਼ ਕੇਸ, ਛਾਪੇਮਾਰੀ ਜਾਰੀ

ਥਾਣਾ ਰੰਗੜ ਨੰਗਲ ਦੀ ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਰਾਜ ਸਿੰਘ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਦਿੱਲੀ ‘ਚ ਅੱਜ ਪੰਜਾਬ ਦਾ ਟੈਕਸਟਾਈਲ ਵਿਜ਼ਨ ਪੇਸ਼ ਕਰਨਗੇ ਭਗਵੰਤ ਮਾਨ

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦੌਰੇ ‘ਤੇ ਰਹਿਣਗੇ, ਜਿੱਥੇ ਉਹ ਭਾਰਤ ਟੈਕਸ 2026 ਸਮਾਗਮ ਵਿੱਚ ਸੂਬੇ ਦੀ ਨੁਮਾਇੰਦਗੀ ਕਰਦੇ ਹੋਏ ਪੰਜਾਬ ਦੀ ਉਦਯੋਗਿਕ ਤਾਕਤ ਅਤੇ ਟੈਕਸਟਾਈਲ ਖੇਤਰ ਦੀਆਂ ਸੰਭਾਵਨਾਵਾਂ ਨੂੰ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਅੱਗੇ ਰੱਖਣਗੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ।

ਪੰਜਾਬ ਸਟੇਟ ਪੈਵੇਲੀਅਨ ਦਾ ਕਰਨਗੇ ਉਦਘਾਟਨ
ਦੌਰੇ ਦੌਰਾਨ ਮੁੱਖ ਮੰਤਰੀ ਸਭ ਤੋਂ ਪਹਿਲਾਂ ਪੰਜਾਬ ਸਟੇਟ ਪੈਵੇਲੀਅਨ ਦਾ ਉਦਘਾਟਨ ਕਰਨਗੇ। ਇਸ ਪੈਵੇਲੀਅਨ ਰਾਹੀਂ ਪੰਜਾਬ ਦੇ ਟੈਕਸਟਾਈਲ ਉਦਯੋਗ, ਨਿਰਮਾਣ ਸਮਰੱਥਾ, ਨਿਵੇਸ਼ ਲਈ ਅਨੁਕੂਲ ਮਾਹੌਲ ਅਤੇ ਉਦਯੋਗਿਕ ਵਿਕਾਸ ਨਾਲ ਜੁੜੀਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਟੈਕਸਟਾਈਲ ਖੇਤਰ ਦੇ ਭਵਿੱਖ ਬਾਰੇ ਰੱਖਣਗੇ ਪੰਜਾਬ ਦਾ ਵਿਜ਼ਨ
ਉਦਘਾਟਨ ਤੋਂ ਬਾਅਦ ਮੁੱਖ ਮੰਤਰੀ “ਪੰਜਾਬ ਦੇ ਟੈਕਸਟਾਈਲ ਭਵਿੱਖ ਦੀ ਮੁੜ ਕਲਪਨਾ: ਰਵਾਇਤੀ ਤਾਕਤ ਤੋਂ ਤਕਨੀਕੀ ਲੀਡਰਸ਼ਿਪ ਤੱਕ” ਵਿਸ਼ੇ ‘ਤੇ ਆਯੋਜਿਤ ਵਿਸ਼ੇਸ਼ ਗਿਆਨ ਸੈਸ਼ਨ ਨੂੰ ਸੰਬੋਧਨ ਕਰਨਗੇ। ਆਪਣੇ ਸੰਬੋਧਨ ਵਿੱਚ ਉਹ ਦੱਸਣਗੇ ਕਿ ਕਿਸ ਤਰ੍ਹਾਂ ਰਵਾਇਤੀ ਟੈਕਸਟਾਈਲ ਉਦਯੋਗ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਪੰਜਾਬ ਨੂੰ ਇਸ ਖੇਤਰ ਵਿੱਚ ਅਗੇਤੀ ਸੂਬਾ ਬਣਾਇਆ ਜਾ ਸਕਦਾ ਹੈ।

ਨਿਵੇਸ਼ਕਾਂ ਨੂੰ ਦਿੱਤਾ ਜਾਵੇਗਾ ਪੰਜਾਬ ਆਉਣ ਦਾ ਸੱਦਾ
ਮੁੱਖ ਮੰਤਰੀ ਸਮਾਗਮ ਵਿੱਚ ਮੌਜੂਦ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਦੇਣਗੇ। ਇਸ ਦੇ ਨਾਲ ਹੀ ਸੂਬਾ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ, ਟੈਕਸਟਾਈਲ ਖੇਤਰ ਦੇ ਵਿਸਥਾਰ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਨਿਰਯਾਤ ਵਧਾਉਣ ਲਈ ਤਿਆਰ ਕੀਤੀ ਗਈ ਰਣਨੀਤੀ ਨੂੰ ਵੀ ਵਿਸਥਾਰ ਨਾਲ ਪੇਸ਼ ਕਰਨਗੇ।

ਉਦਯੋਗਿਕ ਵਿਕਾਸ ਨੂੰ ਮਿਲ ਸਕਦੀ ਹੈ ਨਵੀਂ ਰਫ਼ਤਾਰ
ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਮੰਚਾਂ ‘ਤੇ ਪੰਜਾਬ ਦੀਆਂ ਨੀਤੀਆਂ ਅਤੇ ਸਮਰੱਥਾਵਾਂ ਨੂੰ ਪੇਸ਼ ਕਰਨ ਨਾਲ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਟੈਕਸਟਾਈਲ ਉਦਯੋਗ ਨੂੰ ਮਜ਼ਬੂਤੀ ਮਿਲਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕਿਆਂ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ।

ਕਰਤਾਰਪੁਰ ਲਾਂਘਾ ਤੁਰੰਤ ਖੋਲ੍ਹਿਆ ਜਾਵੇ, ਐਸਜੀਪੀਸੀ ਪ੍ਰਧਾਨ ਧਾਮੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬਿਨਾਂ ਦੇਰੀ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲਾਂਘਾ ਦੁਨੀਆ ਭਰ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੇ ਬੰਦ ਰਹਿਣ ਕਾਰਨ ਸੰਗਤਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ।

ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਦਾ ਦਿੱਤਾ ਹਵਾਲਾ

ਧਾਮੀ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਬਿਤਾਇਆ ਅਤੇ ਮਨੁੱਖਤਾ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਇਸ ਪਾਵਨ ਧਰਤੀ ਨਾਲ ਸਿੱਖ ਕੌਮ ਦੀਆਂ ਡੂੰਘੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ, ਜਿਸ ਕਰਕੇ ਹਰ ਸਿੱਖ ਇਸ ਦੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ।

2019 ਵਿੱਚ ਖੁੱਲ੍ਹਿਆ ਲਾਂਘਾ ਸੰਗਤਾਂ ਲਈ ਬਣਿਆ ਸੀ ਇਤਿਹਾਸਕ ਪਲ

ਪੱਤਰ ਵਿੱਚ ਜ਼ਿਕਰ ਕੀਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ 2019 ਵਿੱਚ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਦੁਨੀਆ ਭਰ ਦੀ ਸਿੱਖ ਸੰਗਤ ਦੀ ਲੰਬੇ ਸਮੇਂ ਦੀ ਅਰਦਾਸ ਪੂਰੀ ਹੋਈ ਸੀ। ਇਸ ਤੋਂ ਬਾਅਦ ਲੱਖਾਂ ਸ਼ਰਧਾਲੂਆਂ ਨੇ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਆਪਣੀ ਸ਼ਰਧਾ ਪ੍ਰਗਟਾਈ। ਪਰ ਦੋਵੇਂ ਦੇਸ਼ਾਂ ਵਿਚਾਲੇ ਬਣੇ ਸੁਰੱਖਿਆ ਹਾਲਾਤਾਂ ਕਾਰਨ ਲਾਂਘਾ ਬੰਦ ਹੋਣ ਨਾਲ ਸੰਗਤਾਂ ਨੂੰ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।

ਪਹਿਲਾਂ ਵੀ ਕਈ ਵਾਰ ਉਠਾਈ ਜਾ ਚੁੱਕੀ ਹੈ ਮੰਗ

ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਨਵੀਂ ਨਹੀਂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਕਈ ਮਤੇ ਪਾਸ ਕਰਕੇ ਕੇਂਦਰ ਸਰਕਾਰ ਤੱਕ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਪਹੁੰਚਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਯਾਦ-ਪੱਤਰ ਭੇਜ ਕੇ ਜਲਦੀ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨ ਦੀ ਕੀਤੀ ਅਪੀਲ

ਧਾਮੀ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਮੁੜ ਖੁੱਲ੍ਹਣਾ ਸਿਰਫ਼ ਯਾਤਰਾ ਦੀ ਸਹੂਲਤ ਦਾ ਮਾਮਲਾ ਨਹੀਂ, ਸਗੋਂ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਵੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਦੇ ਹੋਏ ਸਬੰਧਤ ਮੰਤਰਾਲਿਆਂ ਨੂੰ ਲੋੜੀਂਦੇ ਕੂਟਨੀਤਕ ਅਤੇ ਪ੍ਰਸ਼ਾਸਕੀ ਕਦਮ ਚੁੱਕਣ ਦੇ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਜਲਦ ਤੋਂ ਜਲਦ ਮੁੜ ਸ਼ੁਰੂ ਹੋ ਸਕੇ।

ਗੋਲਡਨ ਗੇਟ ਨੇੜੇ ਐੱਸਜੀਪੀਸੀ ਪ੍ਰਧਾਨ ਧਾਮੀ ਖ਼ਿਲਾਫ਼ ਰੋਸ ਪ੍ਰਦਰਸ਼ਨ, ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਸੋਮਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਥਾ ਸਿਰਹਾਲਾ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਧਾਮੀ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ ਕੀਤੀ ਅਤੇ ਐੱਸਜੀਪੀਸੀ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ।

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਭੇਜਣ ਦੇ ਢੰਗ ‘ਤੇ ਉਠਾਏ ਇਤਰਾਜ਼

ਪ੍ਰਦਰਸ਼ਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਦੋਸ਼ ਲਗਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਥਿਤ ਤੌਰ ‘ਤੇ ਕੰਟੇਨਰ ਰਾਹੀਂ ਕੈਨੇਡਾ ਭੇਜਿਆ ਗਿਆ, ਜੋ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈਣੀ ਅਤੇ ਪੂਰੀ ਮਰਿਆਦਾ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ।

ਨਿਰਪੱਖ ਜਾਂਚ ਅਤੇ ਕਾਰਵਾਈ ਦੀ ਕੀਤੀ ਮੰਗ

ਜਥੇਬੰਦੀਆਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼

ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਜਲਦ ਕਾਰਵਾਈ ਨਾ ਹੋਈ ਤਾਂ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪ ਕੇ ਇਸ ਮਾਮਲੇ ਵਿੱਚ ਦਖ਼ਲ ਦੀ ਅਪੀਲ ਵੀ ਕੀਤੀ ਜਾਵੇਗੀ।

ਬੁਢਲਾਡਾ ਨਗਰ ਕੌਂਸਲ ਦੀ ਕਮਾਨ ਆਮ ਆਦਮੀ ਪਾਰਟੀ ਦੇ ਹੱਥ, ਸਤਨਾਮ ਸਿੰਘ ਖਨਾਲੀਆ ਬਣੇ ਪ੍ਰਧਾਨ

ਬੁਢਲਾਡਾ :- ਬੁਢਲਾਡਾ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸੋਮਵਾਰ ਨੂੰ ਐੱਸ.ਡੀ.ਐੱਮ. ਗੁਰਮੀਤ ਕੁਮਾਰ ਦੀ ਦੇਖ-ਰੇਖ ਹੇਠ ਕਰਵਾਈ ਗਈ। ਚੋਣ ਪ੍ਰਕਿਰਿਆ ਦੌਰਾਨ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੀ ਮੌਜੂਦ ਰਹੇ ਅਤੇ ਕੌਂਸਲਰਾਂ ਨੇ ਵੋਟਿੰਗ ਵਿੱਚ ਹਿੱਸਾ ਲਿਆ।

14 ਕੌਂਸਲਰਾਂ ਦੇ ਸਮਰਥਨ ਨਾਲ ਪ੍ਰਧਾਨ ਚੁਣੇ ਗਏ

ਚੋਣ ਦੌਰਾਨ ਕੁੱਲ 20 ਕੌਂਸਲਰ ਹਾਜ਼ਰ ਸਨ। ਪ੍ਰਧਾਨ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਖਨਾਲੀਆ ਨੂੰ 14 ਕੌਂਸਲਰਾਂ ਦਾ ਸਮਰਥਨ ਮਿਲਿਆ, ਜਦਕਿ 6 ਕੌਂਸਲਰਾਂ ਨੇ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ। ਇਸ ਤਰ੍ਹਾਂ ਸਤਨਾਮ ਸਿੰਘ ਖਨਾਲੀਆ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ।

ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਵੀ ਆਪ ਦੇ ਖਾਤੇ

ਚੋਣ ਦੌਰਾਨ ਟਿੰਕੂ ਮਦਾਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਨਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਦੋਵੇਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ।

ਬੋਹਾ ਅਤੇ ਬਰੇਟਾ ਵਿੱਚ ਵੀ ਆਪ ਨੂੰ ਮਿਲੀ ਕਾਮਯਾਬੀ

ਇਸੇ ਦਿਨ ਬੋਹਾ ਅਤੇ ਬਰੇਟਾ ਨਗਰ ਕੌਂਸਲਾਂ ਵਿੱਚ ਵੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਇਸ ਨਾਲ ਇਲਾਕੇ ਦੀਆਂ ਸਥਾਨਕ ਸੰਸਥਾਵਾਂ ਵਿੱਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਈ ਹੈ।

ਮੋਗਾ ਦੇ ਕਿਸਾਨ ਦੀ ਖੁੱਲ੍ਹੀ ਕਿਸਮਤ, ਪੰਜਾਬ ਸਟੇਟ ਡੀਅਰ ਬੰਪਰ ਲਾਟਰੀ ਦਾ ₹50 ਲੱਖ ਦਾ ਪਹਿਲਾ ਇਨਾਮ ਜਿੱਤਿਆ, ਇੱਕੋ ਹੀ ਦਿਨ ‘ਚ ਬਦਲੀ ਕਿਸਮਤ

ਮੋਗਾ :- ਮੋਗਾ ਦੇ ਮਥੁਰਾਪੁਰੀ ਕਲੋਨੀ ਦੇ ਰਹਿਣ ਵਾਲੇ ਕਿਸਾਨ ਚਰਨਜੀਤ ਸਿੰਘ ਦੀ ਕਿਸਮਤ ਉਸ ਵੇਲੇ ਚਮਕ ਗਈ, ਜਦੋਂ ਉਸ ਨੇ ਪੰਜਾਬ ਸਟੇਟ ਡੀਅਰ ਬੰਪਰ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਆਪਣੇ ਨਾਮ ਕਰ ਲਿਆ। ਜਿਵੇਂ ਹੀ ਜੇਤੂ ਟਿਕਟ ਦੀ ਪੁਸ਼ਟੀ ਹੋਈ, ਪ੍ਰਤਾਪ ਰੋਡ ਸਥਿਤ ‘ਗੋਲੀ ਲਾਟਰੀ ਸਟਾਲ’ ‘ਤੇ ਖੁਸ਼ੀ ਦਾ ਮਾਹੌਲ ਬਣ ਗਿਆ। ਢੋਲ ਦੀਆਂ ਧੁਨਾਂ ‘ਤੇ ਜਸ਼ਨ ਮਨਾਏ ਗਏ ਅਤੇ ਲੋਕਾਂ ਵਿੱਚ ਮਿਠਾਈਆਂ ਵੰਡ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ।

₹1,000 ਦੀ ਟਿਕਟ ਨੇ ਬਦਲੀ ਕਿਸਮਤ

ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਇੱਕ ਹਜ਼ਾਰ ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। ਸੋਮਵਾਰ ਸਵੇਰੇ ਜਦੋਂ ਉਹ ਟਿਕਟ ਦੀ ਜਾਂਚ ਕਰਵਾਉਣ ਸਟਾਲ ‘ਤੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ 50 ਲੱਖ ਰੁਪਏ ਦੇ ਪਹਿਲੇ ਇਨਾਮ ਦਾ ਜੇਤੂ ਬਣ ਗਿਆ ਹੈ। ਇਹ ਸੁਣਦਿਆਂ ਹੀ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਜਸ਼ਨ ਸ਼ੁਰੂ ਹੋ ਗਿਆ।

ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਵਰਤੇਗਾ ਇਨਾਮੀ ਰਕਮ

ਜੇਤੂ ਕਿਸਾਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਲਾਟਰੀ ਟਿਕਟਾਂ ਖਰੀਦਦਾ ਰਿਹਾ ਹੈ ਅਤੇ ਇੱਕ ਵਾਰ 20 ਹਜ਼ਾਰ ਰੁਪਏ ਦਾ ਇਨਾਮ ਵੀ ਜਿੱਤ ਚੁੱਕਾ ਹੈ। ਇਸ ਵਾਰ ਮਿਲੀ 50 ਲੱਖ ਰੁਪਏ ਦੀ ਰਕਮ ਨੂੰ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਲਗਾਉਣ ਦਾ ਇਰਾਦਾ ਰੱਖਦਾ ਹੈ।

ਜਿਸ ਟਿਕਟ ਨੂੰ ਕਿਸੇ ਨੇ ਨਹੀਂ ਲਿਆ, ਉਹ ਬਣੀ ਜੇਤੂ

ਸਟਾਲ ਸੰਚਾਲਕ ਪ੍ਰਦੀਪ ਕੁਮਾਰ ਗੋਲੀ ਨੇ ਦੱਸਿਆ ਕਿ ਇਹ ਟਿਕਟ ਪਹਿਲਾਂ ਕਿਸੇ ਹੋਰ ਗਾਹਕ ਲਈ ਰੱਖੀ ਗਈ ਸੀ, ਪਰ ਉਹ ਇਸ ਨੂੰ ਲੈਣ ਨਹੀਂ ਆਇਆ। ਬਾਅਦ ਵਿੱਚ ਇਹੀ ਟਿਕਟ ਚਰਨਜੀਤ ਸਿੰਘ ਨੂੰ ਵੇਚੀ ਗਈ ਅਤੇ ਉਸ ਦੀ ਕਿਸਮਤ ਖੁੱਲ੍ਹ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਲਾਟਰੀ ਨੂੰ ਲੈ ਕੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।

ਹਾਲ ਹੀ ਵਿੱਚ ਬਿਹਾਰ ਦੇ ਨੌਜਵਾਨ ਨੇ ਵੀ ਜਿੱਤਿਆ ਸੀ ਵੱਡਾ ਬੰਪਰ

ਕੁਝ ਦਿਨ ਪਹਿਲਾਂ ਸਿੱਕਮ ਸਟੇਟ ਬੰਪਰ ਲਾਟਰੀ ਵਿੱਚ ਬਿਹਾਰ ਦੇ ਇੱਕ ਨੌਜਵਾਨ ਨੇ 3 ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ। ਜੇਤੂ ਲੁਧਿਆਣਾ ਪਹੁੰਚ ਕੇ ਆਪਣੀ ਟਿਕਟ ਕਲੇਮ ਕਰਨ ਦੀ ਕਾਰਵਾਈ ਪੂਰੀ ਕਰਨ ਲਈ ਆਇਆ ਸੀ। ਲਾਟਰੀ ਏਜੰਸੀ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਅਤੇ ਇਨਾਮ ਦੀ ਰਕਮ ਜਾਰੀ ਕਰਨ ਲਈ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ।