ਸਮਾਣਾ :- ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਘੋਸ਼ਣਾ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਲਕੇ ਦੀਆਂ 100 ਦਿਹਾਤੀ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਕਾਰਜਾਂ ਲਈ ਕੁੱਲ 32.17 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਵਿਧਾਇਕ ਨੇ ਦੱਸਿਆ ਕਿ ਹਲਕੇ ਦਾ ਚਹੁੰਤਰਫ਼ਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਸ ਲਈ ਹਰ ਪਿੰਡ ਦੀਆਂ ਸੜਕਾਂ ਨੂੰ ਜੰਗੀ ਪੱਧਰ ‘ਤੇ ਨਵੀਂ ਰੂਪ-ਰੇਖਾ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਮੁੱਖ ਸੜਕਾਂ ਤੇ ਨਿਰਮਾਣ ਕਾਰਜ ਸ਼ੁਰੂ
ਜੌੜਾਮਾਜਰਾ ਨੇ ਦੱਸਿਆ ਕਿ ਪਟਿਆਲਾ–ਸਮਾਣਾ ਰੋਡ ਤੋਂ ਬਿਜਲਪੁਰ, ਤੁਲੇਵਾਲ, ਸਮਾਣਾ ਰੋਡ ਤੋਂ ਬਿਜਲਪੁਰ ਰੋਡ, ਸੈਦਪੁਰ, ਨੱਸੂਪੁਰ, ਟੋਡਰਪੁਰ ਰੋਡ ਤੋਂ ਗੁਰਦੁਆਰਾ ਸਾਹਿਬ, ਰਾਜਲਾ–ਕੋਟਲਾ ਨਸਰੂ–ਸਮਾਣਾ ਬਾਈਪਾਸ ਦੇ ਨਾਲ ਲਿੰਕ ਲਾਇਬ੍ਰੇਰੀ ਰਾਜਲਾ, ਧਨੌਰੀ ਰੋਡ ਤੋਂ ਟੋਡਰਪੁਰ ਰੋਡ ਵਾਇਆ ਬਸਤੀ ਗੋਬਿੰਦ ਨਗਰ, ਅਤੇ ਭਵਾਨੀਗੜ੍ਹ ਰੋਡ ਤੋਂ ਕੁਲਾਰਾਂ ਵਾਇਆ ਤਲਵੰਡੀ ਮਲਿਕ ਅਤੇ ਆਲਮਪੁਰ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਹੋ ਗਏ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਰੀਆਂ ਸੜਕਾਂ ਦੀ ਕੁੱਲ ਲੰਬਾਈ 9.87 ਕਿਲੋਮੀਟਰ ਹੈ ਅਤੇ ਇਹਨਾਂ ਦੀ ਨਿਰਮਾਣ ਲਾਗਤ 2.4 ਕਰੋੜ ਰੁਪਏ ਹੈ।
ਪੰਜ ਸਾਲ ਤੱਕ ਨਿਰਮਾਣ-ਮੁਰੰਮਤ ਦੀ ਜਿੰਮੇਵਾਰੀ
ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਹ ਸੜਕਾਂ ਪੰਜ ਸਾਲ ਤੱਕ ਸਬੰਧਤ ਠੇਕੇਦਾਰ ਦੀ ਜਿੰਮੇਵਾਰੀ ਹੇਠ ਬਣਨਗੀਆਂ, ਜਿਸ ਨਾਲ ਸੜਕਾਂ ਬਣਨ ਸਾਰ ਤੋਂ ਬਾਅਦ ਟੁੱਟਣ ਦਾ ਖਤਰਾ ਨਹੀਂ ਰਹੇਗਾ।
ਇਲਾਕਾ ਨਿਵਾਸੀਆਂ ਦਾ ਸਨਮਾਨ
ਇਸ ਮੌਕੇ ਤੇ ਹਲਕੇ ਦੇ ਨਿਵਾਸੀਆਂ ਨੇ ਵਿਧਾਇਕ ਜੌੜਾਮਾਜਰਾ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਹਲਕੇ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ।