Homeਸਰਕਾਰੀ ਖ਼ਬਰਾਂਪੰਜਾਬ ਸਰਕਾਰਮਾਰਕਫੈੱਡ ਦੇ ਗਲੋਬਲ ਪੱਧਰ 'ਤੇ ਪਸਾਰ ਨਾਲ ਕਿਸਾਨਾਂ, ਫੂਡ ਪ੍ਰੋਸੈਸਰਾਂ ਅਤੇ ਬਰਾਮਦਕਾਰਾਂ...

ਮਾਰਕਫੈੱਡ ਦੇ ਗਲੋਬਲ ਪੱਧਰ ‘ਤੇ ਪਸਾਰ ਨਾਲ ਕਿਸਾਨਾਂ, ਫੂਡ ਪ੍ਰੋਸੈਸਰਾਂ ਅਤੇ ਬਰਾਮਦਕਾਰਾਂ ਲਈ ਖੁੱਲ੍ਹਣਗੇ ਨਵੇਂ ਰਾਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

WhatsApp Group Join Now
WhatsApp Channel Join Now

ਪੈਰਿਸ: ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ ‘ਤੇ ਵਿਸਤਾਰ ਕਰਨ ਅਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਖੁਰਾਕੀ ਵਸਤਾਂ ਦੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ ‘ਐਸ.ਆਈ.ਏ.ਐਲ. ਪੈਰਿਸ 2026’ (ਸੈਲੋਂ ਇੰਟਰਨੈਸ਼ਨਲ ਦੇ ਲ’ਅਲੀਮੈਂਟੇਸ਼ਨ) ਵਿਖੇ ਮਾਰਕਫੈੱਡ (ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਦੇ ਪ੍ਰਮੁੱਖ ਬ੍ਰਾਂਡ ‘ਸੋਹਣਾ’ ਅਧੀਨ ਦੋ ਨਵੇਂ ਉਤਪਾਦ—’ਕੈਨਡ ਚਿੱਟੇ ਛੋਲੇ’ ਅਤੇ ‘ਕੈਨਡ ਰਾਜਮਾਂਹ’ ਲਾਂਚ ਕੀਤੇ ਹਨ।

ਪੈਰਿਸ ਗਏ ਇੱਕ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਨੇ ਇੰਡੀਆ ਪਵੇਲੀਅਨ ਦਾ ਦੌਰਾ ਕੀਤਾ ਅਤੇ ਮਾਰਕਫੈੱਡ ਦੇ ਪ੍ਰਦਰਸ਼ਨੀ ਸਟਾਲ ਦਾ ਉਦਘਾਟਨ ਕੀਤਾ, ਜਿੱਥੇ ਪੰਜਾਬ ਦੇ ਖੇਤੀਬਾੜੀ ਵਿਰਸੇ, ਫੂਡ ਪ੍ਰੋਸੈਸਿੰਗ ਸਮਰੱਥਾਵਾਂ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੇ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਸਪਲਾਇਰ ਵਜੋਂ ਉੱਭਰਨ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ, “ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਸੰਸਥਾਵਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਅੱਜ ਅੰਤਰਰਾਸ਼ਟਰੀ ਫੂਡ ਪ੍ਰਦਰਸ਼ਨੀ ‘ਐਸ.ਆਈ.ਏ.ਐਲ. ਪੈਰਿਸ’ ਵਿਖੇ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕੀਤਾ ਅਤੇ ਸਾਡੇ ‘ਸੋਹਣਾ’ ਬ੍ਰਾਂਡ ਅਧੀਨ ਦੋ ਨਵੇਂ ਉਤਪਾਦ ਲਾਂਚ ਕੀਤੇ। ਹੁਣ ਦੁਨੀਆ ਭਰ ਵਿੱਚ ਬੈਠੇ ਲੋਕ ਪੰਜਾਬ ਦੇ ਖਾਣ ਲਈ ਤਿਆਰ-ਬਰ-ਤਿਆਰ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦੇ ਸੁਆਦ ਦਾ ਆਨੰਦ ਮਾਣ ਸਕਣਗੇ। ਸਾਡਾ ਉਦੇਸ਼ ਪੰਜਾਬ ਦੇ ਸ਼ੁੱਧ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਤੱਕ ਪਹੁੰਚਾਉਣਾ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਪੰਜਾਬੀ ਉਤਪਾਦ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਇਨਕਲਾਬ ਜ਼ਿੰਦਾਬਾਦ।”

ਇਨ੍ਹਾਂ ਦੋ ਨਵੇਂ ਉਤਪਾਦਾਂ ਦੀ ਲਾਂਚਿੰਗ ਮਾਰਕਫੈੱਡ ਦੇ ਤਿਆਰ-ਬਰ-ਤਿਆਰ ਡੱਬਾਬੰਦ ਖੁਰਾਕੀ ਵਸਤੂਆਂ ਦੇ ਪੋਰਟਫੋਲੀਓ ਦੇ ਵਿਸਤਾਰ ਨੂੰ ਦਰਸਾਉਂਦੀ ਹੈ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਸੁਵਿਧਾਜਨਕ ਭੋਜਨ ਉਤਪਾਦਾਂ ਦੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਪੰਜਾਬ ਦੀ ਖੇਤੀਬਾੜੀ ਉਪਜ ਨੂੰ ਨਵੀਆਂ ਮੰਡੀਆਂ ਤੱਕ ਪਹੁੰਚਾਉਣ ਦੇ ਮੌਕੇ ਪੈਦਾ ਕਰਦੀ ਹੈ। ਇਹ ਉਤਪਾਦ ਮਾਰਕਫੈੱਡ ਦੇ ਸੋਹਣਾ ਬ੍ਰਾਂਡ ਅਧੀਨ ਪਹਿਲਾਂ ਤੋਂ ਮੌਜੂਦ ਪੰਜਾਬੀ ‘ਰੈਡੀ-ਟੂ-ਈਟ’ ਪਕਵਾਨਾਂ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਲੜੀ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹ ਪਹਿਲਕਦਮੀ ਰਵਾਇਤੀ ਖੇਤੀਬਾੜੀ ਉਤਪਾਦਨ ਤੋਂ ਅੱਗੇ ਵਧ ਕੇ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਆਧੁਨਿਕ ਪੈਕੇਜਿੰਗ, ਬ੍ਰਾਂਡਿੰਗ ਅਤੇ ਬਰਾਮਦ-ਮੁਖੀ ਨਿਰਮਾਣ ‘ਤੇ ਸੂਬਾ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦੀ ਹੈ।

ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਾਰਕਫੈੱਡ, ਮਿਲਕਫੈੱਡ (ਜੋ ਵੇਰਕਾ ਬ੍ਰਾਂਡ ਅਧੀਨ ਆਪਣੇ ਉਤਪਾਦ ਵੇਚਦਾ ਹੈ) ਅਤੇ ਪੰਜਾਬ ਐਗਰੋ ਦੀ ਭੂਮਿਕਾ ‘ਤੇ ਚਾਨਣਾ ਪਾਇਆ। ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ‘ਪੰਜਾਬ ਮਾਰਟ’ ਅਧੀਨ ਇਨ੍ਹਾਂ ਉਤਪਾਦਾਂ ਨੂੰ ਸਾਂਝੇ ਤੌਰ ‘ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੀਆਂ ਦੋ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਅਤੇ ਸੂਬਾ ਸਰਕਾਰ ਦੇ ਇਕ ਅਦਾਰੇ ਨੂੰ ਸਾਂਝੇ ਅੰਤਰਰਾਸ਼ਟਰੀ ਮੰਚ ‘ਤੇ ਲਿਆਉਂਦਾ ਹੈ। ਇਹ ਪਹਿਲਕਦਮੀ ਖੇਤੀਬਾੜੀ ਉਪਜ ਲਈ ਮਾਰਕੀਟ ਪਹੁੰਚ ਵਿੱਚ ਸੁਧਾਰ ਕਰਨ, ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਫੂਡ ਪ੍ਰੋਸੈਸਿੰਗ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਲਈ ਬਿਹਤਰ ਮੁਨਾਫ਼ਾ ਯਕੀਨੀ ਬਣਾਉਣ ਲਈ ਸੂਬੇ ਦੇ ਯਤਨਾਂ ਨੂੰ ਦਰਸਾਉਂਦੀ ਹੈ।

ਮਾਰਕਫੈੱਡ ਦੇ ਸਟਾਲ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਅਤੇ ਸਾਡਾ ਵਿਜ਼ਨ ਇਸ ਨੂੰ ਉੱਚ ਗੁਣਵੱਤਾ ਵਾਲੇ ਭੋਜਨ ਉਤਪਾਦਾਂ, ਵੈਲਿਊ-ਐਡਿਡ ਖੇਤੀਬਾੜੀ ਅਤੇ ਆਧੁਨਿਕ ਨਿਰਮਾਣ ਲਈ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੇਂਦਰ ਬਣਾਉਣਾ ਹੈ। ਸਾਡੇ ਕਿਸਾਨਾਂ, ਉੱਦਮੀਆਂ ਅਤੇ ਉਦਯੋਗਾਂ ਵਿੱਚ ਅੰਤਰਰਾਸ਼ਟਰੀ ਮੰਡੀਆਂ ਵਿੱਚ ਮੁਕਾਬਲਾ ਕਰਨ ਦੀ ਬੇਹੱਦ ਸਮਰੱਥਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਪੰਜਾਬ ਦੇ ਉਤਪਾਦਾਂ ਲਈ ਨਵੇਂ ਰਾਹ ਖੋਲ੍ਹ ਰਹੇ ਹਾਂ, ਗਲੋਬਲ ਵਪਾਰਕ ਸਾਂਝ ਪੈਦਾ ਕਰ ਰਹੇ ਹਾਂ ਅਤੇ ਸਾਡੇ ਲੋਕਾਂ ਲਈ ਅੰਤਰਰਾਸ਼ਟਰੀ ਮੌਕਿਆਂ ਨੂੰ ਨੇੜੇ ਲਿਆ ਰਹੇ ਹਾਂ।”

ਮੁੱਖ ਮੰਤਰੀ ਨੇ ਕਿਹਾ, “ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਅਤੇ ਸਾਡਾ ਵਿਜ਼ਨ ਸੂਬੇ ਦੀ ਖੇਤੀ ਉਪਜ ਅਤੇ ਰਵਾਇਤੀ ਖੁਰਾਕੀ ਵਸਤਾਂ ਨੂੰ ਦੁਨੀਆ ਭਰ ਦੇ ਖਪਤਕਾਰਾਂ ਤੱਕ ਪਹੁੰਚਾਉਣਾ ਹੈ। ਵੈਲਿਊ ਐਡੀਸ਼ਨ, ਆਧੁਨਿਕ ਫੂਡ ਪ੍ਰੋਸੈਸਿੰਗ, ਗੁਣਵੱਤਾ ਵਾਲੀ ਪੈਕੇਜਿੰਗ ਅਤੇ ਮਜ਼ਬੂਤ ਗਲੋਬਲ ਮਾਰਕੀਟ ਲਿੰਕੇਜ ਨੂੰ ਉਤਸ਼ਾਹਿਤ ਕਰ ਕੇ ਸਾਡਾ ਉਦੇਸ਼ ਸਾਡੇ ਕਿਸਾਨਾਂ, ਸਹਿਕਾਰੀ ਸੰਸਥਾਵਾਂ, ਉੱਦਮੀਆਂ ਅਤੇ ਬਰਾਮਦਕਾਰਾਂ ਲਈ ਵੱਡੇ ਮੌਕੇ ਪੈਦਾ ਕਰਨਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਿੱਚ ਸਾਡੀ ਭਾਗੀਦਾਰੀ ਪੰਜਾਬ ਦੇ ਅਮੀਰ ਖੇਤੀਬਾੜੀ ਵਿਰਸੇ ਨੂੰ ਦਰਸਾਉਣ, ਸਾਡੇ ਘਰੇਲੂ ਬ੍ਰਾਂਡਾਂ ਦੀ ਪਹੁੰਚ ਦਾ ਵਿਸਤਾਰ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਪੰਜਾਬ ਦਾ ਸੁਆਦ ਅਤੇ ਗੁਣਵੱਤਾ ਦੁਨੀਆ ਭਰ ਦੇ ਘਰਾਂ ਤੱਕ ਪਹੁੰਚੇ।”

ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਦੀ ਅੰਤਰਰਾਸ਼ਟਰੀ ਪੱਧਰ ‘ਤੇ ਇਹ ਪਹੁੰਚ, ਜਿਸ ਵਿੱਚ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਦੋ ਨਵੇਂ ਸੋਹਣਾ ਉਤਪਾਦਾਂ ਦੀ ਲਾਂਚਿੰਗ ਅਤੇ ‘ਪੰਜਾਬ ਮਾਰਟ’ ਅਧੀਨ ਸਾਂਝੀ ਪ੍ਰਦਰਸ਼ਨੀ ਸ਼ਾਮਲ ਹੈ, ਦਾ ਉਦੇਸ਼ ਸੂਬੇ ਦੀਆਂ ਖੇਤੀਬਾੜੀ ਤਾਕਤਾਂ ਅਤੇ ਵੈਲਿਊ-ਐਡਿਡ ਫੂਡ ਉਤਪਾਦਾਂ ਨੂੰ ਅੰਤਰਰਾਸ਼ਟਰੀ ਮੰਡੀਆਂ ਨਾਲ ਜੋੜਨਾ, ਟਿਕਾਊ ਆਰਥਿਕ ਮੌਕੇ ਪੈਦਾ ਕਰਨਾ, ਬਰਾਮਦ ਨੂੰ ਉਤਸ਼ਾਹਿਤ ਕਰਨਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

ਪ੍ਰਦਰਸ਼ਨੀ ਵਿੱਚ ਮਾਰਕਫੈੱਡ ਦੀ ਭਾਗੀਦਾਰੀ ਪੰਜਾਬ ਦੇ ਸਹਿਕਾਰੀ ਫੂਡ ਪ੍ਰੋਸੈਸਿੰਗ ਖੇਤਰ ਦੀ ਵਧਦੀ ਅੰਤਰਰਾਸ਼ਟਰੀ ਸਮਰੱਥਾ ਨੂੰ ਦਰਸਾਉਂਦੀ ਹੈ। 21,248 ਕਰੋੜ ਤੋਂ ਰੁਪਏ ਵੱਧ (ਲਗਪਗ 2.26 ਅਰਬ ਅਮਰੀਕੀ ਡਾਲਰ ਦੇ ਬਰਾਬਰ) ਦੇ ਟਰਨਓਵਰ ਨਾਲ ਇਹ ਅਦਾਰਾ ਪੰਜਾਬ ਦੇ ਲਗਪਗ 20 ਲੱਖ ਕਿਸਾਨਾਂ ਦੇ ਹਿੱਤਾਂ ਦੀ ਸਿੱਧੀ ਨੁਮਾਇੰਦਗੀ ਅਤੇ ਸੇਵਾ ਕਰਦਾ ਹੈ। ਸੂਬੇ ਵਿੱਚ ਆਪਣੇ ਨਿਰਮਾਣ ਅਤੇ ਪ੍ਰੋਸੈਸਿੰਗ ਆਧਾਰ ਰਾਹੀਂ ਮਾਰਕਫੈੱਡ ਆਪਣੇ ‘ਸੋਹਣਾ’ ਬ੍ਰਾਂਡ ਅਧੀਨ ਖੇਤੀਬਾੜੀ ਅਤੇ ਭੋਜਨ ਉਤਪਾਦਾਂ ਦੀ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਬ੍ਰਾਂਡਿੰਗ ਅਤੇ ਗਲੋਬਲ ਮਾਰਕੀਟਿੰਗ ਕਰਦਾ ਹੈ।

‘ਐਸ.ਆਈ.ਏ.ਐਲ. ਪੈਰਿਸ’ ਵਿਖੇ ਪ੍ਰਦਰਸ਼ਿਤ ਉਤਪਾਦਾਂ ਦੀ ਲੜੀ ਵਿੱਚ ਖਾਣ ਲਈ ਤਿਆਰ ਪੰਜਾਬੀ ਪਕਵਾਨ ਜਿਵੇਂ ਕਿ ਸਰ੍ਹੋਂ ਦਾ ਸਾਗ, ਦਾਲ ਮਖਣੀ, ਰਾਜਮਾਂਹ, ਕੜੀ ਪਕੌੜਾ, ਅੰਮ੍ਰਿਤਸਰੀ ਛੋਲੇ ਅਤੇ ਹੋਰ ਰਵਾਇਤੀ ਪਕਵਾਨ ਸ਼ਾਮਲ ਹਨ। ਮਾਰਕਫੈੱਡ ਦੇ ਉਤਪਾਦ ਪ੍ਰੀਜ਼ਰਵੇਟਿਵ-ਮੁਕਤ, ਸੁਵਿਧਾਜਨਕ ਅਤੇ ਸਿਰਫ਼ ਗਰਮ ਕਰ ਕੇ ਖਾਣ ਲਈ ਤਿਆਰ ਕੀਤੇ ਗਏ ਹਨ, ਜੋ ਵਿਦੇਸ਼ੀ ਖਪਤਕਾਰਾਂ ਤੱਕ ਅਸਲੀ ਪੰਜਾਬੀ ਖਾਣੇ ਦਾ ਸੁਆਦ ਪਹੁੰਚਾਉਂਦੇ ਹਨ। ਇਸ ਪੋਰਟਫੋਲੀਓ ਵਿੱਚ ਸੋਹਣਾ ਕੱਚੀ ਘਾਣੀ ਸਰ੍ਹੋਂ ਦਾ ਤੇਲ, ਰਵਾਇਤੀ ਆਚਾਰ, ਮੁਰੱਬੇ, ਆਂਵਲਾ ਜੂਸ, ਐਲੋਵੇਰਾ ਜੂਸ, ਆਂਵਲਾ ਕੈਂਡੀ, ਸ਼ੱਕਰ ਅਤੇ ਹੋਰ ਵੈਲਿਊ-ਐਡਿਡ ਉਤਪਾਦ ਵੀ ਸ਼ਾਮਲ ਹਨ।

ਦੋ ਨਵੇਂ ਲਾਂਚ ਕੀਤੇ ਗਏ ਡੱਬਾਬੰਦ ਉਤਪਾਦ ਇਸ ਲੜੀ ਵਿੱਚ ਹੋਰ ਵਾਧਾ ਕਰਦੇ ਹਨ। ਆਪਣੇ ਉਤਪਾਦ ਪੋਰਟਫੋਲੀਓ ਵਿੱਚ ਵੰਨ-ਸੁਵੰਨਤਾ ਲਿਆ ਕੇ ਮਾਰਕਫੈੱਡ ਦਾ ਉਦੇਸ਼ ਅੰਤਰਰਾਸ਼ਟਰੀ ਫੂਡ ਮਾਰਕੀਟ ਵਿੱਚ ਆਪਣੀ ਮੌਜੂਦਗੀ ਦਾ ਵਿਸਤਾਰ ਕਰਨਾ, ਨਵੇਂ ਦਰਾਮਦਕਾਰਾਂ ਅਤੇ ਡਿਸਟ੍ਰੀਬਿਊਟਰਾਂ ਨਾਲ ਜੁੜਨਾ ਅਤੇ ‘ਸੋਹਣਾ’ ਨੂੰ ਅਸਲੀ ਪੰਜਾਬੀ ਅਤੇ ਭਾਰਤੀ ਖੁਰਾਕੀ ਵਸਤਾਂ ਲਈ ਇੱਕ ਮਾਨਤਾ ਪ੍ਰਾਪਤ ਬ੍ਰਾਂਡ ਵਜੋਂ ਸਥਾਪਿਤ ਕਰਨਾ ਹੈ।

ਮਾਰਕਫੈੱਡ ਕੋਲ ਡੱਬਾਬੰਦ ਸਰ੍ਹੋਂ ਦੇ ਸਾਗ ਅਤੇ ਹੋਰ ‘ਰੈਡੀ-ਟੂ-ਈਟ’ ਉਤਪਾਦਾਂ ਲਈ 2,700 ਮੀਟ੍ਰਿਕ ਟਨ ਅਤੇ ਸ਼ਹਿਦ ਲਈ 3,000 ਮੀਟ੍ਰਿਕ ਟਨ ਦੀ ਸਾਲਾਨਾ ਪ੍ਰੋਸੈਸਿੰਗ ਸਮਰੱਥਾ ਹੈ। ਅਦਾਰਾ ਅੰਤਰਰਾਸ਼ਟਰੀ ਖਰੀਦਦਾਰਾਂ ਲਈ ਪ੍ਰਾਈਵੇਟ-ਲੇਬਲ ਮੈਨੂਫੈਕਚਰਿੰਗ ਵਾਸਤੇ ਆਪਣੀ ਵਾਧੂ ਸਮਰੱਥਾ ਦੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਹੈ, ਜਿਸ ਨਾਲ ਬਰਾਮਦ ਵਧੇ ਅਤੇ ਗਲੋਬਲ ਸਪਲਾਈ ਚੇਨਾਂ ਨਾਲ ਡੂੰਘੇ ਤਾਲਮੇਲ ਦਾ ਇੱਕ ਹੋਰ ਰਾਹ ਖੁੱਲ੍ਹੇ।

ਇਹ ਚਰਚਾ ਪੰਜਾਬ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਲਈ ਨਵੀਆਂ ਮੰਡੀਆਂ ਦੀ ਪਛਾਣ ਕਰਨ, ਅੰਤਰਰਾਸ਼ਟਰੀ ਸੋਰਸਿੰਗ ਜ਼ਰੂਰਤਾਂ ਨੂੰ ਸਮਝਣ, ਖਰੀਦਦਾਰ-ਸਪਲਾਇਰ ਨੈੱਟਵਰਕ ਵਿਕਸਿਤ ਕਰਨ ਅਤੇ ਲੰਬੇ ਸਮੇਂ ਦੇ ਵਪਾਰਕ ਸਬੰਧਾਂ ਦੀ ਪੜਚੋਲ ਕਰਨ ‘ਤੇ ਕੇਂਦਰਿਤ ਸੀ। ਪੰਜਾਬ ਦੇ ਬਰਾਮਦਕਾਰਾਂ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਫੂਡ ਪ੍ਰੋਸੈਸਿੰਗ ਟੈਕਨਾਲੋਜੀ, ਕੋਲਡ-ਚੇਨ ਇਨਫਰਾਸਟ੍ਰਕਚਰ, ਪੈਕੇਜਿੰਗ, ਲੌਜਿਸਟਿਕਸ ਅਤੇ ਅੰਤਰਰਾਸ਼ਟਰੀ ਡਿਸਟ੍ਰੀਬਿਊਸ਼ਨ ਵਿੱਚ ਮੌਜੂਦ ਸੰਭਾਵਨਾਵਾਂ ਦੀ ਵੀ ਪੜਚੋਲ ਕੀਤੀ ਗਈ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

Encounter News
Encounter News
ਖ਼ਬਰਾਂ ਦੀ ਖਿੜਕੀ
ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle