
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਆਪਣੇ ਵਿਚਾਰ ਦਿੰਦਿਆ ਹੋਇਆ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਰਮਨ ਜੀ ਨੇ ਦੱਸਿਆ ਅਧਿਆਤਮਿਕ ਮਾਰਗ ਦੇ ਪਾਂਧੀਆਂ ਲਈ ਸੇਵਾ ਦਾ ਖਾਸ ਮਹੱਤਵ ਹੈ। ਪਰੰਤੂ ਸੇਵਾ ਅਤੇ ਕੰਮ ਦੋ ਅਜਿਹੇ ਸ਼ਬਦ ਹਨ ਜੇਕਰ ਇਹਨਾਂ ਨੂੰ ਭੌਤਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਕੋਈ ਖਾਸ ਫਰਕ ਨਜ਼ਰ ਨਹੀਂ ਆਵੇਗਾ ਕਿਉਂਕਿ ਕਿਰਿਆਤਮਕ ਪੱਖ ਤੋਂ ਦੋਵੇਂ ਹੀ ਬਰਾਬਰ ਨਜ਼ਰ ਆਉਂਦੇ ਹਨ। ਜਿਵੇਂ ਘਰ ਵਿੱਚ ਝਾੜੂ ਮਾਰਨਾ ਕੰਮ ਅਤੇ ਕਿਸੇ ਧਾਰਮਿਕ ਸਥਾਨ ਤੇ ਸੇਵਾ ਹੈ। ਪਰ ਕਾਰਜ ਤਾਂ ਸਮਾਨ ਹੀ ਹੈ। ਇਸੇ ਲਈ ਕੁੱਝ ਲੋਕਾਂ ਦੀ ਧਾਰਨਾ ਹੈ ਕਿ ਜੇਕਰ ਆਪਣੇ ਕੰਮ ਨੂੰ ਹੀ ਪੂਜਾ ਸਮਝ ਕੇ ਕੀਤਾ ਜਾਵੇ ਤਾਂ ਧਾਰਮਿਕ ਸਥਾਨਾਂ ‘ਤੇ ਜਾਣ ਦੀ ਲੋੜ ਨਹੀਂ ਹੈ। ਪਰੰਤੂ ਇਹ ਭੌਤਿਕ ਦ੍ਰਿਸ਼ਟੀਕੋਣ ਸੱਚਾਈ ਤੋਂ ਬਹੁਤ ਹੀ ਦੂਰ ਹੈ। ਅਸਲ ਵਿੱਚ ਸੇਵਾ ਅਤੇ ਕੰਮ ਵਿੱਚ ‘ਭਾਵ’ ਦਾ ਫ਼ਰਕ ਹੈ। ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਸੇਵਾ ਪਿੱਛੇ ਪੁਰਸ਼ਾਰਥ ਅਤੇ ਕੰਮ ਪਿੱਛੇ ਸੁਆਰਥ ਭਾਵ ਕਾਰਜ ਕਰਦਾ ਹੈ। ਮਹਾਂਪੁਰਸ਼ਾਂ ਦਾ ਇਨਸਾਨ ਨੂੰ ਸੇਵਾ ਪ੍ਰਤੀ ਪ੍ਰੇਰਿਤ ਕਰਨ ਦਾ ਇੱਕ ਕਾਰਨ ਵਿਅਕਤੀ ਅੰਦਰ ਪੁਰਸ਼ਾਰਥ ਭਾਵ ਪੈਦਾ ਕਰਨਾ ਹੀ ਹੈ ਤਾਂ ਜੋ ਵਿਅਕਤੀ ਇਸ ਇਕ ਗੁਣ ਨੂੰ ਧਾਰਨ ਕਰਕੇ ਸੰਸਾਰਿਕ ਅਤੇ ਅਧਿਆਤਮਿਕ, ਦੋਹਾਂ ਪੱਧਰਾਂ ਉੱਪਰ ਲਾਭ ਪ੍ਰਾਪਤ ਕਰ ਸਕੇ। ਪੁਰਸ਼ਾਰਥ ਭਾਵ ਨਾਲ ਕੀਤੀ ਸੇਵਾ ਹੀ ਸਾਡੇ ਜੀਵਨ ਨੂੰ ਸਫਲ ਬਣਾ ਸਕਦੀ ਹੈ। ਇਸ ਲਈ ਸਾਨੂੰ ਹਮੇਸ਼ਾ ਸਤਿਗੁਰੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿਉਂਕਿ ਸੁਆਰਥ ਅਤੇ ਪੁਰਸ਼ਾਰਥ ਵਿਚਲੇ ਅੰਤਰ ਦੀ ਸਮਝ ਕੇਵਲ ਸਤਿਗੁਰੂ ਹੀ ਪ੍ਰਦਾਨ ਕਰਦਾ ਹੈ। ਇਸ ਦੌਰਾਨ ਸਾਧਵੀ ਨਿਧੀ ਭਾਰਤੀ ਜੀ ਨੇ ਸੁੰਦਰ ਭਜਨ ਦਾ ਗਾਇਨ ਕੀਤਾ।