
6 ਲਗਜ਼ਰੀ ਕਾਰ, 2 ਸਕੂਟਰ ਅਤੇ 1 ਸਮਾਰਟ ਟੀ.ਵੀ. ਬਰਾਮਦ- ਗੁਰਪ੍ਰੀਤ ਸਿੰਘ ਭੁੱਲਰ
ਜਲੰਧਰ (ਵਰੂਣ)। ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਲਗਜ਼ਰੀ ਵਾਹਨਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਕ ਗੈਂਗ ਲੋਕਾਂ ਨੂੰ ਨਕਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਲਗਜ਼ਰੀ ਵਾਹਨ ਵੇਚਣ ਦਾ ਕੰਮ ਕਰ ਰਿਹਾ ਹੈ, ਜਿਸ ’ਤੇ ਇਸ ਗੈਂਗ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਦੇ ਇਸ ਨਾਲ ਜੁੜੇ ਲੋਕਾਂ ਨੂੰੰ ਫੜਨ ਲਈ ਸੀ.ਆਈ.ਏ.-1 ਦੀ ਸਪੈਸ਼ਲ ਟੀਮ ਬਣਾਈ ਗਈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਟੀਮ ਵਲੋਂ ਇਸ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨਾਂ ਦੀ ਪਹਿਚਾਣ ਜਸਨਦੀਪ ਸਿੰਘ ਵਾਸੀ ਟਾਵਰ ਇਨਕਲੇਵ ਫੇਜ-2, ਕਮਲ ਗਿੱਲ ਵਾਸੀ ਨੰਗਲ ਸ਼ਾਮਾ, ਗੌਰਵ ਵਾਸੀ ਨਿਊ ਬਲਦੇਵ ਨਗਰ ਅਤੇ ਕੰਵਲਪ੍ਰੀਤ ਸਿੰਘ ਵਾਸੀ ਪਿੰਡ ਭੁੱਲਰ ਅਠਵਾਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਵਲੋਂ ਕੁੱਲ ਛੇ ਲਗਜ਼ਰੀ ਕਾਰਾਂ ਜਿਨਾਂ ਵਿੱਚ ਇਕ ਕਰੇਟਾ, ਦੋ ਕੀਆ ਸੈਲਟੋਜ, ਦੋ ਫੋਰਡ ਈਕੋ ਸਪੋਰਟਸ, ਦੋ ਸਕੂਟਰ ਐਕਟੀਵਾ ਅਤੇ ਯਾਹਮਾ ਫੈਸਕੀਨੋ ਅਤੇ ਇਕ ਸਮਾਰਟ ਟੀਵੀ ਸ਼ਾਮਲ ਹੈ ਦੋਸ਼ੀਆਂ ਪਾਸੋਂ ਬਰਾਮਦ ਕੀਤੇ ਗਏ ਹਨ।
ਇਸ ਗਰੁੱਪ ਵਲੋਂ ਕੀਤੇ ਜਾ ਰਹੇ ਕਾਰਨਾਮਿਆਂ ਬਾਰੇ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਗੈਂਗ ਦਾ ਇਕ ਮੈਂਬਰ ਗੌਰਵ ਪਠਾਨਕੋਟ ਰੋਡ ’ਤੇ ਸਥਿਤ ਨੌਵੈਲਟੀ ਫੋਰਡ ਕਾਰ ਸ਼ੋਅ ਰੂਮ ਵਿੱਚ ਕੰਮ ਕਰਦਾ ਸੀ ਜਿਸ ਨੇ ਇਸ ਗਰੁੱਪ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਲਈ ਉਕਸਾਇਆ ਜਦਕਿ ਕਮਲ ਗਿੱਲ ਇਸ ਗਰੁੱਪ ਦਾ ਮੁਖੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਨਾਂ ਵਲੋਂ ਅਨੇਕਾਂ ਲਗਜ਼ਰੀ ਕਾਰਾਂ ਝੂਠੇ ਦਸਤਾਵੇਜ਼ਾਂ ਦੇ ਅਧਾਰ ’ਤੇ ਬੈਂਕਾਂ ਪਾਸੋਂ ਕਾਰਜ਼ੇ ’ਤੇ ਖਰੀਦੀਆਂ ਗਈਆ ਜਿਨਾ ਨੂੰ ਵੱਖ-ਵੱਖ ਰਾਜਾਂ ਵਿੱਚ ਲੋਕਾਂ ਨੂੰ ਘੱਟ ਕੀਮਤ ’ਤੇ ਵੇਚ ਕੇ ਲੁੱਟਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਗਰੁੱਪ ਦੇ ਇਕ ਹੋਰ ਦੋਸ਼ੀ ਕਤਿਆਲ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਸ ਵਿੱਚ ਵੱਖ-ਵੱਖ ਜਿੰਮੇਵਾਰੀਆਂ ਵੰਡੀਆਂ ਹੋਈਆਂ ਸਨ ਜਿਸ ਵਿਚੋਂ ਜਸਨਦੀਪ ਵਲੋਂ ਗਾਹਕਾਂ ਨੂੰ ਕਾਰਾਂ ਵੇਚੀਆਂ ਜਾਂਦੀਆਂ ਸਨ, ਕਮਲ ਗਿੱਲ ਵਲੋਂ ਬੈਂਕਾਂ ਤੋਂ ਵਾਹਨਾਂ ਲਈ ਕਰਜ਼ ’ਤੇ ਲੈਣ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਸਨ ਜਦਕਿ ਕਿ ਗੌਰਵ ਜੋ ਕਿ ਨੌਵੈਲਟੀ ਫੋਰਡ ਕੰਪਨੀ ਵਿੱਚ ਕੰਮ ਕਰਦਾ ਸੀ ਵਲੋਂ ਵੱਖ-ਵੱਖ ਬੈਂਕਾਂ/ਫਾਈਨਾਂਸ ਕੰਪਨੀਆਂ ਵਲੋਂ ਜਾਅਲੀ ਦਸਤਾਵੇਜਾਂ ਦੇ ਅਧਾਰ ’ਤੇ ਕਰਜ਼ਾ ਪ੍ਰਵਾਨ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਸੀ ਅਤੇ ਚੌਥੇ ਦੋਸ਼ੀ ਕਮਲਪ੍ਰੀਤ ਸਿੰਘ ਵਲੋਂ ਹਾਲ ਹੀ ਵਿੱਚ ਨਵੀਆਂ ਖਰੀਦੀਆਂ ਕਾਰਾਂ ਨੂੰ ਗਾਹਕਾਂ ਨੂੰ ਘੱਟ ਕੀਮਤ ’ਤੇ ਵੇਚਣ ਲਈ ਝੂਠੇ ਦਸਤਾਵੇਜ਼ ਤਿਆਰ ਕਰਵਾਏ ਜਾਂਦੇ ਸਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਗੈਂਗ ਦੇ ਮੈਂਬਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ , ਜਿਥੇ ਅਗਲੇਰੀ ਪੜਤਾਲ ਲਈ ਇਨਾਂ ਨੂੰ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਸ ਗੈਂਗ ਵਲੋਂ ਖਰੀਦੇ ਅਤੇ ਵੇਚੇ ਵਾਹਨਾਂ ਨੂੰ ਬਰਾਮਦ ਕੀਤਾ ਜਾਵੇਗਾ। ਉਨ੍ਹਾਂ ਸੀ.ਆਈ.ਏ-1 ਟੀਮ ਵਲੋਂ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਟੀਮ ਮੈਂਬਰਾਂ ਨੂੰ ਇਨਾਮ ਦਿੱਤਾ ਜਾਵੇਗਾ ਜਿਨਾਂ ਵਲੋਂ ਇਸ ਗੈਂਗ ਦਾ ਪਰਦਾਫਾਸ਼ ਕਰਨ ਲਈ ਅਣਥੱਕ ਯਤਨ ਕੀਤੇ ਗਏ ਹਨ।