
ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰ ਗਿੱਲ)। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਲਈ ਭਾਰਤ ਸਰਕਾਰ ਦੇ ਰੇਲ ਵਿਭਾਗ ਅਤੇ ਹਵਾਬਾਜ਼ੀ ਮੰਤਰਾਲੇ ਵਲੋਂ ਰੇਲ ਅਤੇ ਹਵਾਈ ਸੇਵਾ ਸ਼ੁਰੂ ਕੀਤੀਆਂ ਗਈਆਂ ਸਨ। ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ 22 ਮਾਰਚ 2020 ਤੋਂ ਰੇਲ ਸੇਵਾ ਅਤੇ ਹਵਾਈ ਸੇਵਾ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਗੁਰਦਵਾਰਾ ਸੱਚਖੰਡ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਸਮੂਹ ਧਾਰਮਿਕ ਅਸਥਾਨ ਅਤੇ ਹੋਰ ਪਬਲਿਕ ਪਲੇਸ ਨੂੰ ਸ਼ੁਰੂ ਕੀਤਾ ਗਿਆ ਹੈ। ਜਿਸ ਕਾਰਨ ਧਾਰਮਿਕ ਸਥਾਨਾਂ ਤੇ ਦਰਸ਼ਨਾਂ ਵਾਸਤੇ ਸੰਗਤ ਦੀ ਆਮਦ ਬਹੁਤ ਵੱਧ ਗਈ ਹੈ।
ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਦਸੰਬਰ ਮਹੀਨੇ ਤੋਂ ਕਾਫੀ ਸੰਗਤ ਦਰਸ਼ਨਾਂ ਲਈ ਪਹੁੰਚ ਰਹੀ ਹੈ। ਪਰ ਮੌਜੂਦਾ ਹਾਲਤ ਵਿੱਚ ਸੱਚਖੰਡ ਐਕਸਪ੍ਰੈਸ ਅਤੇ ਸ੍ਰੀ ਗੰਗਾਨਗਰ ਇਹ ਸਿਰਫ ਦੋ ਗੱਡੀਆਂ ਹੀ ਚੱਲ ਰਹੀਆਂ ਹਨ। ਇਸ ਲਈ ਜੋ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਲਈ ਪੰਜਾਬ ਅਤੇ ਉੱਤਰ ਭਾਰਤ ਤੋਂ ਰੇਲ ਗੱਡੀਆਂ ਜੰਮੂ ਤਵੀ ਹਮਸਫ਼ਰ ਐਕਸਪ੍ਰੈਸ, (ਅੰਮ੍ਰਿਤਸਰ ਐਕਸਪ੍ਰੈਸ ਹਫਤਾਵਾਰੀ) ਨੰਗਲ ਡੈਮ ਊਨਾ ਐਕਸਪ੍ਰੈਸ ਇਹਨਾਂ ਤਿੰਨੇ ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ ਲਈ ਰੇਲਵੇ ਮੰਤਰੀ ਪਿਯੂਸ਼ ਗੋਇਲ ਪਾਸੋ ਮੰਗ ਕੀਤੀ ਗਈ ਹੈ।
ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਚੰਡੀਗੜ੍ਹ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਏਅਰ ਇੰਡੀਆ ਦੀ ਹਵਾਈ ਸੇਵਾ ਹਫਤੇ ਵਿੱਚ 2 ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਚੱਲਦੀ ਸੀ। ਕਰੋਨਾ ਮਹਾਂਮਾਰੀ ਕਾਰਨ ਬੰਦ ਕਰ ਦਿੱਤੀ ਗਈ ਸੀ। ਇਸ ਹਵਾਈ ਸੇਵਾ ਨੂੰ ਸ਼ੁਰੂ ਕਰਨ ਲਈ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਪਾਸੋ ਬੰਦ ਪਈ ਹਵਾਈ ਸੇਵਾ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਕੀਤੀ ਹੈ। ਜਿਸ ਕਾਰਨ ਸੰਗਤ ਇਹਨਾਂ ਸੇਵਾਵਾਂ ਦਾ ਲਾਭ ਲੈ ਕੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲਾ ਕਰ ਸਕਦੀ ਹੈ।