Home Blog Page 185

ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਅਤੇ ਮਾਤਾ-ਬੱਚਾ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਲੋਕ-ਹਿਤੈਸ਼ੀ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਚਾਲੂ ਵਿੱਤੀ ਸਾਲ ਦੌਰਾਨ ਹੁਣ ਤੱਕ 1.70 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲੇ ਬੱਚੇ ਦੇ ਜਨਮ ’ਤੇ ਲਾਭਪਾਤਰੀ ਔਰਤਾਂ ਨੂੰ 5000 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਦੋ ਕਿਸ਼ਤਾਂ ਵਿੱਚ ਅਦਾ ਕੀਤੀ ਜਾਂਦੀ ਹੈ, ਜਿਸ ਵਿੱਚ ਪਹਿਲੀ ਕਿਸ਼ਤ 3000 ਰੁਪਏ ਅਤੇ ਦੂਜੀ ਕਿਸ਼ਤ 2000 ਰੁਪਏ ਦੀ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਦੂਜੇ ਬੱਚੇ ਦੇ ਜਨਮ ’ਤੇ, ਜੇਕਰ ਦੂਜਾ ਬੱਚਾ ਲੜਕੀ ਹੋਵੇ, ਤਾਂ ਸਰਕਾਰ ਵੱਲੋਂ 6000 ਰੁਪਏ ਦੀ ਮਾਲੀ ਸਹਾਇਤਾ ਇੱਕ ਹੀ ਕਿਸ਼ਤ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਰਕਮ ਲਾਭਪਾਤਰੀ ਔਰਤਾਂ ਦੇ ਖਾਤਿਆਂ ਵਿੱਚ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀ.ਬੀ.ਟੀ.) ਰਾਹੀਂ ਭੇਜੀ ਜਾਂਦੀ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਸਮੇਂ-ਸਿਰ ਮਦਦ ਯਕੀਨੀ ਬਣਾਈ ਜਾ ਰਹੀ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਹੁਣ ਤੱਕ 4056 ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 36,154 ਲਾਭਪਾਤਰੀ ਔਰਤਾਂ ਨੂੰ ਇਸ ਸਕੀਮ ਅਧੀਨ ਰਜਿਸਟਰਡ ਕੀਤਾ ਜਾ ਚੁੱਕਾ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਯੋਜਨਾ ਸਿਰਫ ਵਿੱਤੀ ਸਹਾਇਤਾ ਤੱਕ ਸੀਮਿਤ ਨਹੀਂ, ਸਗੋਂ ਮਾਵਾਂ ਦੀ ਸਿਹਤ, ਪੋਸ਼ਣ ਅਤੇ ਨਵਜੰਮੇ ਬੱਚਿਆਂ ਦੀ ਸੰਭਾਲ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਮਾਂ ਆਰਥਿਕ ਤੰਗੀ ਕਾਰਨ ਜ਼ਰੂਰੀ ਸਿਹਤ ਸੇਵਾਵਾਂ ਤੋਂ ਵੰਚਿਤ ਨਾ ਰਹੇ ਅਤੇ ਹਰ ਬੱਚੇ ਨੂੰ ਜਨਮ ਤੋਂ ਹੀ ਸੁਰੱਖਿਅਤ ਅਤੇ ਸਿਹਤਮੰਦ ਸ਼ੁਰੂਆਤ ਮਿਲੇ। ਉਨ੍ਹਾਂ ਨੇ ਅੰਤ ਵਿੱਚ ਦੁਹਰਾਇਆ ਕਿ ਮਾਨ ਸਰਕਾਰ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਹੱਕਦਾਰ ਤੱਕ ਪਹੁੰਚਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ।

ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ

ਚੰਡੀਗੜ੍ਹ: ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਮੋਟਰ ਵਹੀਕਲ ਐਕਟ, 1988 ਦੀ ਪਾਲਣਾ ਨੂੰ ਬਿਹਤਰ ਬਣਾਉਣ ਲਈ, ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਈ ਵੱਡੇ ਕਦਮ ਚੁੱਕਣ ਦਾ ਐਲਾਨ ਕੀਤਾ। ਨਵੇਂ ਦਿਸ਼ਾ-ਨਿਰਦੇਸ਼ ਰਾਹੀਂ ਨਾਗਰਿਕਾਂ ਲਈ ਗਲਤ ਈ-ਚਲਾਨਾਂ ਨੂੰ ਚੁਣੌਤੀ ਦੇਣ ਲਈ ਇੱਕ ਪਾਰਦਰਸ਼ੀ ਵਿਧੀ ਸਥਾਪਤ ਕਰਨ ਦੇ ਨਾਲ-ਨਾਲ ਖਤਰਨਾਕ ਡਰਾਈਵਿੰਗ, ਨਾਬਾਲਗਾਂ ਵੱਲੋਂ ਡਰਾਈਵਿੰਗ ਅਤੇ ਸਮਾਂ ਪੁਗਾ ਚੁੱਕੇ ਵਾਹਨ ਰਿਕਾਰਡਾਂ ਲਈ ਸਖ਼ਤ ਜ਼ੁਰਮਾਨੇ ਲਾਗੂ ਕੀਤੇ ਗਏ ਹਨ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਦਾ ਖੁਲਾਸਾ ਕਰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਈ-ਚਲਾਨ ਵਿਵਾਦਾਂ ਦੇ ਕੁਸ਼ਲ ਅਤੇ ਅਧਿਕਾਰ ਖੇਤਰ-ਵਿਸ਼ੇਸ਼ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿੱਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਸੈੱਲ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ, “ਪ੍ਰਭਾਵਿਤ ਨਾਗਰਿਕਾਂ ਕੋਲ ਹੁਣ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਚਲਾਨ ਨੂੰ ਚੁਣੌਤੀ ਦੇਣ ਲਈ 45 ਦਿਨਾਂ ਦਾ ਸਮਾਂ ਹੈ। ਆਪਣਾ ਪੱਖ ਸਾਬਤ ਕਰਨ ਲਈ ਵਾਹਨ ਮਾਲਕ ਡੀਆਰਸੀ ਨੂੰ ਲੋੜੀਂਦੇ ਸਬੂਤ ਜਮ੍ਹਾਂ ਕਰਵਾ ਸਕਦੇ ਹਨ, ਜਿਸ ਵਿੱਚ ਡੈਸ਼ਕੈਮ ਫੁਟੇਜ, ਫੋਟੋਆਂ, ਵੀਡੀਓ ਕਲਿੱਪ ਜਾਂ ਗਵਾਹਾਂ ਦੇ ਬਿਆਨ ਆਦਿ ਸ਼ਾਮਲ ਹਨ।”

ਵਾਹਨ ਰਜਿਸਟ੍ਰੇਸ਼ਨ ਦੇ ਸਹੀ ਡੇਟਾ ਦੀ ਜ਼ਰੂਰਤ ‘ਤੇ ਜੋਰ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਮਲਕੀਅਤ ਜਾਂ ਪਤੇ ਦੇ ਰਿਕਾਰਡ ਨੂੰ ਅਪਡੇਟ ਕਰਨ ਵਿੱਚ ਅਸਫਲ ਰਹਿਣ ‘ਤੇ ਹੁਣ ਸਖ਼ਤ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ, “ਮੋਟਰ ਵਹੀਕਲ ਐਕਟ ਦੇ ਤਹਿਤ ਵਾਹਨ ਮਾਲਕਾਂ ਲਈ 30 ਦਿਨਾਂ ਦੇ ਅੰਦਰ ਪਤੇ ਵਿੱਚ ਤਬਦੀਲੀ ਬਾਰੇ ਰਜਿਸਟਰਿੰਗ ਅਥਾਰਟੀ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਮਲਕੀਅਤ ਦੇ ਤਬਾਦਲੇ ਲਈ, ਜੇਕਰ ਤਬਾਦਲਾ ਪੰਜਾਬ ਦੇ ਅੰਦਰ ਹੁੰਦਾ ਹੈ ਤਾਂ 14 ਦਿਨਾਂ ਦੇ ਅੰਦਰ ਅਥਾਰਟੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ, ਅਤੇ ਜੇਕਰ ਇਹ ਰਾਜ ਤੋਂ ਬਾਹਰ ਹੈ ਤਾਂ 45 ਦਿਨਾਂ ਦੇ ਅੰਦਰ ਸੂਚਿਤ ਕਰਨਾ ਲਾਜ਼ਮੀ ਹੈ। ਅਜਿਹਾ ਨਾ ਕਰਨ ‘ਤੇ ਪਹਿਲੀ ਵਾਰ ਅਪਰਾਧ ਲਈ 500 ਰੁਪਏ ਅਤੇ ਬਾਅਦ ਵਿੱਚ ਹਰੇਕ ਅਪਰਾਧ ਲਈ 1,500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।”

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਧਿਕਾਰਤ ਤੌਰ ‘ਤੇ ਖਤਰਨਾਕ ਡਰਾਈਵਿੰਗ ਨੂੰ ਗੈਰ-ਕੰਪਾਊਂਡੇਬਲ (ਗੈਰ-ਸਮਝੌਤਾਯੋਗ) ਅਪਰਾਧ ਕਰਾਰ ਦਿੱਤਾ ਹੈ, ਅਤੇ ਇਸ ਦਾ ਨਿਪਟਾਰਾ ਮੌਕੇ ‘ਤੇ ਸਿਰਫ਼ ਜੁਰਮਾਨਾ ਭਰ ਕੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ, “ਮੋਟਰ ਵਹੀਕਲ ਐਕਟ ਦੀ ਧਾਰਾ 184 ਦੇ ਤਹਿਤ ਆਉਂਦੇ ਅਪਰਾਧਾਂ ਜਿਵੇਂ ਕਿ ਲਾਲ ਬੱਤੀ ਜੰਪ ਕਰਨਾ, ਸਟਾਪ ਚਿੰਨ੍ਹਾਂ ਦੀ ਉਲੰਘਣਾ ਕਰਨਾ, ਆਵਾਜਾਈ ਦੇ ਅਧਿਕਾਰਤ ਪ੍ਰਵਾਹ ਦੇ ਉਲਟ (ਗਲਤ ਦਿਸ਼ਾ ਵਿੱਚ) ਗੱਡੀ ਚਲਾਉਣਾ, ਅਤੇ ਸ਼ਰਾਬ ਜਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।”

ਟਰਾਂਸਪੋਰਟ ਮੰਤਰੀ ਚੀਮਾ ਨੇ ਨਾਬਾਲਗਾਂ ਵੱਲੋਂ ਗੱਡੀ ਚਲਾਉਣ ਸਬੰਧੀ ਵੀ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਾਬਾਲਗ ਅਪਰਾਧਾਂ ਵਿੱਚ ਕੋਈ ਛੋਟ/ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ, “ਨਾਬਾਲਗ ਵੱਲੋਂ ਡਰਾਈਵਿੰਗ ਅਪਰਾਧ ਕੀਤੇ ਜਾਣ ਦੀ ਸੂਰਤ ਵਿੱਚ ਮਾਪੇ, ਸਰਪ੍ਰਸਤ ਜਾਂ ਵਾਹਨ ਮਾਲਕਾਂ ਨੂੰ ਸਖ਼ਤੀ ਨਾਲ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸ ਦੇ ਨਤੀਜਿਆਂ ਵਿੱਚ ਭਾਰੀ ਜੁਰਮਾਨੇ, ਵਾਹਨ ਦੀ ਰਜਿਸਟ੍ਰੇਸ਼ਨ ਨੂੰ ਤੁਰੰਤ ਰੱਦ ਕਰਨਾ, ਅਤੇ ਨਾਬਾਲਗ ਨੂੰ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਅਯੋਗ ਕਰਾਰ ਦੇਣਾ ਸ਼ਾਮਲ ਹੈ।”

ਸੜਕੀ ਅਨੁਸ਼ਾਸਨ ਨੂੰ ਬਿਹਤਰ ਬਣਾਉਣ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਨਵੀਆਂ ਨੋਟੀਫਾਈਡ ਵਿਵਸਥਾਵਾਂ ਦਾ ਉਦੇਸ਼ ਪੰਜਾਬ ਭਰ ਵਿੱਚ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ। ਵਿੱਤ ਮੰਤਰੀ ਨੇ ਕਿਹਾ, “ਸਾਰੇ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਸੜਕਾਂ ‘ਤੇ ਚੱਲਣ  ਮੌਕੇ ਟ੍ਰੈਫਿਕ ਨਿਯਮਾਂ ਅਤੇ ਕਾਨੂੰਨੀ ਨੁਕਤਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ।”

ਅੰਮ੍ਰਿਤਸਰ – ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਬੱਸ ਰੋਕਨ ਦੇ ਮਾਮਲੇ ‘ਚ ਦਿਹਾਤੀ ਪੁਲਿਸ ਨੇ 2 ਨੌਜਵਾਨ ਕੀਤੇ ਕਾਬੂ

ਅੰਮ੍ਰਿਤਸਰ :- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਚੱਲ ਰਹੀ ਬੱਸ ਨਾਲ ਕਥਿਤ ਬਦਸਲੂਕੀ ਅਤੇ ਰਸਤਾ ਰੋਕਣ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਘਰਿੰਡਾ ਥਾਣਾ ਖੇਤਰ ਵਿੱਚ ਵਾਪਰੀ, ਜਿਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਯਾਤਰੀਆਂ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼

ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਤੀਰਥ ਯਾਤਰਾ ‘ਤੇ ਜਾ ਰਹੀ ਬੱਸ ਵਾਹਗਾ ਬਾਰਡਰ ਵੱਲ ਜਾ ਰਹੀ ਸੀ। ਇਸ ਦੌਰਾਨ ਦੋ ਨੌਜਵਾਨਾਂ ਨੇ ਆਪਣੀ ਕਾਰ ਬੱਸ ਅੱਗੇ ਲਗਾ ਕੇ ਉਸ ਦਾ ਰਸਤਾ ਰੋਕ ਲਿਆ। ਦੋਸ਼ ਹੈ ਕਿ ਉਨ੍ਹਾਂ ਨੇ ਬੱਸ ਵਿੱਚ ਸਵਾਰ ਯਾਤਰੀਆਂ ਨਾਲ ਗਾਲੀ-ਗਲੋਚ ਕੀਤੀ ਅਤੇ ਧੱਕਾ-ਮੁੱਕੀ ਕਰਨ ਦੀ ਵੀ ਕੋਸ਼ਿਸ਼ ਕੀਤੀ।

ਬੱਸ ਵਿੱਚ ਸਵਾਰ ਸਨ 45 ਸ਼ਰਧਾਲੂ

ਘਟਨਾ ਸਮੇਂ ਬੱਸ ਵਿੱਚ ਕਰੀਬ 45 ਸ਼ਰਧਾਲੂ ਸਫ਼ਰ ਕਰ ਰਹੇ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬਜ਼ੁਰਗ ਸ਼ਾਮਲ ਸਨ। ਅਚਾਨਕ ਵਾਪਰੀ ਇਸ ਘਟਨਾ ਕਾਰਨ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਡਰ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਪੁਲਿਸ ਨੇ ਦੋਵੇਂ ਮੁਲਜ਼ਮ ਗ੍ਰਿਫ਼ਤਾਰ ਕੀਤੇ

ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੇ ਇਲਾਕੇ ਦੀਆਂ ਸੀਸੀਟੀਵੀ ਫੁਟੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਬੂਤਾਂ ਦੇ ਆਧਾਰ ‘ਤੇ ਮਾਮਲੇ ਵਿੱਚ ਲੋੜੀਂਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅਨੰਤਨਾਗ ‘ਚ ਅੱਤਵਾਦੀ ਹਮਲਾ, ਡਿਊਟੀ ਤੇ ਤਾਇਨਾਤ ਹੈੱਡ ਕਾਂਸਟੇਬਲ ਸ਼ਹੀਦ; ਹਮਲਾਵਰਾਂ ਦੀ ਭਾਲ ਜਾਰੀ

ਜੰਮੂ :- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਬੁੱਧਵਾਰ ਦੁਪਹਿਰ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ। ਇਹ ਹਮਲਾ ਲਾਲ ਚੌਕ ਦੇ ਕੋਤਵਾਲ ਗਲੀ ਇਲਾਕੇ ਵਿੱਚ ਹੋਇਆ, ਜਿਸ ਵਿੱਚ ਇੱਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ। ਹਮਲੇ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਅਮਰਨਾਥ ਯਾਤਰਾ ਦੀ ਸੁਰੱਖਿਆ ਡਿਊਟੀ ‘ਤੇ ਸੀ ਸ਼ਹੀਦ ਜਵਾਨ

ਪੁਲਿਸ ਮੁਤਾਬਕ ਸ਼ਹੀਦ ਹੋਏ ਜਵਾਨ ਦੀ ਪਛਾਣ ਤੀਜੀ ਇੰਡੀਆ ਰਿਜ਼ਰਵ ਬਟਾਲੀਅਨ (IR) ਦੇ ਹੈੱਡ ਕਾਂਸਟੇਬਲ ਆਸ਼ਿਕ ਹੁਸੈਨ ਵਜੋਂ ਹੋਈ ਹੈ। ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਡਿਊਟੀ ‘ਤੇ ਤਾਇਨਾਤ ਸਨ। ਹਮਲੇ ਦੌਰਾਨ ਉਨ੍ਹਾਂ ਨੂੰ ਗੋਲੀ ਲੱਗੀ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਹਮਲੇ ਦੀ ਜ਼ਿੰਮੇਵਾਰੀ TRF ਨੇ ਲਈ

ਹਮਲੇ ਤੋਂ ਕੁਝ ਸਮੇਂ ਬਾਅਦ ‘ਦਿ ਰੇਜ਼ਿਸਟੈਂਸ ਫਰੰਟ’ (TRF) ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜ਼ਿੰਮੇਵਾਰੀ ਲਈ ਹੈ। ਸੁਰੱਖਿਆ ਏਜੰਸੀਆਂ TRF ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਇੱਕ ਪ੍ਰੌਕਸੀ ਗਰੁੱਪ ਮੰਨਦੀਆਂ ਹਨ।

ਭੀੜ-ਭੜੱਕੇ ਵਾਲੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਜਿਸ ਥਾਂ ਇਹ ਹਮਲਾ ਹੋਇਆ, ਉਹ ਅਨੰਤਨਾਗ ਦਾ ਸਭ ਤੋਂ ਵਿਅਸਤ ਬਾਜ਼ਾਰੀ ਇਲਾਕਾ ਮੰਨਿਆ ਜਾਂਦਾ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੁਰੱਖਿਆ ਬਲਾਂ ਨੇ ਤੁਰੰਤ ਮੋਰਚਾ ਸੰਭਾਲਦੇ ਹੋਏ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਸ਼ੱਕੀ ਅੱਤਵਾਦੀਆਂ ਦੀ ਭਾਲ ਲਈ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਹਾਲ ਹੀ ਵਿੱਚ ਵੀ ਹੋਈ ਸੀ ਘੁਸਪੈਠ ਦੀ ਕੋਸ਼ਿਸ਼

ਇਸ ਤੋਂ ਪਹਿਲਾਂ ਰਾਜੌਰੀ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਫੌਜ ਅਤੇ ਅੱਤਵਾਦੀਆਂ ਵਿਚਾਲੇ ਕਾਫ਼ੀ ਸਮੇਂ ਤੱਕ ਮੁਕਾਬਲਾ ਚੱਲਿਆ। ਉੱਧਰ ਸੁਰੱਖਿਆ ਬਲਾਂ ਨੇ ਹਾਲ ਹੀ ਵਿੱਚ ਸ਼ੋਪੀਆਂ ਵਿੱਚ ਇੱਕ ਅਭਿਆਨ ਦੌਰਾਨ ਲਸ਼ਕਰ-ਏ-ਤੋਇਬਾ ਦੇ ਇੱਕ ਚੋਟੀ ਦੇ ਕਮਾਂਡਰ ਨੂੰ ਵੀ ਢੇਰ ਕੀਤਾ ਸੀ।

ਫਿਰੋਜ਼ਪੁਰ ‘ਚ Blinkit ਸਟੋਰ ਤੇ ਫੂਡ ਸੇਫਟੀ ਵਿਭਾਗ ਦਾ ਛਾਪਾ, ਮਿਆਦ ਪੁੱਗੀਆਂ ਖਾਣ-ਪੀਣ ਵਾਲੀਆਂ ਵਸਤਾਂ ਮਿਲਣ ਤੇ ਭਰੇ ਸੈਂਪਲ

ਫਿਰੋਜ਼ਪੁਰ :- ਫਿਰੋਜ਼ਪੁਰ ਵਿੱਚ ਫੂਡ ਸੇਫਟੀ ਵਿਭਾਗ ਨੇ ਇੱਕ Blinkit ਸਟੋਰ ‘ਤੇ ਅਚਾਨਕ ਛਾਪੇਮਾਰੀ ਕਰਕੇ ਖਾਣ-ਪੀਣ ਵਾਲੇ ਸਮਾਨ ਦੀ ਜਾਂਚ ਕੀਤੀ। ਵਿਭਾਗ ਨੂੰ ਸਟੋਰ ਵਿੱਚੋਂ ਮਿਆਦ ਪੁੱਗੀ ਬ੍ਰੈੱਡ ਸਮੇਤ ਕਈ ਹੋਰ ਖਾਧ ਪਦਾਰਥ ਮਿਲੇ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਸਮਾਨ ਦੇ ਸੈਂਪਲ ਇਕੱਠੇ ਕਰ ਲਏ।

ਲੈਬ ਜਾਂਚ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ

ਫੂਡ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਖਾਧ ਪਦਾਰਥਾਂ ਦੇ ਸੈਂਪਲ ਜਾਂਚ ਲਈ ਸਰਕਾਰੀ ਲੈਬ ਵਿੱਚ ਭੇਜੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਜੇਕਰ ਨਿਯਮਾਂ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਸਬੰਧਤ ਧਿਰ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਲੋਕਾਂ ਦੀ ਸਿਹਤ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ

ਫੂਡ ਸੇਫਟੀ ਵਿਭਾਗ ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣਾ ਵਿਭਾਗ ਦੀ ਪਹਿਲ ਹੈ। ਮਿਆਦ ਪੁੱਗੇ ਜਾਂ ਘਟੀਆ ਖਾਧ ਪਦਾਰਥਾਂ ਦੀ ਵਿਕਰੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਖਾਣ-ਪੀਣ ਦਾ ਸਮਾਨ ਖਰੀਦਣ ਤੋਂ ਪਹਿਲਾਂ ਮਿਆਦ ਜ਼ਰੂਰ ਦੇਖੋ

ਫੂਡ ਸੇਫਟੀ ਇੰਸਪੈਕਟਰ ਅਭਿਨਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਖਾਧ ਪਦਾਰਥ ਖਰੀਦਣ ਤੋਂ ਪਹਿਲਾਂ ਉਸ ਦੀ ਮਿਆਦ (ਐਕਸਪਾਇਰੀ ਡੇਟ) ਜ਼ਰੂਰ ਚੈੱਕ ਕਰਨ। ਜੇਕਰ ਕਿਸੇ ਦੁਕਾਨ ਜਾਂ ਸਟੋਰ ਵਿੱਚ ਮਿਆਦ ਪੁੱਗਿਆ ਜਾਂ ਸ਼ੱਕੀ ਖਾਣ-ਪੀਣ ਦਾ ਸਮਾਨ ਵੇਚਿਆ ਜਾ ਰਿਹਾ ਹੋਵੇ ਤਾਂ ਇਸ ਦੀ ਤੁਰੰਤ ਸੂਚਨਾ ਫੂਡ ਸੇਫਟੀ ਵਿਭਾਗ ਨੂੰ ਦਿੱਤੀ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

ਪੰਜਾਬ ਦੇ ਟੋਲ ਪਲਾਜ਼ਿਆਂ ਤੇ ਕਿਸਾਨਾਂ ਦਾ ਵੱਡਾ ਐਕਸ਼ਨ, ਟੋਲ ਫਰੀ ਕਰਵਾਏ!

ਚੰਡੀਗੜ੍ਹ :- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਪੰਜਾਬ ਭਰ ਵਿੱਚ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ (FTA) ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੂਬੇ ਦੇ ਕਈ ਟੋਲ ਪਲਾਜ਼ਿਆਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟੋਲ ਮੁਕਤ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਸ ਸਮੇਂ ਦੌਰਾਨ ਛੋਟੇ-ਵੱਡੇ ਸਾਰੇ ਵਾਹਨ ਬਿਨਾਂ ਟੋਲ ਅਦਾ ਕੀਤੇ ਲੰਘ ਰਹੇ ਹਨ।

ਸਮਰਾਲਾ ‘ਚ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਪ੍ਰਦਰਸ਼ਨ

ਸਮਰਾਲਾ ਵਿੱਚ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕੀਤੀ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ।

ਲੁਧਿਆਣਾ ਦੇ ਤਿੰਨ ਟੋਲ ਪਲਾਜ਼ੇ ਰਹੇ ਟੋਲ ਮੁਕਤ

ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ, ਗੁਲਾਲ ਅਤੇ ਚੌਕੀਮਾਨ ਟੋਲ ਪਲਾਜ਼ਿਆਂ ‘ਤੇ ਵੀ ਕਿਸਾਨਾਂ ਨੇ ਟੋਲ ਵਸੂਲੀ ਰੋਕ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਨਿਰਧਾਰਤ ਤਿੰਨ ਘੰਟਿਆਂ ਦੌਰਾਨ ਕਿਸੇ ਵੀ ਵਾਹਨ ਤੋਂ ਟੋਲ ਨਹੀਂ ਲਿਆ ਜਾਵੇਗਾ।

ਫਾਸਟੈਗ ਤੋਂ ਕਟੌਤੀ ਹੋਈ ਤਾਂ ਕੀਤਾ ਜਾਵੇਗਾ ਵਿਰੋਧ

ਕਿਸਾਨਾਂ ਦਾ ਦਾਅਵਾ ਹੈ ਕਿ ਪ੍ਰਦਰਸ਼ਨ ਦੌਰਾਨ ਕੁਝ ਟੋਲ ਪਲਾਜ਼ਿਆਂ ‘ਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਉੱਥੋਂ ਲੰਘਣ ਵਾਲੇ ਵਾਹਨਾਂ ਦੇ ਨੰਬਰ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਾਅਦ ਵਿੱਚ ਕਿਸੇ ਵਾਹਨ ਚਾਲਕ ਦੇ ਫਾਸਟੈਗ ਖਾਤੇ ਵਿੱਚੋਂ ਟੋਲ ਦੀ ਰਕਮ ਕੱਟੀ ਗਈ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

FTA ਨੂੰ ਖੇਤੀ ਲਈ ਨੁਕਸਾਨਦਾਇਕ ਦੱਸਿਆ

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੇ ਉਲਟ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨਾਲ ਦੇਸ਼ ਦਾ ਖੇਤੀਬਾੜੀ ਖੇਤਰ ਪ੍ਰਭਾਵਿਤ ਹੋ ਸਕਦਾ ਹੈ, ਇਸ ਲਈ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਵੱਖ-ਵੱਖ ਟੋਲ ਪਲਾਜ਼ਿਆਂ ‘ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਸ਼ਾਂਤਮਈ ਰਹੇਗਾ ਅਤੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਦਿਨ-ਦਿਹਾੜੇ ਤਲਵਾਰ ਦੀ ਨੋਕ ਤੇ ਦੋ ਸਕੀਆਂ ਭੈਣਾਂ ਨਾਲ ਲੁੱਟ, ਕਰੀਬ 4 ਤੋਲੇ ਸੋਨਾ ਲੈ ਕੇ ਫਰਾਰ ਹੋਏ ਬਦਮਾਸ਼

ਕਾਲੀ ਵੇਈਂ ਨੇੜੇ ਸੈਰ ਕਰ ਰਹੀਆਂ ਭੈਣਾਂ ਨੂੰ ਬਣਾਇਆ ਨਿਸ਼ਾਨਾ

ਕਪੂਰਥਲਾ :- ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਦਿਨ-ਦਿਹਾੜੇ ਲੁੱਟ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਸੈਰ ਕਰਨ ਗਈਆਂ ਦੋ ਸਕੀਆਂ ਭੈਣਾਂ ਨੂੰ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਤਲਵਾਰ ਦੀ ਨੋਕ ‘ਤੇ ਡਰਾ ਕੇ ਉਨ੍ਹਾਂ ਦੇ ਸੋਨੇ ਦੇ ਗਹਿਣੇ ਲੁੱਟ ਲਏ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨਾਂ ਨੇ ਰੋਕਿਆ ਰਸਤਾ

ਪੀੜਤ ਮਹਿਲਾਵਾਂ ਦੀ ਪਛਾਣ ਬਲਜੀਤ ਕੌਰ ਅਤੇ ਕੁਲਵਿੰਦਰ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਲਜੀਤ ਕੌਰ ਆਪਣੀ ਭੈਣ ਨੂੰ ਮਿਲਣ ਲਈ ਸੁਲਤਾਨਪੁਰ ਲੋਧੀ ਆਈ ਹੋਈ ਸੀ। ਦੋਵੇਂ ਭੈਣਾਂ ਕਾਲੀ ਵੇਈਂ ਦੇ ਕਿਨਾਰੇ ਸੈਰ ਕਰ ਰਹੀਆਂ ਸਨ, ਜਦੋਂ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨ ਉਨ੍ਹਾਂ ਕੋਲ ਆਏ ਅਤੇ ਰਸਤਾ ਰੋਕ ਲਿਆ।

ਭੱਜਣ ਲੱਗੀਆਂ ਤਾਂ ਡਿੱਗ ਪਈਆਂ, ਤਲਵਾਰ ਦਿਖਾ ਕੇ ਲੁੱਟੇ ਗਹਿਣੇ

ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਥੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਘਬਰਾਹਟ ਕਾਰਨ ਦੋਵੇਂ ਹੇਠਾਂ ਡਿੱਗ ਪਈਆਂ। ਇਸ ਦੌਰਾਨ ਇੱਕ ਲੁਟੇਰੇ ਨੇ ਤਲਵਾਰ ਗਰਦਨ ‘ਤੇ ਰੱਖ ਕੇ ਡਰਾਇਆ, ਜਦਕਿ ਉਸ ਦੇ ਦੋ ਸਾਥੀਆਂ ਨੇ ਉਨ੍ਹਾਂ ਦੇ ਗਲੇ, ਕੰਨਾਂ ਅਤੇ ਹੱਥਾਂ ਵਿੱਚ ਪਾਏ ਸੋਨੇ ਦੇ ਗਹਿਣੇ ਉਤਾਰ ਲਏ।

ਕਰੀਬ 4 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ

ਲੁਟੇਰੇ ਦੋਵੇਂ ਭੈਣਾਂ ਦੀਆਂ ਸੋਨੇ ਦੀਆਂ ਚੇਨਾਂ, ਮੁੰਦਰੀਆਂ, ਕੰਨਾਂ ਦੇ ਟੌਪਸ ਅਤੇ ਹੋਰ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਪਰਿਵਾਰ ਮੁਤਾਬਕ ਲੁੱਟੇ ਗਏ ਸੋਨੇ ਦਾ ਕੁੱਲ ਵਜ਼ਨ ਕਰੀਬ ਚਾਰ ਤੋਲੇ ਹੈ।

ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਦਿੱਲੀ ‘ਚ ਸੁਰੱਖਿਆ ਹਾਈ ਅਲਰਟ: 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਯਾਤਰੀਆਂ ਲਈ ਐਡਵਾਈਜ਼ਰੀ ਜਾਰੀ

ਕੇਂਦਰੀ ਦਿੱਲੀ ਦੇ ਅਹਿਮ ਮੈਟਰੋ ਸਟੇਸ਼ਨ ਕੀਤੇ ਬੰਦ

ਨਵੀਂ ਦਿੱਲੀ :- ਰਾਜਧਾਨੀ ਦਿੱਲੀ ਵਿੱਚ ਵਧੇ ਹੋਏ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਲੁਟੀਅਨਜ਼ ਅਤੇ ਕੇਂਦਰੀ ਦਿੱਲੀ ਦੇ 16 ਅਹਿਮ ਮੈਟਰੋ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ। ਡੀਐੱਮਆਰਸੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਮੈਟਰੋ ਸੇਵਾਵਾਂ ਬਾਰੇ ਤਾਜ਼ਾ ਜਾਣਕਾਰੀ ਜ਼ਰੂਰ ਚੈੱਕ ਕਰ ਲੈਣ।

ਇਨ੍ਹਾਂ 16 ਸਟੇਸ਼ਨਾਂ ‘ਤੇ ਪ੍ਰਵੇਸ਼ ਅਤੇ ਨਿਕਾਸ ਪੂਰੀ ਤਰ੍ਹਾਂ ਬੰਦ

ਬੰਦ ਕੀਤੇ ਗਏ ਸਟੇਸ਼ਨਾਂ ਵਿੱਚ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰ ਬਾਗ ਅਤੇ ਸ਼ਿਵਾਜੀ ਸਟੇਡੀਅਮ ਸਮੇਤ ਕੁੱਲ 16 ਸਟੇਸ਼ਨ ਸ਼ਾਮਲ ਹਨ। ਇਨ੍ਹਾਂ ਸਟੇਸ਼ਨਾਂ ‘ਤੇ ਯਾਤਰੀਆਂ ਦੇ ਦਾਖ਼ਲੇ ਅਤੇ ਬਾਹਰ ਨਿਕਲਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਤਿੰਨ ਸਟੇਸ਼ਨਾਂ ‘ਤੇ ਸਿਰਫ਼ ਟ੍ਰੇਨ ਬਦਲਣ ਦੀ ਸਹੂਲਤ

ਡੀਐੱਮਆਰਸੀ ਨੇ ਸਪੱਸ਼ਟ ਕੀਤਾ ਹੈ ਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ ‘ਤੇ ਸਿਰਫ਼ ਇੰਟਰਚੇਂਜ ਦੀ ਸਹੂਲਤ ਜਾਰੀ ਰਹੇਗੀ। ਯਾਤਰੀ ਇੱਥੇ ਇੱਕ ਲਾਈਨ ਤੋਂ ਦੂਜੀ ਲਾਈਨ ‘ਤੇ ਜਾ ਸਕਣਗੇ, ਪਰ ਇਨ੍ਹਾਂ ਸਟੇਸ਼ਨਾਂ ਤੋਂ ਬਾਹਰ ਨਿਕਲਣ ਜਾਂ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

ਰੋਜ਼ਾਨਾ ਯਾਤਰੀਆਂ ‘ਤੇ ਪਿਆ ਵੱਡਾ ਅਸਰ

ਕਨਾਟ ਪਲੇਸ, ਆਈਟੀਓ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਵਰਗੇ ਰੁਝੇਵੇਂ ਖੇਤਰਾਂ ਦੇ ਮੈਟਰੋ ਸਟੇਸ਼ਨ ਬੰਦ ਹੋਣ ਕਾਰਨ ਦਫ਼ਤਰੀ ਕਰਮਚਾਰੀਆਂ, ਵਕੀਲਾਂ, ਵਿਦਿਆਰਥੀਆਂ ਅਤੇ ਆਮ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਵਿਕਲਪਕ ਰਸਤੇ ਅਪਣਾਉਣ ਅਤੇ ਯਾਤਰਾ ਤੋਂ ਪਹਿਲਾਂ ਅਧਿਕਾਰਤ ਅਪਡੇਟ ਦੇਖਣ ਦੀ ਸਲਾਹ ਦਿੱਤੀ ਹੈ।

ਜੰਤਰ-ਮੰਤਰ ਅਤੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ

ਦਿੱਲੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਜੰਤਰ-ਮੰਤਰ ਅਤੇ ਨੇੜਲੇ ਇਲਾਕਿਆਂ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਹਰ ਪ੍ਰਵੇਸ਼ ਮਾਰਗ ‘ਤੇ ਪੰਜ ਪੱਧਰਾਂ ਵਾਲੀ ਬੈਰੀਕੇਡਿੰਗ ਕੀਤੀ ਗਈ ਹੈ। ਨਾਲ ਹੀ ਡੋਰ ਫਰੇਮ ਮੈਟਲ ਡਿਟੈਕਟਰ ਲਗਾਏ ਗਏ ਹਨ ਅਤੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ।

360 ਡਿਗਰੀ ਕੈਮਰਿਆਂ ਨਾਲ ਹਰ ਗਤੀਵਿਧੀ ‘ਤੇ ਨਜ਼ਰ

ਸੁਰੱਖਿਆ ਏਜੰਸੀਆਂ ਨੇ ਜੰਤਰ-ਮੰਤਰ ਦੇ ਆਲੇ-ਦੁਆਲੇ 360 ਡਿਗਰੀ ਨਿਗਰਾਨੀ ਅਤੇ ਚਿਹਰਾ ਪਛਾਣਨ ਵਾਲੇ ਕੈਮਰਿਆਂ ਨਾਲ ਲੈਸ ਮੋਬਾਈਲ ਕਮਾਂਡ ਵਾਹਨ ਤਾਇਨਾਤ ਕੀਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ‘ਤੇ ਤੁਰੰਤ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਾਨੂੰਨ-ਵਿਵਸਥਾ ਬਣਾਈ ਰੱਖੀ ਜਾ ਸਕੇ।

ਜੰਮੂ ਜਾ ਰਹੀ ਤੇਜ਼ ਰਫ਼ਤਾਰ ਬੱਸ ਨੇ 4 ਨੂੰ ਦਰੜਿਆ, 2 ਨੌਜਵਾਨਾਂ ਦੀ ਮੌਤ; ਗੁੱਸੇ ‘ਚ ਲੋਕਾਂ ਨੇ ਬੱਸ ਸਾੜੀ

ਜਮੂੰ :- ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਪੈਂਦੇ ਪਿੰਡ ਕੌਤਲਪੁਰ ਨੇੜੇ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਲੰਧਰ ਤੋਂ ਜੰਮੂ ਵੱਲ ਜਾ ਰਹੀ ਇੱਕ ਨਿੱਜੀ ਬੱਸ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਚਾਰ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ।

ਦੋ ਨੌਜਵਾਨਾਂ ਨੇ ਮੌਕੇ ‘ਤੇ ਤੋੜਿਆ ਦਮ

ਹਾਦਸਾ ਇੰਨਾ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਲੋਕਾਂ ਦਾ ਗੁੱਸਾ ਭੜਕਿਆ, ਬੱਸ ਨੂੰ ਲਾਈ ਅੱਗ

ਹਾਦਸੇ ਦੀ ਖ਼ਬਰ ਫੈਲਦੇ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚ ਗਏ। ਦੋ ਜਾਨਾਂ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਹਾਦਸਾਗ੍ਰਸਤ ਨਿੱਜੀ ਬੱਸ ਨੂੰ ਅੱਗ ਲਗਾ ਦਿੱਤੀ। ਕੁਝ ਹੀ ਸਮੇਂ ਵਿੱਚ ਬੱਸ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ।

ਪੁਲਿਸ ਨੇ ਹਾਲਾਤ ਸੰਭਾਲੇ, ਜਾਂਚ ਸ਼ੁਰੂ

ਸੂਚਨਾ ਮਿਲਦੇ ਹੀ ਨੰਗਲਭੂਰ ਥਾਣੇ ਦੀ ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਹਾਲਾਤਾਂ ਨੂੰ ਕਾਬੂ ਕੀਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਮ੍ਰਿਤਕਾਂ ਦੀ ਪਛਾਣ ਲਈ ਯਤਨ ਜਾਰੀ

ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਰਨ ਦੀ ਕਾਰਵਾਈ ਜਾਰੀ ਹੈ। ਇਸ ਦੇ ਨਾਲ ਹੀ ਹਾਦਸੇ ਨਾਲ ਸਬੰਧਤ ਹਰ ਪੱਖ ਦੀ ਜਾਂਚ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਸੋਨਮ ਵਾਂਗਚੁਕ ਦੇ ਸਮਰਥਨ ‘ਚ ਵਿਦੇਸ਼ਾਂ ਤੱਕ ਗੂੰਜੀ ਆਵਾਜ਼; ਨਿਊਯਾਰਕ, ਲੰਡਨ, ਸੈਨ ਹੋਜ਼ੇ ਤੇ ਡਬਲਿਨ ਵਿੱਚ ਲੋਕ ਸੜਕਾਂ ‘ਤੇ ਉਤਰੇ

ਨਵੀਂ ਦਿੱਲੀ :- ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਵਿਦੇਸ਼ਾਂ ਵਿੱਚ ਵੀ ਪ੍ਰਦਰਸ਼ਨ ਹੋਏ ਹਨ। ਨਿਊਯਾਰਕ, ਸੈਨ ਹੋਜ਼ੇ, ਲੰਡਨ ਅਤੇ ਡਬਲਿਨ ਸਮੇਤ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਵਾਂਗਚੁਕ ਨਾਲ ਇਕਜੁੱਟਤਾ ਜਤਾਈ ਅਤੇ ਭਾਰਤ ਸਰਕਾਰ ਤੋਂ ਵਿਦਿਆਰਥੀਆਂ ਦੀਆਂ ਚਿੰਤਾਵਾਂ ‘ਤੇ ਧਿਆਨ ਦੇਣ ਦੀ ਅਪੀਲ ਕੀਤੀ।

ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਉਠਾਈ ਮੰਗ

ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਨੀਟ ਵਿਵਾਦ ਦੀ ਨਿਰਪੱਖ ਜਾਂਚ ਅਤੇ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਸੁਧਾਰ ਕੀਤੇ ਜਾਣੇ ਲਾਜ਼ਮੀ ਹਨ।

ਕੇਂਦਰ ਸਰਕਾਰ ਨਾਲ ਗੱਲਬਾਤ ਦੀ ਕੀਤੀ ਅਪੀਲ

ਵਿਦੇਸ਼ਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਮਰਥਕਾਂ ਨੇ ਕਿਹਾ ਕਿ ਸਰਕਾਰ ਨੂੰ ਸੋਨਮ ਵਾਂਗਚੁਕ ਅਤੇ ਅੰਦੋਲਨ ਨਾਲ ਜੁੜੇ ਹੋਰ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਮਾਮਲੇ ਨੂੰ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ।

ਕੁਝ ਥਾਵਾਂ ‘ਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਵੀ ਮੰਗ

ਕਈ ਪ੍ਰਦਰਸ਼ਨਾਂ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵੀ ਉਠਾਈ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ‘ਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਵਾਂਗਚੁਕ ਦੀ ਸਿਹਤ ਨੂੰ ਲੈ ਕੇ ਚਿੰਤਾ ਬਰਕਰਾਰ

ਸੋਨਮ ਵਾਂਗਚੁਕ ਦਿੱਲੀ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ। ਲੰਬੇ ਸਮੇਂ ਤੋਂ ਵਰਤ ‘ਤੇ ਰਹਿਣ ਕਾਰਨ ਉਨ੍ਹਾਂ ਦੀ ਸਿਹਤ ਵਿਗੜਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਸਫ਼ਦਰਜੰਗ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਅਦਾਲਤੀ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।