Home Blog Page 178

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਸਰਕਾਰ ਨੇ 8069 ਕੈਂਸਰ ਮਰੀਜ਼ਾਂ ਦੇ ਕੈਸ਼ਲੈੱਸ ਇਲਾਜ ’ਤੇ 20.22 ਕਰੋੜ ਰੁਪਏ ਖ਼ਰਚ ਕੀਤੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ ਦੇ ਇਲਾਜ ’ਤੇ 20.22 ਕਰੋੜ ਰੁਪਏ ਖ਼ਰਚ ਕੀਤੇ ਹਨ। ਲਾਭਪਾਤਰੀਆਂ ਵਿੱਚ ਅੱਧੇ ਤੋਂ ਵੱਧ ਮਰੀਜ਼ 36 ਤੋਂ 60 ਸਾਲ ਉਮਰ ਵਰਗ ਨਾਲ ਸਬੰਧਤ ਹਨI ਜੂਨ ਮਹੀਨੇ ਦੌਰਾਨ ਸਭ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ।

ਕੈਂਸਰ ਦਾ ਪਤਾ ਲੱਗਣਾ  ਬਹੁਤ ਹੀ ਡਰਾਉਣਾ ਤਜ਼ਰਬਾ ਹੁੰਦਾ ਹੈ। ਕਈ ਪਰਿਵਾਰਾਂ ਲਈ ਇਹ ਡਰ ਉਸ ਵੇਲੇ ਹੋਰ ਵੀ ਵਧ ਜਾਂਦਾ ਹੈ, ਜਦੋਂ ਅਗਲਾ ਸਵਾਲ ਸਿਰਫ਼ ਇਹ ਨਹੀਂ ਹੁੰਦਾ ਕਿ “ਕੀ ਇਸ ਬੀਮਾਰੀ ਦਾ ਇਲਾਜ ਸੰਭਵ ਹੈ?”, ਸਗੋਂ ਇਹ ਵੀ ਹੁੰਦਾ ਹੈ ਕਿ “ਕੀ ਅਸੀਂ ਇਲਾਜ ਦਾ ਖ਼ਰਚ ਝੱਲ ਸਕਾਂਗੇ?” ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਇਸੇ ਚਿੰਤਾ ਨੂੰ ਦੂਰ ਕਰਨ ਦਾ ਯਤਨ ਕਰ ਰਹੀ ਹੈ।

ਸਟੇਟ ਹੈਲਥ ਏਜੰਸੀ (ਐੱਸਐੱਚਏ), ਪੰਜਾਬ ਵੱਲੋਂ ਸਾਂਝੇ ਕੀਤੇ  ਅੰਕੜਿਆਂ ਅਨੁਸਾਰ, 18 ਜੁਲਾਈ 2026 ਤੱਕ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ; ਜਿਸ ’ਤੇ ਸਰਕਾਰ ਨੇ ਕੁੱਲ 20.22 ਕਰੋੜ  ਰੁਪਏ ਖ਼ਰਚ ਕੀਤੇ।

ਇਨ੍ਹਾਂ ਅੰਕੜਿਆਂ ਦੇ ਪਿੱਛੇ ਹਜ਼ਾਰਾਂ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੂੰ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਮੇਂ ਵਿੱਚ ਵੱਡੇ ਫ਼ੈਸਲੇ ਲੈਣੇ ਪੈਂਦੇ ਹਨ, ਜਦੋਂ ਇਲਾਜ ਵਿੱਚ ਹੋਣ ਵਾਲੀ ਹਰ ਦੇਰੀ ਮਰੀਜ਼ ਦੀ ਜ਼ਿੰਦਗੀ ’ਤੇ ਭਾਰੀ ਪੈ ਸਕਦੀ ਹੈ। ਅੱਜ ਕੈਂਸਰ ਦੇ ਇਲਾਜ ਵਿੱਚ ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ, ਇਮਿਊਨੋਥੈਰੇਪੀ ਅਤੇ ਟਾਰਗੇਟਡ ਥੈਰੇਪੀ ਵਰਗੀਆਂ ਆਧੁਨਿਕ ਇਲਾਜ ਵਿਧੀਆਂ ਨੇ ਮਰੀਜ਼ਾਂ ਦੇ ਠੀਕ ਹੋਣ ਦੀਆਂ ਸੰਭਾਵਨਾਵਾਂ ਪਹਿਲਾਂ ਨਾਲੋਂ ਕਾਫ਼ੀ ਵਧਾ ਦਿੱਤੀਆਂ ਹਨ। ਪਰ ਡਾਕਟਰੀ ਵਿਗਿਆਨ ਵਿੱਚ ਹੋਈ ਇਹ ਤਰੱਕੀ ਉਦੋਂ ਹੀ ਸਾਰਥਕ ਹੈ, ਜਦੋਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲ ਸਕੇ।

ਲਾਭਪਾਤਰੀਆਂ ਦੀ ਉਮਰ ਨਾਲ ਸਬੰਧਤ ਅੰਕੜੇ ਵੀ ਇੱਕ ਮਹੱਤਵਪੂਰਨ ਤੱਥ ਸਾਹਮਣੇ ਲਿਆਉਂਦੇ ਹਨ। ਆਮ ਤੌਰ ’ਤੇ ਕੈਂਸਰ ਨੂੰ ਬੁਢਾਪੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਯੋਜਨਾ ਦੇ ਅੰਕੜੇ ਦੱਸਦੇ ਹਨ ਕਿ ਵੱਡੀ ਗਿਣਤੀ ਵਿੱਚ ਅਜਿਹੇ ਮਰੀਜ਼ ਹਨ ਜੋ ਆਪਣੀ ਕੰਮਕਾਜੀ ਉਮਰ ਵਿੱਚ ਇਸ ਬੀਮਾਰੀ ਨਾਲ ਜੂਝ ਰਹੇ ਹਨ। ਯੋਜਨਾ ਤਹਿਤ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਵਿੱਚੋਂ 4,285 ਮਰੀਜ਼ 36 ਤੋਂ 60 ਸਾਲ ਉਮਰ ਵਰਗ ਦੇ ਸਨ, ਜੋ ਸਭ ਤੋਂ ਵੱਡਾ ਵਰਗ ਰਿਹਾ। ਇਸ ਤੋਂ ਇਲਾਵਾ 3,376 ਮਰੀਜ਼ 60 ਸਾਲ ਤੋਂ ਵੱਧ ਉਮਰ ਦੇ, 399 ਮਰੀਜ਼ 17 ਤੋਂ 35 ਸਾਲ ਉਮਰ ਵਰਗ ਦੇ ਅਤੇ 9 ਮਰੀਜ਼ 17 ਸਾਲ ਤੋਂ ਘੱਟ ਉਮਰ ਦੇ ਸਨ।

ਕਿਸੇ ਵੀ ਪਰਿਵਾਰ ਲਈ ਕੈਂਸਰ ਦਾ ਇਲਾਜ ਅਚਾਨਕ ਆਰਥਿਕ ਸੰਕਟ ਦਾ ਕਾਰਨ ਬਣ ਸਕਦਾ ਹੈ। ਇਸ ਬੀਮਾਰੀ ਦੇ ਇਲਾਜ ਲਈ ਵਾਰ-ਵਾਰ ਹਸਪਤਾਲ ਜਾਣਾ, ਮਹਿੰਗੀਆਂ ਇਲਾਜ ਪ੍ਰਕਿਰਿਆਵਾਂ ਅਤੇ ਲੰਬੇ ਸਮੇਂ ਤੱਕ ਦੇਖਭਾਲ ਦੀ ਲੋੜ ਪੈਂਦੀ ਹੈ। ਕਈ ਵਾਰ ਬੀਮਾਰੀ ਦਾ ਇਲਾਜ ਸੰਭਵ ਹੋਣ ਦੇ ਬਾਵਜੂਦ ਵੀ ਇਲਾਜ ਦਾ ਖ਼ਰਚ ਹੀ ਇਹ ਤੈਅ ਕਰਦਾ ਹੈ ਕਿ ਮਰੀਜ਼ ਦਾ ਇਲਾਜ ਕਿੰਨੀ ਜਲਦੀ ਸ਼ੁਰੂ ਹੋ ਸਕੇਗਾ।

ਸਮਾਣਾ ਦੀ ਰਹਿਣ ਵਾਲੀ ਦਰਸ਼ਨ ਦੇਵੀ ਨੇ ਵੀ ਇਸੇ ਚਿੰਤਾ ਦਾ ਸਾਹਮਣਾ ਕੀਤਾ। ਦਰਦ ਵਧਣ ’ਤੇ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ, ਪਰ 4 ਤੋਂ 5 ਲੱਖ ਰੁਪਏ ਦੇ ਅਨੁਮਾਨਿਤ ਖ਼ਰਚ ਨੇ ਉਨ੍ਹਾਂ ਦੇ ਪਰਿਵਾਰ ਦੀ ਚਿੰਤਾ ਵਧਾ ਦਿੱਤੀ। ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਕੈਂਸਰ ਸਰਜਰੀ ਬਿਨਾਂ ਕਿਸੇ ਖ਼ਰਚ ਕੀਤੇ ਹੋਈ। ਉਨ੍ਹਾਂ ਲਈ ਇਹ ਯੋਜਨਾ ਸਿਰਫ਼ ਇੱਕ ਸਿਹਤ ਸਹੂਲਤ ਨਹੀਂ ਸੀ, ਸਗੋਂ ਇਸ ਨੇ ਬੀਮਾਰੀ ਦੀ ਪਛਾਣ ਅਤੇ ਸਮੇਂ ਸਿਰ ਇਲਾਜ ਦੇ ਵਿਚਕਾਰ ਖੜ੍ਹੀ ਸਭ ਤੋਂ ਵੱਡੀ ਰੁਕਾਵਟ—ਇਲਾਜ ਦੇ ਖ਼ਰਚ—ਨੂੰ ਦੂਰ ਕਰ ਦਿੱਤਾ।

ਪੰਜਾਬ ਵਿੱਚ ਕੈਂਸਰ ਇਲਾਜ ਦੇ ਅੰਕੜੇ ਦਰਸਾਉਂਦੇ ਹਨ ਕਿ ਪੂਰੇ ਸਾਲ ਦੌਰਾਨ ਕੈਂਸਰ ਇਲਾਜ ਦੀ ਲੋੜ ਲਗਾਤਾਰ ਬਣੀ ਰਹੀ। ਜਨਵਰੀ ਵਿੱਚ 842 ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਜੋ ਫ਼ਰਵਰੀ ਵਿੱਚ ਵਧ ਕੇ 1,080, ਮਾਰਚ ਵਿੱਚ 1,175 ਅਤੇ ਅਪ੍ਰੈਲ ਵਿੱਚ 1,350 ਹੋ ਗਿਆ। ਮਈ ਵਿੱਚ ਇਹ ਗਿਣਤੀ ਕੁਝ ਘਟ ਕੇ 1,275 ਰਹੀ, ਪਰ ਜੂਨ ਵਿੱਚ ਸਭ ਤੋਂ ਵੱਧ 1,468 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜੁਲਾਈ ਦੇ ਪਹਿਲੇ 18 ਦਿਨਾਂ ਵਿੱਚ ਹੀ 879 ਮਰੀਜ਼ ਇਸ ਯੋਜਨਾ ਤਹਿਤ ਇਲਾਜ ਪ੍ਰਾਪਤ ਕਰ ਚੁੱਕੇ ਸਨ।

ਕੈਂਸਰ ਇਲਾਜ ਦੀ ਵਧ ਰਹੀ ਲੋੜ ਦੇਸ਼ ਸਾਹਮਣੇ ਮੌਜੂਦ ਇੱਕ ਵੱਡੀ ਜਨ ਸਿਹਤ ਚੁਣੌਤੀ ਨੂੰ ਵੀ ਦਰਸਾਉਂਦੀ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਲਗਭਗ 14.6 ਲੱਖ ਨਵੇਂ ਕੈਂਸਰ ਮਾਮਲਿਆਂ ਦਾ ਅਨੁਮਾਨ ਲਗਾਇਆ ਗਿਆ ਸੀ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਬਦਲਦੀ ਜੀਵਨ ਸ਼ੈਲੀ, ਵਧਦੀ ਉਮਰ ਅਤੇ ਬਿਹਤਰ ਜਾਂਚ ਸਹੂਲਤਾਂ ਇਸ ਵਧਦੇ ਬੋਝ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ।

ਹਾਲਾਂਕਿ ਸਿਰਫ਼ ਅੰਕੜੇ ਹੀ ਪੂਰੀ ਤਸਵੀਰ ਨਹੀਂ ਦੱਸਦੇ। ਕੈਂਸਰ ਅਜਿਹੀ ਬੀਮਾਰੀ ਹੈ, ਜਿਸ ਵਿੱਚ ਅਕਸਰ ਸਮਾਂ ਹੀ ਇਲਾਜ ਦੇ ਨਤੀਜੇ ਤੈਅ ਕਰਦਾ ਹੈ। ਜੇਕਰ ਜਾਂਚ ਜਾਂ ਇਲਾਜ ਵਿੱਚ ਦੇਰੀ ਹੋ ਜਾਵੇ ਤਾਂ ਬੀਮਾਰੀ ਗੰਭੀਰ ਰੂਪ ਧਾਰ ਸਕਦੀ ਹੈ ਅਤੇ ਇਲਾਜ ਹੋਰ ਜ਼ਿਆਦਾ ਪੇਚੀਦਾ ਅਤੇ ਮਹਿੰਗਾ ਹੋ ਸਕਦਾ ਹੈ। ਅਜਿਹੇ ਸਮੇਂ ਪਹਿਲਾਂ ਹੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਇਲਾਜ ਦਾ ਖ਼ਰਚ ਇਕ ਵਾਧੂ ਸੰਘਰਸ਼ ਬਣ ਜਾਂਦਾ ਹੈ।

8 ਜਨਵਰੀ 2026 ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕੁੱਲ 2,68,274 ਲਾਭਪਾਤਰੀ ਇਸ ਯੋਜਨਾ ਤਹਿਤ ਇਲਾਜ ਪ੍ਰਾਪਤ ਕਰ ਚੁੱਕੇ ਹਨ। ਇਸ ਦੌਰਾਨ ਯੋਜਨਾ ਅਧੀਨ ਕੁੱਲ 5,31,386 ਇਲਾਜ ਮਾਮਲੇ ਦਰਜ ਕੀਤੇ ਗਏ ਹਨ। 20 ਜੁਲਾਈ 2026 ਤੱਕ ਇਸ ਯੋਜਨਾ ਤਹਿਤ ਮੁਹੱਈਆ ਕਰਵਾਏ ਗਏ ਇਲਾਜ ਦਾ ਕੁੱਲ ਮੁੱਲ 950.35 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਉਦੇਸ਼ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਇਹ ਯਕੀਨੀ ਬਣਾਉਣਾ ਹੈ ਕਿ ਆਰਥਿਕ ਤੰਗੀ ਕਿਸੇ ਵੀ ਮਰੀਜ਼ ਦੇ ਕੈਂਸਰ ਇਲਾਜ ਵਿੱਚ ਰੁਕਾਵਟ ਨਾ ਬਣੇ। ਉਨ੍ਹਾਂ ਕਿਹਾ, “ਕੈਂਸਰ ਸਾਡੇ ਸਮੇਂ ਦੀਆਂ ਸਭ ਤੋਂ ਵੱਡੀਆਂ ਜਨ ਸਿਹਤ ਚੁਣੌਤੀਆਂ ਵਿੱਚੋਂ ਇੱਕ ਬਣਦਾ ਜਾ ਰਿਹਾ ਹੈ। ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਯੋਗ ਮਰੀਜ਼ਾਂ ਨੂੰ ਗੁਣਵੱਤਾਪੂਰਨ ਕੈਂਸਰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਇਲਾਜ ਦੇ ਖ਼ਰਚ ਦੀ ਚਿੰਤਾ ਨਾ ਕਰਨੀ ਪਵੇ।”

ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰੀਰ ਵਿੱਚ ਲਗਾਤਾਰ ਰਹਿਣ ਵਾਲੀ ਗੰਢ, ਬਿਨਾਂ ਕਿਸੇ ਕਾਰਨ ਭਾਰ ਘਟਣਾ, ਅਸਧਾਰਨ ਤੌਰ ‘ਤੇ ਖ਼ੂਨ ਵਗਣਾ, ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ ਜਾਂ ਮਲ-ਮੂਤਰ ਦੀ ਆਮ ਪ੍ਰਕਿਰਿਆ ਵਿੱਚ ਹੋਣ ਵਾਲੇ ਬਦਲਾਅ ਵਰਗੇ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰਨ।

ਮਾਨ ਸਰਕਾਰ ਵੱਲੋਂ 2,769 ਯੋਗ ਪਰਿਵਾਰਾਂ ਨੂੰ ਮਜ਼ਬੂਤ ਕਰਨ ਲਈ ਅਸ਼ੀਰਵਾਦ ਸਕੀਮ ਤਹਿਤ ₹14.12 ਕਰੋੜ ਜਾਰੀ

ਚੰਡੀਗੜ੍ਹ : ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਸਰਕਾਰ ਦੀ ਸਰਬਪੱਖੀ ਵਿਕਾਸ ਅਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਵਿੱਤੀ ਸਾਲ 2026-27 ਦੌਰਾਨ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ 2,769 ਯੋਗ ਲਾਭਪਾਤਰੀਆਂ ਲਈ ਅਸ਼ੀਰਵਾਦ ਸਕੀਮ ਤਹਿਤ ₹14.12 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਇਹ ਵਿੱਤੀ ਸਹਾਇਤਾ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਦੇ ਖਰਚੇ ਇੱਜ਼ਤ-ਮਾਣ ਨਾਲ ਪੂਰੇ ਕਰਨ ਵਿੱਚ ਮਦਦ ਕਰੇਗੀ ਅਤੇ ਉਨ੍ਹਾਂ ਦੇ ਵਿੱਤੀ ਬੋਝ ਨੂੰ ਘਟਾਏਗੀ।

ਹੋਰ ਵੇਰਵੇ ਸਾਂਝੇ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਅਸ਼ੀਰਵਾਦ ਪੋਰਟਲ ਰਾਹੀਂ 19 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਦੀਆਂ 2,769 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਹ ਸੁਨਿਸ਼ਚਿਤ ਕਰਨ ਲਈ ਕਿ ਹਰ ਯੋਗ ਪਰਿਵਾਰ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਮਿਲੇ, ਪੰਜਾਬ ਸਰਕਾਰ ਨੇ ₹14.12 ਕਰੋੜ ਜਾਰੀ ਕੀਤੇ ਹਨ, ਜੋ ਕਿ ਪਾਰਦਰਸ਼ੀ, ਕੁਸ਼ਲ ਅਤੇ ਸਮੇਂ ਸਿਰ ਕਲਿਆਣਕਾਰੀ ਲਾਭ ਪਹੁੰਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਵਿੱਚ ਬਰਨਾਲਾ ਤੋਂ 85, ਬਠਿੰਡਾ ਤੋਂ 61, ਫਰੀਦਕੋਟ ਤੋਂ 31, ਫਿਰੋਜ਼ਪੁਰ ਤੋਂ 91, ਸ੍ਰੀ ਫਤਿਹਗੜ੍ਹ ਸਾਹਿਬ ਤੋਂ 83, ਫਾਜ਼ਿਲਕਾ ਤੋਂ 347, ਗੁਰਦਾਸਪੁਰ ਤੋਂ 401, ਹੁਸ਼ਿਆਰਪੁਰ ਤੋਂ 162, ਜਲੰਧਰ ਤੋਂ 17, ਲੁਧਿਆਣਾ ਤੋਂ 151, ਮੋਗਾ ਤੋਂ 73, ਸ੍ਰੀ ਮੁਕਤਸਰ ਸਾਹਿਬ ਤੋਂ 105, ਪਟਿਆਲਾ ਤੋਂ 556, ਪਠਾਨਕੋਟ ਤੋਂ 61, ਰੂਪਨਗਰ ਤੋਂ 161, ਐਸ.ਏ.ਐਸ. ਨਗਰ (ਮੁਹਾਲੀ) ਤੋਂ 108, ਐਸ.ਬੀ.ਐਸ. ਨਗਰ ਤੋਂ 65, ਸੰਗਰੂਰ ਤੋਂ 94 ਅਤੇ ਮਾਲੇਰਕੋਟਲਾ ਤੋਂ 117 ਲਾਭਪਾਤਰੀ ਸ਼ਾਮਲ ਹਨ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਪੰਜਾਬ ਸਰਕਾਰ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਯੋਗ ਧੀਆਂ ਦੇ ਵਿਆਹ ਲਈ ₹51,000 ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਤਾਂ ਜੋ ਆਰਥਿਕ ਤੰਗੀ ਉਨ੍ਹਾਂ ਦੇ ਜੀਵਨ ਦੇ ਇਸ ਅਹਿਮ ਮੋੜ ‘ਚ ਰੁਕਾਵਟ ਨਾ ਬਣੇ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਣਾ ਚਾਹੀਦਾ ਹੈ, ਗਰੀਬੀ ਰੇਖਾ ਤੋਂ ਹੇਠਾਂ (BPL) ਪਰਿਵਾਰ ਨਾਲ ਸਬੰਧਤ ਹੋਣਾ ਚਾਹੀਦਾ ਹੈ, ਅਤੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਜਾਂ ਹੋਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹੋਣਾ ਚਾਹੀਦਾ ਹੈ। ਪਰਿਵਾਰ ਦੀ ਸਾਰੇ ਸਰੋਤਾਂ ਤੋਂ ਕੁੱਲ ਸਾਲਾਨਾ ਆਮਦਨ ₹32,790 ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਇੱਕ ਯੋਗ ਪਰਿਵਾਰ ਦੀਆਂ ਵੱਧ ਤੋਂ ਵੱਧ ਦੋ ਧੀਆਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।

ਡਾ. ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਇਹ ਵਿੱਤੀ ਸਹਾਇਤਾ ਡਾਇਰੈਕਟ ਬੈਨੇਫਿਟ ਟ੍ਰਾਂਸਫਰ (DBT) ਪ੍ਰਣਾਲੀ ਰਾਹੀਂ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ, ਜਿਸ ਨਾਲ ਪਾਰਦਰਸ਼ਤਾ, ਜਵਾਬਦੇਹੀ ਅਤੇ ਸਮੇਂ ਸਿਰ ਲਾਭ ਮਿਲਣਾ ਸੁਨਿਸ਼ਚਿਤ ਹੁੰਦਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਭਲਾਈ ਸਕੀਮਾਂ ਹਰ ਲੋੜਵੰਦ ਪਰਿਵਾਰ ਤੱਕ ਪਾਰਦਰਸ਼ੀ ਅਤੇ ਸਮੇਂ ਸਿਰ ਪਹੁੰਚਣ। ਉਨ੍ਹਾਂ ਦੋਹਰਾਇਆ ਕਿ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਭਲਾਈ, ਪਰਿਵਾਰਾਂ ਨੂੰ ਮਾਣ-ਸਤਿਕਾਰ, ਵਿੱਤੀ ਸੁਰੱਖਿਆ ਅਤੇ ਬਰਾਬਰ ਦੇ ਮੌਕੇ ਦੇ ਕੇ ਮਜ਼ਬੂਤ ਕਰਨ ਲਈ ਵਚਨਬੱਧ ਹੈ, ਤਾਂ ਜੋ “ਰੰਗਲਾ ਪੰਜਾਬ” ਦੇ ਨਿਰਮਾਣ ਵਿੱਚ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹੇ।

ਨੀਟ ਪੇਪਰ ਲੀਕ ਮਾਮਲੇ ਤੇ ਕੇਂਦਰ ਤੇ CJP ਵਿਚਾਲੇ ਦੂਜੇ ਦੌਰ ਦੀ ਗੱਲਬਾਤ, ਤਿੰਨ ਮੁੱਖ ਮੰਗਾਂ ਰੱਖੀਆਂ, ਸਰਕਾਰ ਨੇ ਮੰਗਿਆ ਹੋਰ ਸਮਾਂ

ਨਵੀਂ ਦਿੱਲੀ :- ਨੀਟ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਅੰਦੋਲਨ ਕਰ ਰਹੀ ਕਾਕਰੋਚ ਜਨਤਾ ਪਾਰਟੀ (CJP) ਅਤੇ ਕੇਂਦਰ ਸਰਕਾਰ ਵਿਚਾਲੇ ਇੱਕ ਹੋਰ ਅਹਿਮ ਬੈਠਕ ਹੋਈ। ਦੋ ਘੰਟਿਆਂ ਤੋਂ ਵੱਧ ਚੱਲੀ ਇਸ ਮੀਟਿੰਗ ਦੌਰਾਨ ਸੀਜੇਪੀ ਨੇ ਆਪਣੀਆਂ ਤਿੰਨ ਮੁੱਖ ਮੰਗਾਂ ਦੁਬਾਰਾ ਸਰਕਾਰ ਦੇ ਸਾਹਮਣੇ ਰੱਖੀਆਂ, ਜਦਕਿ ਕੇਂਦਰ ਨੇ ਇਨ੍ਹਾਂ ‘ਤੇ ਫ਼ੈਸਲਾ ਕਰਨ ਲਈ ਹੋਰ ਸਮਾਂ ਮੰਗਿਆ ਹੈ।

ਕੇਂਦਰੀ ਮੰਤਰੀਆਂ ਨਾਲ ਹੋਈ ਵਿਸਥਾਰਪੂਰਵਕ ਚਰਚਾ

ਦਿੱਲੀ ਵਿੱਚ ਹੋਈ ਇਸ ਬੈਠਕ ਵਿੱਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤਿੰਦਰ ਸਿੰਘ ਨੇ ਸੀਜੇਪੀ ਦੇ ਨੁਮਾਇੰਦਿਆਂ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨਾਲ ਗੱਲਬਾਤ ਕੀਤੀ। ਮੀਟਿੰਗ ਦੌਰਾਨ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਸਬੰਧੀ ਸੁਝਾਵਾਂ ‘ਤੇ ਵੀ ਵਿਚਾਰ ਕੀਤਾ ਗਿਆ।

ਸੀਜੇਪੀ ਨੇ ਮੁੜ ਰੱਖੀਆਂ ਤਿੰਨ ਮੁੱਖ ਮੰਗਾਂ

ਬੈਠਕ ਦੌਰਾਨ ਸੀਜੇਪੀ ਨੇ ਸਪੱਸ਼ਟ ਕੀਤਾ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ, ਨੀਟ ਪੇਪਰ ਲੀਕ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਅੰਦੋਲਨ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੇਸ ਰੱਦ ਕਰਨਾ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਪਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਮੁੱਦਿਆਂ ‘ਤੇ ਠੋਸ ਫ਼ੈਸਲੇ ਤੋਂ ਬਿਨਾਂ ਅੰਦੋਲਨ ਖ਼ਤਮ ਨਹੀਂ ਕੀਤਾ ਜਾਵੇਗਾ।

ਦੋ ਮੰਗਾਂ ‘ਤੇ ਸਰਕਾਰ ਦਾ ਰੁਖ਼ ਰਿਹਾ ਸਕਾਰਾਤਮਕ

ਮੀਟਿੰਗ ਤੋਂ ਬਾਅਦ ਸੀਜੇਪੀ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਮਾਮਲਿਆਂ ‘ਤੇ ਹਮਦਰਦੀ ਭਰਿਆ ਰੁਖ਼ ਦਿਖਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਮੁੱਦਿਆਂ ‘ਤੇ ਸਕਾਰਾਤਮਕ ਸੰਕੇਤ ਮਿਲੇ ਹਨ, ਜਦਕਿ ਸਿੱਖਿਆ ਮੰਤਰੀ ਦੇ ਅਸਤੀਫ਼ੇ ਸਬੰਧੀ ਫ਼ੈਸਲੇ ਲਈ ਹੋਰ ਸਮਾਂ ਮੰਗਿਆ ਗਿਆ ਹੈ।

ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੇ ਸੁਝਾਅ ਵੀ ਸੌਂਪੇ

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੀਜੇਪੀ ਨੇ ਤਿੰਨ ਮੁੱਖ ਮੰਗਾਂ ਦੇ ਨਾਲ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਮਜ਼ਬੂਤ ਬਣਾਉਣ ਲਈ ਪੰਜ ਸੁਝਾਅ ਵੀ ਸਰਕਾਰ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ ‘ਤੇ ਵਿਚਾਰ ਕਰ ਰਹੀ ਹੈ ਅਤੇ ਜਲਦ ਆਪਣਾ ਫ਼ੈਸਲਾ ਸਾਂਝਾ ਕਰੇਗੀ।

ਕੱਲ੍ਹ ਮੁੜ ਹੋ ਸਕਦੀ ਹੈ ਅਹਿਮ ਬੈਠਕ

ਸੀਜੇਪੀ ਦੇ ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਨੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਸਬੰਧੀ ਮੰਗ ‘ਤੇ ਵਿਚਾਰ ਕਰਨ ਲਈ ਅਗਲੇ ਦਿਨ ਤੱਕ ਦਾ ਸਮਾਂ ਮੰਗਿਆ ਹੈ। ਇਸ ਲਈ ਦੋਵਾਂ ਧਿਰਾਂ ਵਿਚਾਲੇ ਕੱਲ੍ਹ ਇੱਕ ਹੋਰ ਗੱਲਬਾਤ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਇਸ ਪੂਰੇ ਮਾਮਲੇ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।

ਤਰਨਤਾਰਨ ‘ਚ 15 ਕਰੋੜ ਦੀ ਹੈਰੋਇਨ ਤੇ ਹਥਿਆਰਾਂ ਸਮੇਤ ਦੋ ਕਾਬੂ

ਤਰਨਤਾਰਨ :- ਤਰਨਤਾਰਨ ਪੁਲਿਸ ਨੂੰ ਨਸ਼ਾ ਤਸਕਰੀ ਵਿਰੁੱਧ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਮਿਲੀ ਹੈ। ਸੀਆਈਏ ਸਟਾਫ ਨੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ, ਦੋ ਪਿਸਤੌਲ, ਮੋਬਾਈਲ ਫੋਨ ਅਤੇ ਗੈਰ-ਰਜਿਸਟਰਡ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਖੇਪ ਸਰਹੱਦ ਪਾਰ ਤੋਂ ਕਿਵੇਂ ਮੰਗਵਾਈ ਗਈ।

ਨਾਕਾਬੰਦੀ ਦੌਰਾਨ ਦੋ ਮੁਲਜ਼ਮ ਕਾਬੂ

ਪੁਲਿਸ ਵੱਲੋਂ ਪਿੰਡ ਬਾਸਰਕੇ ਦੀ ਦਾਣਾ ਮੰਡੀ ਨੇੜੇ ਲਗਾਏ ਨਾਕੇ ਦੌਰਾਨ ਇੱਕ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲੇ ਮੋਟਰਸਾਈਕਲ ‘ਤੇ ਆ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਜਾਂਚ ਦੌਰਾਨ ਉਨ੍ਹਾਂ ਕੋਲੋਂ 3 ਕਿਲੋ 116 ਗ੍ਰਾਮ ਹੈਰੋਇਨ, ਦੋ ਪਿਸਤੌਲ, ਦੋ ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ।

ਦੋਵਾਂ ਦੀ ਪਛਾਣ, ਹੈਰੋਇਨ ਦੀ ਕੀਮਤ 15 ਕਰੋੜ ਰੁਪਏ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਦੀਪ ਸਿੰਘ ਵਾਸੀ ਦੁੱਗਰੀ ਅਤੇ ਅਕਾਸ਼ਦੀਪ ਸਿੰਘ ਵਾਸੀ ਮਾੜੀ ਉਦੋਕੇ (ਜ਼ਿਲ੍ਹਾ ਤਰਨਤਾਰਨ) ਵਜੋਂ ਹੋਈ ਹੈ। ਪੁਲਿਸ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅੰਦਾਜ਼ਨ ਕੀਮਤ ਕਰੀਬ 15 ਕਰੋੜ ਰੁਪਏ ਹੈ।

ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ

ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਖਾਲੜਾ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਦੋਵਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਅਤੇ ਹਥਿਆਰਾਂ ਦੀ ਇਸ ਖੇਪ ਦੇ ਸਰੋਤ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਸਰਹੱਦ ਪਾਰ ਤਸਕਰੀ ਦੇ ਨੈੱਟਵਰਕ ਦੀ ਜਾਂਚ ਜਾਰੀ

ਮੁੱਢਲੀ ਜਾਂਚ ਵਿੱਚ ਪੁਲਿਸ ਦਾ ਧਿਆਨ ਇਸ ਗੱਲ ਵੱਲ ਹੈ ਕਿ ਕੀ ਇਹ ਖੇਪ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਰਾਹੀਂ ਮੰਗਵਾਈ ਗਈ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁੱਛਗਿੱਛ ਦੌਰਾਨ ਨਸ਼ਾ ਅਤੇ ਹਥਿਆਰ ਤਸਕਰੀ ਨਾਲ ਜੁੜੇ ਨੈੱਟਵਰਕ ਬਾਰੇ ਅਹਿਮ ਖੁਲਾਸੇ ਹੋ ਸਕਦੇ ਹਨ।

ਸਰਹੱਦੀ ਜ਼ਿਲ੍ਹਾ ਹੋਣ ਕਾਰਨ ਤਰਨਤਾਰਨ ਸੰਵੇਦਨਸ਼ੀਲ

ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦਾ ਤਰਨਤਾਰਨ ਜ਼ਿਲ੍ਹਾ ਨਸ਼ਾ ਅਤੇ ਹਥਿਆਰ ਤਸਕਰੀ ਦੇ ਮਾਮਲਿਆਂ ਨੂੰ ਲੈ ਕੇ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਸਰਹੱਦ ਰਾਹੀਂ ਡਰੋਨਾਂ ਅਤੇ ਹੋਰ ਤਰੀਕਿਆਂ ਨਾਲ ਖੇਪਾਂ ਭੇਜਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਬੀਐੱਸਐੱਫ. ਅਤੇ ਪੰਜਾਬ ਪੁਲਿਸ ਦੀ ਸਾਂਝੀ ਨਿਗਰਾਨੀ ਕਾਰਨ ਅਜਿਹੇ ਕਈ ਯਤਨ ਨਾਕਾਮ ਬਣਾਏ ਜਾ ਰਹੇ ਹਨ।

ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ ਦੋ ਦਿਨਾਂ ‘ਚ 3 ਮੀਟਰ ਤੋਂ ਵੱਧ ਵਧਿਆ, ਹੇਠਲੇ ਇਲਾਕਿਆਂ ਲਈ ਚੌਕਸੀ ਜਾਰੀ

ਚੰਡੀਗੜ੍ਹ :- ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਵਰਖਾ ਅਤੇ ਚਮੇਰਾ ਪ੍ਰੋਜੈਕਟ ਵੱਲੋਂ ਛੱਡੇ ਗਏ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਸਿਰਫ਼ ਦੋ ਦਿਨਾਂ ਵਿੱਚ ਪਾਣੀ ਦਾ ਪੱਧਰ 3 ਮੀਟਰ ਤੋਂ ਵੱਧ ਵਧਣ ਨਾਲ ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਚਮੇਰਾ ਪ੍ਰੋਜੈਕਟ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ

ਡੈਮ ਪ੍ਰਬੰਧਨ ਅਨੁਸਾਰ ਚਮੇਰਾ ਪ੍ਰੋਜੈਕਟ ਵੱਲੋਂ ਪਹਿਲਾਂ ਹੀ ਸੂਚਨਾ ਦਿੱਤੀ ਗਈ ਸੀ ਕਿ ਰਾਵੀ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾਵੇਗਾ। ਇਸ ਤੋਂ ਬਾਅਦ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦੀ ਆਮਦ ਤੇਜ਼ੀ ਨਾਲ ਵਧੀ ਹੈ।

ਦੋ ਦਿਨਾਂ ਵਿੱਚ ਜਲ ਪੱਧਰ 502.26 ਤੋਂ 505.36 ਮੀਟਰ ਤੱਕ ਪੁੱਜਾ

ਅਧਿਕਾਰੀਆਂ ਮੁਤਾਬਕ ਅੱਜ ਚਮੇਰਾ ਪ੍ਰੋਜੈਕਟ ਤੋਂ 96,674 ਕਿਊਸਿਕ ਪਾਣੀ ਡੈਮ ਦੀ ਝੀਲ ਵਿੱਚ ਪਹੁੰਚਿਆ। ਇਸ ਨਾਲ ਝੀਲ ਦਾ ਜਲ ਪੱਧਰ ਵੱਧ ਕੇ 505.36 ਮੀਟਰ ਹੋ ਗਿਆ, ਜਦਕਿ ਦੋ ਦਿਨ ਪਹਿਲਾਂ ਇਹ 502.26 ਮੀਟਰ ਸੀ। ਡੈਮ ਪ੍ਰਬੰਧਨ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ।

ਦਰਿਆ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ

ਪ੍ਰਸ਼ਾਸਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਰਾਵੀ ਦਰਿਆ ਦੇ ਕਿਨਾਰਿਆਂ ਨੇੜੇ ਨਾ ਜਾਣ ਅਤੇ ਆਪਣੇ ਪਸ਼ੂਆਂ ਜਾਂ ਹੋਰ ਸਾਮਾਨ ਨੂੰ ਵੀ ਉੱਥੇ ਨਾ ਲੈ ਕੇ ਜਾਣ। ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਾਲਾਤਾਂ ‘ਤੇ ਨਜ਼ਰ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਪੇਪਰ ਲੀਕ ਮਾਮਲਿਆਂ ਦੀ ਸੁਣਵਾਈ ਲਈ ਪਹਿਲੀ ਫਾਸਟ ਟਰੈਕ ਅਦਾਲਤ ਦੀ ਜੱਜ ਬਣੀ ਅਨੂ ਗਰੋਵਰ ਬਾਲੀਗਾ

ਨਵੀਂ ਦਿੱਲੀ :- ਦਿੱਲੀ ਹਾਈ ਕੋਰਟ ਨੇ ਜਨਤਕ ਪ੍ਰੀਖਿਆਵਾਂ ਵਿੱਚ ਬੇਇਮਾਨੀ ਅਤੇ ਪੇਪਰ ਲੀਕ ਨਾਲ ਸਬੰਧਤ ਮਾਮਲਿਆਂ ਦੀ ਤੇਜ਼ ਸੁਣਵਾਈ ਲਈ ਅਹਿਮ ਫ਼ੈਸਲਾ ਲਿਆ ਹੈ। ਹਾਈ ਕੋਰਟ ਨੇ ਅਨੂ ਗਰੋਵਰ ਬਾਲੀਗਾ ਨੂੰ ਵਿਸ਼ੇਸ਼ ਜੱਜ (ਪੀ.ਸੀ. ਐਕਟ) (ਸੀ.ਬੀ.ਆਈ.-25) ਅਤੇ ਵਿਸ਼ੇਸ਼ ਤੌਰ ‘ਤੇ ਨਾਮਜ਼ਦ ਫਾਸਟ ਟਰੈਕ ਅਦਾਲਤ ਦਾ ਜੱਜ ਨਿਯੁਕਤ ਕੀਤਾ ਹੈ। ਉਹ ਰਾਉਜ਼ ਐਵੇਨਿਊ ਅਦਾਲਤ ਕੰਪਲੈਕਸ ਵਿੱਚ ਪਬਲਿਕ ਐਗਜ਼ਾਮੀਨੇਸ਼ਨਜ਼ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਐਕਟ, 2024 ਅਤੇ ਇਸ ਨਾਲ ਸਬੰਧਤ ਹੋਰ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਕਰਨਗੇ। ਇਸ ਨਿਯੁਕਤੀ ਦਾ ਮਕਸਦ ਅਜਿਹੇ ਮਾਮਲਿਆਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਉਣਾ ਹੈ।

ਦਿੱਲੀ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਅਗਲੇ ਹੁਕਮਾਂ ਤੱਕ ਰੱਦ, ਸੁਰੱਖਿਆ ਪ੍ਰਬੰਧ ਕੀਤੇ ਸਖ਼ਤ

ਨਵੀਂ ਦਿੱਲੀ :- ਦਿੱਲੀ ਦੇ ਜੰਤਰ-ਮੰਤਰ ਵਿਖੇ ਕਈ ਦਿਨਾਂ ਤੋਂ ਜਾਰੀ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਇਸੇ ਤਹਿਤ ਦਿੱਲੀ ਪੁਲਿਸ ਨੇ ਆਪਣੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਅਗਲੇ ਹੁਕਮਾਂ ਤੱਕ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਫ਼ੈਸਲਾ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਿਆ ਗਿਆ ਹੈ।

ਐਮਰਜੈਂਸੀ ਹਾਲਾਤ ਤੋਂ ਇਲਾਵਾ ਨਹੀਂ ਮਿਲੇਗੀ ਛੁੱਟੀ

ਪੁਲਿਸ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਰੈਂਕ ਦੇ ਮੁਲਾਜ਼ਮਾਂ ‘ਤੇ ਇਹ ਹੁਕਮ ਲਾਗੂ ਰਹੇਗਾ। ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਸਿਰਫ਼ ਐਮਰਜੈਂਸੀ ਜਾਂ ਵਿਸ਼ੇਸ਼ ਹਾਲਾਤਾਂ ਵਿੱਚ ਹੀ ਛੁੱਟੀ ਮਨਜ਼ੂਰ ਕੀਤੀ ਜਾਵੇਗੀ। ਬਾਕੀ ਸਾਰੇ ਕਰਮਚਾਰੀਆਂ ਨੂੰ ਡਿਊਟੀ ‘ਤੇ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

17 ਮੈਟਰੋ ਸਟੇਸ਼ਨ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਬੰਦ

ਇਸ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਕੇਂਦਰੀ ਦਿੱਲੀ ਦੇ 17 ਮੈਟਰੋ ਸਟੇਸ਼ਨਾਂ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਸੀ। ਪ੍ਰਭਾਵਿਤ ਸਟੇਸ਼ਨਾਂ ਵਿੱਚ ਰਾਜੀਵ ਚੌਕ, ਲੋਕ ਕਲਿਆਣ ਮਾਰਗ ਸਮੇਤ ਹੋਰ ਮਹੱਤਵਪੂਰਨ ਮੈਟਰੋ ਸਟੇਸ਼ਨ ਸ਼ਾਮਲ ਹਨ। ਇਸ ਕਦਮ ਦਾ ਉਦੇਸ਼ ਭੀੜ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਦੱਸਿਆ ਗਿਆ ਹੈ।

ਦੇਸ਼ ਭਰ ਵਿੱਚ ਪ੍ਰਦਰਸ਼ਨ ਦਾ ਦਿੱਤਾ ਗਿਆ ਸੱਦਾ

ਪ੍ਰਦਰਸ਼ਨ ਕਰ ਰਹੀ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਅੱਜ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਕਈ ਰਾਜਾਂ ਵਿੱਚ ਵੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।

ਸਰਕਾਰ ਅਤੇ ਸੀਜੇਪੀ ਵਿਚਾਲੇ ਮੁੜ ਹੋਵੇਗੀ ਗੱਲਬਾਤ

ਇਸ ਦੌਰਾਨ ਸਰਕਾਰ ਅਤੇ ਕਾਕਰੋਚ ਜਨਤਾ ਪਾਰਟੀ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਦਾ ਦੂਜਾ ਦੌਰ ਵੀ ਜਲਦ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 20 ਜੁਲਾਈ ਨੂੰ ਕੇਂਦਰੀ ਮੰਤਰੀ ਜੇ.ਪੀ. ਨੱਡਾ ਦੇ ਨਿਵਾਸ ‘ਤੇ ਹੋਈ ਬੈਠਕ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ ਸੀ, ਜਿਸ ਕਾਰਨ ਹੁਣ ਦੂਜੇ ਦੌਰ ਦੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਜ਼ੀਰਕਪੁਰ ਦੇ ਸੀਏ ਅਤੇ ਉਸ ਦੀ ਪਤਨੀ ਨੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਦੋਵਾਂ ਦੀਆਂ ਲਾਸ਼ਾਂ ਬਰਾਮਦ, ਜਾਂਚ ਤੇਜ

ਜ਼ੀਰਕਪੁਰ :- ਜ਼ੀਰਕਪੁਰ ਨਾਲ ਸਬੰਧਤ ਇੱਕ ਚਾਰਟਰਡ ਅਕਾਊਂਟੈਂਟ ਅਤੇ ਉਸ ਦੀ ਪਤਨੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਦੀਆਂ ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈਆਂ ਹਨ। ਪੁਲਿਸ ਅਨੁਸਾਰ ਰਾਜੀਵ ਬਾਲੀ ਦੀ ਲਾਸ਼ ਰਾਜਪੁਰਾ ਨੇੜੇ ਭਾਖੜਾ ਨਹਿਰ ਵਿੱਚੋਂ ਮਿਲੀ, ਜਦਕਿ ਉਸ ਦੀ ਪਤਨੀ ਨੀਰਜਾ ਬਾਲੀ ਦੀ ਲਾਸ਼ ਕਰੀਬ 80 ਕਿਲੋਮੀਟਰ ਦੂਰ ਕੁਰੂਕਸ਼ੇਤਰ ਦੇ ਜੋਤੀਸਰ ਨੇੜੇ ਸਰਸਵਤੀ ਫੀਡਰ ਨਹਿਰ ਵਿੱਚੋਂ ਬਰਾਮਦ ਹੋਈ।

ਨਹਿਰ ਕੰਢੇ ਖੜ੍ਹੀ ਕਾਰ ਵਿੱਚੋਂ ਮਿਲੇ ਮੋਬਾਈਲ ਅਤੇ ਲੈਪਟਾਪ

ਪੰਜਾਬ ਪੁਲਿਸ ਨੂੰ ਰਾਜਪੁਰਾ ਵਿਖੇ ਭਾਖੜਾ ਨਹਿਰ ਦੇ ਪੁਲ ‘ਤੇ ਇੱਕ ਛੱਡੀ ਹੋਈ ਕਾਰ ਮਿਲੀ ਸੀ। ਵਾਹਨ ਦੀ ਤਲਾਸ਼ੀ ਦੌਰਾਨ ਚਾਰ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਬਰਾਮਦ ਹੋਇਆ। ਮੋਬਾਈਲ ਨੰਬਰਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਕਾਰ ਜ਼ੀਰਕਪੁਰ ਨਿਵਾਸੀ ਰਾਜੀਵ ਬਾਲੀ ਦੀ ਹੈ। ਪਰਿਵਾਰ ਨਾਲ ਸੰਪਰਕ ਕਰਨ ‘ਤੇ ਇਹ ਵੀ ਸਾਹਮਣੇ ਆਇਆ ਕਿ ਰਾਜੀਵ ਅਤੇ ਉਸ ਦੀ ਪਤਨੀ ਨੀਰਜਾ 21 ਜੁਲਾਈ ਨੂੰ ਘਰ ਤੋਂ ਨਿਕਲੇ ਸਨ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਏ।

ਸ਼ੱਕ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ

ਕਾਰ ਨਹਿਰ ਦੇ ਪੁਲ ‘ਤੇ ਮਿਲਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਕਿ ਦੋਵਾਂ ਨੇ ਨਹਿਰ ਵਿੱਚ ਛਾਲ ਮਾਰੀ ਹੋ ਸਕਦੀ ਹੈ। ਇਸ ਤੋਂ ਬਾਅਦ ਭਾਖੜਾ ਨਹਿਰ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ।

ਖੇੜੀ ਪਿੰਡ ਨੇੜੇ ਮਿਲੀ ਰਾਜੀਵ ਦੀ ਲਾਸ਼

ਤਲਾਸ਼ੀ ਦੌਰਾਨ ਰਾਜੀਵ ਬਾਲੀ ਦੀ ਲਾਸ਼ ਰਾਜਪੁਰਾ ਦੇ ਖੇੜੀ ਪਿੰਡ ਨੇੜੇ ਭਾਖੜਾ ਨਹਿਰ ਵਿੱਚੋਂ ਬਰਾਮਦ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਉਸ ਦੀ ਪਛਾਣ ਕੀਤੀ ਅਤੇ ਪੁਲਿਸ ਨੂੰ ਦੱਸਿਆ ਕਿ ਨੀਰਜਾ ਵੀ ਉਸ ਦੇ ਨਾਲ ਸੀ। ਇਸ ਤੋਂ ਬਾਅਦ ਪੁਲਿਸ ਨੇ ਨਹਿਰ ਵਿੱਚ ਦੁਬਾਰਾ ਭਾਲ ਸ਼ੁਰੂ ਕੀਤੀ, ਪਰ ਉਸ ਸਮੇਂ ਨੀਰਜਾ ਦਾ ਕੋਈ ਸੁਰਾਗ ਨਹੀਂ ਮਿਲਿਆ।

ਕੁਰੂਕਸ਼ੇਤਰ ਵਿੱਚ ਮਿਲੀ ਨੀਰਜਾ ਦੀ ਲਾਸ਼

ਅਗਲੇ ਦਿਨ ਕੁਰੂਕਸ਼ੇਤਰ ਪੁਲਿਸ ਨੂੰ ਜੋਤੀਸਰ ਨੇੜੇ ਸਰਸਵਤੀ ਫੀਡਰ ਨਹਿਰ ਵਿੱਚ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ। ਪਛਾਣ ਲਈ ਪੁਲਿਸ ਵੱਲੋਂ ਫੋਟੋ ਜਾਰੀ ਕੀਤੀ ਗਈ। ਤਸਵੀਰ ਦੇਖਣ ਤੋਂ ਬਾਅਦ ਡੇਰਾ ਬੱਸੀ ਨਿਵਾਸੀ ਦਿਨੇਸ਼ ਚਾਵਲਾ ਨੇ ਮ੍ਰਿਤਕ ਦੀ ਪਛਾਣ ਆਪਣੀ ਭੈਣ ਨੀਰਜਾ ਬਾਲੀ ਵਜੋਂ ਕੀਤੀ। ਬਾਅਦ ਵਿੱਚ ਉਸ ਨੇ ਮੁਰਦਾਘਰ ਵਿੱਚ ਜਾ ਕੇ ਰਸਮੀ ਪਛਾਣ ਵੀ ਕੀਤੀ।

ਪਰਿਵਾਰ ਨੇ ਵਿੱਤੀ ਤਣਾਅ ਦੀ ਗੱਲ ਕਹੀ

ਕੁਰੂਕਸ਼ੇਤਰ ਪੁਲਿਸ ਮੁਤਾਬਕ ਨੀਰਜਾ ਦੇ ਭਰਾ ਦਿਨੇਸ਼ ਨੇ ਦੱਸਿਆ ਕਿ ਰਾਜੀਵ ਬਾਲੀ ਇੱਕ ਚਾਰਟਰਡ ਅਕਾਊਂਟੈਂਟ ਸੀ ਅਤੇ ਜ਼ੀਰਕਪੁਰ ਦੇ ਇੱਕ ਮਾਲ ਵਿੱਚ ਉਸ ਦਾ ਦਫ਼ਤਰ ਸੀ। ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਕੁਝ ਸਮੇਂ ਤੋਂ ਵਿੱਤੀ ਦਬਾਅ ਹੇਠ ਸਨ ਅਤੇ ਸੰਭਵ ਹੈ ਕਿ ਇਸੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੋਵੇ। ਪਰਿਵਾਰ ਨੇ ਕਿਸੇ ਵਿਅਕਤੀ ‘ਤੇ ਸ਼ੱਕ ਨਹੀਂ ਜਤਾਇਆ ਅਤੇ ਨਾ ਹੀ ਕਿਸੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਦੋ ਬੱਚੇ ਛੱਡ ਗਏ ਪਿੱਛੇ

ਰਾਜੀਵ ਅਤੇ ਨੀਰਜਾ ਦਾ ਵਿਆਹ 2003 ਵਿੱਚ ਹੋਇਆ ਸੀ। ਉਨ੍ਹਾਂ ਦਾ ਇੱਕ 17 ਸਾਲ ਦਾ ਪੁੱਤਰ ਅਤੇ ਇੱਕ 13 ਸਾਲ ਦੀ ਧੀ ਹੈ। ਪੁੱਤਰ 12ਵੀਂ ਅਤੇ ਧੀ 10ਵੀਂ ਜਮਾਤ ਵਿੱਚ ਪੜ੍ਹ ਰਹੇ ਹਨ। ਦੋਵੇਂ ਬੱਚੇ ਇਸ ਸਮੇਂ ਆਪਣੀ ਦਾਦੀ ਦੇ ਕੋਲ ਰਹਿ ਰਹੇ ਹਨ। ਇਸ ਅਚਾਨਕ ਵਾਪਰੇ ਦੁਖਦਾਈ ਹਾਦਸੇ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ।

ਅਗਲੀ ਜਾਂਚ ਪੰਜਾਬ ਪੁਲਿਸ ਕਰੇਗੀ

ਕੁਰੂਕਸ਼ੇਤਰ ਪੁਲਿਸ ਨੇ ਦੱਸਿਆ ਕਿ ਕਿਉਂਕਿ ਜੋੜਾ ਜ਼ੀਰਕਪੁਰ ਤੋਂ ਲਾਪਤਾ ਹੋਇਆ ਸੀ ਅਤੇ ਉਨ੍ਹਾਂ ਦੀ ਕਾਰ ਰਾਜਪੁਰਾ ਵਿੱਚ ਮਿਲੀ ਸੀ, ਇਸ ਲਈ ਪੂਰੇ ਮਾਮਲੇ ਦੀ ਅਗਲੇਰੀ ਜਾਂਚ ਪੰਜਾਬ ਪੁਲਿਸ ਕਰੇਗੀ। ਨੀਰਜਾ ਦੀ ਲਾਸ਼ ਦਾ ਪੋਸਟਮਾਰਟਮ ਕੁਰੂਕਸ਼ੇਤਰ ਵਿੱਚ ਕਰਵਾਇਆ ਜਾਵੇਗਾ ਅਤੇ ਉਸ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਜਾਣਕਾਰੀ ਪੰਜਾਬ ਪੁਲਿਸ ਨੂੰ ਸੌਂਪੀ ਜਾਵੇਗੀ।

ਦਿੱਲੀ ਬੈਠਕ ਦੌਰਾਨ ਪੰਜਾਬ ਕਾਂਗਰਸ ਵਿੱਚ ਮਤਭੇਦ ਖੁੱਲ੍ਹ ਕੇ ਆਏ, ਚਰਨਜੀਤ ਸਿੰਘ ਚੰਨੀ ਦੇ ਅਸਤੀਫ਼ੇ ਦੇ ਸੰਕੇਤ!

ਚੰਡੀਗੜ੍ਹ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਕਾਂਗਰਸ ਦੀ 2027 ਵਿਧਾਨ ਸਭਾ ਚੋਣਾਂ ਲਈ ਬਣਾਈ ਗਈ ਕੈਂਪੇਨ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਸੰਕੇਤ ਮਿਲ ਰਹੇ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਦਿੱਲੀ ਵਿੱਚ ਦੋ ਦਿਨ ਚੱਲੀ ਉੱਚ ਪੱਧਰੀ ਬੈਠਕ ਦੌਰਾਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਗੰਭੀਰ ਮਤਭੇਦ ਸਾਹਮਣੇ ਆਏ, ਜਿਸ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ।

ਰਾਜਾ ਵੜਿੰਗ ਦੀ ਅਗਵਾਈ ‘ਤੇ ਚੰਨੀ ਨੇ ਜਤਾਇਆ ਇਤਰਾਜ਼

ਸੂਤਰਾਂ ਮੁਤਾਬਕ ਬੈਠਕ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਸਪੱਸ਼ਟ ਕਿਹਾ ਕਿ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਲਈ ਚੋਣ ਜਿੱਤਣਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਵੜਿੰਗ ਹੀ ਪ੍ਰਧਾਨ ਰਹਿੰਦੇ ਹਨ ਤਾਂ ਚੋਣ ਨਤੀਜਿਆਂ ਦੀ ਜ਼ਿੰਮੇਵਾਰੀ ਵੀ ਹਾਈਕਮਾਨ ਦੀ ਹੋਵੇਗੀ।

ਅਸਤੀਫ਼ੇ ਦੀ ਗੱਲ ਤੇ ਗਰਮਾਇਆ ਮਾਹੌਲ

ਮੀਟਿੰਗ ਦੌਰਾਨ ਜਦੋਂ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪਾਰਟੀ ਵੱਲੋਂ ਮਿਲੇ ਅਹੁਦਿਆਂ ਦਾ ਹਵਾਲਾ ਦਿੰਦਿਆਂ ਇਕਜੁੱਟ ਹੋ ਕੇ ਕੰਮ ਕਰਨ ਦੀ ਨਸੀਹਤ ਦਿੱਤੀ ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਚੰਨੀ ਨੇ ਕਿਹਾ ਕਿ ਜੇਕਰ ਉਨ੍ਹਾਂ ਤੇ ਸਵਾਲ ਉਠਾਏ ਜਾ ਰਹੇ ਹਨ ਤਾਂ ਉਹ ਕੈਂਪੇਨ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਨ।

ਰਾਜਾ ਵੜਿੰਗ ਨੇ ਵੀ ਦਿੱਤਾ ਜਵਾਬ

ਬੈਠਕ ਦੌਰਾਨ ਰਾਜਾ ਵੜਿੰਗ ਨੇ ਵੀ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੀ ਪ੍ਰਧਾਨਗੀ ‘ਤੇ ਇਤਰਾਜ਼ ਹੈ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਹਨ। ਇਸ ‘ਤੇ ਕੇ.ਸੀ. ਵੇਣੂਗੋਪਾਲ ਨੇ ਸਪੱਸ਼ਟ ਕਰ ਦਿੱਤਾ ਕਿ ਰਾਜਾ ਵੜਿੰਗ ਨੂੰ ਹਾਈਕਮਾਨ ਨੇ ਪ੍ਰਧਾਨ ਬਣਾਇਆ ਹੈ ਅਤੇ ਉਹ ਆਪਣੇ ਅਹੁਦੇ ‘ਤੇ ਹੀ ਬਣੇ ਰਹਿਣਗੇ।

ਰੰਧਾਵਾ ਨਾਲ ਵੀ ਹੋਈ ਤਿੱਖੀ ਚਰਚਾ

ਸੂਤਰਾਂ ਅਨੁਸਾਰ ਕੇ.ਸੀ. ਵੇਣੂਗੋਪਾਲ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਰਾਜਾ ਵੜਿੰਗ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਸਵਾਲ ਕੀਤੇ। ਇਸ ‘ਤੇ ਰੰਧਾਵਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਵੀ ਕਿਹਾ, ਉਹ ਤੱਥਾਂ ਦੇ ਆਧਾਰ ‘ਤੇ ਕਿਹਾ ਹੈ।

ਬੈਠਕ ਵਿਚਾਲੇ ਛੱਡ ਕੇ ਨਿਕਲੇ ਆਗੂ

ਮੀਟਿੰਗ ਦੌਰਾਨ ਮਾਹੌਲ ਜ਼ਿਆਦਾ ਤਣਾਅਪੂਰਨ ਹੋਣ ਤੋਂ ਬਾਅਦ ਕੇ.ਸੀ. ਵੇਣੂਗੋਪਾਲ ਬੈਠਕ ਤੋਂ ਬਾਹਰ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਚਰਨਜੀਤ ਸਿੰਘ ਚੰਨੀ ਵੀ ਮੀਟਿੰਗ ਛੱਡ ਕੇ ਚਲੇ ਗਏ। ਇਸ ਘਟਨਾ ਨੇ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਮਤਭੇਦਾਂ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ।

ਚੰਨੀ ਧੜੇ ਨੇ ਨਹੀਂ ਸਾਂਝੀਆਂ ਕੀਤੀਆਂ ਮੀਟਿੰਗ ਦੀਆਂ ਤਸਵੀਰਾਂ

ਬੈਠਕ ਤੋਂ ਬਾਅਦ ਕੇ.ਸੀ. ਵੇਣੂਗੋਪਾਲ, ਭੂਪੇਸ਼ ਬਘੇਲ, ਰਾਜਾ ਵੜਿੰਗ ਅਤੇ ਹੋਰ ਕਈ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੋਈ ਤਸਵੀਰ ਜਾਂ ਪ੍ਰਤੀਕਿਰਿਆ ਸਾਂਝੀ ਨਾ ਕਰਨ ਨੂੰ ਵੀ ਉਨ੍ਹਾਂ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਦਿੱਲੀ ਪ੍ਰਦਰਸ਼ਨ ਦੌਰਾਨ ਵੀ ਦਿਖੀ ਸਰਗਰਮੀ

ਦਿੱਲੀ ਵਿੱਚ ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਵੀ ਪੰਜਾਬ ਦੇ ਆਗੂਆਂ ਦੀ ਸਰਗਰਮੀ ਚਰਚਾ ਦਾ ਵਿਸ਼ਾ ਰਹੀ। ਰਾਜਾ ਵੜਿੰਗ ਰਾਹੁਲ ਗਾਂਧੀ ਦੇ ਨਾਲ ਨਜ਼ਰ ਆਏ, ਜਦਕਿ ਚਰਨਜੀਤ ਸਿੰਘ ਚੰਨੀ ਨੇ ਵੀ ਕੇਂਦਰ ਸਰਕਾਰ ਖ਼ਿਲਾਫ਼ ਤਿੱਖਾ ਰੁਖ਼ ਅਪਣਾਇਆ ਅਤੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਹਰ ਫ਼ੈਸਲੇ ਦੇ ਨਾਲ ਖੜ੍ਹੇ ਹਨ।

ਚੰਨੀ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਦੀ ਚਰਚਾ

ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੀ। ਇਸ ਲਈ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਅਤੇ ਚੋਣ ਪ੍ਰਚਾਰ ਵਿੱਚ ਅਹਿਮ ਭੂਮਿਕਾ ਦਿੱਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਦਲਿਤ ਭਾਈਚਾਰੇ ਵਿੱਚ ਉਨ੍ਹਾਂ ਦੇ ਪ੍ਰਭਾਵ ਨੂੰ ਦੇਖਦਿਆਂ ਹਾਈਕਮਾਨ ਉਨ੍ਹਾਂ ਨੂੰ ਚੋਣੀ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਈ ਰੱਖਣਾ ਚਾਹੁੰਦੀ ਹੈ।

ਵੜਿੰਗ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ

ਸੂਤਰਾਂ ਮੁਤਾਬਕ ਹਾਈਕਮਾਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਰਹਿਣਗੇ। ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਵੜਿੰਗ ਕੋਲ ਰਹੇਗੀ, ਜਦਕਿ ਚੋਣੀ ਰਣਨੀਤੀ ਅਤੇ ਟਿਕਟਾਂ ਦੀ ਵੰਡ ਵਰਗੇ ਫ਼ੈਸਲਿਆਂ ਵਿੱਚ ਚੰਨੀ ਸਮੇਤ ਹੋਰ ਸੀਨੀਅਰ ਆਗੂਆਂ ਦੀ ਰਾਏ ਨੂੰ ਵੀ ਅਹਿਮੀਅਤ ਦਿੱਤੀ ਜਾਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ-ਪੀਰੀ ਖਾਲਸਾ ਮਾਰਚ ਆਰੰਭ, ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ

ਅੰਮ੍ਰਿਤਸਰ :- ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਖਾਲਸਾ ਮਾਰਚ ਅੱਜ ਸ਼ਰਧਾ ਅਤੇ ਉਤਸ਼ਾਹ ਨਾਲ ਆਰੰਭ ਹੋ ਗਿਆ। ਇਹ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਬਾਣੀ ਕੀਰਤਨ ਅਤੇ ਗੁਰਮਤਿ ਸਮਾਗਮ ਹੋਇਆ। ਇਸ ਮੌਕੇ ਵੱਖ-ਵੱਖ ਤਖ਼ਤ ਸਾਹਿਬਾਨ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਪੰਥ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ।

ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਿਆ ਮਾਰਚ

ਖਾਲਸਾ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਮਾਰਚ ਦਾ ਮੁੱਖ ਮੰਤਵ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨਾ ਅਤੇ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਸੰਦੇਸ਼ ਨਾਲ ਜੋੜਨਾ ਹੈ।

ਗੁਰੂ ਸਾਹਿਬਾਨ ਦੇ ਸ਼ਸਤਰਾਂ ਦੇ ਹੋਣਗੇ ਦਰਸ਼ਨ

ਮਾਰਚ ਦੌਰਾਨ ਇੱਕ ਵਿਸ਼ੇਸ਼ ਵਾਹਨ ਵਿੱਚ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਨਾਲ ਸਬੰਧਤ ਇਤਿਹਾਸਕ ਸ਼ਸਤਰ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਹਨ। ਇਸ ਦੇ ਨਾਲ ਹੀ ਸਿੱਖ ਇਤਿਹਾਸ, ਵਿਰਾਸਤ ਅਤੇ ਸੰਘਰਸ਼ ਨੂੰ ਦਰਸਾਉਂਦੀਆਂ ਪ੍ਰਦਰਸ਼ਨੀ ਗੱਡੀਆਂ ਵੀ ਮਾਰਚ ਦਾ ਹਿੱਸਾ ਬਣੀਆਂ ਹਨ।

ਅੰਮ੍ਰਿਤਸਰ ਤੋਂ ਤਰਨਤਾਰਨ ਤੱਕ ਤੈਅ ਕੀਤਾ ਗਿਆ ਰੂਟ

ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋ ਕੇ ਹਾਲ ਗੇਟ, ਭੰਡਾਰੀ ਪੁਲ, ਪੁਤਲੀਘਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਛੇਹਰਟਾ, ਇੰਡੀਆ ਗੇਟ ਬਾਈਪਾਸ, ਖਾਸਾ, ਘਰਿੰਡਾ ਅਤੇ ਅਟਾਰੀ ਸਮੇਤ ਕਈ ਪਿੰਡਾਂ ਵਿੱਚੋਂ ਲੰਘਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਤਰਨਤਾਰਨ) ਪਹੁੰਚੇਗਾ, ਜਿੱਥੇ ਰਾਤ ਦਾ ਵਿਸ਼ਰਾਮ ਕੀਤਾ ਜਾਵੇਗਾ। ਇਸ ਤੋਂ ਬਾਅਦ ਅਗਲੇ ਦਿਨ ਮਾਰਚ ਤਰਨਤਾਰਨ ਸਾਹਿਬ ਵੱਲ ਰਵਾਨਾ ਹੋਵੇਗਾ।

ਸੰਗਤ ਨੂੰ ਪਰਿਵਾਰ ਸਮੇਤ ਸ਼ਾਮਲ ਹੋਣ ਦੀ ਅਪੀਲ

ਆਯੋਜਕਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਮੀਰੀ-ਪੀਰੀ ਖਾਲਸਾ ਮਾਰਚ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੇ ਇਤਿਹਾਸ ਅਤੇ ਸਿਧਾਂਤਾਂ ਨਾਲ ਜੁੜਨ ਦਾ ਲਾਭ ਪ੍ਰਾਪਤ ਕਰਨ।

ਕੀ ਹੈ ਮੀਰੀ-ਪੀਰੀ ਦਿਵਸ ਦਾ ਮਹੱਤਵ?

ਮੀਰੀ-ਪੀਰੀ ਦਿਵਸ ਸਿੱਖ ਇਤਿਹਾਸ ਦਾ ਮਹੱਤਵਪੂਰਨ ਦਿਹਾੜਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸੇ ਦਿਨ ਦੋ ਤਲਵਾਰਾਂ ਧਾਰਨ ਕਰਕੇ ‘ਮੀਰੀ’ ਅਤੇ ‘ਪੀਰੀ’ ਦੇ ਸਿਧਾਂਤ ਨੂੰ ਪ੍ਰਗਟ ਕੀਤਾ ਸੀ। ‘ਮੀਰੀ’ ਸੰਸਾਰਿਕ ਜ਼ਿੰਮੇਵਾਰੀ, ਨਿਆਂ ਅਤੇ ਸਮਾਜ ਦੀ ਰੱਖਿਆ ਦਾ ਪ੍ਰਤੀਕ ਹੈ, ਜਦਕਿ ‘ਪੀਰੀ’ ਆਤਮਿਕ ਜੀਵਨ, ਧਾਰਮਿਕ ਮਾਰਗਦਰਸ਼ਨ ਅਤੇ ਪ੍ਰਭੂ ਭਗਤੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਗੁਰੂ ਸਾਹਿਬ ਨੇ ਇਸ ਸਿਧਾਂਤ ਰਾਹੀਂ ਸਿੱਖਾਂ ਨੂੰ ਸੰਦੇਸ਼ ਦਿੱਤਾ ਕਿ ਧਰਮ ਦੀ ਰੱਖਿਆ ਅਤੇ ਮਨੁੱਖਤਾ ਦੀ ਭਲਾਈ ਲਈ ਆਤਮਿਕਤਾ ਅਤੇ ਸ਼ਕਤੀ ਦਾ ਸੰਤੁਲਨ ਬਰਕਰਾਰ ਰੱਖਣਾ ਜ਼ਰੂਰੀ ਹੈ।