ਚੰਡੀਗੜ੍ਹ :- ਡਾਕ ਵਿਭਾਗ ਵਿੱਚ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਇੰਡੀਆ ਪੋਸਟ ਵੱਲੋਂ 2026 ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਭਰਤੀ ਤਹਿਤ ਬ੍ਰਾਂਚ ਪੋਸਟ ਮਾਸਟਰ ਸਮੇਤ 25 ਹਜ਼ਾਰ ਤੋਂ ਵੱਧ ਅਹੁਦੇ ਭਰੇ ਜਾਣਗੇ। ਯੋਗ ਉਮੀਦਵਾਰ 31 ਅਗਸਤ 2026 ਤੋਂ ਆਨਲਾਈਨ ਅਰਜ਼ੀ ਦੇ ਸਕਣਗੇ।
21 ਸਤੰਬਰ ਤੱਕ ਭਰੀ ਜਾ ਸਕੇਗੀ ਅਰਜ਼ੀ
ਭਰਤੀ ਲਈ ਆਨਲਾਈਨ ਅਰਜ਼ੀਆਂ 31 ਅਗਸਤ ਤੋਂ ਸ਼ੁਰੂ ਹੋਣਗੀਆਂ। ਉਮੀਦਵਾਰਾਂ ਨੂੰ ਆਪਣੀ ਅਰਜ਼ੀ 21 ਸਤੰਬਰ 2026 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਨਿਰਧਾਰਤ ਤਾਰੀਖ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
10ਵੀਂ ਪਾਸ ਉਮੀਦਵਾਰ ਕਰ ਸਕਣਗੇ ਅਰਜ਼ੀ
ਇਨ੍ਹਾਂ ਅਹੁਦਿਆਂ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ ਆਪਣੀ ਵਿਦਿਅਕ ਯੋਗਤਾ ਨਾਲ ਸਬੰਧਤ ਦਸਤਾਵੇਜ਼ ਤਿਆਰ ਰੱਖਣੇ ਚਾਹੀਦੇ ਹਨ।
18 ਤੋਂ 40 ਸਾਲ ਤੱਕ ਰੱਖੀ ਗਈ ਉਮਰ ਹੱਦ
ਭਰਤੀ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜ਼ਮੀ ਹੈ, ਜਦਕਿ ਵੱਧ ਤੋਂ ਵੱਧ ਉਮਰ ਹੱਦ 40 ਸਾਲ ਰੱਖੀ ਗਈ ਹੈ। ਰਾਖਵੇਂ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਐੱਸ.ਸੀ. ਅਤੇ ਐੱਸ.ਟੀ. ਵਰਗ ਲਈ 5 ਸਾਲ, ਓ.ਬੀ.ਸੀ. ਲਈ 3 ਸਾਲ ਅਤੇ ਪੀ.ਡਬਲਿਊ.ਬੀ.ਡੀ. ਉਮੀਦਵਾਰਾਂ ਲਈ 10 ਸਾਲ ਦੀ ਛੋਟ ਦਾ ਪ੍ਰਬੰਧ ਹੈ।
ਬ੍ਰਾਂਚ ਪੋਸਟ ਮਾਸਟਰ ਨੂੰ 29,380 ਰੁਪਏ ਤੱਕ ਮਿਹਨਤਾਨਾ
ਭਰਤੀ ਅਧੀਨ ਬ੍ਰਾਂਚ ਪੋਸਟ ਮਾਸਟਰ ਦੇ ਅਹੁਦੇ ਲਈ ਮਹੀਨਾਵਾਰ ਮਿਹਨਤਾਨਾ 12,000 ਤੋਂ 29,380 ਰੁਪਏ ਤੱਕ ਹੋਵੇਗਾ। ਇਸੇ ਤਰ੍ਹਾਂ ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ ਨੂੰ ਹਰ ਮਹੀਨੇ 10,000 ਤੋਂ 24,470 ਰੁਪਏ ਤੱਕ ਮਿਹਨਤਾਨਾ ਮਿਲੇਗਾ। ਇਸ ਤੋਂ ਇਲਾਵਾ ਨਿਯਮਾਂ ਅਨੁਸਾਰ ਹੋਰ ਭੱਤਿਆਂ ਦਾ ਲਾਭ ਵੀ ਦਿੱਤਾ ਜਾਵੇਗਾ।
ਅਧਿਕਾਰਤ ਵੈੱਬਸਾਈਟ ਰਾਹੀਂ ਕਰਨਾ ਹੋਵੇਗਾ ਅਰਜ਼ੀ ਪ੍ਰਕਿਰਿਆ ਪੂਰੀ
ਯੋਗ ਉਮੀਦਵਾਰ 31 ਅਗਸਤ ਤੋਂ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਰਜ਼ੀ ਭਰ ਸਕਣਗੇ। ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਭਰਤੀ ਨੋਟੀਫਿਕੇਸ਼ਨ ਵਿੱਚ ਦਿੱਤੀਆਂ ਯੋਗਤਾ, ਉਮਰ, ਦਸਤਾਵੇਜ਼ਾਂ ਅਤੇ ਹੋਰ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਅਰਜ਼ੀ ਦੀ ਆਖਰੀ ਮਿਤੀ 21 ਸਤੰਬਰ ਹੈ।

