36 ਫਲਾਇੰਗ ਸਕੂਐਡ ਤੇ 12 ਸਟੈਟਿਕ ਸਰਵੀਲੈਂਸ ਟੀਮਾਂ ਤਾਇਨਾਤ
2000 ਤੋਂ ਜਿਆਦਾ ਸੁਰੱਖਿਆ ਕਰਮੀ ਰੱਖਣਗੇੇ ਕਰੜੀ ਨਿਗਰਾਨੀ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ ਨੂੰ ਕਪੂਰਥਲਾ ਜਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਅੰਦਰ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਅੱਜ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕਪੂਰਥਲਾ ਸ਼੍ਰੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਆਈ.ਪੀ.ਐਸ. ਵਲੋਂ ਸਟੈਟਿਕ ਸਰਵੀਲੈਂਸ ਟੀਮਾਂ, ਸਥਾਈ ਤੇ ਅਸਥਾਈ ਨਾਕਿਆਂ ਅਤੇ ਫਲਾਇੰਗ ਸਕੁਐਡ ਦੀ ਤਾਇਨਾਤੀ ਦਾ ਨਿਰੀਖਣ ਕੀਤਾ ਗਿਆ।
ਜਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਭੁਲੱਥ, ਫਗਵਾੜਾ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਮਹੱਤਵਪੂਰਨ ਨਾਕਿਆਂ ਜਿਵੇਂ ਕਿ ਝੋਟੇ ਸ਼ਾਹ, ਸ਼ਹਿਨਾਈ ਪੈਲੇਸ ਕਾਂਜਲੀ ਰੋਡ, ਪਿੰਡ ਰਾਮਗੜ੍ਹ, ਢਿਲਵਾਂ ਕੌਮੀ ਹਾਈਵੇ ਉੱਪਰ ਨਾਕੇ ਤੇ ਭੁਲੱਥ ਵਿਖੇ ਨਾਕੇ ਤੋਂ ਇਲਾਵਾ ਸੁਲਤਾਨਪੁਰ ਲੋਧੀ ਹਲਕੇ ਵਿਖੇ ਤਲਵੰਡੀ ਪੁਲ, ਊਧਮ ਸਿੰਘ ਚੌਂਕ , ਮੁੰਡੀ ਮੌੜ ਵਿਖੇ ਟੀਮਾਂ ਦੀ ਤਾਇਨਾਤੀ ਦਾ ਜਾਇਜ਼ਾ ਲਿਆ।
ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਸ਼ਰਾਬ ਦੀ ਨਜ਼ਾਇਜ਼ ਵਰਤੋਂ ਤੇ ਚੋਣਾਂ ਦੌਰਾਨ ਕਿਸੇ ਕਿਸਮ ਦੇ ਗਲਤ ਅਨਸਰਾਂ ਦੀ ਰੋਕ ਲਈ ਜਿਲ੍ਹੇ ਭਰ ਵਿਚ 19 ਥਾਵਾਂ ’ਤੇ ਹਾਈਟੈਕ ਨਾਕਾਬੰਦੀ ਕੀਤੀ ਗਈ ਹੈ, ਜੋ ਕਿ ਸੀ.ਸੀ.ਟੀ.ਵੀ ਕੈਮਰਿਆਂ ਨਾਲ ਲੈਸ ਹੋਣ ਤੋਂ ਇਲਾਵਾ ਸਿੱਧੇ ਤੌਰ ’ਤੇ ਚੋਣਾਂ ਦੇ ਕੰਟਰੋਲ ਰੂਮਾਂ ਨਾਲ ਜੁੜੇ ਹਨ।
ਇਸ ਤੋਂ ਇਲਾਵਾ ਉੱਡਣ ਦਸਤੇ ਤੇ ਸਟੈਟਿਕ ਸਰਵੀਲੈਂਸ ਟੀਮਾਂ ਵੀ ਜੀ.ਪੀ.ਐਸ. ਵਿਵਸਥਾ ਤੇ ਕੰਟਰੋਲ ਰੂਮ ਨਾਲ ਜੋੜੇ ਜਾਣ ਤੋਂ ਇਲਾਵਾ ਕੈਮਰਿਆਂ ਨਾਲ ਲੈਸ ਹਨ।
ਕਪੂਰਥਲਾ ਜਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਅੰਦਰ 9-9 ਫਲਾਇੰਗ ਸਕੂਐਡ ਤੇ 3-3 ਸਟੈਟਿਕ ਸਰਵੀਲੈਂਸ ਟੀਮਾਂ ਤਾਇਨਾਤ ਹਨ ਜੋ ਕਿ ਹਲਕਿਆਂ ਅੰਦਰ ਘੁੰੰਮਕੇ ਚੋੋਣ ਖਰਚ ’ਤੇ ਨਿਗਰਾਨੀ ਰੱਖਣ ਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਰਿਪੋਰਟ ਕਰਦੀਆਂ ਹਨ।
ਇਸ ਮੌਕੇ ਐਸ.ਐਸ.ਪੀ. ਕਪੂਰਥਲਾ ਨੇ ਦੱਸਿਆ ਕਿ ਸਾਂਤੀਪੂਰਵਕ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੇ ਮਹੱਤਵਪੂਰਨ ਸਥਾਨਾਂ ਤੇ ਚੌਕਾਂ ਉੱਪਰ ਨਾਕਾਬੰਦੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਦੀ ਤਾਇਨਾਤੀ ਦੇ ਨਾਲ-ਨਾਲ ਸ਼ਹਿਰਾਂ ਅੰਦਰ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਵਿਚ ਸੁਰੱਖਿਆ ਪ੍ਰਤੀ ਹੋਰ ਵਿਸ਼ਵਾਸ਼ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਲਗਭਗ 2000 ਤੋਂ ਜਿਆਦਾ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਚੋਣ ਅਮਲ ਵਿਚ ਲੱਗਾ ਅਮਲਾ ਵੀ ਹਾਜ਼ਰ ਸੀ।